ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਇਤਿਹਾਸਕ ਢੰਗ ਨਾਲ ਮਨਾਉਣ ਲਈ ਵੱਡੇ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕੈਬਨਿਟ ਦੀ ਸਬ-ਕਮੇਟੀ ਦੀ ਹੋਈ ਬੈਠਕ ਵਿੱਚ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੇ ਵਿਸਥਾਰਤ ਰੋਡਮੈਪ ਨੂੰ ਹਰੀ ਝੰਡੀ ਦਿੱਤੀ ਗਈ। ਸਰਕਾਰ ਨੇ ਇਹ ਸੰਕਲਪ ਜਤਾਇਆ ਕਿ ਇਹ ਜਸ਼ਨ ਸਿਰਫ਼ ਰਾਜ ਤੱਕ ਸੀਮਿਤ ਨਾ ਰਹਿਣ, ਸਗੋਂ ਵਿਸ਼ਵ ਪੱਧਰ ‘ਤੇ ਗੁਰੂ ਸਾਹਿਬ ਦੇ ਸਮਾਨਤਾ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਪ੍ਰਸਾਰਿਤ ਕਰਨ।
ਮਾਸਿਕ ਕਾਰਜਕ੍ਰਮਾਂ ਦੀ ਰੂਪਰੇਖਾ ‘ਤੇ ਵਿਸਥਾਰ ਚਰਚਾ
ਬੈਠਕ ਦੌਰਾਨ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਤਰੁਣਪ੍ਰੀਤ ਸਿੰਘ ਸੌਂਦ, ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਅਤੇ ਵਿਸ਼ੇਸ਼ ਸੱਦੇਤ ਪਵਨ ਟੀਨੂੰ ਸਮੇਤ ਹੋਰ ਮੈਂਬਰਾਂ ਨੇ ਮਹੀਨਾਵਾਰ ਪ੍ਰੋਗਰਾਮਾਂ ਦੀ ਯੋਜਨਾ ‘ਤੇ ਵਿਚਾਰ ਕੀਤਾ। ਉਦੇਸ਼ ਇਹ ਰੱਖਿਆ ਗਿਆ ਕਿ ਅਧਿਆਤਮਿਕ, ਸ਼ੈਖਸ਼ਣਿਕ ਅਤੇ ਸਮਾਜ ਸੇਵਾ ਨਾਲ ਜੁੜੇ ਉਪਰਾਲਿਆਂ ਦਾ ਸੰਤੁਲਿਤ ਮਿਲਾਪ ਹੋਵੇ।
ਵਿੱਤ ਮੰਤਰੀ ਨੇ ਕਿਹਾ ਕਿ ਇਹ ਮੌਕਾ ਸਿਰਫ਼ ਜਸ਼ਨ ਮਨਾਉਣ ਦਾ ਨਹੀਂ, ਸਗੋਂ ਗੁਰੂ ਜੀ ਦੇ “ਬੇਗਮਪੁਰਾ” ਦੇ ਸੁਨੇਹੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਹੈ, ਤਾਂ ਜੋ ਦੁੱਖ ਅਤੇ ਭੇਦਭਾਵ ਰਹਿਤ ਸਮਾਜ ਦੀ ਕਲਪਨਾ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।
ਚਾਰ ਧਾਰਮਿਕ ਜਲੂਸ ਅਤੇ ਖੁਰਾਲਗੜ੍ਹ ਸਾਹਿਬ ‘ਚ ਅੰਤਿਮ ਅਰਦਾਸ
ਸਬ-ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਵਾਰਾਣਸੀ, ਫਰੀਦਕੋਟ, ਜੰਮੂ ਅਤੇ ਬਠਿੰਡਾ ਤੋਂ ਵਿਸ਼ਾਲ ਜਲੂਸ ਕੱਢੇ ਜਾਣਗੇ, ਜੋ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਾ ਕੇ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਇਲਾਵਾ, ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸ਼ਰਧਾਲੂਆਂ ਲਈ ਵਾਰਾਣਸੀ ਸਥਿਤ ਗੁਰੂ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਲਈ ਯਾਤਰਾ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਯੋਜਨਾ ਵੀ ਬਣਾਈ ਗਈ ਹੈ।
ਸਿੱਖਿਆ ਸੰਸਥਾਵਾਂ ‘ਚ ਸੈਮੀਨਾਰ ਅਤੇ ਆਧੁਨਿਕ ਪ੍ਰਚਾਰ
ਗੁਰੂ ਜੀ ਦੀ ਜੀਵਨ-ਯਾਤਰਾ ਅਤੇ ਉਪਦੇਸ਼ਾਂ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣਗੇ। ਹਰ ਜ਼ਿਲ੍ਹੇ ਵਿੱਚ ਡਰੋਨ ਪ੍ਰਦਰਸ਼ਨ ਅਤੇ ਪਿੰਡ ਪੱਧਰ ‘ਤੇ ਦਸਤਾਵੇਜ਼ੀ ਫ਼ਿਲਮਾਂ ਦੀ ਸਕ੍ਰੀਨਿੰਗ ਰਾਹੀਂ ਵੀ ਜਾਗਰੂਕਤਾ ਫੈਲਾਈ ਜਾਵੇਗੀ।
ਵਾਤਾਵਰਣ ਸੰਭਾਲ ਅਤੇ ਸਮਾਜ ਸੇਵਾ ‘ਤੇ ਵੀ ਜ਼ੋਰ
ਸਮਾਗਮਾਂ ਦੇ ਹਿੱਸੇ ਵਜੋਂ ਹਰੇਕ ਜ਼ਿਲ੍ਹੇ ਵਿੱਚ 6.5 ਲੱਖ ਰੁੱਖ ਲਗਾਉਣ ਦੀ ਮੁਹਿੰਮ ਚਲਾਉਣ ‘ਤੇ ਵਿਚਾਰ ਕੀਤਾ ਗਿਆ। ਇਸ ਦੇ ਨਾਲ ਹੀ ਰਾਜ ਪੱਧਰੀ ਖੂਨਦਾਨ ਕੈਂਪ, ਮੈਰਾਥਨ, ਸਾਈਕਲ ਰੈਲੀਆਂ ਅਤੇ ਵਿਸ਼ਾਲ ਕੀਰਤਨ ਦਰਬਾਰ ਆਯੋਜਿਤ ਕਰਕੇ ਸਮਾਜਕ ਏਕਤਾ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਇਹ ਸਾਲ ਭਰ ਦੇ ਸਮਾਗਮ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਲੋਕਾਂ ਦੇ ਦਿਲਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

