ਮੋਹਾਲੀ :- ਮੋਹਾਲੀ ਦੇ ਸੋਹਾਣਾ ਇਲਾਕੇ ’ਚ 63 ਸਾਲਾ ਪਰਮਜੀਤ ਸਿੰਘ ਦੇ ਬੇਰਹਿਮ ਕਤਲ ਮਾਮਲੇ ’ਚ ਪੁਲਸ ਨੇ ਦੋ ਨਿਹੰਗਾਂ ਹਰਨੂਰ ਸਿੰਘ ਅਤੇ ਤਰੰਪੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਡੀ.ਪੀ.ਓ. ਹਰਸਿਮਰਨ ਬਾਲ ਨੇ ਪੁਸ਼ਟੀ ਕੀਤੀ ਕਿ ਦੋਵੇਂ ਨੂੰ ਸੈਕਟਰ-70 ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਦੋ ਹੋਰ ਸ਼ੱਕੀ ਹਾਲੇ ਵੀ ਫਰਾਰ ਹਨ।
ਗੁਰਦੁਆਰੇ ’ਚ ਝਗੜੇ ਤੋਂ ਸ਼ੁਰੂ ਹੋਈ ਖੂਨੀ ਰੰਜਿਸ਼
ਜਾਂਚ ਅਨੁਸਾਰ, ਘਟਨਾ ਤੋਂ ਕੁਝ ਘੰਟੇ ਪਹਿਲਾਂ ਗੁਰਦੁਆਰੇ ’ਚ ਪਰਮਜੀਤ ਸਿੰਘ ਤੇ ਹਰਨੂਰ ਸਿੰਘ ਦੇ ਪਿਤਾ ਵਿਚਕਾਰ ਝਗੜਾ ਹੋਇਆ ਸੀ। ਇਸ ਤੋਂ ਬਾਅਦ ਹਰਨੂਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਪਰਮਜੀਤ ਸਿੰਘ ਦੇ ਪਰਿਵਾਰ ਦਾ ਪਿੱਛਾ ਕੀਤਾ।
ਗੱਡੀ ’ਚੋਂ ਕੀਤਾ ਤਲਵਾਰ ਨਾਲ ਵਾਰ
ਘਰ ਤੋਂ ਸਿਰਫ਼ 50 ਮੀਟਰ ਦੀ ਦੂਰੀ ’ਤੇ ਹਮਲਾਵਰਾਂ ਨੇ ਪਰਮਜੀਤ ਸਿੰਘ ਦੀ ਕਾਰ ਰੋਕੀ ਅਤੇ ਵਿੰਡੋ ਵਿਚੋਂ ਤਲਵਾਰ ਨਾਲ ਵਾਰ ਕੀਤਾ। ਪਰਿਵਾਰਕ ਮੈਂਬਰਾਂ ਅਤੇ ਪੜੋਸੀਆਂ ਵੱਲੋਂ ਰੋਕਣ ਦੀ ਕੋਸ਼ਿਸ਼ ਕਰਨ ’ਤੇ ਉਨ੍ਹਾਂ ’ਤੇ ਵੀ ਹਮਲਾ ਕੀਤਾ ਗਿਆ। ਹਮਲਾਵਰ ਮੌਕੇ ਤੋਂ ਭੱਜ ਗਏ।
ਪੁਲਸ ਹਿਰਾਸਤ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਤਲਾਸ਼
ਦੋਵੇਂ ਗ੍ਰਿਫ਼ਤਾਰ ਨਿਹੰਗਾਂ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨਾਂ ਦੀ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਪੁਲਸ ਵੱਲੋਂ ਫਰਾਰ ਸ਼ੱਕੀਆਂ ਦੀ ਤਲਾਸ਼ ਲਈ ਛਾਪੇਮਾਰੀ ਜਾਰੀ ਹੈ। ਮ੍ਰਿਤਕ ਦਾ ਪੋਸਟਮਾਰਟਮ ਰਿਪੋਰਟ ਹਾਲੇ ਆਉਣੀ ਬਾਕੀ ਹੈ।
ਹਮਲਾਵਰਾਂ ਦੀ ਦੁਕਾਨ ਵੀ ਆਈ ਚਰਚਾ ’ਚ
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਸੋਹਾਣਾ ’ਚ “Vintage Look” ਨਾਮਕ ਦੁਕਾਨ ਚਲਾਉਂਦੇ ਸਨ।