ਤਰਨਤਾਰਨ :- ਤਰਨਤਾਰਨ ਵਿੱਚ ਹੋਣ ਵਾਲੀ ਜਿਮਨੀ ਚੋਣ ਤੋਂ ਠੀਕ ਪਹਿਲਾਂ ਕਾਂਗਰਸ ਅਤੇ ਸ਼ਿਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਸਥਾਨਕ ਸਿਆਸਤ ਨਾਲ ਜੁੜੇ ਕਈ ਅਹਿਮ ਨੇਤਾ ਆਪਣੀ ਪਾਰਟੀਆਂ ਨੂੰ ਛੱਡਕੇ ਆਮ ਆਦਮੀ ਪਾਰਟੀ ਦੇ ਹੱਕ ‘ਚ ਆ ਗਏ ਹਨ। ਇਨ੍ਹਾਂ ਵਿਚ ਅਨਾਜ ਮੰਡੀ ਤਰਨਤਾਰਨ ਦੇ ਪ੍ਰਧਾਨ ਨਵਜੋਤ ਸਿੰਘ ਵੀ ਸ਼ਾਮਲ ਹਨ।
ਲਾਲਜੀਤ ਸਿੰਘ ਭੁੱਲਰ ਅਤੇ ਸ਼ੈਰੀ ਕਲਸੀ ਨੇ ਕੀਤਾ ਸਵਾਗਤ
ਸੋਮਵਾਰ ਨੂੰ ਤਰਨਤਾਰਨ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਆਪ ਦੇ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਨੇ ਨਵੇਂ ਆਏ ਨੇਤਾਵਾਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ।
ਉਨ੍ਹਾਂ ਕਿਹਾ ਕਿ ਲੋਕ ਹੁਣ ਖੋਖਲੇ ਦਾਅਵਿਆਂ ਦੀ ਨਹੀਂ, ਸਾਫ਼ ਸਿਆਸਤ, ਵਿਕਾਸ ਅਤੇ ਇਮਾਨਦਾਰੀ ਦੀ ਉਮੀਦ ਕਰ ਰਹੇ ਹਨ।
ਭਗਵੰਤ ਮਾਨ ਸਰਕਾਰ ਹੇਠ ਬਦਲਿਆ ਪੰਜਾਬ ਦਾ ਨਕਸ਼ਾ – ਭੁੱਲਰ
ਭੁੱਲਰ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਖੇਤਰ ‘ਚ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਦੀ ਉਪਚੋਣ ‘ਚ ਲੋਕ ਹਰਮੀਤ ਸਿੰਘ ਸੰਧੂ ਨੂੰ ਭਾਰੀ ਵੋਟਾਂ ਨਾਲ ਜਿਤਾਉਣਗੇ।
ਇਹ ਪਾਰਟੀ ਲੋਕਾਂ ਦੀ ਅਸਲੀ ਆਵਾਜ਼– ਨਵਜੋਤ ਸਿੰਘ
ਅਨਾਜ ਮੰਡੀ ਪ੍ਰਧਾਨ ਨਵਜੋਤ ਸਿੰਘ ਨੇ ਕਿਹਾ ਕਿ ਉਹਨਾਂ ਨੇ ‘ਆਪ’ ਵਿੱਚ ਇਸ ਲਈ ਸ਼ਾਮਿਲ ਹੋਣ ਦਾ ਫੈਸਲਾ ਕੀਤਾ, ਕਿਉਂਕਿ ਇਹ ਪਾਰਟੀ ਆਮ ਲੋਕਾਂ ਦੇ ਹੱਕ ਵਿਚ ਖਰੀ ਉਤਰਦੀ ਹੈ ਅਤੇ ਜਨਤਾ ਦੀ ਅਸਲੀ ਅਵਾਜ਼ ਵਜੋਂ ਉਭਰੀ ਹੈ।
ਵਿਰੋਧੀਆਂ ਵਿੱਚ ਬੇਚੈਨੀ ਵਧੀ
ਉਪਚੋਣਾਂ ਦੇ ਨੇੜੇ ਆਉਂਦੇ-ਆਉਂਦੇ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਵਧ ਰਿਹਾ ਇਹ ਸਮਰਥਨ ਵਿਰੋਧੀ ਧਿਰਾਂ ਵਿੱਚ ਚਿੰਤਾ ਦਾ ਕਾਰਨ ਬਣ ਗਿਆ ਹੈ। ਮੈਦਾਨੀ ਮੁਕਾਬਲਾ ਹੁਣ ਹੋਰ ਵੀ ਤਗੜਾ ਅਤੇ ਦਿਲਚਸਪ ਹੋ ਗਿਆ ਹੈ।

