ਅੰਮ੍ਰਿਤਸਰ :- ਅੰਮ੍ਰਿਤਸਰ ਦੇ ਅਜਨਾਲਾ ਅਤੇ ਰਾਮਦਾਸ ਹਲਕਿਆਂ ਵਿੱਚ ਰਾਵੀ ਦਰਿਆ ਦੇ ਵਧਦੇ ਪਾਣੀ ਕਾਰਨ ਬਣੀ ਗੰਭੀਰ ਸਥਿਤੀ ਦਾ ਜਾਇਜ਼ਾ ਲੈਂਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਲਗਭਗ 360 ਬੀਐਸਐਫ ਜਵਾਨ ਵੱਖ-ਵੱਖ ਚੌਕੀਆਂ ਵਿੱਚ ਫਸੇ ਹੋਏ ਹਨ ਅਤੇ ਹਜ਼ਾਰਾਂ ਨਾਗਰਿਕ ਛੱਤਾਂ ‘ਤੇ ਬਚਾਅ ਦੀ ਉਡੀਕ ਕਰ ਰਹੇ ਹਨ।
ਫੌਜੀ ਚੌਕੀਆਂ ਤੇ ਫਸੇ ਜਵਾਨ
ਬੀਓਪੀ ਸ਼ਾਹਪੁਰ, ਬੀਓਪੀ ਦਰਿਆ ਮਨਸੂਰ, ਬਡਾਈ ਚੀਮਾ ਪੋਸਟ, ਛੰਨਾ, ਕੋਟ ਰਾਏਜਾਦਾ ਅਤੇ ਹੋਰ ਚੌਕੀਆਂ ‘ਤੇ ਜਵਾਨ ਬਚਾਅ ਦੀ ਉਡੀਕ ਕਰ ਰਹੇ ਹਨ। ਕੇਵਲ ਦਰਿਆ ਮਨਸੂਰ ਵਿੱਚ ਹੀ 60 ਜਵਾਨ, ਬਡਾਈ ਚੀਮਾ ‘ਚ 50 ਅਤੇ ਹੋਰ ਚੌਕੀਆਂ ਵਿੱਚ ਕੁੱਲ 360 ਜਵਾਨ ਫਸੇ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਦੋ ਵਾਹਨ 407 ਅਤੇ ਇੱਕ ਬੋਲੇਰੋ ਵੀ ਪਾਣੀ ਵਿੱਚ ਫਸੇ ਹਨ।
ਹਜ਼ਾਰਾਂ ਪਿੰਡ ਵਾਸੀ ਵੀ ਸੰਕਟ ਵਿੱਚ
ਰਮਦਾਸ, ਘੋਨੇਵਾਲ, ਮਾਛੀਵਾਲ, ਜੱਟਾ, ਨਾਸੋਕੇ, ਗੱਗਰ, ਘੁਮਰਾਏ, ਮਾਣਕਪੁਰ, ਰੁਧੇਵਾਲ ਸਮੇਤ ਕਈ ਪਿੰਡਾਂ ਦੇ 4000–5000 ਲੋਕ ਛੱਤਾਂ ‘ਤੇ ਪਾਣੀ ਘਟਣ ਅਤੇ ਬਚਾਅ ਟੀਮਾਂ ਦੀ ਉਡੀਕ ਕਰ ਰਹੇ ਹਨ।
“ਸਰਕਾਰੀ ਪ੍ਰਬੰਧ ਅਣਡਿੱਠੇ, ਬਚਾਅ ਕਾਰਜ ਨਾਕਾਫ਼ੀ” – ਔਜਲਾ
ਸੰਸਦ ਮੈਂਬਰ ਨੇ ਕਿਹਾ ਕਿ ਬਚਾਅ ਕਾਰਵਾਈਆਂ ਸਮੁੰਦਰ ਵਿੱਚ ਇੱਕ ਬੂੰਦ ਵਰਗੀਆਂ ਹਨ ਅਤੇ ਪ੍ਰਸ਼ਾਸਨ ਸਿਰਫ਼ ਦਿਖਾਵੇ ਲਈ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਫੌਜ ਦੀ ਤੁਰੰਤ ਤਾਇਨਾਤੀ ਅਤੇ ਐਨਡੀਆਰਐਫ ਦੀਆਂ ਵਧੀਆ ਟੀਮਾਂ ਦੀ ਲੋੜ ਹੈ।
ਕੇਂਦਰ ਤੇ ਰਾਜ ਸਰਕਾਰ ਨੂੰ ਤੁਰੰਤ ਦਖ਼ਲ ਦੀ ਅਪੀਲ
ਔਜਲਾ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਤੁਰੰਤ ਬੋਟਾਂ, ਮਸ਼ੀਨਾਂ ਅਤੇ ਬਚਾਅ ਸਾਧਨਾਂ ਦੀ ਸਹਾਇਤਾ ਭੇਜੀ ਜਾਵੇ ਤਾਂ ਜੋ ਜਾਨਾਂ ਬਚਾਈਆਂ ਜਾ ਸਕਣ।
ਲੋਕਾਂ ਨੂੰ ਆਪਸੀ ਸਹਿਯੋਗ ਦੀ ਸਲਾਹ
ਸੰਸਦ ਮੈਂਬਰ ਨੇ ਲੋਕਾਂ ਨੂੰ ਇੱਕ-ਦੂਜੇ ਦੀ ਮਦਦ ਕਰਨ ਲਈ ਅਪੀਲ ਕਰਦੇ ਹੋਏ ਕਿਹਾ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ।