ਲੁਧਿਆਣਾ: ਰੱਖੜੀ ਦੇ ਤਿਉਹਾਰ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਚੈੱਕਿੰਗ ਦੌਰਾਨ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਵਿਭਾਗ ਨੂੰ ਸੂਚਨਾ ਮਿਲੀ ਕਿ ਰਾਜਸਥਾਨ ਤੋਂ ਇੱਕ ਬੱਸ ਰਾਹੀਂ ਲੁਧਿਆਣਾ ਵਿੱਚ ਮਿਲਾਵਟੀ ਖੋਆ ਅਤੇ ਘਿਓ ਲਿਆਂਦਾ ਜਾ ਰਿਹਾ ਹੈ। ਵਿਭਾਗ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਬੱਸ ਨੂੰ ਰੋਕ ਕੇ ਲਗਭਗ ਛੇ ਕੁਇੰਟਲ ਖੋਆ ਅਤੇ ਘਿਓ ਬਰਾਮਦ ਕੀਤਾ।
ਸਿਹਤ ਵਿਭਾਗ ਦੇ ਅਧਿਕਾਰੀ ਅਨੁਸਾਰ, ਖੋਏ ਦੀ ਬੱਠੀ ਵਿੱਚ ਤਾਪਮਾਨ ਮਾਪਣ ਜਾਂ ਸੰਭਾਲਣ ਦੀ ਕੋਈ ਸਹੂਲਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਦੁੱਧ ਤੋਂ ਤਿਆਰ ਸਮਾਨ ਦਾ ਤਾਪਮਾਨ ਮੇਨਟੇਨ ਨਾ ਹੋਣ ਕਾਰਨ ਇਹ ਸਿੱਧਾ ਲੋਕਾਂ ਦੀ ਸਿਹਤ ਲਈ ਖਤਰਾ ਬਣ ਸਕਦਾ ਹੈ। ਬਰਾਮਦ ਖੋਏ ਅਤੇ ਘਿਓ ਦੇ ਸੈਂਪਲ ਲੈਬ ਭੇਜੇ ਗਏ ਹਨ। ਜੇ ਇਹ ਸੈਂਪਲ ਫੇਲ੍ਹ ਹੋਏ, ਤਾਂ ਮਿਲਾਵਟਖੋਰੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਨੂੰ ਕਿਤੇ ਵੀ ਮਿਲਾਵਟੀ ਸਮਾਨ ਜਾਂ ਅਣਹਾਈ ਜੈਨਿਕ ਮਿਠਾਈ ਵੇਚਣ ਦੀ ਜਾਣਕਾਰੀ ਮਿਲੇ, ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੱਡੀਆਂ ਦੁਕਾਨਾਂ ਦੀ ਚਮਕਦਾਰ ਪੈਕਿੰਗ ਦੇ ਪਿੱਛੇ ਛੁਪਿਆ ਘਟੀਆ ਸਮਾਨ ਲੋਕਾਂ ਦੀ ਸਿਹਤ ਨਾਲ ਖਿਲਵਾ਼ੜ ਕਰ ਸਕਦਾ ਹੈ ਅਤੇ ਪ੍ਰਸ਼ਾਸਨ ਇਸ ‘ਤੇ ਬਿਲਕੁਲ ਵੀ ਢਿੱਲ ਨਹੀਂ ਦੇਵੇਗਾ।