ਚੰਡੀਗੜ੍ਹ :- ਪਹਾੜੀ ਖੇਤਰਾਂ ਵਿੱਚ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਪੰਜਾਬ ਅੰਦਰ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸੇ ਕਾਰਨ ਸਰਹੱਦੀ ਖੇਤਰ ਬਮਿਆਲ ਸੈਕਟਰ ਵਿੱਚ ਵਗਦੇ ਜਲਾਲੀਆ ਦਰਿਆ ਦਾ ਪਾਣੀ ਵੀ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ, ਜਿਸ ਨਾਲ ਸਥਾਨਕ ਲੋਕਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੁੱਲ ‘ਚ ਪਾੜ, ਆਵਾਜਾਈ ਠੱਪ
ਅੱਜ ਦੁਬਾਰਾ ਦਰਿਆ ਦਾ ਪਾਣੀ ਅਚਾਨਕ ਵਧਣ ਕਾਰਨ ਬਮਿਆਲ ਤੋਂ ਪਠਾਨਕੋਟ ਨੂੰ ਜਾਣ ਵਾਲੀ ਪੁੱਲੀ ‘ਚ ਪਾੜ ਪੈ ਗਿਆ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ। ਇਸ ਮਾਰਗ ਰਾਹੀਂ ਲਗਭਗ 30 ਪਿੰਡ ਪ੍ਰਭਾਵਿਤ ਹੋਏ ਹਨ।
ਫਸਲਾਂ ਤੇ ਘਰਾਂ ਨੂੰ ਨੁਕਸਾਨ ਦਾ ਖ਼ਤਰਾ
ਬਮਿਆਲ ਸੈਕਟਰ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਹੜ੍ਹ ਕਾਰਨ ਪਰੇਸ਼ਾਨ ਹਨ। ਫਸਲਾਂ ਨੂੰ ਵੀ ਵੱਡੇ ਪੱਧਰ ‘ਤੇ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸਰਹੱਦੀ ਫੈਂਸਿੰਗ ਨੂੰ ਵੀ ਖ਼ਤਰਾ
ਜਲਾਲੀਆ ਦਰਿਆ ਪਹਿਲਾਂ ਵੀ ਕਈ ਵਾਰ ਭਾਰਤ-ਪਾਕਿਸਤਾਨ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਨੂੰ ਨੁਕਸਾਨ ਪਹੁੰਚਾ ਚੁੱਕਾ ਹੈ। ਇਹ ਤੀਜੀ ਵਾਰ ਹੈ ਜਦੋਂ ਹੜ੍ਹ ਦੀ ਸਥਿਤੀ ਬਣੀ ਹੈ ਅਤੇ ਫਿਰੋਂ ਵੱਡੇ ਨੁਕਸਾਨ ਦੀ ਆਸ ਹੈ।