ਅੰਮ੍ਰਿਤਸਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਹਾਜ਼ਰ ਹੋਏ, ਜਿੱਥੇ ਉਨ੍ਹਾਂ ਨੇ ਆਪਣੇ ਬਿਆਨਾਂ ਸਬੰਧੀ ਸਪੱਸ਼ਟਤਾ ਪੇਸ਼ ਕੀਤੀ। ਮੁੱਖ ਮੰਤਰੀ ਲਗਭਗ ਪੌਣੇ ਘੰਟੇ ਤੱਕ ਸਕੱਤਰੇਤ ਅੰਦਰ ਰਹੇ।
ਸ਼ਾਂਤ ਮਾਹੌਲ ’ਚ ਸੁਣੀ ਗਈ ਗੱਲ
ਪੇਸ਼ੀ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੁੰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੱਲਬਾਤ ਸਨਮਾਨ ਅਤੇ ਧੀਰਜ ਨਾਲ ਹੋਈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਆਪਣੀ ਸਥਿਤੀ ਤਫ਼ਸੀਲ ਨਾਲ ਰੱਖੀ ਗਈ।
ਵਿਵਾਦਤ ਸਮੱਗਰੀ ਦੀ ਜਾਂਚ ’ਤੇ ਜ਼ੋਰ
ਜਥੇਦਾਰ ਸਾਹਿਬ ਨੇ ਆਖਿਆ ਕਿ ਜੇਕਰ ਕਿਸੇ ਵੀਡੀਓ ਜਾਂ ਹੋਰ ਸਮੱਗਰੀ ਬਾਰੇ ਸ਼ੱਕ ਪੈਦਾ ਹੋਇਆ ਹੈ, ਤਾਂ ਉਸਦੀ ਤਕਨੀਕੀ ਜਾਂਚ ਕਰਵਾਉਣ ਵਿੱਚ ਕੋਈ ਐਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਸੱਚ ਦੀ ਪੜਤਾਲ ਹੀ ਤਖ਼ਤ ਦੀ ਪ੍ਰਾਥਮਿਕਤਾ ਹੈ।
ਫੈਸਲਾ ਪੰਜ ਸਿੰਘ ਸਾਹਿਬਾਨ ਦੀ ਸੋਚ ਨਾਲ
ਜਥੇਦਾਰ ਗੜਗੱਜ ਨੇ ਸਾਫ਼ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਵਿਅਕਤੀ ਜਾਂ ਸਰਕਾਰ ਦੇ ਖ਼ਿਲਾਫ਼ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਸਪੱਸ਼ਟੀਕਰਨ ਨੂੰ ਪੰਥਕ ਮਰਯਾਦਾ ਅਨੁਸਾਰ ਪੰਜ ਸਿੰਘ ਸਾਹਿਬਾਨ ਵਿਚਾਰਧਾਰਾ ਨਾਲ ਪਰਖਿਆ ਜਾਵੇਗਾ, ਜਿਸ ਤੋਂ ਬਾਅਦ ਅਗਲਾ ਕਦਮ ਤੈਅ ਕੀਤਾ ਜਾਵੇਗਾ।

