ਅੰਮ੍ਰਿਤਸਰ :- ਜ਼ਿਲਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸੰਬੰਧੀ ਸਪਸ਼ਟ ਨਿਰਦੇਸ਼ ਜਾਰੀ ਕੀਤੇ ਹਨ। ਨਿਰਦੇਸ਼ਾਂ ਅਨੁਸਾਰ, ਸਿਰਫ਼ ਪ੍ਰਸ਼ਾਸਨ ਵੱਲੋਂ ਜਾਰੀ ਅਸਥਾਈ ਲਾਇਸੈਂਸ ਧਾਰਕਾਂ ਨੂੰ ਹੀ ਪਟਾਕਿਆਂ ਦੀ ਵਿਕਰੀ ਕਰਨ ਦੀ ਆਗਿਆ ਹੋਵੇਗੀ ਅਤੇ ਸਿਰਫ਼ ਗਰੀਨ ਪਟਾਕੇ ਹੀ ਵੇਚੇ ਅਤੇ ਚਲਾਏ ਜਾ ਸਕਦੇ ਹਨ। ਇਹ ਪਟਾਕੇ ਲਿਥੀਅਮ, ਮਰਕਰੀ, ਆਰਸੈਨਿਕ, ਸਿਲੇਨ, ਥੋਰੀਅਮ ਸਾਲਟ ਆਦਿ ਖ਼ਤਰਨਾਕ ਰਸਾਇਨਾਂ ਤੋਂ ਰਹਿਤ ਹੋਣੇ ਲਾਜ਼ਮੀ ਹਨ।
ਤਿਉਹਾਰਾਂ ਲਈ ਸਮਾਂ ਨਿਰਧਾਰਤ
ਪ੍ਰਸ਼ਾਸਨ ਵੱਲੋਂ ਆਤਿਸ਼ਬਾਜ਼ੀ ਲਈ ਨਿਰਧਾਰਤ ਸਮਾਂ ਵੀ ਜਾਰੀ ਕੀਤਾ ਗਿਆ ਹੈ।
ਦੀਵਾਲੀ ਅਤੇ ਭਗਵਾਨ ਵਾਲਮੀਕਿ ਜਨਮ ਦਿਨ: ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ।
ਗੁਰੂਪੁਰਬ: ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ।
ਕ੍ਰਿਸਮਸ ਅਤੇ ਨਵਾਂ ਸਾਲ: ਰਾਤ 11:55 ਵਜੇ ਤੋਂ 12:30 ਵਜੇ ਤੱਕ
ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਆਤਿਸ਼ਬਾਜ਼ੀ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਆਨਲਾਈਨ ਵਿਕਰੀ ‘ਤੇ ਪਾਬੰਦੀ
ਡੀ.ਸੀ. ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਪਟਾਕੇ ਵੈੱਬਸਾਈਟਾਂ, ਈ-ਕਾਮਰਸ ਪਲੇਟਫ਼ਾਰਮਾਂ ਜਾਂ ਹੋਰ ਡਿਜ਼ੀਟਲ ਮਾਧਿਅਮਾਂ ਰਾਹੀਂ ਨਹੀਂ ਵੇਚੇ ਜਾ ਸਕਦੇ।
ਵਿਆਹ ਅਤੇ ਸਮਾਜਿਕ ਸਮਾਗਮਾਂ ਲਈ ਲਾਇਸੈਂਸ ਲਾਜ਼ਮੀ
ਵਿਆਹ ਸਮਾਗਮਾਂ ਵਿੱਚ ਪਟਾਕੇ ਚਲਾਉਣ ਲਈ ਮੈਰਿਜ ਪੈਲੇਸ ਮਾਲਕਾਂ ਵੱਲੋਂ ਪ੍ਰਸ਼ਾਸਨ ਤੋਂ ਲਾਇਸੈਂਸ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸ਼ੋਭਾ ਯਾਤਰਾਵਾਂ, ਨਗਰ ਕੀਰਤਨਾਂ, ਪ੍ਰਭਾਤ ਫੈਰੀਆਂ ਜਾਂ ਹੋਰ ਧਾਰਮਿਕ ਤੇ ਸਮਾਜਿਕ ਸਮਾਗਮਾਂ ਵਿੱਚ ਵੀ ਪਟਾਕੇ ਚਲਾਉਣ ਲਈ ਲਾਇਸੈਂਸ ਲੈਣਾ ਹੋਵੇਗਾ।
ਉਲੰਘਣਾ ਕਰਨ ‘ਤੇ ਕਾਰਵਾਈ
ਪ੍ਰਸ਼ਾਸਨ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਵਿਆਕਤੀ ਜਾਂ ਸੰਸਥਾ ਨਿਰਦੇਸ਼ਾਂ ਦੀ ਉਲੰਘਣਾ ਕਰੇਗੀ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।