ਨਵੀਂ ਦਿੱਲੀ :– ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਜਲਦੀ ਹੀ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਦੀ ਸਿਵਲ ਅਦਾਲਤ ਵਿੱਚ ਹਾਜ਼ਰੀ ਭਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਆਖਰੀ ਮੌਕਾ ਦਿੱਤਾ ਹੈ। ਨਿਰਧਾਰਤ ਤਾਰੀਖ ‘ਤੇ ਉਹ ਲਖਨਊ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਸੜਕ ਰਾਹੀਂ ਸੁਲਤਾਨਪੁਰ ਲਈ ਰਵਾਨਾ ਹੋਣਗੇ।
ਅਦਾਲਤ ਵੱਲੋਂ ਆਖਰੀ ਮੌਕਾ
ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਪਹਿਲਾਂ ਵੀ ਕਈ ਤਾਰੀਖਾਂ ਦੇ ਚੁੱਕੀ ਹੈ। ਹਾਲਾਂਕਿ ਪਿਛਲੀ ਪੇਸ਼ੀ ‘ਤੇ ਗੈਰਹਾਜ਼ਰੀ ਕਾਰਨ ਅਦਾਲਤ ਨੇ ਸਖ਼ਤ ਰੁਖ ਅਪਣਾਉਂਦਿਆਂ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਬਿਆਨ ਦਰਜ ਕਰਵਾਉਣ ਦਾ ਹੁਕਮ ਦਿੱਤਾ ਸੀ। ਹੁਣ 20 ਫਰਵਰੀ ਦੀ ਤਾਰੀਖ ਨਿਰਧਾਰਤ ਕੀਤੀ ਗਈ ਹੈ, ਜਿਸ ਨੂੰ ਨਿਰਣਾਇਕ ਮੰਨਿਆ ਜਾ ਰਿਹਾ ਹੈ।
ਮਾਣਹਾਨੀ ਦੀ ਸ਼ਿਕਾਇਤ ‘ਤੇ ਚੱਲ ਰਹੀ ਸੁਣਵਾਈ
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕਰਨਾਟਕ ਵਿੱਚ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਭਾਜਪਾ ਨੇਤਾ ਅਤੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਵਿਜੇ ਮਿਸ਼ਰਾ ਨੇ ਸਿਵਲ ਕੋਰਟ ਵਿੱਚ ਮਾਣਹਾਨੀ ਦੀ ਅਰਜ਼ੀ ਦਾਇਰ ਕੀਤੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਉਕਤ ਬਿਆਨ ਨਾਲ ਗ੍ਰਹਿ ਮੰਤਰੀ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਹੈ। ਇਸ ਅਰਜ਼ੀ ‘ਤੇ ਇਸ ਸਮੇਂ ਅਦਾਲਤ ਵਿੱਚ ਸੁਣਵਾਈ ਜਾਰੀ ਹੈ।
ਰਾਹੁਲ ਗਾਂਧੀ ਇਸ ਮਾਮਲੇ ਵਿੱਚ 26 ਜੁਲਾਈ 2024 ਨੂੰ ਇਕ ਵਾਰ ਪੇਸ਼ ਹੋ ਚੁੱਕੇ ਹਨ। ਉਸ ਤੋਂ ਬਾਅਦ ਕਈ ਮੌਕਿਆਂ ‘ਤੇ ਉਹ ਹਾਜ਼ਰ ਨਹੀਂ ਹੋਏ। 19 ਜਨਵਰੀ ਨੂੰ ਵੀ ਗੈਰਹਾਜ਼ਰੀ ਦਰਜ ਹੋਣ ਤੋਂ ਬਾਅਦ ਅਦਾਲਤ ਨੇ ਨਵੀਂ ਤਾਰੀਖ ਦੇ ਨਾਲ ਸਪਸ਼ਟ ਆਦੇਸ਼ ਜਾਰੀ ਕੀਤਾ ਸੀ।
ਸੁਰੱਖਿਆ ਦੇ ਖਾਸ ਪ੍ਰਬੰਧ
ਰਾਹੁਲ ਗਾਂਧੀ ਦੀ ਆਮਦ ਨੂੰ ਦੇਖਦੇ ਹੋਏ ਸੁਲਤਾਨਪੁਰ ਸਿਵਲ ਕੋਰਟ ਪ੍ਰੰਗਣ ਅਤੇ ਆਸ-ਪਾਸ ਦੇ ਖੇਤਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵਾਧੂ ਬਲ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕਾਨੂੰਨ-ਵਿਵਸਥਾ ਬਰਕਰਾਰ ਰਹੇ। ਅਦਾਲਤੀ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਪੂਰੀ ਹੋਵੇ, ਇਸ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਸਚੇਤ ਹੈl

