ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲਗਭਗ 2500 ਕੈਦੀਆਂ ਨੂੰ ਹੁਨਰ ਵਿਕਾਸ ਪ੍ਰੋਗਰਾਮਾਂ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਿਲਸਿਲੇ ਅੰਦਰ ਤਾਜਪੁਰ ਰੋਡ ਸੈਂਟਰਲ ਜੇਲ੍ਹ ਵਿਚ ਬੇਕਰ ਐਂਡ ਕਨਫੈਕਸ਼ਨਰ ਤੇ ਵੁੱਡਵਰਕ ਟੈਕਨੀਸ਼ੀਅਨ ਦੇ ਆਈ.ਟੀ.ਆਈ. ਕੋਰਸਾਂ ਦੀ ਸ਼ੁਰੂਆਤ ਕੀਤੀ ਗਈ। ਉਦਘਾਟਨ ਮੌਕੇ ਪ੍ਰਮੁੱਖ ਜੇਲ੍ਹ ਸਕੱਤਰ ਭਾਵਨਾ ਗਰਗ ਅਤੇ ਜੇਲ੍ਹ ਸਕੱਤਰ ਮੁਹੰਮਦ ਤਇਅਬ ਨੇ ਕੈਦੀਆਂ ਨੂੰ ਪੁਨਰਵਾਸ ਲਈ ਕਿੱਤਾਮੁਖੀ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਪ੍ਰੋਗਰਾਮ ਦੀ ਸਮੀਖਿਆ ਤੇ ਜੇਲ੍ਹ ਦੌਰਾ
ਭਾਵਨਾ ਗਰਗ ਨੇ ਇਸ ਮੌਕੇ ਕੈਦੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਿਖਲਾਈ ਰਾਹੀਂ ਉਹ ਆਪਣਾ ਭਵਿੱਖ ਸੰਵਾਰ ਸਕਦੇ ਹਨ। ਉਨ੍ਹਾਂ ਜੇਲ੍ਹ ਕਰਮਚਾਰੀਆਂ ਨੂੰ ਪ੍ਰੋਗਰਾਮ ਦੀ ਸਫਲਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਸਕੱਤਰ ਮੁਹੰਮਦ ਤਇਅਬ ਨਾਲ ਮਿਲ ਕੇ ਉਨ੍ਹਾਂ ਜੇਲ੍ਹ ਦੇ ਕਾਰਖਾਨਿਆਂ ਦਾ ਨਿਰੀਖਣ ਕੀਤਾ ਅਤੇ ਨਿਰਮਾਣ ਪ੍ਰਕਿਰਿਆਵਾਂ ਵਿਚ ਕਾਰਗੁਜ਼ਾਰੀ ਵਧਾਉਣ ਲਈ ਉਪਾਵਾਂ ’ਤੇ ਵਿਚਾਰ ਕੀਤਾ।
ਸੰਗੀਤਕ ਪ੍ਰਦਰਸ਼ਨ ਅਤੇ ਸ਼ਿਕਾਇਤਾਂ ਸੁਣੀਆਂ
ਗਤੀਵਿਧੀ ਕਮਰੇ ਵਿਚ ਕੈਦੀਆਂ ਨੇ ਆਪਣੀ ਪ੍ਰਤਿਭਾ ਦਿਖਾਉਂਦੇ ਹੋਏ ਸੰਗੀਤਕ ਪ੍ਰਦਰਸ਼ਨ ਪੇਸ਼ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਜੇਲ੍ਹ ਹਸਪਤਾਲ ਤੇ ਵਾਰਡਾਂ ਦਾ ਦੌਰਾ ਕਰਕੇ ਮੈਡੀਕਲ ਸਹੂਲਤਾਂ ਵਿਚ ਲੋੜੀਂਦੇ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ। ਭਾਵਨਾ ਗਰਗ ਨੇ ਕੈਦੀਆਂ ਨਾਲ ਰੁਬਰੂ ਹੋ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਧਿਆਨ ਨਾਲ ਸੁਣੀਆਂ ਅਤੇ ਤੁਰੰਤ ਹੱਲ ਕਰਨ ਲਈ ਕਿਹਾ। ਜੇਲ੍ਹ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਦੀ ਉਨ੍ਹਾਂ ਸ਼ਲਾਘਾ ਕੀਤੀ।
ਮਹਿਲਾ ਜੇਲ੍ਹ ਵਿਚ ਨਵੀਂ ਸ਼ੁਰੂਆਤ
ਮਹਿਲਾ ਜੇਲ੍ਹ ਦੇ ਦੌਰੇ ਦੌਰਾਨ ਪ੍ਰਮੁੱਖ ਸਕੱਤਰ ਨੇ ਕਾਸਮੈਟੋਲੋਜੀ ਅਤੇ ਸਿਲਾਈ-ਕੜ੍ਹਾਈ ਦੇ ਆਈ.ਟੀ.ਆਈ. ਕੋਰਸਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਯੋਜਨਾ ਅਨੁਸਾਰ, ਰਾਜ ਭਰ ਦੀਆਂ ਜੇਲ੍ਹਾਂ ਵਿਚ 2500 ਦੇ ਕਰੀਬ ਕੈਦੀਆਂ ਨੂੰ ਆਧੁਨਿਕ ਹੁਨਰਾਂ ਨਾਲ ਤਿਆਰ ਕੀਤਾ ਜਾਵੇਗਾ, ਤਾਂ ਜੋ ਰਿਹਾਈ ਤੋਂ ਬਾਅਦ ਉਹ ਸਮਾਜ ਵਿਚ ਨਵੀਂ ਪਹਿਚਾਣ ਬਣਾ ਸਕਣ।
ਅਧਿਕਾਰੀਆਂ ਦੀ ਹਾਜ਼ਰੀ
ਇਸ ਮੌਕੇ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ, ਮਹਿਲਾ ਜੇਲ੍ਹ ਸੁਪਰਡੈਂਟ ਦਲਬੀਰ ਸਿੰਘ ਕਾਹਲੋਂ, ਆਈ.ਟੀ.ਆਈ. ਪ੍ਰਿੰਸੀਪਲ ਬਲਜਿੰਦਰ ਸਿੰਘ ਤੇ ਡੀ.ਆਈ.ਜੀ. ਜੇਲ੍ਹ ਦਲਜੀਤ ਸਿੰਘ ਵੀ ਮੌਜੂਦ ਸਨ।