ਚੰਡੀਗੜ੍ਹ :- SGPC ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਕਾਰਵਾਈ ਦੇ ਕੁਝ ਦਿਨਾਂ ਬਾਅਦ, ਵੀਡੀਓ ਪਲੇਟਫਾਰਮ ਯੂਟਿਊਬ ਨੇ ਸਿੱਖ ਕੌਮ ਨਾਲ ਸੰਬੰਧਿਤ ਹੋਰ ਇੱਕ ਮਹੱਤਵਪੂਰਨ ਚੈਨਲ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਚੈਨਲ ਭਾਈ ਹਰਪਾਲ ਸਿੰਘ ਦਾ ਸੀ, ਜੋ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਹਨ।
ਹਿੰਸਕ ਅਤੇ ਅਪਰਾਧੀ ਸੰਸਥਾਵਾਂ ਸਬੰਧੀ ਨੀਤੀ ਦੇ ਉਲੰਘਣੇ ਦਾ ਦੋਸ਼
ਯੂਟਿਊਬ ਨੇ ਦਲੀਲ ਦਿੱਤੀ ਕਿ ਚੈਨਲ ‘ਤੇ ਅਪਲੋਡ ਕੀਤਾ ਗਿਆ ਕੁਝ ਸਮੱਗਰੀ ਉਸਦੀ Violent Criminal Organizations Policy ਦਾ ਉਲੰਘਣ ਕਰਦੀ ਹੈ। ਪਲੇਟਫਾਰਮ ਮੁਤਾਬਕ ਇਸ ਨੀਤੀ ਦੇ ਅਧੀਨ ਉਹ ਕੋਈ ਵੀ ਵੀਡੀਓ ਬਰਦਾਸ਼ਤ ਨਹੀਂ ਕਰਦਾ ਜੋ ਕਿਸੇ ਹਿੰਸਕ ਜਾਂ ਅਪਰਾਧੀ ਗਰੁੱਪ ਦੀ ਪ੍ਰਸ਼ੰਸਾ, ਪ੍ਰਚਾਰ ਜਾਂ ਸਮਰਥਨ ਕਰੇ।
ਯੂਟਿਊਬ ਨੇ ਕਿਹਾ ਕਿ ਭਾਈ ਹਰਪਾਲ ਸਿੰਘ ਵੱਲੋਂ ਸ਼ੇਅਰ ਕੀਤੀ ਕੁਝ ਸਮੱਗਰੀ ਉਸਦੀ ਸੁਰੱਖਿਆ ਗਾਈਡਲਾਈਨ ਨਾਲ ਮੇਲ ਨਹੀਂ ਖਾਂਦੀ ਸੀ, ਜਿਸ ਕਰਕੇ ਚੈਨਲ ਨੂੰ ਸਸਪੈਂਡ ਕਰਨਾ ਲਾਜ਼ਮੀ ਸਮਝਿਆ ਗਿਆ।
ਭਾਈ ਹਰਪਾਲ ਸਿੰਘ ਦਾ ਭਾਰੀ ਰੋਸ – “ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ”
ਚੈਨਲ ਬੰਦ ਹੋਣ ਤੋਂ ਬਾਅਦ ਭਾਈ ਹਰਪਾਲ ਸਿੰਘ ਨੇ ਫੇਸਬੁੱਕ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਜਿੱਥੇ ਲੋਕ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਦੀ ਗੱਲ ਕਰਦੇ ਹਨ, ਓਥੇ ਹੀ ਸੱਚ ਬੋਲਣ ਵਾਲਿਆਂ ਦੀ ਆਵਾਜ਼ ਨੂੰ ਔਰੰਗਜ਼ੇਬੀ ਤਰਜ਼ ‘ਚ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਉੱਠਾਇਆ ਕਿ “ਕੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨੂੰ ਸੱਚਮੁੱਚ ਸਨਮਾਨਿਤ ਕਰ ਰਹੇ ਹਾਂ ਜਾਂ ਸਿਰਫ਼ ਰਸਮੀ ਤੌਰ ‘ਤੇ ਯਾਦ ਕਰਦੇ ਹਾਂ, ਜਦੋਂਕਿ ਕੰਮ ਅਜੇ ਵੀ ਜ਼ੁਲਮ ਵਾਲੀ ਸੋਚ ਨੂੰ ਹੀ ਦਰਸਾਉਂਦੇ ਹਨ?
ਸਿੱਖ ਸੰਗਤ ‘ਚ ਚਰਚਾ ਤੇ ਚਿੰਤਾ
ਯੂਟਿਊਬ ਵੱਲੋਂ ਲਗਾਤਾਰ ਸਿੱਖ ਧਾਰਮਿਕ ਚੈਨਲਾਂ ਵਿਰੁੱਧ ਹੋ ਰਹੀ ਕਾਰਵਾਈ ਨੇ ਸੰਗਤ ਵਿਚ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ। ਕਈਆਂ ਦਾ ਮੱਤ ਹੈ ਕਿ ਧਾਰਮਿਕ ਗੱਲਬਾਤ, ਇਤਿਹਾਸਿਕ ਚਰਚਾ ਅਤੇ ਵਿਚਾਰ-ਵਟਾਂਦਰਾ ਨੂੰ “ਉਲੰਘਣਾ” ਕਰਾਰ ਦੇਣਾ ਸਵਾਲ ਖੜ੍ਹ ਕਰਦਾ ਹੈ।

