ਚੰਡੀਗੜ੍ਹ :- ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਨੇ ਸਾਬਕਾ ਏ.ਆਈ.ਜੀ. ਰੱਛਪਾਲ ਸਿੰਘ ਨੂੰ 2017 ਵਿੱਚ ਵਾਪਰੇ ਫਰਜ਼ੀ ਨਸ਼ਾ ਕਾਬੂ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਰੱਛਪਾਲ ਸਿੰਘ ਨੂੰ ਅਦਾਲਤ ਤੋਂ ਰਿਮਾਂਡ ਤੇ ਲੈ ਲਿਆ ਗਿਆ ਹੈ, ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਦਫ਼ਤਰੀ ਪੁਸ਼ਟੀ ਕਰਨ ਤੋਂ ਪਰਹੇਜ਼ ਕੀਤਾ ਹੈ।
CBI ਨੇ 2022 ’ਚ 10 ਪੁਲਿਸ ਅਧਿਕਾਰੀਆਂ ’ਤੇ ਲਗਾਏ ਗੰਭੀਰ ਦੋਸ਼
ਇਸ ਮਾਮਲੇ ‘ਚ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (CBI) ਨੇ 2022 ਵਿੱਚ ਦਾਖ਼ਲ ਕੀਤੀ ਚਾਰਜਸ਼ੀਟ ਵਿੱਚ 10 ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ ਕਥਿਤ ਸਾਜ਼ਿਸ਼, ਝੂਠੇ ਸਬੂਤ ਬਣਾਉਣ ਅਤੇ ਬੇਗੁਨਾਹ ਨੂੰ ਨਸ਼ੇ ਦੇ ਕੇਸ ਵਿੱਚ ਫਸਾਉਣ ਦੇ ਦੋਸ਼ ਲਗਾਏ ਸਨ।
ਚਾਰਜਸ਼ੀਟ ਵਿਚ ਸਾਬਕਾ AIG ਸਮੇਤ ਇੱਕ ਇੰਸਪੈਕਟਰ, 2 ਸਬ-ਇੰਸਪੈਕਟਰ, 4 ASI ਅਤੇ 2 ਹੈੱਡ ਕਾਂਸਟੇਬਲ ਨਾਮਜ਼ਦ ਸੀ।
ਉਹਨਾਂ ਖਿਲਾਫ਼ IPC ਦੀਆਂ ਧਾਰਾਵਾਂ 342, 192, 195, 211, 218, 471 ਤੇ 120-B ਦੇ ਨਾਲ NDPS ਐਕਟ ਦੀਆਂ ਧਾਰਾਵਾਂ ਵੀ ਲਾਗੂ ਕੀਤੀਆਂ ਗਈਆਂ।
ਬੇਗੁਨਾਹ ਨੂੰ ਜ਼ਬਰਦਸਤੀ ਹਸਪਤਾਲ ਤੋਂ ਚੁੱਕ ਕੇ ਦੋਸ਼ੀ ਬਣਾਇਆ ਗਿਆ ਸੀ
ਪੀੜਤ ਨੇ ਜਨਵਰੀ 2021 ਵਿੱਚ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ। ਉਸਦਾ ਦੋਸ਼ ਸੀ ਕਿ 2017 ਵਿੱਚ ਪੁਲਿਸ ਨੇ ਉਸਨੂੰ ਹਸਪਤਾਲ ਤੋਂ ਕੱਢ ਕੇ ਫਰਜ਼ੀ ਤੌਰ ਤੇ ਪਾਕਿਸਤਾਨ ਤੋਂ ਹੈਰੋਇਨ ਲਿਆਉਣ ਵਾਲਾ ਦਿਖਾ ਕੇ ਕੇਸ ਦਰਜ ਕੀਤਾ ਸੀ। ਉਸ ਨੇ ਇਹ ਵੀ ਦੱਸਿਆ ਕਿ ਇਲਾਕੇ ਦੇ ਹੋਰ ਬੇਗੁਨਾਹ ਲੋਕਾਂ ਨੂੰ ਵੀ ਇਸੇ ਤਰ੍ਹਾਂ ਫਸਾਇਆ ਗਿਆ ਸੀ।
ਕਾਲ ਡੀਟੇਲ ਤੇ CCTV ਨੇ ਖੋਲ੍ਹਿਆ ‘ਫਰਜ਼ੀ ਕਾਰਵਾਈ’ ਦਾ ਪਰਦਾ
ਅੱਗੇ ਚੱਲ ਕੇ ਜਾਂਚ ਦੌਰਾਨ ਕਾਲ ਡੀਟੇਲ ਰਿਕਾਰਡ (CDR) ਤੇ CCTV ਫੁਟੇਜ ਸਾਹਮਣੇ ਆਏ, ਜਿਨ੍ਹਾਂ ਨੇ ਪੁਲਿਸ ਦੇ ਦਾਅਵਿਆਂ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ।
ਨਵੰਬਰ 2019 ਵਿੱਚ ਹਾਈ ਕੋਰਟ ਨੇ ਤਤਕਾਲੀਨ DGP (ਬਿਊਰੋ ਆਫ ਇਨਵੈਸਟੀਗੇਸ਼ਨ) ਪ੍ਰਮੋਦ ਬਾਣ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਦਸੰਬਰ 2020 ਵਿੱਚ ਸੌਂਪੀ ਗਈ ਰਿਪੋਰਟ ਵਿਚੋਂ ਕਈ ਗੰਭੀਰ ਕੜੀਆਂ ਮਿਲੀਆਂ ਸਨ।
ਅਸਲੀ ਨਸ਼ਾ ਕਿਸੇ ਹੋਰ ਤੋਂ ਬਰਾਮਦ, ਪਰ ਮਾਮਲਾ ਗਲਤ ਵਿਅਕਤੀ ’ਤੇ ਲਾ ਦਿੱਤਾ ਗਿਆ
CBI ਦੀ ਜਾਂਚ ਵਿੱਚ ਇਹ ਵੀ ਸਾਬਤ ਹੋਇਆ ਕਿ 1 ਕਿਲੋਗ੍ਰਾਮ ਹੈਰੋਇਨ ਅਸਲ ਵਿੱਚ ਗੁਰਜੰਤ ਸਿੰਘ ਉਰਫ਼ ਸੋਨੂ ਤੋਂ ਬਰਾਮਦ ਹੋਈ ਸੀ, ਪਰ ਰਿਕਾਰਡ ਵਿੱਚ ਇਸ ਨੂੰ ਬਲਵਿੰਦਰ ਸਿੰਘ ‘ਤੇ ਦਰਜ ਦਿਖਾਇਆ ਗਿਆ।
ਗੁਰਜੰਤ ਸਿੰਘ ਨੂੰ ਛੱਡ ਦਿੱਤਾ ਗਿਆ ਜਦਕਿ ਬਲਵਿੰਦਰ ਸਿੰਘ ਨੂੰ ਝੂਠੇ ਸਬੂਤਾਂ ਦੇ ਆਧਾਰ ’ਤੇ ਦੋਸ਼ੀ ਬਣਾਇਆ ਗਿਆ।
ਹੁਣ ANTF ਨੇ ਕੀਤੀ ਵੱਡੀ ਗ੍ਰਿਫ਼ਤਾਰੀ
CBI ਚਾਰਜਸ਼ੀਟ ਤੋਂ ਬਾਅਦ ਹੁਣ ANTF ਵੱਲੋਂ ਸਾਬਕਾ AIG ਰੱਛਪਾਲ ਸਿੰਘ ਦੀ ਗ੍ਰਿਫ਼ਤਾਰੀ ਇਸ ਗੱਲ ਦਾ ਸਾਫ਼ ਇਸ਼ਾਰਾ ਹੈ ਕਿ ਜਾਂਚ ਹੁਣ ਅੰਤਿਮ ਪੜਾਅ ਵੱਲ ਵਧ ਰਹੀ ਹੈ ਅਤੇ ਇਹ ਮਾਮਲਾ ਹੋਰ ਵੱਡੀਆਂ ਗ੍ਰਿਫ਼ਤਾਰੀਆਂ ਵੱਲ ਵੀ ਲੈ ਜਾ ਸਕਦਾ ਹੈ।

