ਅੰਮ੍ਰਿਤਸਰ :- ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇੱਕ ਅਹਿਮ ਫੈਸਲਾ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਹੁਣ ਉਹ ਕਿਸੇ ਵੀ ਵੀਆਈਪੀ, ਮੰਤਰੀ ਜਾਂ ਵੱਡੀ ਸਿਆਸੀ ਸ਼ਖਸੀਅਤ ਨਾਲ ਤਸਵੀਰਾਂ ਨਹੀਂ ਖਿਚਵਾਉਣਗੇ।
ਡੇਰੇ ਦੀ ਅਧਿਆਤਮਿਕ ਮਰਯਾਦਾ ਨੂੰ ਧਿਆਨ ਵਿੱਚ ਰੱਖਦਿਆਂ ਫੈਸਲਾ
ਡੇਰਾ ਪ੍ਰਬੰਧਕਾਂ ਨੇ ਇਹ ਫੈਸਲਾ ਡੇਰੇ ਦੀ ਆਧਿਆਤਮਿਕ ਮਰਯਾਦਾ ਨੂੰ ਬਰਕਰਾਰ ਰੱਖਦਿਆਂ ਲਿਆ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਅਕਸਰ ਸਾਰਿਆਂ ਨੂੰ ਬਰਾਬਰ ਸਮਝਣ ਦਾ ਸੰਦੇਸ਼ ਦਿੰਦੇ ਹਨ। ਇਸ ਨਵੇਂ ਫੈਸਲੇ ਨਾਲ ਇਹ ਪ੍ਰਕਟ ਹੁੰਦਾ ਹੈ ਕਿ ਗੁਰੂ ਦੇ ਦਰਬਾਰ ਵਿੱਚ ਕੋਈ ਵੀਆਈਪੀ ਨਹੀਂ, ਸਿਰਫ ਸੰਗਤ ਹੈ।
ਸਿਆਸੀ ਚਰਚਾਵਾਂ ‘ਤੇ ਰੋਕ
ਚੋਣਾਂ ਦੇ ਦਿਨਾਂ ਜਾਂ ਆਮ ਸਮੇਂ ਵਿੱਚ ਵੱਡੇ ਸਿਆਸੀ ਲੀਡਰ ਡੇਰੇ ਵਿੱਚ ਆ ਕੇ ਬਾਬਾ ਜੀ ਨਾਲ ਤਸਵੀਰਾਂ ਖਿੱਚਵਾ ਕੇ ਆਪਣੇ ਪ੍ਰਚਾਰ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ। ਹੁਣ ਇਸ ਫੈਸਲੇ ਨਾਲ ਅਜਿਹੀਆਂ ਚਰਚਾਵਾਂ ‘ਤੇ ਪੂਰੀ ਰੋਕ ਲੱਗ ਜਾਏਗੀ। ਡੇਰੇ ਅਨੁਸਾਰ ਬਾਬਾ ਜੀ ਦਾ ਸਮਾਂ ਸਿਰਫ ਸੰਗਤ ਅਤੇ ਸੇਵਾ ਲਈ ਹੈ, ਨਾ ਕਿ ਫੋਟੋਆਂ ਜਾਂ ਪ੍ਰਚਾਰ ਲਈ।
ਨਿੱਜੀ ਮੁਲਾਕਾਤ ਤਾਂ ਹੋਵੇਗੀ ਪਰ ਤਸਵੀਰਾਂ ਨਹੀਂ
ਫੈਸਲੇ ਦੇ ਬਾਅਦ, ਜੇਕਰ ਕੋਈ ਵੱਡਾ ਨੇਤਾ ਜਾਂ ਵੀਆਈਪੀ ਡੇਰੇ ਆਉਂਦਾ ਹੈ, ਤਾਂ ਉਹ ਬਾਬਾ ਜੀ ਨਾਲ ਨਿੱਜੀ ਮੁਲਾਕਾਤ ਕਰ ਸਕੇਗਾ। ਪਰ ਉਸ ਮੁਲਾਕਾਤ ਦੀ ਕੋਈ ਵੀ ਅਧਿਕਾਰਤ ਜਾਂ ਨਿੱਜੀ ਤਸਵੀਰ ਸੋਸ਼ਲ ਮੀਡੀਆ ਜਾਂ ਮੀਡੀਆ ‘ਤੇ ਸਾਂਝੀ ਨਹੀਂ ਕੀਤੀ ਜਾ ਸਕੇਗੀ।