ਅੰਮ੍ਰਿਤਸਰ :- ਪੰਜਾਬ ਵਿੱਚ ਲਗਾਤਾਰ ਮੀਂਹ ਕਾਰਨ ਜਿੱਥੇ ਕਈ ਇਲਾਕਿਆਂ ਵਿੱਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ, ਉੱਥੇ ਹੀ ਅੰਮ੍ਰਿਤਸਰ ਦੇ ਸੁਨਿਆਰੇ ਵਾਲੇ ਖੂਹ ਇਲਾਕੇ ਵਿੱਚ ਇੱਕ ਪੁਰਾਣੀ ਬਿਲਡਿੰਗ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਮਾਰਤ ਲਗਭਗ 100 ਸਾਲ ਪੁਰਾਣੀ ਸੀ ਅਤੇ ਪਿਛਲੇ 15 ਸਾਲਾਂ ਤੋਂ ਖਾਲੀ ਪਈ ਸੀ।
ਲੋਕਾਂ ਦਾ ਰੋਸ
ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਜੇਕਰ ਇਹ ਇਮਾਰਤ ਰਾਤ ਦੀ ਬਜਾਏ ਸਵੇਰੇ ਡਿੱਗਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ, ਕਿਉਂਕਿ ਇਸ ਦੇ ਨੇੜੇ ਹੀ ਦੋ ਸਕੂਲ ਅਤੇ ਇੱਕ ਸਰਕਾਰੀ ਹਸਪਤਾਲ ਮੌਜੂਦ ਹਨ। ਇੱਥੇ ਹਰ ਵੇਲੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ।
ਮਕਾਨ ਮਾਲਕ ਨੇ ਕਿਹਾ ਕਿ ਇਮਾਰਤ ਨਾਲ ਸਬੰਧਤ ਝਗੜੇ ਕਾਰਨ ਉਹ ਇਸ ਨੂੰ ਸਹੀ ਨਹੀਂ ਕਰਵਾ ਸਕੇ।
ਪਹਿਲਾਂ ਵੀ ਦਿੱਤੀ ਗਈ ਸੀ ਸ਼ਿਕਾਇਤ
ਨਿਵਾਸੀਆਂ ਨੇ ਦਾਅਵਾ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਚਿੱਠੀ ਲਿਖੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਲੋਕਾਂ ਦੀ ਮੰਗ ਹੈ ਕਿ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
ਸੀਸੀਟੀਵੀ ਫੁਟੇਜ ਵੀ ਸਾਹਮਣੇ
ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਪੁਰਾਣੀ ਬਿਲਡਿੰਗ ਇੱਕਦਮ ਢਹਿ ਗਈ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।