ਅੰਮ੍ਰਿਤਸਰ :- ਭਾਰਤ ਦੇ ਸਟਾਰ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਘਰ ਅੱਜ ਖੁਸ਼ੀਆਂ ਦਾ ਮੌਕਾ ਹੈ। ਉਸਦੀ ਭੈਣ ਕੋਮਲ ਸ਼ਰਮਾ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਰਹੀ ਹੈ। ਉਹ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀ ਲੋਵਿਸ਼ ਓਬਰਾਏ ਨਾਲ ਗੁਰਦੁਆਰੇ ਵਿਖੇ ਲਾਵਾਂ ਫੇਰੇ ਲਵੇਗੀ। ਵਿਆਹ ਦਾ ਮੁੱਖ ਸਮਾਰੋਹ ਅੰਮ੍ਰਿਤਸਰ ਦੇ ਫੈਸਟਿਨ ਰਿਜ਼ੋਰਟ ਵਿੱਚ ਆਯੋਜਿਤ ਕੀਤਾ ਗਿਆ ਹੈ।
ਬਰਾਤ ਸਵੇਰੇ 8:30 ਵਜੇ ਲੁਧਿਆਣਾ ਤੋਂ ਰਵਾਨਾ
ਲੋਵਿਸ਼ ਓਬਰਾਏ ਦੀ ਬਰਾਤ ਸਵੇਰੇ 8:30 ਵਜੇ ਲੁਧਿਆਣਾ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ। ਜਾਣਕਾਰੀ ਅਨੁਸਾਰ, ਵਿਆਹ ਦੇ ਇਸ ਸਮਾਰੋਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ।
ਅਭਿਸ਼ੇਕ ਸ਼ਰਮਾ ਦੀ ਗੈਰਹਾਜ਼ਰੀ ਬਣੀ ਚਰਚਾ ਦਾ ਵਿਸ਼ਾ
ਭਾਵੇਂ ਘਰ ਵਿੱਚ ਖੁਸ਼ੀਆਂ ਦਾ ਮੌਲ ਹੈ, ਪਰ ਸਟਾਰ ਕ੍ਰਿਕਟਰ ਅਭਿਸ਼ੇਕ ਸ਼ਰਮਾ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੇਗਾ। ਸੂਤਰਾਂ ਅਨੁਸਾਰ, ਉਹ ਭਾਰਤੀ ਟੀਮ ਨਾਲ ਅਭਿਆਸ ਸੈਸ਼ਨ ਲਈ ਕਾਨਪੁਰ ਰਵਾਨਾ ਹੋ ਚੁੱਕਾ ਹੈ। ਪਰਿਵਾਰ ਵੱਲੋਂ ਇਸ ਬਾਰੇ ਕੋਈ ਅਧਿਕਾਰਿਕ ਟਿੱਪਣੀ ਨਾ ਕਰਨ ਕਾਰਨ ਮਹਿਮਾਨਾਂ ਵਿਚਾਲੇ ਸਸਪੈਂਸ ਬਣਿਆ ਹੋਇਆ ਹੈ। ਭਾਰਤ ਦੀ ਟੀਮ ਆਸਟ੍ਰੇਲੀਆ ਵਿਰੁੱਧ ਤਿੰਨ ਇੱਕ ਰੋਜ਼ਾ ਅਤੇ ਪੰਜ ਟੀ-20 ਮੈਚਾਂ ਦੀ ਲੜੀ ਖੇਡੇਗੀ। ਪਹਿਲਾ ਟੀ-20 ਮੈਚ 29 ਅਕਤੂਬਰ ਨੂੰ ਖੇਡਿਆ ਜਾਵੇਗਾ।
ਗੁਰਦੁਆਰੇ ਵਿਖੇ ਦੁਪਹਿਰ 12 ਵਜੇ ਹੋਣਗੀਆਂ ਲਾਵਾਂ
ਵਿਆਹ ਸਿੱਖ ਰਸਮ-ਰਿਵਾਜਾਂ ਅਨੁਸਾਰ ਕੀਤਾ ਜਾ ਰਿਹਾ ਹੈ। ਲਾਵਾਂ ਦੀ ਰਸਮ ਵੇਰਕਾ ਬਾਈਪਾਸ ‘ਤੇ ਸਥਿਤ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਟਾਹਲੀ ਸਾਹਿਬ ਵਿਖੇ ਦੁਪਹਿਰ 12 ਵਜੇ ਨਿਰਧਾਰਤ ਹੈ। ਇਸ ਰਸਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਮੌਜੂਦ ਰਹਿਣਗੇ। ਲਾਵਾਂ ਤੋਂ ਬਾਅਦ ਦੁਪਹਿਰ ਕਰੀਬ 1 ਵਜੇ ਪਰਿਵਾਰ ਰਿਜ਼ੋਰਟ ਲਈ ਰਵਾਨਾ ਹੋਵੇਗਾ, ਜਿੱਥੇ ਵਿਆਹ ਦਾ ਮੁੱਖ ਭੋਜ ਸਮਾਰੋਹ ਹੋਵੇਗਾ।
ਸੁਰੱਖਿਆ ਲਈ ਤਿੰਨ-ਪਰਤੀ ਘੇਰਾ
ਵਿਆਹ ਸਮਾਰੋਹ ਲਈ ਫੈਸਟਿਨ ਰਿਜ਼ੋਰਟ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਰਿਜ਼ੋਰਟ ਦੇ ਬਾਹਰ ਪੁਲਿਸ ਮੁਸਤੈਦ ਰਹੇਗੀ, ਜਦੋਂ ਕਿ ਅੰਦਰ ਨਿੱਜੀ ਸੁਰੱਖਿਆ ਕਰਮਚਾਰੀ ਤਾਇਨਾਤ ਹਨ। ਇਲਾਕੇ ਵਿੱਚ ਤਿੰਨ-ਪਰਤੀ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ।
ਇਸ ਖ਼ਾਸ ਮੌਕੇ ਨੇ ਅੰਮ੍ਰਿਤਸਰ ਵਿੱਚ ਸ਼ਰਮਾ ਪਰਿਵਾਰ ਦੇ ਘਰ ਤੇ ਸ਼ਹਿਰ ਦੇ ਮਾਹੌਲ ਵਿੱਚ ਖੁਸ਼ੀਆਂ ਦੀ ਰੌਣਕ ਵਧਾ ਦਿੱਤੀ ਹੈ।