ਅੰਮ੍ਰਿਤਸਰ :- ਜ਼ਿਲ੍ਹਾ ਕਾਂਗਰਸ ਪ੍ਰਧਾਨ ਮਿੱਠੂ ਮਦਾਨ ਨੇ ਮੈਡਮ ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਗਏ ਭਾਰੀ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਕਿਹਾ ਕਿ ਕਾਂਗਰਸੀ ਅਹੁਦਿਆਂ ਜਾਂ ਤਬਾਦਲਿਆਂ ਵਿੱਚ ਪੈਸੇ ਦੇ ਲੈਣ-ਦੇਣ ਦੇ ਇਲਜ਼ਾਮਾਂ ਵਿੱਚ ਰਤਾ-ਭਰ ਵੀ ਸੱਚ ਨਹੀਂ। ਉਨ੍ਹਾਂ ਨੇ ਸਾਫ਼ ਕਿਹਾ ਕਿ ਜੇ ਕਿਸੇ ਕੋਲ ਕੋਈ ਸਬੂਤ ਹੈ, ਤਾਂ ਉਹ ਬਿਨਾਂ ਦੇਰੀ ਸਾਂਝੇ ਕੀਤੇ ਜਾਣ, ਨਹੀਂ ਤਾਂ ਬੇਬੁਨਿਆਦ ਬਿਆਨਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
“ਸਿੱਧੂ ਪਰਿਵਾਰ ਨਾਲ ਨੇੜਲੇ ਰਿਸ਼ਤੇ ਸਨ, ਪਰ ਝੂਠੇ ਦੋਸ਼ ਕਬੂਲ ਨਹੀਂ”—ਮਦਾਨ ਦੀ ਪ੍ਰਤੀਕਿਰਿਆ
ਮਿੱਠੂ ਮਦਾਨ, ਜੋ ਸਿੱਧੂ ਪਰਿਵਾਰ ਦੇ ਕਾਫੀ ਸਮੇਂ ਤੱਕ ਨੇੜਲੇ ਰਹੇ ਹਨ, ਨੇ ਕਿਹਾ ਕਿ 500 ਕਰੋੜ ਦੀ ਕੋਈ ਡੀਲ ਨਹੀਂ ਹੋਈ ਅਤੇ ਨਾ ਹੀ ਕਿਸੇ ਅਹੁਦੇ ਲਈ ਕਦੇ ਪੈਸਾ ਲਿਆ ਜਾਂ ਦਿੱਤਾ ਗਿਆ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਮੈਡਮ ਸਿੱਧੂ ਇਸ ਤਰ੍ਹਾਂ ਦੇ ਦੋਸ਼ ਲਗਾਉਣ ਤੋਂ ਨਹੀਂ ਰੁੱਕੇ, ਤਾਂ ਉਹ ਆਪਣੇ ਕੋਲ ਮੌਜੂਦ ਸਬੂਤਾਂ ਸਮੇਤ ਕਈ ਖੁਲਾਸੇ ਕਰਨ ਲਈ ਤਿਆਰ ਹਨ।
ਦੋਸ਼ਬਾਜ਼ੀ ਨੂੰ ਰਾਜਨੀਤਿਕ ਸਾਜ਼ਿਸ਼ ਕਹਿੰਦੇ ਹੋਏ ਮਦਾਨ ਨੇ ਕੀਤੀ ਤਿੱਖੀ ਚੋਟ
ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਲੋਕਲ ਬਾਡੀਜ਼ ਮੰਤਰੀ ਅਤੇ ਫਿਰ ਕਾਂਗਰਸ ਪ੍ਰਧਾਨ ਬਣਾਉਣ ਸਮੇਂ ਵੀ ਕਦੇ ਕੋਈ ਲੈਣ-ਦੇਣ ਨਹੀਂ ਹੋਇਆ। ਮਦਾਨ ਦਾ ਮਤਲਬ ਸੀ ਕਿ ਅਜੇਹੇ ਇਲਜ਼ਾਮ ਪਾਰਟੀ ਦੀ ਸੱਭਿਆਚਾਰਕ ਅਤੇ ਰਾਜਨੀਤਿਕ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਹਨ। ਉਨ੍ਹਾਂ ਨੇ ਇਸਨੂੰ “ਸੋਚੀ-ਸਮਝੀ ਰਾਜਨੀਤਿਕ ਚਾਲ” ਕਰਾਰ ਦਿੱਤਾ, ਜੋ ਕਾਂਗਰਸ ਨੂੰ ਕਮਜ਼ੋਰ ਕਰਨ ਅਤੇ ਭਾਜਪਾ ਦੀ ਲਬਿੰਗ ਬਣਾਉਣ ਲਈ ਕੀਤੀ ਜਾ ਰਹੀ ਹੈ।
“ਗਿਲੇ-ਸ਼ਿਕਵੇ ਪਾਰਟੀ ਫੋਰਮ ’ਤੇ ਸੁਲਝਾਉਂਦੇ”—ਮਦਾਨ ਦਾ ਸੁਝਾਅ
ਮਿੱਠੂ ਮਦਾਨ ਨੇ ਕਿਹਾ ਕਿ ਜੇਕਰ ਕੋਈ ਨਾਰਾਜ਼ਗੀ ਜਾਂ ਗਿਲਾ-ਸ਼ਿਕਵਾ ਸੀ, ਤਾਂ ਉਸਨੂੰ ਪਾਰਟੀ ਫੋਰਮ ’ਚ ਰੱਖ ਕੇ ਸੁਲਝਾਇਆ ਜਾ ਸਕਦਾ ਸੀ। ਪਰ ਮੀਡੀਆ ਰਾਹੀਂ ਬੇਬੁਨਿਆਦ ਦੋਸ਼ ਲਗਾਉਣ ਦੀ ਇਹ ਪ੍ਰਕਿਰਿਆ ਨਾਂ ਤਾਂ ਪਾਰਟੀ ਨੂੰ ਫਾਇਦਾ ਪਹੁੰਚਾਉਂਦੀ ਹੈ ਤੇ ਨਾਂ ਹੀ ਜਨਤਕ ਜੀਵਨ ’ਚ ਸਹੀ ਰੁਖ ਦਰਸਾਉਂਦੀ ਹੈ।
“ਅਹੁਦਾ ਮੇਹਨਤ ਨਾਲ ਮਿਲਿਆ, ਇੱਕ ਰੁਪਇਆ ਨਹੀਂ ਦਿੱਤਾ”—ਮਦਾਨ ਦਾ ਸਪਸ਼ਟੀਕਰਨ
ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਤਹਿਸੀਲ ਪੱਧਰ ਦੇ ਵਰਕਰ ਤੋਂ ਉਭਰ ਕੇ ਇਥੇ ਤੱਕ ਪਹੁੰਚੇ ਹਨ। ਦੋ ਵਾਰ ਕੌਂਸਲਰ ਰਹਿਣ ਤੋਂ ਬਾਅਦ ਹਾਈਕਮਾਂਡ ਨੇ ਉਨ੍ਹਾਂ ’ਤੇ ਭਰੋਸਾ ਕੀਤਾ ਤੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ। ਮਦਾਨ ਨੇ ਸਾਫ਼ ਕਹਿਆ ਕਿ ਉਨ੍ਹਾਂ ਨੇ ਆਪਣੀ ਨਿਯੁਕਤੀ ਲਈ ਕਦੇ ਇੱਕ ਰੁਪਇਆ ਵੀ ਨਹੀਂ ਦਿੱਤਾ।
2027 ਚੋਣਾਂ ਲਈ ਦਾਅਵਾ—“ਕਾਂਗਰਸ ਪੂਰੀ ਤਰ੍ਹਾਂ ਇਕਜੁੱਟ”
ਮਦਾਨ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਅੰਦਰ ਕੋਈ ਫੂਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਕਜੁੱਟ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਪੰਜਾਬ ਦੀ ਸੱਤਾ ਹਾਸਲ ਕਰੇਗੀ।

