ਚੰਡੀਗੜ੍ਹ :- ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਿਟਡ ਵਿੱਚ ਵੱਡੇ ਪੈਮਾਨੇ ‘ਤੇ ਵਿੱਤੀ ਬੇਨਿਯਮੀਆਂ ਅਤੇ ਧੋਖਾਧੜੀ ਸਾਹਮਣੇ ਆਉਣ ‘ਤੇ ਬੈਂਕ ਦੇ ਚੇਅਰਮੈਨ ਅਰਿੰਦਰਬੀਰ ਸਿੰਘ ਅਹਲੂਵਾਲੀਆ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ।
ਘੁਟਾਲੇ ਦੀ ਪਿਛੋਕੜ
ਜਾਂਚ ਦੌਰਾਨ ਸਾਹਮਣੇ ਆਇਆ ਕਿ ਅਹਲੂਵਾਲੀਆ ਨੇ 2017 ਵਿੱਚ ਆਪਣੇ ਪਿਤਾ ਸਤਵਿੰਦਰ ਸਿੰਘ ਵਾਲੀਆ ਦੀ ਸਿਫਾਰਸ਼ ‘ਤੇ 10 ਲੱਖ ਦਾ ਹਾਊਸ ਬਿਲਡਿੰਗ ਲੋਨ ਹਾਸਲ ਕੀਤਾ। ਇਹ ਲੋਨ ਬੈਂਕ ਨੀਤੀਆਂ ਦੀ ਉਲੰਘਣਾ ਕਰਦਿਆਂ, ਬਿਨਾਂ ਨਿਰਮਾਣ ਤਸਦੀਕ ਦੇ ਤਿੰਨ ਕਿਸ਼ਤਾਂ ਵਿੱਚ ਜਾਰੀ ਕੀਤਾ ਗਿਆ। ਬਾਦ ਵਿੱਚ ਲੋਨ ਖਾਤਾ ਐਨਪੀਏ ਵਿੱਚ ਚਲਾ ਗਿਆ, ਜਿਸ ਨੇ ਬੈਂਕ ਦੀ ਸਾਖ ‘ਤੇ ਗੰਭੀਰ ਸਵਾਲ ਉਠਾਏ।
ਨਿਰਮਾਣ ਜਾਂਚ ਅਤੇ ਨਿਯਮਾਂ ਦੀ ਉਲੰਘਣਾ
ਸਹਿਕਾਰਤਾ ਵਿਭਾਗ ਦੇ ਸੰਯੁਕਤ ਰਜਿਸਟਰਾਰ ਜਲੰਧਰ ਦੀ ਰਿਪੋਰਟ ਮੁਤਾਬਕ, 25 ਮਾਰਚ ਨੂੰ ਕੀਤੀ ਜਾਂਚ ਦੌਰਾਨ ਪਤਾ ਲੱਗਾ ਕਿ ਗਿਰਵੀ ਰੱਖੀ ਜਾਇਦਾਦ ਦੀ ਕੋਈ ਹੋਂਦ ਨਹੀਂ। ਨਿਯਮਾਂ ਅਨੁਸਾਰ, ਅਰਿੰਦਰਬੀਰ ਦੇ ਡਾਇਰੈਕਟਰ (15.12.2021) ਅਤੇ ਚੇਅਰਮੈਨ (13.04.2022) ਬਣਨ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਸੀ। ਪਰ ਸਤਵਿੰਦਰ ਸਿੰਘ ਨੇ ਗੈਰਕਾਨੂੰਨੀ ਤੌਰ ‘ਤੇ 31 ਜੁਲਾਈ 2023 ਤਕ ਨੌਕਰੀ ਜਾਰੀ ਰੱਖੀ ਅਤੇ ਇਸ ਦੌਰਾਨ ₹32.31 ਲੱਖ ਤਨਖਾਹ ਅਤੇ ਭੱਤਿਆਂ ਦੇ ਰੂਪ ਵਿੱਚ ਵਸੂਲੇ।
ਬੋਰਡ ਤੇ ਸਵਾਲ
ਸਪਸ਼ਟ ਹਿੱਤਾਂ ਦੇ ਟਕਰਾਅ ਅਤੇ ਧੋਖਾਧੜੀ ਕਾਰਨ ਬੈਂਕ ਦੀ ਵਿਸ਼ਵਾਸਯੋਗਤਾ ਨੂੰ ਗਹਿਰਾ ਨੁਕਸਾਨ ਪਹੁੰਚਿਆ। ਸੰਯੁਕਤ ਰਜਿਸਟਰਾਰ ਨੇ ਬੋਰਡ ਆਫ ਡਾਇਰੈਕਟਰਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ‘ਤੇ ਮੁਲਜ਼ਮਾਂ ਨੂੰ ਬਚਾਉਣ, ਗਬਨ ਮਾਮਲਿਆਂ ਵਿੱਚ ਕੇਸ ਦਰਜ ਨਾ ਕਰਨ ਅਤੇ ਅਨੁਸ਼ਾਸਨਾਤਮਕ ਕਾਰਵਾਈ ਵਿੱਚ ਜਾਣਬੂਝ ਕੇ ਦੇਰੀ ਕਰਨ ਦਾ ਦੋਸ਼ ਲਗਾਇਆ ਹੈ। ਬੋਰਡ ਨੂੰ 15 ਦਿਨਾਂ ਵਿੱਚ ਜਵਾਬ ਦੇਣਾ ਹੋਵੇਗਾ, ਨਹੀਂ ਤਾਂ ਹੋਰ ਸਖ਼ਤ ਕਾਰਵਾਈ ਹੋ ਸਕਦੀ ਹੈ।