ਲੁਧਿਆਣਾ :- ਉੱਤਰ ਪ੍ਰਦੇਸ਼ ਪੁਲਿਸ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇੱਕ 9 ਸਾਲ ਦੀ ਬੱਚੀ ਨੂੰ ਸੁਰੱਖਿਅਤ ਬਚਾ ਲਿਆ। ਬੱਚੀ ਅਚਾਨਕ ਅਯੋਧਿਆ ਤੋਂ ਗਾਇਬ ਹੋ ਗਈ ਸੀ। ਕੇਵਲ 18 ਘੰਟਿਆਂ ਦੀ ਤਲਾਸ਼ ਤੋਂ ਬਾਅਦ ਪੁਲਿਸ ਨੇ ਬੱਚੀ ਨੂੰ ਬਰਾਮਦ ਕਰਕੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ। ਆਰੋਪੀ ਦੀ ਪਛਾਣ ਜੋਗਿੰਦਰ, ਨਿਵਾਸੀ ਔਰੰਗਾਬਾਦ (ਲਖੀਮਪੁਰ ਖੇਰੀ, ਉੱਤਰ ਪ੍ਰਦੇਸ਼) ਵਜੋਂ ਹੋਈ ਹੈ।
ਟੌਫੀ ਦੇ ਝਾਂਸੇ ਨਾਲ ਲੈ ਗਿਆ ਸੀ ਨੌਜਵਾਨ
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਨੌਜਵਾਨ ਨੇ ਬੱਚੀ ਨੂੰ ਟੌਫੀ ਦੇਣ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਅਲਰਟ ਜਾਰੀ ਕੀਤਾ ਅਤੇ ਵੱਖ-ਵੱਖ ਟੀਮਾਂ ਬਣਾਈਆਂ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ, ਜਿਸ ਵਿੱਚ ਆਰੋਪੀ ਬੱਚੀ ਨੂੰ ਈ-ਰਿਕਸ਼ਾ ਵਿੱਚ ਲੈ ਜਾਂਦਾ ਦਿਖਾਈ ਦਿੱਤਾ। ਇਸ ਤੋਂ ਬਾਅਦ ਰੇਲਵੇ ਸਟੇਸ਼ਨ, ਬੱਸ ਅੱਡਾ ਅਤੇ ਟੋਲ ਪਲਾਜ਼ਿਆਂ ਦੀ ਵੀ ਜਾਂਚ ਕੀਤੀ ਗਈ।
ਆਰੋਪੀ ਕਾਬੂ, ਅਦਾਲਤ ’ਚ ਪੇਸ਼ੀ ਅੱਜ
ਲਗਾਤਾਰ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਆਰੋਪੀ ਨੂੰ ਮੌਕੇ ’ਤੇ ਹੀ ਫੜ ਲਿਆ। ਪੁੱਛਗਿੱਛ ਦੌਰਾਨ ਉਸਨੇ ਕਬੂਲਿਆ ਕਿ ਬੱਚੀ ਨੂੰ ਟੌਫੀ ਦੇਣ ਦਾ ਝਾਂਸਾ ਦੇ ਕੇ ਲੈ ਗਿਆ ਸੀ। ਪੁਲਿਸ ਹੁਣ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ, ਤਾਂ ਜੋ ਪੂਰੀ ਸਾਜ਼ਿਸ਼ ਦਾ ਖੁਲਾਸਾ ਕੀਤਾ ਜਾ ਸਕੇ।