ਚੰਡੀਗੜ੍ਹ :- ਸਿੱਖ ਕੌਮ ਦੀ ਅਗਵਾਈ ਕਰਨ ਵਾਲੀ ਅਤੇ ‘ਸਿੱਖਾਂ ਦੀ ਪਾਰਲੀਮੈਂਟ’ ਵਜੋਂ ਮੰਨੀ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਆਪਣੇ 105 ਸਾਲ ਪੂਰੇ ਕਰ ਲਏ। ਇਸ ਮੌਕੇ ਅੰਮ੍ਰਿਤਸਰ ਵਿਖੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਅਤੇ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ।
ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਸਮਾਗਮ ਦੀ ਸਮਾਪਤੀ
ਗੁਰੂਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਪਰਸੋਂ ਸ਼ੁਰੂ ਹੋਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅੱਜ ਸਵੇਰੇ ਹੀ ਲਾਇਆ ਗਿਆ।
ਇਸ ਪ੍ਰੋਗਰਾਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਸਣੇ ਕਈ ਅਧਿਕਾਰੀਆਂ, ਗ੍ਰੰਥੀ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਭਰੀ।
ਸਿੱਖ ਪੰਥ ਦੀ ਸਿਰਮੌਰ ਸੰਸਥਾ: ਸੇਵਾ ਤੋਂ ਸਿੱਖਿਆ ਤਕ ਅਹਿਮ ਭੂਮਿਕਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੀ ਵਿਸ਼ਵ ਪੱਧਰੀ ਪਹਚਾਣ ਹੈ ਅਤੇ ਗੁਰਦੁਆਰਿਆਂ ਦੀ ਕਾਨੂੰਨੀ ਪ੍ਰਬੰਧਕੀ ਇਸ ਦੇ ਅਧੀਨ ਹੈ। ਇਹ ਸੰਸਥਾ ਨਾ ਸਿਰਫ਼ ਗੁਰਦੁਆਰਾ ਸਾਹਿਬਾਨਾਂ ਦੀ ਸਾਂਭ-ਸੰਭਾਲ ਕਰਦੀ ਹੈ, ਸਗੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹਸਪਤਾਲਾਂ ਦਾ ਚਲਾਣਾ ਵੀ ਇਸ ਦੀ ਵੱਡੀ ਜ਼ਿੰਮੇਵਾਰੀ ਹੈ। ਕੁਦਰਤੀ ਆਫ਼ਤਾਂ ਅਤੇ ਸੰਕਟ ਦੇ ਸਮੇਂ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਤੱਕ ਸਹਾਇਤਾ ਪਹੁੰਚਾਉਣਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਵੀ ਇਸ ਦੇ ਮੁੱਖ ਕੰਮਾਂ ‘ਚ ਸ਼ਾਮਲ ਹੈ।
19ਵੀਂ ਸਦੀ ਵਿੱਚ ਜਨਮੇ ਇਹ ਅੰਦੋਲਨ ਸਮੇਂ ਦੇ ਨਾਲ ਸਿੱਖ ਕੌਮ ਦੀ ਇਕ ਵਿਸ਼ੇਸ਼ ਪ੍ਰਾਪਤੀ ਵਜੋਂ ਸਥਾਪਿਤ ਹੋ ਗਿਆ।
ਸ਼੍ਰੋਮਣੀ ਕਮੇਟੀ ਦੀ ਸਥਾਪਨਾ: ਇੱਕ ਇਤਿਹਾਸਕ ਯਾਤਰਾ
ਸ਼੍ਰੋਮਣੀ ਕਮੇਟੀ ਦੀ ਮੁੱਢਲੀ ਬਣਤਰ 15 ਨਵੰਬਰ 1920 ਨੂੰ ਹੋਈ ਸੀ।
1925 ਵਿੱਚ ਗੁਰਦੁਆਰਾ ਐਕਟ ਪਾਸ ਹੋਣ ਤੋਂ ਬਾਅਦ ਇਹ ਕਾਨੂੰਨੀ ਤੌਰ ‘ਤੇ ਇੱਕ ਪੱਕੀ ਸੰਸਥਾ ਬਣੀ ਅਤੇ 1926 ਦੀ ਪਹਿਲੀ ਚੋਣ ਨਾਲ ਇਸ ਨੂੰ ਸਰਕਾਰੀ ਮਾਨਤਾ ਮਿਲੀ।
ਇਸ ਚੋਣ ਦੀ ਵਿਸ਼ੇਸ਼ਤਾ ਇਹ ਸੀ ਕਿ ਭਾਰਤ ਦੇ ਚੋਣੀ ਇਤਿਹਾਸ ਵਿੱਚ ਪਹਿਲੀ ਵਾਰ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ, ਜੋ ਸਮਾਜਿਕ ਬਦਲਾਅ ਦੀ ਇੱਕ ਮਹੱਤਵਪੂਰਨ ਕੜੀ ਸੀ।

