ਮੋਹਾਲੀ :- ਮੋਹਾਲੀ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਅਜਿਹੀ ਕਾਰਵਾਈ ਕੀਤੀ ਹੈ, ਜਿਸ ਨਾਲ ਪੁਲਿਸ ਮਹਿਕਮੇ ਵਿੱਚ ਹਲਚਲ ਮਚ ਗਈ ਹੈ। ਥਾਣਾ ਬਲੌਂਗੀ ਵਿੱਚ ਤੈਨਾਤ ਇੱਕ ਸਹਾਇਕ ਥਾਣੇਦਾਰ ਨੂੰ ਵਿਜੀਲੈਂਸ ਟੀਮ ਵੱਲੋਂ 1 ਲੱਖ 25 ਹਜ਼ਾਰ ਰੁਪਏ ਨਗਦ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਸਮਝੌਤਾ ਕਰਵਾਉਣ ਦੇ ਨਾਂ ‘ਤੇ ਮੰਗੀ ਜਾ ਰਹੀ ਸੀ ਰਕਮ
ਸੂਤਰਾਂ ਅਨੁਸਾਰ ਦੋਸ਼ੀ ਅਧਿਕਾਰੀ ਇੱਕ ਮਾਮਲੇ ਵਿੱਚ ਦਬਾਅ ਬਣਾ ਕੇ ਸਮਝੌਤਾ ਕਰਵਾਉਣ ਦਾ ਭਰੋਸਾ ਦਿਵਾ ਰਿਹਾ ਸੀ। ਇਸ ਦੇ ਬਦਲੇ ਉਹ ਕਾਫ਼ੀ ਸਮੇਂ ਤੋਂ ਸ਼ਿਕਾਇਤਕਰਤਾ ਕੋਲੋਂ ਪੈਸਿਆਂ ਦੀ ਮੰਗ ਕਰਦਾ ਆ ਰਿਹਾ ਸੀ। ਲਗਾਤਾਰ ਤੰਗਪ੍ਰੇਸ਼ਾਨੀ ਤੋਂ ਬਾਅਦ ਸ਼ਿਕਾਇਤਕਰਤਾ ਨੇ ਵਿਜਲੈਂਸ ਬਿਊਰੋ ਨਾਲ ਰਾਬਤਾ ਕਰਕੇ ਪੂਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ।
ਵਿਜਲੈਂਸ ਨੇ ਬਣਾਈ ਰਣਨੀਤੀ, ਬਿਛਾਇਆ ਜਾਲ
ਸ਼ਿਕਾਇਤ ਮਿਲਣ ਮਗਰੋਂ ਵਿਜਲੈਂਸ ਅਧਿਕਾਰੀਆਂ ਨੇ ਤਸਦੀਕ ਕਰਨ ਉਪਰੰਤ ਯੋਜਨਾਬੱਧ ਤਰੀਕੇ ਨਾਲ ਟ੍ਰੈਪ ਲਗਾਇਆ। ਤੈਅ ਯੋਜਨਾ ਅਨੁਸਾਰ ਜਿਵੇਂ ਹੀ ਸਹਾਇਕ ਥਾਣੇਦਾਰ ਨੇ ਨਿਰਧਾਰਿਤ ਰਕਮ ਨਗਦ ਲਈ, ਤੁਰੰਤ ਵਿਜਲੈਂਸ ਟੀਮ ਨੇ ਛਾਪਾ ਮਾਰ ਕੇ ਉਸਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ।
ਰਕਮ ਬਰਾਮਦ, ਜਾਂਚ ਦਾ ਦਾਇਰਾ ਵਧਿਆ
ਕਾਰਵਾਈ ਦੌਰਾਨ ਰਿਸ਼ਵਤ ਦੀ ਪੂਰੀ ਰਕਮ ਵੀ ਬਰਾਮਦ ਕਰ ਲਈ ਗਈ ਹੈ। ਵਿਜਲੈਂਸ ਬਿਊਰੋ ਵੱਲੋਂ ਦੋਸ਼ੀ ਅਧਿਕਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹੋਰ ਪੱਖਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

