ਚੰਡੀਗੜ੍ਹ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਯਾਤਰਾ ਤੋਂ ਅਗਲੇ ਹੀ ਦਿਨ ਸੂਬੇ ਦੀ ਸਿਆਸਤ ‘ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਕਾਂਗਰਸ ਨਾਲੋਂ ਨਾਤਾ ਤੋੜ ਚੁੱਕੀ ਨਵਜੋਤ ਕੌਰ ਸਿੱਧੂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਖੁੱਲ੍ਹ ਕੇ ਤਾਰੀਫ਼ ਕਰਨ ਤੋਂ ਬਾਅਦ ਸਿਆਸੀ ਗਲਿਆਰਿਆਂ ‘ਚ ਇਹ ਸਵਾਲ ਉੱਠਣ ਲੱਗ ਪਏ ਹਨ ਕਿ ਕੀ ਇਹ ਸਿੱਧੂ ਪਰਿਵਾਰ ਦੀ ਕਿਸੇ ਨਵੀਂ ਸਿਆਸੀ ਦਿਸ਼ਾ ਵੱਲ ਇਸ਼ਾਰਾ ਹੈ।
https://x.com/NavjotSidh42212/status/2017621771630088220?t=zv1lB8V8fItWjVEJGJJprA&s=19
ਸੋਸ਼ਲ ਮੀਡੀਆ ਪੋਸਟ ਰਾਹੀਂ ਮੋਦੀ ਦਾ ਕੀਤਾ ਸਵਾਗਤ
ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੰਜਾਬ ਦੇ ਲੋਕ ਭੋਲੇ-ਭਾਲੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਸਰਕਾਰਾਂ ਨੇ ਆਪਣੇ ਸਵਾਰਥਾਂ ਲਈ ਅਕਸਰ ਗੁਮਰਾਹ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ‘ਚ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਦੇਸ਼ ਦਾ ਮੁਖੀ ਸੂਬੇ ਲਈ ਕੁਝ ਦੇਣ ਆਉਂਦਾ ਹੈ, ਤਾਂ ਉਸਦੇ ਦੌਰੇ ਨੂੰ ਵਿਗਾੜਨ ਲਈ ਸਿਆਸੀ ਤਾਕਤਾਂ ਇਕੱਠੀਆਂ ਕਿਉਂ ਹੋ ਜਾਂਦੀਆਂ ਹਨ।
“ਮਿਹਨਤ ਨਾਲ ਹਾਸਲ ਕੀਤੀ ਤਾਕਤ, ਪੰਜਾਬ ਲਈ ਕੁਝ ਕਰਨ ਦੀ ਨੀਅਤ”
ਆਪਣੀ ਪੋਸਟ ‘ਚ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਮਿਹਨਤ ਨਾਲ ਜੋ ਮੁਕਾਮ ਹਾਸਲ ਕੀਤਾ ਹੈ, ਉਹ ਇਸ ਲਈ ਹੈ ਤਾਂ ਜੋ ਦੇਸ਼ ਅਤੇ ਸੂਬਿਆਂ ਨੂੰ ਕੁਝ ਵੱਡਾ ਦਿੱਤਾ ਜਾ ਸਕੇ। ਉਨ੍ਹਾਂ ਲਿਖਿਆ ਕਿ ਪੰਜਾਬ ਦੇ ਲੋਕਾਂ ਦਾ ਸੁਭਾਅ ਸਦਾ ਸਵਾਗਤੀ ਅਤੇ ਦਿਲਦਾਰ ਰਿਹਾ ਹੈ।
ਭਾਜਪਾ ਜਾਂ ‘ਆਪ’ ਨਾਲ ਸੰਪਰਕ ਦੀ ਗੱਲ ‘ਤੇ ਸਪੱਸ਼ਟੀਕਰਨ
ਇਸਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਇਕ ਹੋਰ ਪੋਸਟ ‘ਚ ਸਾਫ਼ ਕੀਤਾ ਕਿ ਨਾ ਤਾਂ ਉਨ੍ਹਾਂ ਨਾਲ ਭਾਜਪਾ, ਨਾ ਆਮ ਆਦਮੀ ਪਾਰਟੀ ਅਤੇ ਨਾ ਹੀ ਕਿਸੇ ਹੋਰ ਸਿਆਸੀ ਦਲ ਨੇ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਪਾਰਟੀ ਦੀ ਨਹੀਂ, ਸਗੋਂ ਆਪਣੇ ਅੰਦਰੂਨੀ ਵਿਸ਼ਵਾਸ ਅਤੇ ਚੇਤਨਾ ਅਨੁਸਾਰ ਗੱਲ ਕਰ ਰਹੀਆਂ ਹਨ।
ਸੇਵਾ ਅਤੇ ਆਤਮਿਕ ਉੱਨਤੀ ‘ਤੇ ਕੇਂਦਰਿਤ ਰਹਿਣ ਦੀ ਗੱਲ
ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਦਾ ਮਕਸਦ ਪੰਜਾਬ ਦੇ ਲੋਕਾਂ ਦੀ ਨਿਰਸਵਾਰਥ ਸੇਵਾ ਮੰਨਦੀਆਂ ਹਨ, ਜੋ ਉਹ ਇੱਕ ਐਨਜੀਓ ਦੇ ਜ਼ਰੀਏ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਆਤਮਿਕ ਉੱਨਤੀ, ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਤੇ ਸੰਤ ਮਹਾਂਪੁਰਖਾਂ ਦੀ ਸੰਗਤ ਨੂੰ ਆਪਣੀ ਸੋਚ ਦਾ ਅਹੰਕਾਰ ਹਿੱਸਾ ਦੱਸਿਆ।
ਸਿਆਸੀ ਮਾਇਨੇ ਕੱਢ ਰਹੇ ਗਲਿਆਰੇ
ਨਵਜੋਤ ਕੌਰ ਸਿੱਧੂ ਦੀਆਂ ਇਨ੍ਹਾਂ ਪੋਸਟਾਂ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਹਲਚਲ ਤੇਜ਼ ਹੋ ਗਈ ਹੈ। ਹਾਲਾਂਕਿ ਉਨ੍ਹਾਂ ਨੇ ਖੁਦ ਕਿਸੇ ਵੀ ਸਿਆਸੀ ਵਾਪਸੀ ਜਾਂ ਨਵੀਂ ਪਾਰਟੀ ਨਾਲ ਜੁੜਨ ਦੀ ਗੱਲ ਨੂੰ ਨਕਾਰਿਆ ਹੈ, ਪਰ ਉਨ੍ਹਾਂ ਦੇ ਬਿਆਨਾਂ ਨੇ ਸਿਆਸੀ ਅਟਕਲਾਂ ਨੂੰ ਹੋਰ ਹਵਾ ਦੇ ਦਿੱਤੀ ਹੈ।

