ਚੰਡੀਗੜ੍ਹ :- ਮਰਹੂਮ ਗਾਇਕ Sidhu Moosewala ਦੇ ਮਾਪਿਆਂ ਵੱਲੋਂ ਇਨਸਾਫ ਦੀ ਮੰਗ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਹੁਣ ਨਵਾਂ ਮੋੜ ਮਿਲਦਾ ਦਿਖਾਈ ਦੇ ਰਿਹਾ ਹੈ। ਸੂਤਰਾਂ ਅਨੁਸਾਰ ਮਾਨਸਾ ਦੇ ਐੱਸ.ਐੱਸ.ਪੀ. ਦਫ਼ਤਰ ਬਾਹਰ ਲਗਾਏ ਧਰਨੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ।ਪਰਿਵਾਰ ਦਾ ਦਾਅਵਾ ਸੀ ਕਿ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੇ ਬਾਵਜੂਦ ਕੋਈ ਢੁੱਕਵੀਂ ਕਾਰਵਾਈ ਨਹੀਂ ਹੋ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਧਰਨੇ ਦਾ ਸਹਾਰਾ ਲੈਣਾ ਪਿਆ।
ਵਿੱਤੀ ਲੈਣ-ਦੇਣ ਨੂੰ ਲੈ ਕੇ ਉੱਠੇ ਸਵਾਲ
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਪਿਛਲੇ ਕਈ ਮਹੀਨਿਆਂ ਤੋਂ ਇਲਜ਼ਾਮ ਲਗਾ ਰਹੇ ਹਨ ਕਿ ਗਾਇਕ ਦੇ ਪ੍ਰੋਜੈਕਟਾਂ ਅਤੇ ਆਮਦਨ ਨਾਲ ਸੰਬੰਧਤ ਕੁਝ ਵਿੱਤੀ ਗੜਬੜੀਆਂ ਹੋਈਆਂ ਹਨ। ਉਨ੍ਹਾਂ ਦੇ ਅਨੁਸਾਰ ਸਿੱਧੂ ਦੇ ਕੰਮਕਾਜ ਨਾਲ ਜੁੜੇ ਕੁਝ ਲੋਕਾਂ ਨੇ ਲੈਣ-ਦੇਣ ਵਿੱਚ ਹੇਰਾਫੇਰੀ ਕੀਤੀ।
ਪਰਿਵਾਰ ਨੇ ਮਿਊਜ਼ਿਕ ਪ੍ਰਮੋਟਰ ਬੰਟੀ ਬੈਂਸ ਅਤੇ ਵਨ ਡਿਜ਼ੀਟਲ ਐਂਟਰਟੇਨਮੈਂਟ ਕੰਪਨੀ ਦੇ ਮਾਲਕ ਸ਼ਬੀਰ ਮੋਮਿਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਲਗਭਗ ਛੇ ਮਹੀਨਿਆਂ ਤੋਂ ਪੁਲਿਸ ਅਧਿਕਾਰੀਆਂ ਕੋਲ ਜਾ ਰਹੇ ਸਨ ਪਰ ਮਾਮਲੇ ਨੂੰ ਲੈ ਕੇ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ।
ਐਫਆਈਆਰ ‘ਚ ਕਿਹੜੇ ਨਾਮ? ਅਧਿਕਾਰਕ ਪੁਸ਼ਟੀ ਬਾਕੀ
ਹਾਲਾਂਕਿ ਸੂਤਰਾਂ ਵੱਲੋਂ ਐਫਆਈਆਰ ਦਰਜ ਹੋਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਮਾਮਲੇ ਵਿੱਚ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਹਨ ਅਤੇ ਕਿਨ੍ਹਾਂ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਅਧਿਕਾਰਕ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ।
ਮਾਮਲੇ ਨੇ ਇੱਕ ਵਾਰ ਫਿਰ ਮੂਸੇਵਾਲਾ ਦੇ ਪ੍ਰਸ਼ੰਸਕਾਂ ਅਤੇ ਸੂਬੇ ਵਿੱਚ ਚਰਚਾ ਨੂੰ ਤੇਜ਼ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸੱਚ ਸਾਹਮਣੇ ਆਉਣ ਤੱਕ ਆਪਣੀ ਲੜਾਈ ਜਾਰੀ ਰੱਖਣਗੇ।

