ਅੰਮ੍ਰਿਤਸਰ :- ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿੱਚ ਅੱਧੀ ਰਾਤ ਕਤਲ ਦੀ ਦਹਿਸ਼ਤਨਾਕ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਪੈਰੋਲ ‘ਤੇ ਆਏ ਧਰਮਾ ਨਾਮਕ ਵਿਅਕਤੀ ਨੂੰ ਘਰ ਦੇ ਬਾਹਰ ਕ੍ਰੇਟਾ ਕਾਰ ਖੜ੍ਹੀ ਕਰਦੇ ਸਮੇਂ ਤਿੰਨ ਹਮਲਾਵਰਾਂ ਵੱਲੋਂ ਮੋਟਰਸਾਈਕਲ ‘ਤੇ ਆ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਰਾਤ ਕਰੀਬ 12:15 ਵਜੇ ਘਟਨਾ ਦੀ ਸੂਚਨਾ ਮਿਲਣ ‘ਤੇ ਅੰਮ੍ਰਿਤਸਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਧਰਮਾ 2012 ਦੇ ਏਐਸਆਈ ਕਤਲ ਮਾਮਲੇ ‘ਚ ਸਜ਼ਾ ਕੱਟ ਰਿਹਾ ਸੀ
ਏਸੀਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਧਰਮਾ 2012 ਵਿੱਚ ਏਐਸਆਈ ਰਵਿੰਦਰ ਪਾਲ ਸਿੰਘ ਦੇ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਸੀ। ਉਸਨੂੰ 12 ਸਤੰਬਰ ਨੂੰ 14 ਦਿਨਾਂ ਲਈ ਪੈਰੋਲ ‘ਤੇ ਰਿਹਾਅ ਕੀਤਾ ਗਿਆ ਸੀ। ਧਰਮਾ ਦੀ ਪਤਨੀ ਮੁਤਾਬਕ, ਉਸਦਾ ਜੇਲ੍ਹ ਦੇ ਅੰਦਰ ਜੱਗੂ ਭਗਵਾਨਪੁਰੀਆ ਗੈਂਗ ਨਾਲ ਵਿਵਾਦ ਹੋਇਆ ਸੀ ਅਤੇ ਉਨ੍ਹਾਂ ਨੂੰ ਪਹਿਲਾਂ ਹੀ ਸੰਭਾਵੀ ਹਮਲੇ ਦਾ ਡਰ ਸੀ।
ਜੱਗੂ ਭਗਵਾਨਪੁਰੀਆ ਗੈਂਗ ਨੇ ਪੋਸਟ ਰਾਹੀਂ ਕਤਲ ਦੀ ਲਈ ਜ਼ਿੰਮੇਵਾਰੀ
ਘਟਨਾ ਮਗਰੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਪੋਸਟ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਇਸ ਪੋਸਟ ਦੀ ਪੁਸ਼ਟੀ ਨਹੀਂ ਕੀਤੀ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਮ੍ਰਿਤਕ ਧਰਮਾ ਵਿਰੋਧੀ ਗੈਂਗ ਬੰਬੀਹਾ ਗਰੁੱਪ ਨਾਲ ਜੁੜਿਆ ਹੋਇਆ ਸੀ ਅਤੇ ਜੇਲ੍ਹ ਦੇ ਅੰਦਰ ਉਨ੍ਹਾਂ ਵਿਰੋਧੀਆਂ ਦੀ ਸਹਾਇਤਾ ਕਰਦਾ ਸੀ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਪੁਲਿਸ ਨੇ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਤਲਾਸ਼ ਜਾਰੀ ਹੈ। ਸਥਾਨਕ ਲੋਕਾਂ ਵਿੱਚ ਇਸ ਕਤਲ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।