ਅੰਮ੍ਰਿਤਸਰ :- 16 ਸਤੰਬਰ ਤੋਂ ਪੰਜਾਬ ਭਰ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲਾ ਫੂਡ ਸਪਲਾਈ ਕੰਟਰੋਲਰ, ਮੰਡੀ ਅਫਸਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕਰਕੇ ਤਿਆਰੀਆਂ ਦਾ ਮੁਲਾਂਕਣ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿੱਚ ਖਰੀਦ ਲਈ 48 ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਹਨ।
ਸਰਕਾਰੀ ਰੇਟ 2389 ਰੁਪਏ ਪ੍ਰਤੀ ਕੁਇੰਟਲ, 17% ਤੱਕ ਨਮੀ ਮਨਜ਼ੂਰ
ਡੀ. ਸੀ. ਸਾਹਨੀ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦਾ ਮਿੰਨੀਮਮ ਸਪੋਰਟ ਪ੍ਰਾਈਸ (MSP) 2389 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਹੈ। ਖਰੀਦ ਲਈ ਨਮੀ ਦੀ ਉੱਚਤਮ ਮਾਤਰਾ 17 ਫ਼ੀਸਦੀ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਸਿਰਫ਼ ਸੁੱਕਾ ਝੋਨਾ ਹੀ ਲੈ ਕੇ ਆਉਣ, ਤਾਂ ਜੋ ਖਰੀਦ ਦੌਰਾਨ ਕਿਸੇ ਨੂੰ ਇੰਤਜ਼ਾਰ ਨਾ ਕਰਨਾ ਪਏ। ਸਰਕਾਰ ਕਿਸਾਨ ਵੱਲੋਂ ਪੈਦਾ ਕੀਤੇ ਹਰ ਇਕ ਦਾਣੇ ਦੀ ਖਰੀਦ ਕਰਨ ਲਈ ਬੱਧ ਹੈ।
ਰਾਤ ਨੂੰ ਕੰਬਾਈਨ ਚਲਾਉਣ ’ਤੇ ਪੂਰੀ ਪਾਬੰਦੀ
ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਨੇ ਦੱਸਿਆ ਕਿ ਬਾਰਦਾਨੇ ਦੀ ਸਪਲਾਈ, ਲੇਬਰ ਅਤੇ ਟਰਾਂਸਪੋਰਟ ਦੇ ਟੈਂਡਰ ਸਮੇਤ ਸਾਰੇ ਪ੍ਰਬੰਧ ਪੂਰੇ ਹੋ ਚੁੱਕੇ ਹਨ। ਉਨ੍ਹਾਂ ਮੰਡੀ ਅਫਸਰਾਂ ਨੂੰ ਹੁਕਮ ਦਿੱਤਾ ਕਿ ਮੰਡੀ ਦੇ ਗੇਟ ’ਤੇ ਹੀ ਝੋਨੇ ਦੀ ਨਮੀ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਮੀ ਨੂੰ ਕਾਬੂ ਕਰਨ ਲਈ ਰਾਤ ਵੇਲੇ ਕੰਬਾਈਨ ਚਲਾਉਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਸਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।
ਖਰੀਦ ਏਜੰਸੀਆਂ ਨੂੰ ਮੰਡੀਆਂ ਦੀ ਵੰਡ
ਜ਼ਿਲਾ ਫੂਡ ਸਪਲਾਈ ਕੰਟਰੋਲਰ ਅਮਨਜੀਤ ਸਿੰਘ ਨੇ ਦੱਸਿਆ ਕਿ ਮੰਡੀਆਂ ਦੀ ਅਲਾਟਮੈਂਟ ਖਰੀਦ ਏਜੰਸੀਆਂ ਨੂੰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ, ਆੜ੍ਹਤੀਆਂ ਅਤੇ ਕੰਬਾਈਨ ਆਪਰੇਟਰਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਭ ਹਿੱਸੇਦਾਰਾਂ ਨਾਲ ਮੀਟਿੰਗਾਂ ਕਰਕੇ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ।