ਚੰਡੀਗੜ੍ਹ :- ਹੁਸ਼ਿਆਰਪੁਰ ਵਿਚ ਇਕ ਪੰਜ ਸਾਲਾ ਬੱਚੇ ਦੀ ਦਿਲ ਦਹਿਲਾ ਦੇਣ ਵਾਲੀ ਹੱਤਿਆ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਵਾਸੀਆਂ ਪ੍ਰਤੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸੇ ਕੜੀ ਵਿਚ ਸ੍ਰੀ ਆਨੰਦਪੁਰ ਸਾਹਿਬ ਨੇੜਲੇ ਪਿੰਡਾਂ ਲੋਦੀਪੁਰ, ਲੋਦੀਪੁਰ ਬਰੋਟੂ ਬਾਸ ਅਤੇ ਝੂਗੀਆਂ ਬਾਸ ਦੀਆਂ ਗ੍ਰਾਮ ਪੰਚਾਇਤਾਂ ਨੇ ਇਲਾਕੇ ਵਿਚ ਰਹਿ ਰਹੇ ਪ੍ਰਵਾਸੀਆਂ ਖ਼ਿਲਾਫ਼ ਮਤਾ ਪਾਸ ਕਰਦਿਆਂ ਉਨ੍ਹਾਂ ਨੂੰ ਦਸ ਦਿਨਾਂ ਅੰਦਰ ਪੁਲਸ ਵੈਰੀਫਿਕੇਸ਼ਨ ਕਰਵਾਉਣ ਲਈ ਕਿਹਾ ਹੈ। ਚਿਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਪ੍ਰਵਾਸੀ ਇਹ ਕਾਰਵਾਈ ਨਹੀਂ ਕਰਵਾਉਣਗੇ, ਉਨ੍ਹਾਂ ਨੂੰ ਪਿੰਡ ਤੋਂ ਬਾਹਰ ਕੱਢਿਆ ਜਾਵੇਗਾ।
ਸਰਪੰਚਾਂ ਨੇ ਪ੍ਰਗਟਾਇਆ ਰੋਸ
ਲੋਦੀਪੁਰ ਝੂਗੀਆਂ ਦੀ ਸਰਪੰਚ ਨਵਪ੍ਰੀਤ ਕੌਰ, ਲੋਦੀਪੁਰ ਬਰੋਟੂ ਬਾਸ ਦੀ ਸਰਪੰਚ ਨੀਲਮ ਸ਼ਰਮਾ ਅਤੇ ਪਿੰਡ ਲੋਦੀਪੁਰ ਦੇ ਸਰਪੰਚ ਬਾਬੂ ਰਾਮ ਨੇ ਕਿਹਾ ਕਿ ਪ੍ਰਵਾਸੀਆਂ ਵੱਲੋਂ ਅਪਰਾਧਕ ਗਤੀਵਿਧੀਆਂ ਵਿਚ ਵਾਧਾ ਚਿੰਤਾ ਦਾ ਵਿਸ਼ਾ ਹੈ। ਹਾਲੀਆ ਸਮੇਂ ਵਿਚ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੀਆਂ ਵਾਪਰੀਆਂ ਘਟਨਾਵਾਂ ਨੇ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਕੀਤਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਕੁਝ ਮਹੀਨੇ ਪਹਿਲਾਂ ਲੋਦੀਪੁਰ ਦੀ ਇਕ ਕੁੜੀ ਨੂੰ ਵੀ ਇਕ ਪ੍ਰਵਾਸੀ ਮੁੰਡੇ ਵੱਲੋਂ ਭਜਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਕਰਕੇ ਲੋਕਾਂ ਵਿਚ ਨਾਰਾਜ਼ਗੀ ਵਧੀ ਸੀ।
ਮੱਛੀ ਫੜਨ ’ਤੇ ਵੀ ਪਾਬੰਦੀ
ਪਿੰਡ ਵਾਸੀਆਂ ਨੇ ਦੱਸਿਆ ਕਿ ਇਲਾਕੇ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਵੱਸ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਸਰ ਸਤਲੁਜ ਦਰਿਆ ਦੇ ਕਿਨਾਰੇ ਪ੍ਰਵਾਸੀ ਮੱਛੀਆਂ ਫੜਦੇ ਵੇਖੇ ਜਾਂਦੇ ਹਨ, ਜਿਸ ਨਾਲ ਸੁਰੱਖਿਆ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਲਈ ਪੰਚਾਇਤਾਂ ਵੱਲੋਂ ਮਤਾ ਪਾਸ ਕਰਕੇ ਮੱਛੀ ਫੜਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਪ੍ਰਸ਼ਾਸਨ ਨੂੰ ਕੀਤਾ ਜਾਵੇਗਾ ਸੂਚਿਤ
ਪੰਚਾਇਤ ਮੈਂਬਰਾਂ ਪ੍ਰਦੀਪ ਕੁਮਾਰ, ਹਰਦੀਪ ਸਿੰਘ ਭੁੱਲਰ, ਸ਼ੇਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਪ੍ਰਵਾਸੀ ਨਿਰਧਾਰਿਤ ਸਮੇਂ ਵਿਚ ਪੁਲਸ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ ਤਾਂ ਮਤਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਸ ਕੀਤਾ ਮਤਾ ਬੀ. ਡੀ. ਪੀ. ਓ. ਦਫ਼ਤਰ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜਿਆ ਜਾਵੇਗਾ ਤਾਂ ਜੋ ਅਗਲੀ ਕਾਰਵਾਈ ਹੋ ਸਕੇ।