ਹੁਸ਼ਿਆਰਪੁਰ :- ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਇਲਾਕੇ ਵਿੱਚ ਬੀਤੇ ਦਿਨ ਇੱਕ ਦਰਦਨਾਕ ਘਟਨਾ ਸਾਹਮਣੇ ਆਈ। ਇੱਕ ਪ੍ਰਵਾਸੀ ਵਿਅਕਤੀ ਨੇ 5 ਸਾਲਾ ਮਾਸੂਮ ਬੱਚੇ ਦਾ ਅਗਵਾ ਕਰ ਲਿਆ ਅਤੇ ਬਾਅਦ ਵਿੱਚ ਉਸਦੀ ਹੱਤਿਆ ਕਰ ਦਿੱਤੀ। ਮਾਸੂਮ ਦੀ ਲਾਸ਼ ਰਾਏਪੁਰ ਦੇ ਸ਼ਮਸ਼ਾਨ ਘਾਟ ਤੋਂ ਬਰਾਮਦ ਹੋਈ।
ਸੜਕਾਂ ’ਤੇ ਉਤਰੇ ਲੋਕ, ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
ਇਸ ਘਟਨਾ ਮਗਰੋਂ ਸ਼ਹਿਰ ਭਰ ’ਚ ਲੋਕਾਂ ਦਾ ਰੋਸ ਫੂਟ ਪਿਆ। ਅੱਜ ਕਈ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਅਤੇ SSP ਹੁਸ਼ਿਆਰਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਕੀਤੀ ਗਈ ਕਿ ਦੋਸ਼ੀ ਦੇ ਖ਼ਿਲਾਫ਼ ਸੱਤ ਦਿਨਾਂ ਅੰਦਰ ਚਲਾਨ ਪੇਸ਼ ਕੀਤਾ ਜਾਵੇ ਅਤੇ ਦੋ ਮਹੀਨਿਆਂ ਦੇ ਅੰਦਰ ਉਸਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਸੰਘਰਸ਼ ਕਮੇਟੀ ਬਣਾਉਣ ਦਾ ਐਲਾਨ
ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜਲਦੀ ਇੱਕ ਸੰਘਰਸ਼ ਕਮੇਟੀ ਬਣਾਈ ਜਾਵੇਗੀ। ਲੋਕਾਂ ਵੱਲੋਂ ਇਹ ਵੀ ਮੰਗ ਰੱਖੀ ਗਈ ਕਿ ਹੁਸ਼ਿਆਰਪੁਰ ਵਿੱਚ ਵੱਸਦੇ ਪ੍ਰਵਾਸੀ ਲੋਕਾਂ ਦੀ ਪੂਰੀ ਵੈਰੀਫਿਕੇਸ਼ਨ ਕਰਵਾਈ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਇਹ ਲੋਕ ਕਿੱਥੋਂ ਆ ਕੇ ਇੱਥੇ ਟਿਕੇ ਹੋਏ ਹਨ ਅਤੇ ਉਨ੍ਹਾਂ ਦਾ ਪਿਛੋਕੜ ਕੀ ਹੈ।
ਕਿਰਾਏ ’ਤੇ ਘਰ-ਦੁਕਾਨ ਦੇਣ ਤੋਂ ਪਹਿਲਾਂ ਚੈੱਕਿੰਗ ਦੀ ਅਪੀਲ
ਲੋਕਾਂ ਨੇ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਉਹ ਕਿਸੇ ਪ੍ਰਵਾਸੀ ਨੂੰ ਕਿਰਾਏ ’ਤੇ ਘਰ ਜਾਂ ਦੁਕਾਨ ਦਿੰਦੇ ਹਨ ਤਾਂ ਪਹਿਲਾਂ ਉਨ੍ਹਾਂ ਦੀ ਵੈਰੀਫਿਕੇਸ਼ਨ ਲਾਜ਼ਮੀ ਕਰਵਾਈ ਜਾਵੇ। ਇਸ ਨਾਲ ਸ਼ਹਿਰ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇਗੀ।
ਰਿਪੋਰਟਾਂ ਅਨੁਸਾਰ ਬੱਚੇ ਨੂੰ ਸ਼ਾਮ ਕਰੀਬ 5 ਤੋਂ 6 ਵਜੇ ਦੇ ਵਿਚਕਾਰ ਇਲਾਕੇ ਦੀ ਇੱਕ ਗਲੀ ਤੋਂ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ ਸਾਹਮਣੇ ਆਉਂਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਅਗਵਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਪ੍ਰਵਾਸੀ ਵਿਅਕਤੀ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ।