ਬਠਿੰਡਾ :- ਬਠਿੰਡਾ ਦੇ ਏਮਜ਼ ਹਸਪਤਾਲ ‘ਚੋਂ ਨੌਕਰੀ ਤੋਂ ਕੱਢੇ ਗਏ ਸੁਰੱਖਿਆ ਗਾਰਡਾਂ ਅਤੇ ਮਹਿਲਾ ਗਾਰਡਾਂ ਨੇ ਅੱਜ ਹਸਪਤਾਲ ਦੇ ਮੇਨ ਗੇਟ ‘ਤੇ ਧਰਨਾ ਲਗਾ ਦਿੱਤਾ। ਜਾਣਕਾਰੀ ਮੁਤਾਬਕ ਪਿਛਲੇ ਦਿਨਾਂ ਹਸਪਤਾਲ ਦੀ ਸੁਰੱਖਿਆ ਸੇਵਾ ਸੰਭਾਲ ਰਹੀ ਪੁਰਾਣੀ ਕੰਪਨੀ ਨੂੰ ਹਟਾ ਕੇ ਨਵੀਂ ਕੰਪਨੀ ਨੇ ਚਾਰਜ ਸੰਭਾਲਿਆ। ਨਵੀਂ ਕੰਪਨੀ ਨੇ ਆਉਂਦਿਆਂ ਹੀ 49 ਕਰਮਚਾਰੀਆਂ ਨੂੰ ਬਾਹਰ ਕਰ ਦਿੱਤਾ, ਜਿਸ ਤੋਂ ਬਾਅਦ ਇਹ ਸਾਰੇ ਗੁੱਸੇ ਵਿੱਚ ਆ ਕੇ ਪ੍ਰਦਰਸ਼ਨ ਕਰ ਰਹੇ ਹਨ।
ਗਾਰਡਾਂ ਦੇ ਘਰਾਂ ਵਿੱਚ ਤਿਉਹਾਰਾਂ ਤੋਂ ਪਹਿਲਾਂ ਛਾਇਆ ਹਨੇਰਾ
ਧਰਨਾ ਦੇ ਰਹੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਏਮਜ਼ ਹਸਪਤਾਲ ਵਿੱਚ ਸੇਵਾ ਦੇ ਰਹੇ ਸਨ, ਪਰ ਹੁਣ ਬਿਨਾਂ ਕਿਸੇ ਕਾਰਨ ਦੇ ਨੌਕਰੀ ਤੋਂ ਕੱਢ ਦਿੱਤਾ ਗਿਆ। ਉਨ੍ਹਾਂ ਕਿਹਾ ਕਿ, “ਦਿਵਾਲੀ ਨਜ਼ਦੀਕ ਹੈ, ਸਾਡੇ ਘਰਾਂ ਵਿੱਚ ਹਨੇਰਾ ਛਾ ਗਿਆ ਹੈ, ਚੁੱਲ੍ਹੇ ਕਿਵੇਂ ਚੱਲਣਗੇ, ਇਹ ਸਭ ਤੋਂ ਵੱਡੀ ਚਿੰਤਾ ਹੈ।”
ਪ੍ਰਸ਼ਾਸਨ ਦੀ ਚੁੱਪੀ ‘ਤੇ ਗੁੱਸਾ
ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਮੁੜ ਨੌਕਰੀ ‘ਤੇ ਰੱਖਿਆ ਜਾਵੇ, ਤਾਂ ਜੋ ਤਿਉਹਾਰਾਂ ਦੇ ਸਮੇਂ ਉਨ੍ਹਾਂ ਦੇ ਪਰਿਵਾਰ ਭੁੱਖੇ ਨਾ ਰਹਿਣ। ਇਸ ਘਟਨਾ ਕਾਰਨ ਹਸਪਤਾਲ ਦੇ ਬਾਹਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ।