ਅੰਮ੍ਰਿਤਸਰ :- ਪੰਜਾਬ ਵਿੱਚ ਹੜ੍ਹਾਂ ਨਾਲ ਪੈਦਾ ਹੋਈ ਸੰਕਟਮਈ ਸਥਿਤੀ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਰਾਹਤ ਕਾਰਜ ਤੇਜ਼ੀ ਨਾਲ ਜਾਰੀ ਹਨ। ਟਰੱਸਟ ਦੇ ਬਾਨੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਅੱਜ ਅਜਨਾਲਾ ਖੇਤਰ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ 20 ਟਨ ਸੁੱਕਾ ਚਾਰਾ ਮੁਹੱਈਆ ਕਰਵਾਇਆ ਗਿਆ।
ਹੜ੍ਹ ਪੀੜਤਾਂ ਦੀ ਸਹਾਇਤਾ ਸਭ ਦਾ ਫਰਜ਼ – ਡਾ. ਓਬਰਾਏ
ਇਸ ਮੌਕੇ ਡਾ. ਓਬਰਾਏ ਨੇ ਕਿਹਾ ਕਿ ਪੰਜਾਬ ਇਸ ਵੇਲੇ ਬਹੁਤ ਹੀ ਔਖੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਹਰ ਇੱਕ ਪੰਜਾਬੀ ਖਾਸਕਰ ਐਨਆਰਆਈ ਭਾਈਚਾਰੇ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਪਸ਼ੂ ਪਾਲਕਾਂ ਦੀ ਮਦਦ ਲਈ ਅੱਗੇ ਆਉਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਰਾਜ ਦੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਨਿਰੰਤਰ ਚੱਲ ਰਹੇ ਹਨ ਅਤੇ ਇਹ ਮੁਹਿੰਮ ਹਾਲਾਤ ਸੁਧਰਨ ਤੱਕ ਜਾਰੀ ਰਹੇਗੀ।
ਕਈ ਪਿੰਡਾਂ ਵਿੱਚ ਰਾਹਤ ਸਮੱਗਰੀ ਵੰਡ
ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਅਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਚਮਿਆਰੀ ਦੀ ਮੌਜੂਦਗੀ ਵਿੱਚ ਰਮਦਾਸ, ਚਮਿਆਰੀ, ਜੱਸੜ, ਗੱਗੋਮਾਹਲ, ਮੰਦਰਾਂਵਾਲੀ, ਧੰਗਈ, ਸਿੰਘੋਕੇ, ਨਵਾਂ ਪਿੰਡ, ਹਰੜ ਕਲਾਂ, ਹਰੜ ਖੁਰਦ ਅਤੇ ਅਜਨਾਲਾ ਸਮੇਤ ਕਈ ਪਿੰਡਾਂ ਦੇ ਪਸ਼ੂ ਪਾਲਕਾਂ ਵਿੱਚ ਇਹ ਚਾਰਾ ਵੰਡਿਆ ਗਿਆ।
ਚਾਰਾ ਪ੍ਰਾਪਤ ਕਰਨ ਵਾਲੇ ਪਸ਼ੂ ਪਾਲਕਾਂ ਅਤੇ ਪਿੰਡਾਂ ਦੇ ਸਰਪੰਚਾਂ ਵੱਲੋਂ ਡਾ. ਓਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਇਸ ਮੁਸ਼ਕਿਲ ਸਮੇਂ ਕੀਤੀ ਜਾ ਰਹੀ ਸਹਾਇਤਾ ਬਹੁਤ ਕੀਮਤੀ ਹੈ। ਉਨ੍ਹਾਂ ਨੇ ਆਸ ਜਤਾਈ ਕਿ ਇਸ ਤਰ੍ਹਾਂ ਦੀ ਸੇਵਾ ਮੁਹਿੰਮ ਹੋਰ ਲੋਕਾਂ ਨੂੰ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪ੍ਰੇਰਿਤ ਕਰੇਗੀ।