ਅੰਮ੍ਰਿਤਸਰ :- ਭਾਰਤ–ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ‘ਚ ਦੇਰ ਰਾਤ ਪੁਲਿਸ ਨੇ ਇੱਕ ਗੰਭੀਰ ਅੱਤਵਾਦੀ ਯੋਜਨਾ ਨੂੰ ਨਾਕਾਮ ਕਰਦਿਆਂ ਦੋ ਸ਼ੱਕੀਆਂ ਨੂੰ ਆਈਈਡੀ ਸਮੇਤ ਕਾਬੂ ਕਰ ਲਿਆ। ਓਪਰੇਸ਼ਨ ਦੇ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ‘ਤੇ ਹੋਰ ਲੋਕਾਂ ਦੀ ਤਲਾਸ਼ ਜਾਰੀ ਹੈ। ਪੁਲਿਸ ਅਧਿਕਾਰੀ ਮਾਮਲੇ ਨੂੰ ਸੰਵੇਦਨਸ਼ੀਲ ਦੱਸਦੇ ਹੋਏ ਵਧੇਰੇ ਜਾਣਕਾਰੀ ਤੋਂ ਹਾਲੇ ਪਰਹੇਜ਼ ਕਰ ਰਹੇ ਹਨ।
ਆਈਐਸਆਈ ਦੀ ਤਾਜ਼ਾ ਹਰਕਤਾਂ ਤੋਂ ਬਾਅਦ ਚੌਕਸੀ ਵਧੀ
ਖੁਫੀਆ ਏਜੰਸੀਆਂ ਨੇ ਹਾਲ ਹੀ ‘ਚ ਚੇਤਾਵਨੀ ਦਿੱਤੀ ਸੀ ਕਿ ਪਾਕਿਸਤਾਨ ਦੀ ਆਈਐਸਆਈ ਵੱਲੋਂ ਦਿੱਲੀ ਵਿੱਚ ਧਮਾਕਿਆਂ ਬਾਅਦ ਮੁੜ ਵਿਸਫੋਟਕ ਭੇਜਣ ਦਾ ਜਾਲ ਚਾਲੂ ਕੀਤਾ ਜਾ ਰਿਹਾ ਹੈ। ਇਸੇ ਖਤਰੇ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਸਰਹੱਦ ਨਾਲ ਲੱਗੇ ਖੇਤਰਾਂ ਵਿੱਚ ਗਸ਼ਤ ਤੇ ਨਿਗਰਾਨੀ ਵਿਸ਼ੇਸ਼ ਤੌਰ ‘ਤੇ ਤਿੱਖੀ ਕਰ ਦਿੱਤੀ ਸੀ।
ਸ਼ੱਕੀ ਮੋਟਰਸਾਈਕਲ ਸਵਾਰਾਂ ‘ਤੇ ਪੁਲਿਸ ਦਾ ਘੇਰਾ
ਸਰੋਤਾਂ ਮੁਤਾਬਕ ਮੰਗਲਵਾਰ ਸ਼ਾਮ ਨੂੰ ਜਾਣਕਾਰੀ ਮਿਲੀ ਕਿ ਦੋ ਨੌਜਵਾਨ ਇੱਕ ਮੋਟਰਸਾਈਕਲ ‘ਤੇ ਆਈਈਡੀ ਪ੍ਰਾਪਤ ਕਰਨ ਲਈ ਘਰੋਂ ਨਿਕਲ ਚੁੱਕੇ ਹਨ। ਤੁਰੰਤ ਰਾਮਦਾਸ, ਅਜਨਾਲਾ ਤੇ ਘਰਿੰਡਾ ਰੋਡਾਂ ‘ਤੇ ਨਾਕਾਬੰਦੀ ਲਗਾ ਦਿੱਤੀ ਗਈ।
ਸੰਘਣੀ ਧੁੰਦ ਵਿੱਚ ਮੋਟਰਸਾਈਕਲ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਦੋਵੇਂ ਸ਼ੱਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਕੁਝ ਦੂਰੀ ਤੱਕ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਆਈਈਡੀ ਦੀ ਬਰਾਮਦਗੀ, ਤੋਲ 1.5 ਤੋਂ 2.5 ਕਿਲੋ ਦਰਮਿਆਨ
ਤਲਾਸ਼ੀ ‘ਚ ਉਨ੍ਹਾਂ ਕੋਲੋਂ ਇੱਕ ਤਿਆਰ ਹਾਲਤ ਵਿੱਚ ਆਈਈਡੀ ਮਿਲੀ, ਜਿਸਦਾ ਭਾਰ ਲਗਭਗ ਡੇਢ ਤੋਂ ਢਾਈ ਕਿਲੋ ਤੱਕ ਦੱਸਿਆ ਜਾ ਰਿਹਾ ਹੈ। ਇਹ ਵੀ ਸੰਕੇਤ ਮਿਲੇ ਹਨ ਕਿ ਇਹ ਡਿਵਾਈਸ ਸਰਹੱਦ ਪਾਰ ਤੋਂ ਭੇਜੀ ਗਈ ਹੋ ਸਕਦੀ ਹੈ।ਪ੍ਰੈ
ਪ੍ਰੈਸ ਕਾਨਫਰੰਸ ‘ਚ ਹੋਰ ਖੁਲਾਸੇ, ਗ੍ਰਿਫ਼ਤਾਰੀਆਂ ਵਧਣ ਦੀ ਸੰਭਾਵਨਾ
ਡੀ.ਆਈ.ਜੀ. ਸੰਦੀਪ ਗੋਇਲ ਅਤੇ ਐਸ.ਐਸ.ਪੀ. ਸੋਹੇਲ ਮੀਰ ਬੁੱਧਵਾਰ ਸਵੇਰੇ ਇਸ ਪੂਰੀ ਕਰਵਾਈ ਬਾਰੇ ਮੀਡੀਆ ਨੂੰ ਵਿਸਥਾਰ ਵਿੱਚ ਜਾਣਕਾਰੀ ਦੇਣਗੇ। ਇਹ ਵੀ ਅਨੁਮਾਨ ਹੈ ਕਿ ਜਾਂਚ ਦੇ ਦੌਰਾਨ ਗ੍ਰਿਫ਼ਤਾਰੀਆਂ ਦਾ ਅੰਕੜਾ ਵੱਧ ਕੇ ਚਾਰ ਤੱਕ ਪਹੁੰਚ ਸਕਦਾ ਹੈ।
ਸਰਹੱਦ ਤੋਂ ਪਹਿਲਾਂ ਵੀ ਮਿਲ ਚੁੱਕਾ ਹੈ ਵੱਡਾ ਜਖੀਰਾ
ਪਿਛਲੇ ਕੁਝ ਮਹੀਨਿਆਂ ਵਿੱਚ ਸੁਰੱਖਿਆ ਏਜੰਸੀਆਂ ਸਰਹੱਦ ਪੱਟੀ ਤੋਂ ਗ੍ਰਨੇਡ, ਆਈਈਡੀ, ਆਰਪੀਜੀ ਅਤੇ ਕਈਆਂ ਪਿਸਤੌਲਾਂ ਸਮੇਤ ਵੱਡਾ ਹਥਿਆਰ ਜਖੀਰਾ ਬਰਾਮਦ ਕਰ ਚੁੱਕੀਆਂ ਹਨ। ਨਵੀਂ ਬਰਾਮਦਗੀ ਨੇ ਇਕ ਵਾਰ ਫਿਰ ਇਨ੍ਹਾਂ ਖੇਤਰਾਂ ਵਿੱਚ ਚੱਲ ਰਹੀਆਂ ਸਰਗਰਮੀਆਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

