ਮਾਨਸਾ :- ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਨਾਲ ਸਬੰਧਤ ਨੌਜਵਾਨ ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਲੁਧਿਆਣਾ ਵਿੱਚ ਹੋਈ ਭੇਤਭਰੀ ਮੌਤ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਪਰਿਵਾਰ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਇਹ ਸਪਸ਼ਟ ਹੋ ਰਿਹਾ ਹੈ ਕਿ ਦਿਲਜੋਤ ਨੇ ਕਿਸੇ ਬਿਮਾਰੀ ਕਾਰਨ ਨਹੀਂ, ਸਗੋਂ ਆਪਣੇ ਲਿਵ-ਇਨ ਪਾਰਟਨਰ ਵੱਲੋਂ ਮਿਲੇ ਧੋਖੇ ਅਤੇ ਮਾਨਸਿਕ ਤਸ਼ੱਦਦ ਤੋਂ ਤੰਗ ਆ ਕੇ ਖੁਦਕੁਸ਼ੀ ਦਾ ਰਾਹ ਅਪਨਾਇਆ।
ਮਾਂ ਦੇ ਬਿਆਨਾਂ ਨਾਲ ਟੁੱਟੀ ਸੁਸਾਈਡ ਨੋਟ ਦੀ ਕਹਾਣੀ
ਮ੍ਰਿਤਕਾ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਦਿਲਜੋਤ ਬਹੁਤ ਹੌਂਸਲੇ ਵਾਲੀ ਅਤੇ ਮਕਸਦਪ੍ਰਸਤ ਕੁੜੀ ਸੀ, ਜੋ ਕਦੇ ਵੀ ਸਿਰਫ਼ ਬਿਮਾਰੀ ਦੇ ਨਾਂ ‘ਤੇ ਆਪਣੀ ਜ਼ਿੰਦਗੀ ਖ਼ਤਮ ਨਹੀਂ ਕਰ ਸਕਦੀ। ਉਨ੍ਹਾਂ ਅਨੁਸਾਰ, ਸ਼ੁਰੂ ਵਿੱਚ ਮਿਲਿਆ ਸੁਸਾਈਡ ਨੋਟ ਫਰਜ਼ੀ ਸੀ ਅਤੇ ਹਕੀਕਤ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਗਈ। ਮਾਂ ਦਾ ਦਾਅਵਾ ਹੈ ਕਿ ਉਸਦੀ ਧੀ ਨੂੰ ਲਿਵ-ਇਨ ਪਾਰਟਨਰ ਵੱਲੋਂ ਲਗਾਤਾਰ ਧੋਖੇ ਅਤੇ ਦਬਾਅ ਦਾ ਸਾਹਮਣਾ ਕਰਨਾ ਪਿਆ।
ਜੱਜ ਬਣਨ ਦੇ ਸੁਪਨੇ ਨਾਲ ਲੁਧਿਆਣਾ ਆਈ ਸੀ ਦਿਲਜੋਤ
ਪਰਿਵਾਰ ਨੇ ਦੱਸਿਆ ਕਿ ਦਿਲਜੋਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਏ ਅਤੇ ਐਲਐਲਬੀ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਜੁਡੀਸ਼ੀਅਲ ਸੇਵਾਵਾਂ ਦੀ ਤਿਆਰੀ ਸ਼ੁਰੂ ਕੀਤੀ ਸੀ। ਜੱਜ ਬਣਨ ਦੇ ਸੁਪਨੇ ਨਾਲ ਉਹ ਲੁਧਿਆਣਾ ਆਈ, ਜਿੱਥੇ ਤਿਆਰੀ ਦੌਰਾਨ ਉਸਦੀ ਜਾਣ-ਪਛਾਣ ਇੱਕ ਜਥੇਬੰਦੀ ਦੇ ਆਗੂ ਨਾਲ ਹੋਈ ਅਤੇ ਦੋਵੇਂ ਇਕੱਠੇ ਰਹਿਣ ਲੱਗੇ।
25 ਦਿਨਾਂ ਬਾਅਦ ਪੁਲਿਸ ਨੇ ਦਰਜ ਕੀਤਾ ਮਾਮਲਾ
ਦਿਲਜੋਤ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਪਹਿਲਾਂ ਹੀ ਹੋ ਚੁੱਕਾ ਹੈ, ਪਰ ਮਾਂ ਦੀ ਲਗਾਤਾਰ ਪੈਰਵੀ ਅਤੇ ਦਬਾਅ ਤੋਂ ਬਾਅਦ ਹੁਣ ਲੁਧਿਆਣਾ ਪੁਲਿਸ ਨੇ ਲਿਵ-ਇਨ ਪਾਰਟਨਰ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਐਫਆਈਆਰ ਦਰਜ ਕਰ ਲਈ ਹੈ। ਇਹ ਕਾਰਵਾਈ ਘਟਨਾ ਤੋਂ ਕਰੀਬ 25 ਦਿਨ ਬਾਅਦ ਕੀਤੀ ਗਈ ਹੈ, ਜਿਸ ‘ਤੇ ਵੀ ਕਈ ਸਵਾਲ ਖੜੇ ਹੋ ਰਹੇ ਹਨ।
ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ
ਹਾਲਾਂਕਿ, ਦਿਲਜੋਤ ਦੀ ਮਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਖੁਦਕੁਸ਼ੀ ਲਈ ਉਕਸਾਉਣ ਦਾ ਨਹੀਂ, ਸਗੋਂ ਕਤਲ ਦੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਦੀ ਮੰਗ ਹੈ ਕਿ ਇਸ ਕੇਸ ਵਿੱਚ ਲਿਵ-ਇਨ ਪਾਰਟਨਰ ਦੇ ਨਾਲ-ਨਾਲ ਦਿਲਜੋਤ ਦੀ ਇੱਕ ਨੇੜਲੀ ਸਹੇਲੀ ਨੂੰ ਵੀ ਨਾਮਜ਼ਦ ਕੀਤਾ ਜਾਣਾ ਚਾਹੀਦਾ ਸੀ।
5 ਜਨਵਰੀ ਨੂੰ ਮਿਲੀ ਸੀ ਭੇਤਭਰੀ ਮੌਤ
ਗੌਰਤਲਬ ਹੈ ਕਿ 5 ਜਨਵਰੀ ਨੂੰ ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਲੁਧਿਆਣਾ ਵਿੱਚ ਸੰਦੇਹਜਨਕ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਤੋਂ ਹੀ ਪਰਿਵਾਰ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਸੀ, ਪਰ ਮਾਮਲੇ ਨੂੰ ਪਹਿਲਾਂ ਆਤਮਹੱਤਿਆ ਵਜੋਂ ਦਰਸਾਇਆ ਗਿਆ।
ਨਿਰਪੱਖ ਜਾਂਚ ਲਈ ਬਣੀ ਐਕਸ਼ਨ ਕਮੇਟੀ
ਦਿਲਜੋਤ ਕੌਰ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਲਲਕਾਰ ਜਥੇਬੰਦੀ ਨਾਲ ਸਰਗਰਮ ਤੌਰ ‘ਤੇ ਜੁੜੀ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਖੱਬੇਪੱਖੀ ਅਤੇ ਜਮਹੂਰੀ ਜਥੇਬੰਦੀਆਂ ਨੇ ਮਿਲ ਕੇ ਐਕਸ਼ਨ ਕਮੇਟੀ ਦਾ ਗਠਨ ਕੀਤਾ ਹੈ, ਜੋ ਇਸ ਮੌਤ ਦੀ ਨਿਰਪੱਖ, ਪਾਰਦਰਸ਼ੀ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੀ ਹੈ।

