ਅਜਨਾਲਾ :- ਸਾਬਕਾ ਕ੍ਰਿਕਟਰ ਅਤੇ ਰਾਜਸਭਾ ਮੈਂਬਰ ਹਰਭਜਨ ਸਿੰਘ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ। ਉਨ੍ਹਾਂ ਨੇ ਪਿੰਡਾਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਯਕੀਨ ਦਵਾਇਆ ਕਿ ਪੰਜਾਬ ਜਲਦੀ ਆਪਣੇ ਪੈਰਾਂ ‘ਤੇ ਖੜ੍ਹੇ ਹੋ ਜਾਵੇਗਾ।
ਐਂਬੂਲੈਂਸਾਂ ਅਤੇ ਮੈਡੀਕਲ ਸਹਾਇਤਾ
ਆਪਣੀ 13-13 ਫਾਊਂਡੇਸ਼ਨ ਦੇ ਸਹਿਯੋਗ ਨਾਲ ਹਰਭਜਨ ਸਿੰਘ ਨੇ ਦੋ ਨਵੀਆਂ ਐਂਬੂਲੈਂਸਾਂ ਪਿੰਡਾਂ ਲਈ ਭੇਂਟ ਕੀਤੀਆਂ। ਇਹ ਐਂਬੂਲੈਂਸਾਂ ਖ਼ਾਸ ਕਰਕੇ ਉਹਨਾਂ ਥਾਵਾਂ ‘ਤੇ ਮਦਦਗਾਰ ਰਹਿਣਗੀਆਂ ਜਿੱਥੇ ਹੜ੍ਹ ਤੋਂ ਬਾਅਦ ਆਵਾਜਾਈ ਮੁਸ਼ਕਲ ਹੈ। ਉਨ੍ਹਾਂ ਨਾਲ ਆਈ ਮੈਡੀਕਲ ਟੀਮ ਨੇ ਲੋਕਾਂ ਦੀ ਸਿਹਤ ਜਾਂਚ ਕੀਤੀ ਅਤੇ ਜ਼ਰੂਰੀ ਦਵਾਈਆਂ ਵੀ ਵੰਡੀਆਂ।
“ਪੰਜਾਬੀਆਂ ਦੇ ਹੌਸਲੇ ਬੁਲੰਦ ਹਨ”
ਮੀਡੀਆ ਨਾਲ ਗੱਲ ਕਰਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਮੁਸ਼ਕਲ ਹਾਲਾਤਾਂ ‘ਚ ਵੀ ਹਿੰਮਤ ਨਹੀਂ ਹਾਰਦਾ। ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ‘ਤੇ ਚਲਦਿਆਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਨੂੰ ਵੀ ਸਿਹਤ ਸੇਵਾ ਦੀ ਕਮੀ ਮਹਿਸੂਸ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਹੜ੍ਹ ਨੇ ਵੱਡਾ ਨੁਕਸਾਨ ਕੀਤਾ ਹੈ, ਪਰ ਪੰਜਾਬੀ ਕੌਮ ਇਕੱਠੇ ਹੋ ਕੇ ਇਸ ਸੰਕਟ ਤੋਂ ਜ਼ਰੂਰ ਬਾਹਰ ਨਿਕਲੇਗੀ।