ਲੁਧਿਆਣਾ :- ਲੁਧਿਆਣਾ ਦੇ ਡੇਹਲੋਂ ਥਾਣਾ ਖੇਤਰ ਅਧੀਨ ਗੁਰਦੁਆਰਾ ਫਲਾਈ ਸਾਹਿਬ ਨੇੜੇ ਰੇਲਵੇ ਪੁਲ ‘ਤੇ ਸਟੰਟ ਕਰਦੇ ਸਮੇਂ 5 ਨਾਬਾਲਗ ਤੇ ਇੱਕ ਨੌਜਵਾਨ ਨਹਿਰ ‘ਚ ਰੁੜ ਗਏ। ਪੰਜੋ ਨਾਬਾਲਗ ਕਿਸੇ ਤਰ੍ਹਾਂ ਕੰਢੇ ਫੜ ਕੇ ਬਚ ਗਏ, ਪਰ ਉਨ੍ਹਾਂ ਦਾ ਦੋਸਤ ਸੰਨੀ, ਜੋ 12ਵੀਂ ਜਮਾਤ ਦਾ ਵਿਦਿਆਰਥੀ ਹੈ, ਪਾਣੀ ਵਿੱਚ ਡੁੱਬ ਗਿਆ। 30 ਘੰਟਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਉਸਦਾ ਕੋਈ ਪਤਾ ਨਹੀਂ ਲੱਗਿਆ। ਪੁਲਿਸ ਅਤੇ ਗੋਤਾਖੋਰ ਟੀਮਾਂ ਲਗਾਤਾਰ ਉਸਦੀ ਭਾਲ ਕਰ ਰਹੀਆਂ ਹਨ, ਪਰ ਹੁਣ ਤੱਕ ਸਫਲਤਾ ਹਾਸਲ ਨਹੀਂ ਹੋਈ।
ਰੇਲਵੇ ਪੁਲ ਤੋਂ ਛਾਲ ਮਾਰ ਰਹੇ ਸਨ ਸਟੰਟਬਾਜ਼ ਨੌਜਵਾਨ
ਜਾਂਚ ਅਧਿਕਾਰੀ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਲਾਪਤਾ ਸੰਨੀ ਫੁੱਲਾਂਵਾਲ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਆਪਣੇ ਮੁਹੱਲੇ ਦੇ ਨਾਬਾਲਗ ਦੋਸਤਾਂ ਨਾਲ ਨਹਾਉਣ ਲਈ ਫਲਾਈ ਸਾਹਿਬ ਨੇੜੇ ਨਹਿਰ ‘ਚ ਆਇਆ ਸੀ। ਕੁਝ ਲੋਕਾਂ ਨੇ ਦੱਸਿਆ ਕਿ ਇਹ ਸਾਰੇ ਬੱਚੇ ਰੇਲਵੇ ਪੁਲ ‘ਤੇ ਖੜ੍ਹੇ ਹੋ ਕੇ ਇਕੱਠੇ ਛਾਲਾਂ ਮਾਰ ਰਹੇ ਸਨ। ਪੰਜ ਬੱਚੇ ਕਿਸੇ ਤਰ੍ਹਾਂ ਕੰਢਿਆਂ ਨੂੰ ਫੜ ਕੇ ਬਚ ਗਏ, ਪਰ ਸੰਨੀ ਦੀ ਕੋਈ ਖ਼ਬਰ ਨਹੀਂ ਮਿਲੀ।
ਪਹਿਲਾਂ ਵੀ ਵਾਪਰ ਚੁੱਕੇ ਹਨ ਅਜਿਹੇ ਹਾਦਸੇ
ਇਲਾਕਾ ਵਾਸੀਆਂ ਮੁਤਾਬਕ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ। ਗੁਰਦੁਆਰਾ ਫਲਾਈ ਸਾਹਿਬ ਨੇੜੇ ਅਕਸਰ ਨੌਜਵਾਨ ਨਹਾਉਣ ਜਾਂ ਸਟੰਟ ਕਰਨ ਆਉਂਦੇ ਹਨ। ਸਾਲਾਂ ਤੋਂ ਇੱਥੇ ਅਜਿਹੇ ਹਾਦਸੇ ਵਾਪਰਦੇ ਆ ਰਹੇ ਹਨ, ਜਿਨ੍ਹਾਂ ਵਿੱਚ ਕਈ ਨੌਜਵਾਨਾਂ ਦੀ ਜਾਨ ਵੀ ਜਾ ਚੁੱਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇੱਥੇ ਸਖ਼ਤ ਨਿਗਰਾਨੀ ਕਰਨੀ ਚਾਹੀਦੀ ਹੈ ਤਾਂ ਜੋ ਅਜੇਹੀਆਂ ਘਟਨਾਵਾਂ ‘ਤੇ ਰੋਕ ਲਗ ਸਕੇ।