ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਪੱਧਰ ਦਾ 19ਵਾਂ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (PITEX) ਅੱਜ ਰਸਮੀ ਤੌਰ ‘ਤੇ ਸ਼ੁਰੂ ਹੋ ਗਿਆ ਹੈ। ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਹੋਣ ਵਾਲਾ ਇਹ ਮੈਗਾ ਵਪਾਰ ਮੇਲਾ 4 ਤੋਂ 8 ਦਸੰਬਰ ਤੱਕ ਚੱਲੇਗਾ। ਉਦਘਾਟਨ ਸਮਾਰੋਹ ਕੱਲ੍ਹ 5 ਦਸੰਬਰ ਨੂੰ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕਰਣਗੇ।
ਵਿੱਤ ਮੰਤਰੀ ਹਰਪਾਲ ਚੀਮਾ ਹੋਣਗੇ ਵਿਸ਼ੇਸ਼ ਮਹਿਮਾਨ
ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇਸ ਵਪਾਰ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਲਈ ਅੰਮ੍ਰਿਤਸਰ ਪਹੁੰਚਣਗੇ। ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਮੇਲੇ ਲਈ ਬਿਜਲੀ ਸਪਲਾਈ, ਪੀਣ ਵਾਲਾ ਪਾਣੀ, ਸੈਨੀਟੇਸ਼ਨ ਅਤੇ ਹੋਰ ਸਹੂਲਤਾਂ ਮੁਕੰਮਲ ਕੀਤੀਆਂ ਗਈਆਂ ਹਨ। ਮੈਦਾਨ ਵਿੱਚ ਤਾਇਨਾਤ ਸਟਾਫ ਨੂੰ ਸਾਰੀ ਜ਼ਿੰਮੇਵਾਰੀ ਸੌਂਪੀ ਜਾ ਚੁੱਕੀ ਹੈ ਤਾਂ ਜੋ ਮੇਲੇ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰਹੇ।
ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਨੇ ਕਿਹਾ ਕਿ PITEX ਨੇ ਅੰਮ੍ਰਿਤਸਰ ਨੂੰ ਵਪਾਰ ਅਤੇ ਨਿਵੇਸ਼ ਦੇ ਨਕਸ਼ੇ ‘ਤੇ ਇਕ ਨਵੀਂ ਪਛਾਣ ਦਿੱਤੀ ਹੈ, ਜਿਸ ਨਾਲ ਸੂਬੇ ਦੀ ਛਵੀ ਹੋਰ ਮਜ਼ਬੂਤ ਹੋਈ ਹੈ।
ਦੇਸ਼ – ਵਿਦੇਸ਼ ਦੇ ਉਦਯੋਗਪਤੀਆਂ ਦਾ ਇਕੱਠ
ਮੇਲੇ ਵਿੱਚ ਭਾਰਤ ਦੇ ਕਈ ਰਾਜਾਂ ਤੋਂ ਇਲਾਵਾ ਗੁਆਂਢੀ ਦੇਸ਼ਾਂ ਤੋਂ ਵੀ ਉਦਯੋਗਪਤੀ ਆਪਣੀਆਂ ਉੱਤਮ ਉਤਪਾਦ ਸ਼੍ਰੇਣੀਆਂ ਨਾਲ ਸ਼ਿਰਕਤ ਕਰ ਰਹੇ ਹਨ। ਇਹ ਮੰਚ ਵਪਾਰਕ ਸਾਂਝੇਦਾਰੀ, ਨਵੇਂ ਨਿਵੇਸ਼ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਖਾਸ ਮੰਚ ਮੰਨਿਆ ਜਾ ਰਿਹਾ ਹੈ।
ਖੇਤੀਬਾੜੀ, ਪੋਸ਼ਣ ਅਤੇ ਤੰਦਰੁਸਤੀ ‘ਤੇ ਮੁੱਖ ਸੈਸ਼ਨ
ਮੇਲੇ ਦੇ ਦੂਜੇ ਦਿਨ 5 ਦਸੰਬਰ ਨੂੰ ਖੇਤੀਬਾੜੀ, ਪੋਸ਼ਣ ਅਤੇ ਤੰਦਰੁਸਤੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸਿੰਪੋਜ਼ੀਅਮ ਹੋਵੇਗਾ, ਜਿਸ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹਾਜ਼ਰ ਰਹਿਣਗੇ। ਸੂਬੇ ਦੀ ਖੇਤੀ ਨੀਤੀ ਅਤੇ ਭਵਿੱਖੀ ਯੋਜਨਾਵਾਂ ‘ਤੇ ਚਰਚਾ ਇਸ ਸੈਸ਼ਨ ਦੀ ਕੇਂਦਰ ਬਿੰਦੂ ਰਹੇਗੀ।
6 ਦਸੰਬਰ ਨੂੰ ਸੱਭਿਆਚਾਰਕ ਸ਼ਾਮ
6 ਦਸੰਬਰ ਨੂੰ ਹੋਟਲ ਤਾਜ ‘ਚ “ਪੰਜਾਬ ਹੈਰੀਟੇਜ ਸ਼ੋਅ” ਦੀ ਰੌਣਕ ਲੱਗੇਗੀ। 80–90 ਦੇ ਦਹਾਕੇ ਦੀ ਮਸ਼ਹੂਰ ਬਾਲੀਵੁੱਡ ਕਲਾਕਾਰਾ ਹੈਲਨ ਇਸ ਪ੍ਰੋਗਰਾਮ ਦੀ ਮੁੱਖ ਸ਼ੋਭਾ ਹੋਵੇਗੀ, ਜਦੋਂ ਕਿ ਅਦਾਕਾਰ ਰਜਤ ਬੇਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਅਖੀਰਲੇ ਦੋ ਦਿਨ, ਵੱਡੇ ਸੈਸ਼ਨ, ਨਵੇਂ ਵਿਚਾਰ
7 ਅਤੇ 8 ਦਸੰਬਰ ਨੂੰ ਵਪਾਰ, ਉਦਯੋਗ, ਹਥਕਲਾ, ਸੈਰ-ਸਪਾਟਾ ਅਤੇ ਨਿਵੇਸ਼ ਨਾਲ ਜੁੜੇ ਕਈ ਮਹੱਤਵਪੂਰਨ ਸੈਸ਼ਨ ਹੋਣਗੇ। ਇਨ੍ਹਾਂ ਵਿੱਚ ਵੱਖ-ਵੱਖ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਦੀ ਭਾਗੀਦਾਰੀ ਹੋਵੇਗੀ, ਜੋ ਸੂਬੇ ਦੀ ਆਰਥਿਕ ਦਿਸ਼ਾ ਅਤੇ ਉਦਯੋਗਿਕ ਸੰਭਾਵਨਾਵਾਂ ‘ਤੇ ਰੋਸ਼ਨੀ ਪਾਉਣਗੇ।

