Home Blog Page 723

ਪੰਜਾਬ ’ਚ ਵੱਡੀ ਸਾਜ਼ਿਸ਼ ਨਾਕਾਮ: ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਦੋ ਸ਼ੱਕੀ ਕਾਬੂ

ਚੰਡੀਗੜ੍ਹ :- ਪੰਜਾਬ ਵਿੱਚ ਅਮਨ-ਕਾਨੂੰਨ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਲੁਧਿਆਣਾ ਦੀ ਕਾਊਂਟਰ ਇੰਟੈਲੀਜੈਂਸ ਇਕਾਈ ਨਾਲ ਸਾਂਝੇ ਅਭਿਆਨ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਰਹਿ ਕੇ ਨਿਸ਼ਾਨਾ ਸਾਧਣ ਦੀ ਯੋਜਨਾ ਬਣਾ ਰਹੇ ਸਨ।

ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਤੋਂ ਇੱਕ 9 ਐਮਐਮ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਬਰਾਮਦਗੀ ਲੁਧਿਆਣਾ ਖੇਤਰ ਤੋਂ ਕੀਤੀ ਗਈ, ਜਿਸ ਨਾਲ ਸੁਰੱਖਿਆ ਏਜੰਸੀਆਂ ਦੀ ਚਿੰਤਾ ਹੋਰ ਵਧ ਗਈ ਸੀ।

ਵਿਦੇਸ਼ੀ ਕੱਟੜਪੰਥੀ ਸੰਪਰਕਾਂ ਦੀ ਪੁਸ਼ਟੀ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਗ੍ਰਿਫ਼ਤਾਰ ਵਿਅਕਤੀ ਖਾਲਿਸਤਾਨ ਕਮਾਂਡੋ ਫੋਰਸ ਨਾਲ ਜੁੜੇ ਯੂਕੇ ਅਤੇ ਜਰਮਨੀ ਅਧਾਰਿਤ ਹੈਂਡਲਰਾਂ ਨਾਲ ਲਗਾਤਾਰ ਸੰਪਰਕ ਵਿੱਚ ਸਨ। ਪੁਲਿਸ ਅਨੁਸਾਰ, ਇਹ ਵਿਅਕਤੀ ਕੱਟੜਪੰਥੀ ਸੋਚ ਨਾਲ ਪ੍ਰਭਾਵਿਤ ਹੋ ਕੇ ਪੰਜਾਬ ਵਿੱਚ ਅਸਥਿਰਤਾ ਪੈਦਾ ਕਰਨ ਲਈ ਕੰਮ ਕਰ ਰਹੇ ਸਨ।

ਸਰਕਾਰੀ ਦਫ਼ਤਰਾਂ ਦੀ ਰੇਕੀ ਕਰ ਚੁੱਕੇ ਸਨ ਮੁਲਜ਼ਮ
ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਮੁਲਜ਼ਮਾਂ ਵੱਲੋਂ ਲੁਧਿਆਣਾ ਵਿੱਚ ਸਥਿਤ ਕੁਝ ਅਹਿਮ ਸਰਕਾਰੀ ਅਤੇ ਪ੍ਰਮੁੱਖ ਦਫ਼ਤਰਾਂ ਦੀ ਰੇਕੀ ਕੀਤੀ ਗਈ ਸੀ। ਇਹ ਗਤੀਵਿਧੀਆਂ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤੀਆਂ ਗਈਆਂ।

ਜ਼ਮੀਨੀ ਕੰਮ ਅਤੇ ਜਾਣਕਾਰੀ ਇਕੱਠੀ ਕਰਨ ਦੀ ਜ਼ਿੰਮੇਵਾਰੀ
ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਦੋਵੇਂ ਵਿਅਕਤੀਆਂ ਨੂੰ ਕੁਝ ਹੋਰ ਪਛਾਣੇ ਗਏ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਨ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਤਾਂ ਜੋ ਅੱਗੇ ਦੀ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾ ਸਕੇ।

ਮੋਹਾਲੀ ’ਚ ਮਾਮਲਾ ਦਰਜ, ਜਾਂਚ ਜਾਰੀ
ਇਸ ਸਬੰਧ ਵਿੱਚ ਮੋਹਾਲੀ ਨੇੜੇ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਅੱਗੇ ਅਤੇ ਪਿੱਛੇ ਦੇ ਨੈੱਟਵਰਕ ਨੂੰ ਖੰਗਾਲਣ ਲਈ ਹੋਰ ਡੂੰਘੀ ਜਾਂਚ ਜਾਰੀ ਹੈ।

ਅਮਰੀਕਾ ਤੋਂ ਭਾਰਤ ਡਿਪੋਰਟ ਕੀਤੇ ਗਏ 209 ਵਿਅਕਤੀ, ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਅਮਨ ਭੇਸਵਾਲ ਵੀ ਸ਼ਾਮਿਲ!

ਨਵੀਂ ਦਿੱਲੀ :- ਭਾਰਤ ਨੇ ਅਮਰੀਕਾ ਸਰਕਾਰ ਦੇ ਸਹਿਯੋਗ ਨਾਲ ਸੁਰੱਖਿਆ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਅੱਜ 209 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਕੇ ਦੇਸ਼ ਵਾਪਸ ਭੇਜਿਆ ਗਿਆ। ਇਨ੍ਹਾਂ ਵਿੱਚ ਕਈ ਗੈਂਗਸਟਰ ਅਤੇ ਲੰਬੇ ਸਮੇਂ ਤੋਂ ਕਾਨੂੰਨ ਦੀ ਪਹੁੰਚ ਤੋਂ ਬਾਹਰ ਰਹਿਣ ਵਾਲੇ ਅਪਰਾਧੀ ਸ਼ਾਮਲ ਸਨ।

ਅਮਨ ਭੇਸਵਾਲ: ਗੈਂਗਸਟਰ ਵੀ ਕਾਬੂ
ਇਸ ਕਾਰਵਾਈ ਦਾ ਸਭ ਤੋਂ ਮੁੱਖ ਚੇਹਰਾ ਹਰਿਆਣਾ ਦਾ ਗੈਂਗਸਟਰ ਅਮਨ ਭੇਸਵਾਲ ਹੈ। ਅਮਨ ਭੇਸਵਾਲ ਜੋ ਕਿ ਕਈ ਸੰਗੀਨ ਜ਼ੁਰਮਾਂ ਵਿੱਚ ਲੋੜੀਂਦਾ ਸੀ, ਵਿਦੇਸ਼ ਵਿੱਚ ਬੈਠ ਕੇ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਿਹਾ ਸੀ। ਅੱਜ ਦਿੱਲੀ ਹਵਾਈ ਅੱਡੇ ’ਤੇ ਉਸਨੂੰ ਹਰਿਆਣਾ ਪੁਲਸ ਦੀ ਸਪੀਸ਼ਲ ਟਾਸਕ ਫੋਰਸ (STF) ਨੇ ਹਿਰਾਸਤ ਵਿੱਚ ਲੈ ਲਿਆ। ਹਵਾਈ ਅੱਡੇ ਦੇ ਬਾਹਰ ਪੁਲਿਸ ਬਲ ਵਿਆਪਕ ਤੌਰ ’ਤੇ ਤਾਇਨਾਤ ਕੀਤਾ ਗਿਆ।

ਗੰਭੀਰ ਅਪਰਾਧਾਂ ਦਾ ਰਿਕਾਰਡ
ਅਮਨ ਭੇਸਵਾਲ ਖ਼ਿਲਾਫ਼ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜ਼ਬਰਨ ਉਗਰਾਹੀ, ਲੁੱਟ-ਖੋਹ ਅਤੇ ਹਥਿਆਰ ਐਕਟ ਸਮੇਤ 15 ਤੋਂ ਵੱਧ ਮਾਮਲੇ ਦਰਜ ਹਨ। ਡਿਪੋਰਟ ਕੀਤੀ ਗਈਆਂ ਵਿਅਕਤੀਆਂ ਨੂੰ ਹੁਣ ਭਾਰਤੀ ਕਾਨੂੰਨ ਦੇ ਅਧੀਨ ਨਿਆਂ ਦਾ ਸਾਹਮਣਾ ਕਰਨਾ ਪਵੇਗਾ।

ਸੁਰੱਖਿਆ ਸੰਕੇਤ ਅਤੇ ਭਵਿੱਖ ਲਈ ਸਬਕ
ਇਸ ਕਾਰਵਾਈ ਨਾਲ ਸਰਕਾਰ ਨੇ ਸਾਬਤ ਕੀਤਾ ਹੈ ਕਿ ਗੈਂਗਸਟਰੀ ਅਤੇ ਅਪਰਾਧਿਕਤਾ ਦੇ ਖਿਲਾਫ਼ ਕੋਈ ਥਾਂ ਨਹੀਂ। ਭਾਰਤੀ ਸੁਰੱਖਿਆ ਏਜੰਸੀਆਂ ਦੇ ਅੰਤਰਰਾਸ਼ਟਰੀ ਸਹਿਯੋਗ ਨਾਲ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਨਵੀਂ ਕਾਮਯਾਬੀ ਮਿਲੀ ਹੈ।

ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਅਡਵਾਇਜਰੀ ਜਾਰੀ, ਫਰਜ਼ੀ ਬੁਕਿੰਗ ਅਤੇ ਧੋਖਾਧੜੀ ਤੋਂ ਰਹੋ ਦੂਰ

ਚੰਡੀਗੜ੍ਹ :- ਨਵੇਂ ਸਾਲ ਅਤੇ ਛੁੱਟੀਆਂ ਦੇ ਮੌਸਮ ਵਿੱਚ ਲੱਖਾਂ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਕਟੜਾ ਆਉਂਦੇ ਹਨ। ਇਸ ਭੀੜ ਅਤੇ ਆਸਥਾ ਦਾ ਲਾਭ ਉਠਾਉਂਦੇ ਹੋਏ ਕੁਝ ਧੋਖਾਧੜੀ ਕਰਨ ਵਾਲੇ ਔਨਲਾਈਨ ਅਤੇ ਆਫਲਾਈਨ ਤਰੀਕਿਆਂ ਨਾਲ ਸ਼ਰਧਾਲੂਆਂ ਨੂੰ ਗੁੰਮਰਾਹ ਕਰਨ ਵਿੱਚ ਸਰਗਰਮ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਰਾਈਨ ਬੋਰਡ ਨੇ ਯਾਤਰੀਆਂ ਲਈ ਮਹੱਤਵਪੂਰਨ ਸਾਵਧਾਨੀ ਜਾਰੀ ਕੀਤੀ ਹੈ।

ਫਰਜ਼ੀ ਬੁਕਿੰਗ ਤੇ ਧੋਖਾਧੜੀ ਤੋਂ ਸੁਰੱਖਿਆ
ਬੋਰਡ ਨੇ ਦੱਸਿਆ ਕਿ ਹਾਲ ਹੀ ਵਿੱਚ ਕਈ ਸ਼ਰਧਾਲੂਆਂ ਨੂੰ ਫਰਜ਼ੀ SMS, ਕਾਲਾਂ, WhatsApp ਸੁਨੇਹੇ ਅਤੇ ਸੋਸ਼ਲ ਮੀਡੀਆ ਦੇ ਫਾਰਵਰਡ ਰਾਹੀਂ ਗੁੰਮਰਾਹ ਕੀਤਾ ਗਿਆ ਹੈ। ਇਹ ਸੁਨੇਹੇ ਯਾਤਰਾ ਪਰਚੀ, ਹੈਲੀਕਾਪਟਰ ਸੇਵਾਵਾਂ, ਭਵਨ ਵਿੱਚ ਰਿਹਾਇਸ਼ ਜਾਂ ਵਿਸ਼ੇਸ਼ ਪੂਜਾ ਲਈ ਝੂਠੀ ਪੁਸ਼ਟੀ ਦਿੰਦੇ ਹਨ। ਬੋਰਡ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਕਿਸੇ ਵੀ ਸੁਨੇਹੇ ਜਾਂ ਕਾਲ ਦੇ ਜਵਾਬ ਵਿੱਚ ਪੈਸੇ ਭੇਜਣਾ ਖ਼ਤਰਨਾਕ ਹੋ ਸਕਦਾ ਹੈ।

ਲਾਪਰਵਾਹੀ ਨਾਲ ਵਿੱਤੀ ਨੁਕਸਾਨ ਦਾ ਖ਼ਤਰਾ
ਅਧਿਕਾਰੀਆਂ ਮੁਤਾਬਕ ਆਨਲਾਈਨ ਅਤੇ ਆਫਲਾਈਨ ਦੋਹਾਂ ਤਰੀਕਿਆਂ ਨਾਲ ਕਈ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਨਾ ਸਿਰਫ਼ ਸ਼ਰਧਾਲੂਆਂ ਨੂੰ ਪੈਸੇ ਦਾ ਨੁਕਸਾਨ ਹੋਇਆ ਹੈ, ਸਗੋਂ ਉਹਨਾਂ ਦੀ ਯਾਤਰਾ ਵਿੱਚ ਵੀ ਰੁਕਾਵਟ ਪਈ ਹੈ। ਇਸ ਲਈ ਦਰਸ਼ਨ ਤੋਂ ਪਹਿਲਾਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।

ਵੈਧ ਬੁਕਿੰਗ ਸਿਰਫ਼ ਅਧਿਕਾਰਤ ਵੈੱਬਸਾਈਟ ਤੋਂ
ਸ਼ਰਾਈਨ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਮਾਤਾ ਵੈਸ਼ਨੋ ਦੇਵੀ ਯਾਤਰਾ ਦੀਆਂ ਸਾਰੀਆਂ ਵੈਧ ਬੁਕਿੰਗਾਂ ਸਿਰਫ਼ ਅਧਿਕਾਰਤ ਵੈੱਬਸਾਈਟ maavaishnodevi.org ਰਾਹੀਂ ਕੀਤੀਆਂ ਜਾ ਸਕਦੀਆਂ ਹਨ। ਕਿਸੇ ਹੋਰ ਵੈੱਬਸਾਈਟ, ਏਜੰਟ ਜਾਂ ਵਿਅਕਤੀ ਵੱਲੋਂ ਕੀਤੀ ਗਈ ਬੁਕਿੰਗ ਨੂੰ ਵੈਧ ਨਹੀਂ ਮੰਨਿਆ ਜਾਵੇਗਾ। ਸ਼ਰਧਾਲੂ ਕਿਸੇ ਵੀ ਸੰਦੇਹ ਦੀ ਸੂਰਤ ਵਿੱਚ ਬੋਰਡ ਦੇ ਹੈਲਪਡੈਸਕ ਨੰਬਰ +91 9906019494 ’ਤੇ ਸੰਪਰਕ ਕਰ ਸਕਦੇ ਹਨ।

ਸ਼ਰਧਾਲੂਆਂ ਲਈ ਸਮਾਰਟ ਲਾਕਰ ਸਹੂਲਤ
ਸ਼ਰਾਈਨ ਬੋਰਡ ਨੇ ਵੱਖ-ਵੱਖ ਥਾਵਾਂ ’ਤੇ ਸਮਾਰਟ ਲਾਕਰ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਇਹ ਸਹੂਲਤ ਕਮਰਾ ਨੰਬਰ 04 (ਵੇਟਿੰਗ ਹਾਲ – ਰਾਮ ਮੰਦਰ), ਦੁਰਗਾ ਭਵਨ, ਪਾਰਵਤੀ ਭਵਨ, ਗੇਟ ਨੰਬਰ 03 ਅਤੇ ਭਵਨ ਦੇ ਅਧਕੁੰਵਾੜੀ ਵਿੱਚ ਉਪਲਬਧ ਹੈ, ਜਿੱਥੇ ਯਾਤਰੀ ਆਪਣਾ ਸਮਾਨ ਸੁਰੱਖਿਅਤ ਰੱਖ ਸਕਦੇ ਹਨ।

ਮੁਫ਼ਤ ਲਾਕਰ ਸਹੂਲਤ ਲਈ ਸ਼ਰਤ
ਕਮਰਾ ਨੰਬਰ 04 ਵਿੱਚ ਚੁਣਵੇਂ ਸ਼ਰਧਾਲੂਆਂ ਲਈ ਸਮਾਰਟ ਲਾਕਰ ਸਹੂਲਤ ਮੁਫ਼ਤ ਉਪਲਬਧ ਹੈ। ਜਿਨ੍ਹਾਂ ਨੇ SSVP, ਅਟਕਾ ਆਰਤੀ, ਨਵ ਚੰਡੀ ਪਾਠ, ਸਮੂਹ ਅਟਕਾ, ਕਟੜਾ-ਪੰਛੀ ਹੈਲੀਕਾਪਟਰ ਸੇਵਾ ਜਾਂ ਜੰਮੂ-ਭਵਨ-ਜੰਮੂ ਪੈਕੇਜ ਲਈ ਬੁਕਿੰਗ ਪੁਸ਼ਟੀ ਕੀਤੀ ਹੈ, ਉਹ ਇਸ ਦਾ ਮੁਫ਼ਤ ਲਾਭ ਲੈ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਯਾਤਰੀ ਕਮਰਾ ਨੰਬਰ 04 ਦੇ ਰਿਸੈਪਸ਼ਨ ’ਤੇ ਆਪਣੀ ਬੁਕਿੰਗ ਰਸੀਦ ’ਤੇ ਅਧਿਕਾਰਤ ਮੋਹਰ ਲਗਵਾਉਣ। ਬਿਨਾਂ ਮੋਹਰ ਵਾਲੀ ਰਸੀਦ ’ਤੇ ਸਹੂਲਤ ਵੈਧ ਨਹੀਂ ਹੋਵੇਗੀ।

ਨੇਰਚੌਕ ਮੈਡੀਕਲ ਕਾਲਜ ’ਚ ਰੈਗਿੰਗ ਮਾਮਲਾ: ਦੋ ਸੀਨੀਅਰ ਵਿਦਿਆਰਥੀ ਸਸਪੈਂਡ, ਸ਼ਿਕਾਇਤਕਰਤਾ ’ਤੇ ਵੀ ਕਾਰਵਾਈ

ਹਿਮਾਚਲ ਪ੍ਰਦੇਸ਼ :- ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਨੇਰਚੌਕ ਦੇ ਪ੍ਰਸ਼ਾਸਨ ਨੇ ਕੈਂਪਸ ਅੰਦਰ ਰੈਗਿੰਗ ਨਾਲ ਜੁੜੇ ਇਕ ਗੰਭੀਰ ਮਾਮਲੇ ਵਿੱਚ ਤਿੰਨ ਐਮ.ਬੀ.ਬੀ.ਐਸ. ਵਿਦਿਆਰਥੀਆਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਹੈ। ਜਾਂਚ ਤੋਂ ਬਾਅਦ ਦੋ ਸੀਨੀਅਰ ਵਿਦਿਆਰਥੀਆਂ ਨੂੰ ਜੂਨੀਅਰ ਨਾਲ ਮਾਰਪੀਟ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ, ਜਦਕਿ ਸ਼ਿਕਾਇਤ ਦਰਜ ਕਰਵਾਉਣ ਵਾਲੇ ਵਿਦਿਆਰਥੀ ’ਤੇ ਵੀ ਕਾਨੂੰਨ ਦੀ ਗਲਤ ਵਰਤੋਂ ਕਰਨ ਦੇ ਦੋਸ਼ ਲੱਗੇ ਹਨ।

19 ਦਸੰਬਰ ਨੂੰ ਦਰਜ ਹੋਈ ਸੀ ਸ਼ਿਕਾਇਤ
ਪ੍ਰਸ਼ਾਸਨਿਕ ਸਰੋਤਾਂ ਮੁਤਾਬਕ 2024 ਬੈਚ ਦੇ ਦੂਜੇ ਸਾਲ ਦੇ ਐਮ.ਬੀ.ਬੀ.ਐਸ. ਵਿਦਿਆਰਥੀ ਸ਼ੁਭਮ ਸਿੰਘ ਵੱਲੋਂ 19 ਦਸੰਬਰ 2025 ਨੂੰ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ 18 ਦਸੰਬਰ ਨੂੰ ਹੋਸਟਲ ਕਮਰੇ ਵਿੱਚ ਚੌਥੇ ਸਾਲ ਦੇ ਵਿਦਿਆਰਥੀ ਹਰਸ਼ ਅਤੇ ਪ੍ਰਸ਼ਾਂਤ ਝਾ ਵੱਲੋਂ ਉਸ ਨਾਲ ਮਾਰਪੀਟ ਕੀਤੀ ਗਈ।

ਪੁਲਿਸ ਨੂੰ ਸੂਚਨਾ, ਅੰਦਰੂਨੀ ਜਾਂਚ ਸ਼ੁਰੂ
ਸ਼ਿਕਾਇਤ ਮਿਲਦਿਆਂ ਹੀ ਕਾਲਜ ਪ੍ਰਸ਼ਾਸਨ ਨੇ ਬਲ੍ਹ ਪੁਲਿਸ ਥਾਣੇ ਦੇ ਐਸ.ਐਚ.ਓ. ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਤੱਥ-ਖੋਜ ਕਮੇਟੀ ਦਾ ਗਠਨ ਕਰਕੇ ਅੰਦਰੂਨੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਰਿਪੋਰਟ ਬਾਅਦ ਵਿੱਚ ਐਂਟੀ-ਰੈਗਿੰਗ ਕਮੇਟੀ ਅੱਗੇ ਪੇਸ਼ ਕੀਤੀ ਗਈ।

ਸੀਨੀਅਰਾਂ ਵੱਲੋਂ ਮਾਰਪੀਟ ਦੀ ਪੁਸ਼ਟੀ
ਕਮੇਟੀ ਵੱਲੋਂ ਸ਼ਿਕਾਇਤਕਰਤਾ, ਦੋਸ਼ੀ ਵਿਦਿਆਰਥੀਆਂ ਅਤੇ ਹੋਰ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਸੀਨੀਅਰ ਵਿਦਿਆਰਥੀਆਂ ਨੇ ਮਾਰਪੀਟ ਕਰਨ ਦੀ ਗੱਲ ਕਬੂਲ ਕੀਤੀ। ਇਸ ਦੇ ਆਧਾਰ ’ਤੇ ਉਨ੍ਹਾਂ ਨੂੰ ਰੈਗਿੰਗ ਨਾਲ ਸੰਬੰਧਿਤ ਦੁਰਵਿਹਾਰ ਲਈ ਦੋਸ਼ੀ ਠਹਿਰਾਇਆ ਗਿਆ।

ਸ਼ਿਕਾਇਤਕਰਤਾ ਦੀ ਨੀਅਤ ’ਤੇ ਵੀ ਸਵਾਲ
ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਸ਼ੁਭਮ ਸਿੰਘ ਵੱਲੋਂ ਪਹਿਲਾਂ ਸੀਨੀਅਰ ਵਿਦਿਆਰਥੀਆਂ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਐਂਟੀ-ਰੈਗਿੰਗ ਕਾਨੂੰਨ ਦੀ ਗਲਤ ਵਰਤੋਂ ਕਰਨ ਦੀ ਧਮਕੀ ਦਿੱਤੀ ਗਈ। ਕਮੇਟੀ ਨੇ ਟਿੱਪਣੀ ਕੀਤੀ ਕਿ ਕਾਨੂੰਨ ਨੂੰ ਨਿੱਜੀ ਫਾਇਦੇ ਲਈ ਵਰਤਣ ਦੀ ਕੋਸ਼ਿਸ਼ ਕੀਤੀ ਗਈ, ਜੋ ਗੰਭੀਰ ਅਨੁਸ਼ਾਸਨਹੀਨਤਾ ਹੈ।

ਪੁਰਾਣਾ ਰਿਕਾਰਡ ਵੀ ਆਇਆ ਸਾਹਮਣੇ
ਕਾਰਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਦੋਵੇਂ ਸੀਨੀਅਰ ਵਿਦਿਆਰਥੀ ਪਹਿਲਾਂ ਵੀ ਅਨੁਸ਼ਾਸਨਹੀਨਤਾ ਦੇ ਮਾਮਲਿਆਂ ਵਿੱਚ ਸਸਪੈਂਡ ਹੋ ਚੁੱਕੇ ਹਨ ਅਤੇ ਆਦਤੀ ਦੋਸ਼ੀ ਮੰਨੇ ਜਾਂਦੇ ਹਨ।

ਸਜ਼ਾਵਾਂ ਦਾ ਐਲਾਨ
ਕਾਲਜ ਪ੍ਰਿੰਸੀਪਲ ਡਾ. ਡੀ.ਕੇ. ਵਰਮਾ ਨੇ ਦੱਸਿਆ ਕਿ ਸੰਸਥਾ ਵਿੱਚ ਅਨੁਸ਼ਾਸਨਹੀਨਤਾ ਲਈ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਂਦੀ ਹੈ। ਉਨ੍ਹਾਂ ਮੁਤਾਬਕ ਐਂਟੀ-ਰੈਗਿੰਗ ਅਤੇ ਤੱਥ-ਖੋਜ ਕਮੇਟੀਆਂ ਦੀ ਸਿਫ਼ਾਰਸ਼ ’ਤੇ ਹਰਸ਼ ਅਤੇ ਪ੍ਰਸ਼ਾਂਤ ਝਾ ਨੂੰ ਤਿੰਨ ਮਹੀਨੇ ਲਈ ਕਾਲਜ ਤੋਂ ਸਸਪੈਂਡ ਕੀਤਾ ਗਿਆ ਹੈ, ਇੱਕ ਸਾਲ ਲਈ ਹੋਸਟਲ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ 20 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ।

ਕਾਨੂੰਨ ਦੀ ਗਲਤ ਵਰਤੋਂ ’ਤੇ ਵੀ ਸਖ਼ਤੀ
ਪ੍ਰਿੰਸੀਪਲ ਨੇ ਕਿਹਾ ਕਿ ਸੁਰੱਖਿਆ ਕਾਨੂੰਨਾਂ ਦੀ ਗਲਤ ਵਰਤੋਂ ਰੋਕਣ ਲਈ ਸ਼ਿਕਾਇਤਕਰਤਾ ਖ਼ਿਲਾਫ਼ ਵੀ ਕਾਰਵਾਈ ਲਾਜ਼ਮੀ ਸੀ। ਸ਼ੁਭਮ ਸਿੰਘ ਨੂੰ ਛੇ ਹਫ਼ਤਿਆਂ ਲਈ ਹੋਸਟਲ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਸ ’ਤੇ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ।

ਗੁਰਦਾਸਪੁਰ ’ਚ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਉਣ ਗਈ ਸਰਕਾਰੀ ਟੀਮ ’ਤੇ ਫਾਇਰਿੰਗ

ਗੁਰਦਾਸਪੁਰ :- ਪੰਜਾਬ ਵਿੱਚ ਲਗਾਤਾਰ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਸੇ ਕੜੀ ਤਹਿਤ ਗੁਰਦਾਸਪੁਰ ਜ਼ਿਲ੍ਹੇ ਤੋਂ ਸਾਹਮਣੇ ਆਈ ਤਾਜ਼ਾ ਵਾਰਦਾਤ ਨੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਕਲੇਰ ਖੁਰਦ ’ਚ ਸਰਕਾਰੀ ਟੀਮ ’ਤੇ ਅਚਾਨਕ ਹਮਲਾ
ਪਿੰਡ ਕਲੇਰ ਖੁਰਦ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਵਾਉਣ ਲਈ ਮੌਕੇ ’ਤੇ ਪਹੁੰਚੀ ਸਰਕਾਰੀ ਟੀਮ ’ਤੇ ਦੂਜੀ ਧਿਰ ਵੱਲੋਂ ਸਿੱਧੀ ਫਾਇਰਿੰਗ ਕਰ ਦਿੱਤੀ ਗਈ। ਅਚਾਨਕ ਹੋਏ ਇਸ ਹਮਲੇ ਕਾਰਨ ਅਧਿਕਾਰੀਆਂ ਨੂੰ ਜਾਨ ਬਚਾਉਣ ਲਈ ਨਜ਼ਦੀਕ ਖੜ੍ਹੇ ਟਰੱਕ ਦੀ ਆੜ ਲੈਣੀ ਪਈ।

ਅਦਾਲਤੀ ਹੁਕਮ ਲਾਗੂ ਕਰਨ ਗਈ ਸੀ ਟੀਮ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਿੰਡ ਦੀ ਲਗਭਗ 7 ਕਨਾਲ 12 ਮਰਲੇ ਪੰਚਾਇਤੀ ਜ਼ਮੀਨ ਨਾਲ ਸਬੰਧਤ ਹੈ, ਜਿਸ ਤੋਂ ਕਬਜ਼ਾ ਹਟਵਾਉਣ ਲਈ ਅਦਾਲਤ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਦੀ ਪਾਲਣਾ ਲਈ ਨਾਇਬ ਤਹਿਸੀਲਦਾਰ, ਕਾਨੂੰਨਗੋ, ਪਟਵਾਰੀ ਅਤੇ ਚਾਰ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਸਨ।

ਕਾਗਜ਼ ਮੰਗਣ ’ਤੇ ਚਲੀਆਂ ਗੋਲੀਆਂ
ਮੌਕੇ ’ਤੇ ਮੌਜੂਦ ਪਟਵਾਰੀ ਦਲਬੀਰ ਸਿੰਘ ਅਤੇ ਕਾਨੂੰਨਗੋ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਦੂਜੀ ਧਿਰ ਤੋਂ ਅਦਾਲਤੀ ਸਟੇਅ ਜਾਂ ਜ਼ਮੀਨ ਸਬੰਧੀ ਦਸਤਾਵੇਜ਼ ਮੰਗੇ ਗਏ, ਤਾਂ ਉਨ੍ਹਾਂ ਵੱਲੋਂ ਕੋਈ ਗੱਲਬਾਤ ਕਰਨ ਦੀ ਬਜਾਏ ਪੁਲਿਸ ਦੀ ਮੌਜੂਦਗੀ ਵਿੱਚ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ।

ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਜਾਨਲੇਵਾ ਹਮਲੇ ਦੇ ਮਾਮਲੇ ਹੇਠ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਸਾਰੇ ਪੱਖਾਂ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।

ਕੈਨੇਡਾ ’ਚ ਸੜਕ ਹਾਦਸੇ ਨੇ ਲਾਲੜੂ ਮੰਡੀ ਦੇ ਇਕਲੌਤੇ ਪੁੱਤਰ ਦੀ ਜਾਨ ਲੈ ਲਈ

ਕੈਨੇਡਾ :- ਕੈਨੇਡਾ ਦੇ ਓਨਟਾਰੀਓ ਸੂਬੇ ’ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸਬੰਧਤ 22 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ। ਇਹ ਹਾਦਸਾ 5 ਜਨਵਰੀ ਨੂੰ ਹਾਈਵੇਅ-401 ’ਤੇ ਕਰਾਮਾਹੀ ਟਾਊਨਸ਼ਿਪ ਨੇੜੇ ਵਾਪਰਿਆ, ਜਿਸ ਦੀ ਜਾਂਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਲਾਲੜੂ ਮੰਡੀ ਦਾ ਰਹਿਣ ਵਾਲਾ ਸੀ ਅਰਮਾਨ ਚੌਹਾਨ
ਮ੍ਰਿਤਕ ਦੀ ਪਹਿਚਾਣ ਅਰਮਾਨ ਚੌਹਾਨ ਵਜੋਂ ਹੋਈ ਹੈ, ਜੋ ਕਿ ਮੋਹਾਲੀ ਜ਼ਿਲ੍ਹੇ ਦੇ ਲਾਲੜੂ ਮੰਡੀ ਇਲਾਕੇ ਦਾ ਵਾਸੀ ਸੀ। ਅਰਮਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਗਿਆ ਹੋਇਆ ਸੀ। ਅਰਮਾਨ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ’ਚ ਸੋਗ ਦੀ ਲਹਿਰ ਦੌੜ ਗਈ ਹੈ।

ਦੋਸਤ ਨਾਲ ਯਾਤਰਾ ਦੌਰਾਨ ਵਾਪਰਿਆ ਹਾਦਸਾ
ਪੁਲਿਸ ਮੁਤਾਬਕ ਅਰਮਾਨ ਆਪਣੇ ਇਕ ਦੋਸਤ ਨਾਲ ਮੋਂਟਰੀਅਲ ਤੋਂ ਟੋਰਾਂਟੋ ਵੱਲ ਯਾਤਰਾ ਕਰ ਰਿਹਾ ਸੀ। ਹਾਲਾਂਕਿ, ਹੈਰਾਨੀਜਨਕ ਤੌਰ ’ਤੇ ਹਾਦਸੇ ਸਮੇਂ ਅਰਮਾਨ ਹਾਈਵੇਅ ’ਤੇ ਪੈਦਲ ਸੀ। ਇਹ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਇੰਨੇ ਰੁਸ਼ ਵਾਲੇ ਹਾਈਵੇਅ ’ਤੇ ਪੈਦਲ ਕਿਵੇਂ ਅਤੇ ਕਿਉਂ ਆ ਗਿਆ।

ਕਾਰ ਟਕਰਾਉਣ ਦੀ ਸੂਚਨਾ ’ਤੇ ਪੁਲਿਸ ਮੌਕੇ ’ਤੇ ਪੁੱਜੀ
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਸੂਚਨਾ ਮਿਲੀ ਕਿ ਹਾਈਵੇਅ-401 ਦੇ ਪੱਛਮੀ ਲੇਨ ’ਚ ਇਕ ਪੈਦਲ ਵਿਅਕਤੀ ਨੂੰ ਵਾਹਨ ਨੇ ਟੱਕਰ ਮਾਰ ਦਿੱਤੀ ਹੈ। ਮੌਕੇ ’ਤੇ ਪੁੱਜਣ ’ਤੇ ਪੁਲਿਸ ਨੂੰ ਮੀਡੀਆਨ ਕੋਲ ਇਕ ਕਾਰ ਖੜ੍ਹੀ ਮਿਲੀ। ਅਜੇ ਤੱਕ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਅਰਮਾਨ ਨੂੰ ਟੱਕਰ ਉਸੇ ਕਾਰ ਨੇ ਮਾਰੀ ਜਾਂ ਕਿਸੇ ਹੋਰ ਵਾਹਨ ਨੇ।

ਸੀਸੀਟੀਵੀ ਅਤੇ ਡੈਸ਼ਕੈਮ ਫੁਟੇਜ ਦੀ ਜਾਂਚ
ਪੁਲਿਸ ਵੱਲੋਂ ਨੇੜਲੇ ਇਲਾਕਿਆਂ ਦੇ ਸੀਸੀਟੀਵੀ ਕੈਮਰਿਆਂ ਅਤੇ ਵਾਹਨਾਂ ਦੀ ਡੈਸ਼ਕੈਮ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਲਾਤ ਸਪਸ਼ਟ ਹੋਣਗੇ।

ਬਚਾਉ ਯਤਨਾਂ ਬਾਵਜੂਦ ਨਾ ਬਚ ਸਕਿਆ ਵਿਦਿਆਰਥੀ
ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਵੱਲੋਂ ਅਰਮਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਗੰਭੀਰ ਜ਼ਖ਼ਮਾਂ ਕਾਰਨ ਉਸ ਨੇ ਦਮ ਤੋੜ ਦਿੱਤਾ।

ਪਰਿਵਾਰ ਵੱਲੋਂ ਨਿਆਂਪੂਰਕ ਜਾਂਚ ਦੀ ਮੰਗ
ਮ੍ਰਿਤਕ ਦੇ ਪਰਿਵਾਰ ਨੇ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਨਾਲ ਹੀ, ਆਰਥਿਕ ਤੰਗੀ ਨੂੰ ਦੇਖਦੇ ਹੋਏ ਪਰਿਵਾਰ ਵੱਲੋਂ ਪ੍ਰਸ਼ਾਸਨ ਅਤੇ ਭਾਰਤੀ ਸਰਕਾਰ ਕੋਲ ਅਰਮਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਂਦੇ ਜਾਣ ਲਈ ਮਦਦ ਦੀ ਅਪੀਲ ਵੀ ਕੀਤੀ ਗਈ ਹੈ।

ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਪਈ ਮਹਿੰਗੀ ਪੰਜਾਬੀ ਗਾਇਕ ਰਮੀ ਰੰਧਾਵਾ ਖ਼ਿਲਾਫ਼ ਅਜਨਾਲਾ ਥਾਣੇ ’ਚ ਕੇਸ ਦਰਜ

ਅੰਮ੍ਰਿਤਸਰ :- ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਖੁੱਲ੍ਹੀ ਨੁਮਾਇਸ਼ ਕਰਨ ਦਾ ਮਾਮਲਾ ਪੰਜਾਬੀ ਗਾਇਕ ਰਮੀ ਰੰਧਾਵਾ ਲਈ ਕਾਨੂੰਨੀ ਮੁਸ਼ਕਲ ਬਣ ਗਿਆ ਹੈ। ਅਜਨਾਲਾ ਪੁਲਿਸ ਵੱਲੋਂ ਗਾਇਕ ਰਮੀ ਰੰਧਾਵਾ ਖ਼ਿਲਾਫ਼ ਬੀ.ਐੱਨ.ਐੱਸ. ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਵਿਵਾਦਿਤ ਵੀਡੀਓ ਨੇ ਖਿੱਚਿਆ ਪੁਲਿਸ ਦਾ ਧਿਆਨ
ਜਾਣਕਾਰੀ ਮੁਤਾਬਕ ਰਮੀ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਹਥਿਆਰਾਂ ਨਾਲ ਸੰਬੰਧਿਤ ਇਕ ਵੀਡੀਓ ਸਾਂਝੀ ਕੀਤੀ ਸੀ। ਵੀਡੀਓ ਦੇ ਨਾਲ ਲਿਖੇ ਗਏ ਬਿਆਨ ਅਤੇ ਕੈਪਸ਼ਨ ਨੂੰ ਪੁਲਿਸ ਵੱਲੋਂ ਆਪੱਤੀਜਨਕ ਮੰਨਿਆ ਗਿਆ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।

ਕੈਪਸ਼ਨ ਤੇ ਬਿਆਨ ਬਣੇ ਕਾਰਵਾਈ ਦੀ ਵਜ੍ਹਾ
ਵੀਡੀਓ ਦੇ ਨਾਲ ਗਾਇਕ ਵੱਲੋਂ ਲਿਖਿਆ ਗਿਆ ਬਿਆਨ, ਜਿਸ ’ਚ ਹਥਿਆਰਾਂ ਨੂੰ ਤਾਕਤ ਅਤੇ ਰੁਤਬੇ ਨਾਲ ਜੋੜਿਆ ਗਿਆ ਸੀ, ਪੁਲਿਸ ਦੀ ਨਜ਼ਰ ’ਚ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ। ਪੁਲਿਸ ਅਨੁਸਾਰ, ਅਜਿਹੀ ਨੁਮਾਇਸ਼ ਨਾਲ ਸਮਾਜ ਵਿੱਚ ਡਰ ਅਤੇ ਗਲਤ ਸੰਦੇਸ਼ ਜਾਂਦਾ ਹੈ।

ਪੁਲਿਸ ਨੇ ਖੁਦ ਲਿਆ ਸੰਗਿਆਨ
ਅਜਨਾਲਾ ਥਾਣੇ ’ਚ ਇਹ ਮਾਮਲਾ ਏ.ਐੱਸ.ਆਈ.ਕਵਲਜੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਖ਼ਬਿਰ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਜਦੋਂ ਸੋਸ਼ਲ ਮੀਡੀਆ ਦੀ ਜਾਂਚ ਕੀਤੀ ਗਈ ਤਾਂ ਵਿਵਾਦਿਤ ਵੀਡੀਓ ਸਾਹਮਣੇ ਆਈ।

ਕਾਨੂੰਨ ਅਨੁਸਾਰ ਖੁੱਲ੍ਹੀ ਨੁਮਾਇਸ਼ ਜੁਰਮ
ਪੁਲਿਸ ਦਾ ਕਹਿਣਾ ਹੈ ਕਿ ਹਥਿਆਰਾਂ ਦੀ ਖੁੱਲ੍ਹੀ ਨੁਮਾਇਸ਼ ਕਰਨਾ ਕਾਨੂੰਨੀ ਤੌਰ ’ਤੇ ਅਪਰਾਧ ਹੈ। ਇਸ ਮਾਮਲੇ ’ਚ ਰਮੀ ਰੰਧਾਵਾ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 223 ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਦੀ ਚੇਤਾਵਨੀ
ਪੁਲਿਸ ਪ੍ਰਸ਼ਾਸਨ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ, ਭਾਵੇਂ ਉਹ ਕਿਸੇ ਵੀ ਪੇਸ਼ੇ ਜਾਂ ਪਛਾਣ ਨਾਲ ਸਬੰਧਿਤ ਕਿਉਂ ਨਾ ਹੋਣ।

ਸ਼ਾਹਕੋਟ ਨੇੜੇ ਭਿਆਨਕ ਸੜਕ ਹਾਦਸਾ, ਦੁਬਈ ਤੋਂ ਘਰ ਪਰਤ ਰਹੇ ਸ਼ਖ਼ਸ ਦੀ ਮੌਤ!

ਅੰਮ੍ਰਿਤਸਰ :- ਵਿਦੇਸ਼ ਤੋਂ ਆਪਣੇ ਘਰ ਵਾਪਸ ਆ ਰਹੇ ਸ਼ਾਹਕੋਟ ਦੇ ਨੌਜਵਾਨ ਲਈ ਇਹ ਯਾਤਰਾ ਜ਼ਿੰਦਗੀ ਦੀ ਆਖ਼ਰੀ ਯਾਤਰਾ ਸਾਬਤ ਹੋਈ। ਮਲਸੀਆਂ ਰੋਡ ’ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਆਈ-20 ਕਾਰ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਇਕ ਦੋਸਤ ਗੰਭੀਰ ਹਾਲਤ ਵਿੱਚ ਜ਼ਿੰਦਗੀ ਲਈ ਜੂਝ ਰਿਹਾ ਹੈ।

ਤੇਜ਼ ਰਫ਼ਤਾਰ ਨੇ ਲੈ ਲਈ ਜਾਨ

ਪ੍ਰਾਪਤ ਜਾਣਕਾਰੀ ਮੁਤਾਬਕ ਆਈ-20 ਕਾਰ ਬੇਹੱਦ ਤੇਜ਼ ਗਤੀ ਵਿੱਚ ਸੀ, ਜੋ ਪਹਿਲਾਂ ਇਕ ਸਵਿਫਟ ਕਾਰ ਨਾਲ ਟਕਰਾਈ। ਇਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਇਕ ਟਰੱਕ ਨਾਲ ਜਾ ਵੱਜੀ ਅਤੇ ਅਖ਼ੀਰ ’ਚ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜ਼ੋਰਦਾਰ ਟਕਰਾਉਣ ਨਾਲ ਚਕਨਾਚੂਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਇੰਜਣ ਪੂਰੀ ਤਰ੍ਹਾਂ ਅੰਦਰ ਵੜ ਗਿਆ।

ਮ੍ਰਿਤਕ ਦੀ ਪਛਾਣ

ਹਾਦਸੇ ’ਚ ਮਾਰੇ ਗਏ ਨੌਜਵਾਨ ਦੀ ਪਛਾਣ ਦੀਪਕ ਸ਼ਰਮਾ (47) ਪੁੱਤਰ ਜਗਜੀਤ ਰਾਏ, ਵਾਸੀ ਕੋਟਲਾ ਸੂਰਜ ਮੱਲ, ਸ਼ਾਹਕੋਟ ਵਜੋਂ ਹੋਈ ਹੈ। ਦੀਪਕ ਸ਼ਰਮਾ ਦੁਬਈ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ ਅਤੇ ਅੱਜ ਹੀ ਭਾਰਤ ਵਾਪਸ ਆਇਆ ਸੀ।

ਏਅਰਪੋਰਟ ਤੋਂ ਲੈਣ ਆਏ ਦੋਸਤ ਬਣੇ ਹਾਦਸੇ ਦੇ ਗਵਾਹ

ਦੀਪਕ ਸ਼ਰਮਾ ਨੇ ਆਪਣੇ ਦੋਸਤਾਂ ਵੰਸ਼ ਅਰੋੜਾ ਅਤੇ ਸਾਹਿਲ ਅਰੋੜਾ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਲੈਣ ਲਈ ਕਿਹਾ ਸੀ। ਤਿੰਨੇ ਜਦੋਂ ਕਾਰ ਰਾਹੀਂ ਸ਼ਾਹਕੋਟ ਵੱਲ ਜਾ ਰਹੇ ਸਨ ਤਾਂ ਨਿਹਾਲੂਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਇਹ ਭਿਆਨਕ ਹਾਦਸਾ ਵਾਪਰ ਗਿਆ।

ਇਕ ਦੀ ਮੌਤ, ਇਕ ਜ਼ਿੰਦਗੀ-ਮੌਤ ਦੀ ਲੜਾਈ ’ਚ

ਹਾਦਸੇ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਜ਼ਖ਼ਮੀਆਂ ਨੂੰ ਕਾਰ ’ਚੋਂ ਬਾਹਰ ਕੱਢਿਆ। ਦੀਪਕ ਸ਼ਰਮਾ ਦੀ ਮੌਤ ਹੋ ਚੁੱਕੀ ਸੀ, ਜਦਕਿ ਵੰਸ਼ ਅਰੋੜਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਤੁਰੰਤ ਜਲੰਧਰ ਰੈਫ਼ਰ ਕਰ ਦਿੱਤਾ ਗਿਆ। ਤੀਜਾ ਦੋਸਤ ਸਾਹਿਲ ਅਰੋੜਾ ਸੁਰੱਖਿਅਤ ਹੈ।

ਪੁਲਸ ਵੱਲੋਂ ਕਾਰਵਾਈ ਸ਼ੁਰੂ

ਲੋਹੀਆਂ ਪੁਲਸ ਚੌਕੀ ਦੇ ਏ.ਐੱਸ.ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਨਕੋਦਰ ਮੋਰਚਰੀ ’ਚ ਰੱਖਿਆ ਗਿਆ ਹੈ ਅਤੇ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

ਪਰਿਵਾਰ ’ਚ ਛਾਇਆ ਸੋਗ

ਮ੍ਰਿਤਕ ਦੀਪਕ ਸ਼ਰਮਾ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਦੁਬਈ ਤੋਂ ਘਰ ਆਉਣ ਦੀ ਖੁਸ਼ੀ ਪਰਿਵਾਰ ਲਈ ਕਦੇ ਨਾ ਭਰਨ ਵਾਲਾ ਜ਼ਖ਼ਮ ਬਣ ਗਈ। ਘਟਨਾ ਤੋਂ ਬਾਅਦ ਇਲਾਕੇ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਪੰਜਾਬ ‘ਚ ਧੁੰਦ–ਸੀਤ ਲਹਿਰ ਦਾ ਕਹਿਰ, ਮੌਸਮ ਵਿਭਾਗ ਵੱਲੋਂ ਓਰੇਂਜ ਅਲਰਟ, ਸੂਬੇ ਦੇ ਸਭ ਜ਼ਿਲ੍ਹਿਆਂ ‘ਚ ਸੰਘਣੀ ਧੁੰਦ, ਚਾਰ ਜ਼ਿਲ੍ਹਿਆਂ ‘ਚ ਕੋਲਡ ਡੇ ਦੀ ਚੇਤਾਵਨੀ

ਚੰਡੀਗੜ੍ਹ :- ਪੰਜਾਬ ਭਰ ਵਿੱਚ ਬੁੱਧਵਾਰ ਨੂੰ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਨੇ ਜਨ-ਜੀਵਨ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਲਈ ਧੁੰਦ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਹੈ, ਜਦਕਿ ਮੋਹਾਲੀ, ਨਵਾਂਸ਼ਹਿਰ, ਰੂਪਨਗਰ ਅਤੇ ਪਟਿਆਲਾ ਵਿੱਚ ਸੀਤ ਲਹਿਰ ਨਾਲ ਕੋਲਡ ਡੇ ਵਰਗੀ ਸਥਿਤੀ ਬਣਨ ਦੀ ਸੰਭਾਵਨਾ ਜਤਾਈ ਗਈ ਹੈ।

24 ਘੰਟਿਆਂ ‘ਚ ਪਾਰਾ ਦੋ ਡਿਗਰੀ ਡਿੱਗਿਆ
ਪਿਛਲੇ ਇੱਕ ਦਿਨ ਦੌਰਾਨ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ ਦੋ ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ, ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ। ਰਾਤ ਦੇ ਤਾਪਮਾਨ ‘ਚ ਵੀ ਲਗਾਤਾਰ ਗਿਰਾਵਟ ਜਾਰੀ ਹੈ। ਬਠਿੰਡਾ ਸੂਬੇ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਹੋਇਆ। ਹਾਲਾਂਕਿ ਮੌਸਮ ਖੁਸ਼ਕ ਬਣਿਆ ਰਹੇਗਾ।

ਅੰਮ੍ਰਿਤਸਰ–ਹਲਵਾਰਾ ‘ਚ ਵਿਜ਼ੀਬਿਲਟੀ ਸਿਫ਼ਰ
ਸਵੇਰੇ ਦੇ ਸਮੇਂ ਧੁੰਦ ਦਾ ਅਸਰ ਇੰਨਾ ਗਹਿਰਾ ਰਿਹਾ ਕਿ ਅੰਮ੍ਰਿਤਸਰ ਅਤੇ ਹਲਵਾਰਾ ਵਿੱਚ ਵਿਜ਼ੀਬਿਲਟੀ ਪੂਰੀ ਤਰ੍ਹਾਂ ਸਿਫ਼ਰ ਦਰਜ ਕੀਤੀ ਗਈ। ਬੱਲੋਵਾਲ ਸੌਂਖੜੀ ਵਿੱਚ ਵਿਜ਼ੀਬਿਲਟੀ ਸਿਰਫ਼ 10 ਮੀਟਰ ਰਹੀ, ਜਦਕਿ ਬਠਿੰਡਾ ਵਿੱਚ ਇਹ 150 ਮੀਟਰ ਤੱਕ ਸੀਮਿਤ ਰਹੀ।

ਕਈ ਜ਼ਿਲ੍ਹਿਆਂ ‘ਚ ਬਹੁਤ ਸੰਘਣੀ ਧੁੰਦ ਦੀ ਸੰਭਾਵਨਾ
ਅੱਜ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਬਹੁਤ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਰੂਪਨਗਰ, ਐਸਏਐਸ ਨਗਰ (ਮੁਹਾਲੀ) ਅਤੇ ਮਲੇਰਕੋਟਲਾ ਵਿੱਚ ਕਈ ਥਾਵਾਂ ‘ਤੇ ਸੰਘਣੀ ਧੁੰਦ ਰਹਿ ਸਕਦੀ ਹੈ। ਨਵਾਂਸ਼ਹਿਰ, ਰੂਪਨਗਰ, ਪਟਿਆਲਾ ਅਤੇ ਮੁਹਾਲੀ ਸਮੇਤ ਮਾਲਵਾ ਦੇ ਕੁਝ ਇਲਾਕਿਆਂ ‘ਚ ਕੋਲਡ ਡੇ ਦੀ ਸਥਿਤੀ ਬਣ ਸਕਦੀ ਹੈ।

ਚੰਡੀਗੜ੍ਹ ਤੇ ਰੂਪਨਗਰ ‘ਚ ਤਾਪਮਾਨ ਦੀ ਸਭ ਤੋਂ ਵੱਡੀ ਗਿਰਾਵਟ
ਵੱਧ ਤੋਂ ਵੱਧ ਤਾਪਮਾਨ ਦੇ ਮਾਮਲੇ ‘ਚ ਚੰਡੀਗੜ੍ਹ ਵਿੱਚ 5.3 ਡਿਗਰੀ ਦੀ ਸਭ ਤੋਂ ਵੱਡੀ ਕਮੀ ਦਰਜ ਕੀਤੀ ਗਈ, ਜਿੱਥੇ ਪਾਰਾ 13.4 ਡਿਗਰੀ ਸੈਲਸੀਅਸ ਤੱਕ ਆ ਗਿਆ। ਰੂਪਨਗਰ ਵਿੱਚ 6.2 ਡਿਗਰੀ ਅਤੇ ਹੁਸ਼ਿਆਰਪੁਰ ਵਿੱਚ 4.4 ਡਿਗਰੀ ਦੀ ਗਿਰਾਵਟ ਦਰਜ ਹੋਈ। ਸੂਬੇ ਭਰ ਵਿੱਚ ਵੱਧ ਤੋਂ ਵੱਧ ਤਾਪਮਾਨ 11.2 ਤੋਂ 19.2 ਡਿਗਰੀ ਦਰਮਿਆਨ ਰਿਹਾ, ਜਦਕਿ ਅੰਮ੍ਰਿਤਸਰ ਵਿੱਚ 11.8 ਡਿਗਰੀ ਦਰਜ ਕੀਤਾ ਗਿਆ।

ਅਗਲੇ ਤਿੰਨ ਦਿਨ: ਠੰਢ ਹੋਰ ਤੇਜ਼ ਹੋਵੇਗੀ
ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਤੱਕ ਹੋਰ ਡਿੱਗ ਸਕਦਾ ਹੈ, ਇਸ ਤੋਂ ਬਾਅਦ ਤਾਪਮਾਨ ‘ਚ ਵੱਡਾ ਬਦਲਾਅ ਨਹੀਂ ਆਵੇਗਾ।

8, 9 ਤੇ 10 ਜਨਵਰੀ ਦੀ ਤਸਵੀਰ
8 ਜਨਵਰੀ ਨੂੰ ਸੂਬੇ ਦੇ ਬਹੁਤੇ ਜ਼ਿਲ੍ਹਿਆਂ ‘ਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ।
9 ਅਤੇ 10 ਜਨਵਰੀ ਨੂੰ ਵੀ ਮਾਝਾ ਅਤੇ ਮਾਲਵਾ ਦੇ ਕਈ ਇਲਾਕਿਆਂ ‘ਚ ਧੁੰਦ ਦਾ ਅਸਰ ਬਣਿਆ ਰਹੇਗਾ, ਹਾਲਾਂਕਿ ਮੌਸਮ ਸੁੱਕਾ ਰਹਿਣ ਦੀ ਉਮੀਦ ਹੈ।

ਮੌਸਮ ਵਿਭਾਗ ਨੇ ਲੋਕਾਂ ਨੂੰ ਸਵੇਰੇ ਅਤੇ ਰਾਤ ਦੇ ਸਮੇਂ ਸਾਵਧਾਨੀ ਵਰਤਣ, ਖ਼ਾਸ ਕਰਕੇ ਸੜਕ ਯਾਤਰਾ ਦੌਰਾਨ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।

ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਐਸਆਈਟੀ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਕਲੀਨ ਚਿੱਟ

ਚੰਡੀਗੜ੍ਹ :- ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਕਲੀਨ ਚਿੱਟ ਦੇ ਦਿੱਤੀ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਐਸਆਈਟੀ ਵੱਲੋਂ ਦਾਖਲ ਕੀਤੀ ਗਈ ਚਾਰਜਸ਼ੀਟ ‘ਚ ਸੁਮੇਧ ਸੈਣੀ ਨੂੰ ਬੇਦੋਸ਼ ਕਰਾਰ ਦਿੰਦਿਆਂ ਖਾਨਾ ਨੰਬਰ 2 ਵਿੱਚ ਦਰਜ ਕੀਤਾ ਗਿਆ ਹੈ।

2021 ‘ਚ ਦਰਜ ਕੇਸ, ਅੱਜ ਚਾਰਜਸ਼ੀਟ ਅਦਾਲਤ ‘ਚ ਪੇਸ਼
ਵਿਜੀਲੈਂਸ ਬਿਊਰੋ ਵੱਲੋਂ ਸਾਲ 2021 ਵਿੱਚ ਲੋਕ ਨਿਰਮਾਣ ਵਿਭਾਗ ਦੇ ਤਤਕਾਲੀ ਕਾਰਜਕਾਰੀ ਇੰਜਨੀਅਰ ਨਿਮਰਤਦੀਪ ਸਿੰਘ ਵਾਸੀ ਸੈਕਟਰ-35 ਚੰਡੀਗੜ੍ਹ, ਉਸ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ ਵਾਸੀ ਫੇਜ਼-3 ਬੀ-1 ਮੋਹਾਲੀ, ਅਜੇ ਕੌਸ਼ਲ, ਪ੍ਰਦੁੱਮਣ ਸਿੰਘ (ਦੋਵੇਂ ਵਾਸੀ ਹੁਸ਼ਿਆਰਪੁਰ) ਅਤੇ ਅਮਿਤ ਸਿੰਗਲਾ ਵਾਸੀ ਸੈਕਟਰ-27 ਏ ਚੰਡੀਗੜ੍ਹ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਨਾਮਜ਼ਦ ਕੀਤਾ ਗਿਆ ਸੀ। ਅੱਜ ਐਸਆਈਟੀ ਨੇ ਉਕਤ ਪੰਜਾਂ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕਰ ਦਿੱਤੀ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 17 ਜਨਵਰੀ ਦੀ ਤਾਰੀਖ਼ ਤੈਅ ਕੀਤੀ ਹੈ।

ਸਾਬਕਾ ਡੀਜੀਪੀ ਦਾ ਨਾਂ ਹਟਾਇਆ, ਐਸਆਈਟੀ ਦੀ ਰਿਪੋਰਟ ‘ਚ ਵੱਡਾ ਮੋੜ
ਵਿਜੀਲੈਂਸ ਵੱਲੋਂ ਪਹਿਲਾਂ ਇਸ ਕੇਸ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਬਾਅਦ ਸੁਮੇਧ ਸੈਣੀ ਨੇ ਆਪਣੇ ਉੱਤੇ ਦਰਜ ਐਫਆਈਆਰ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਉੱਚ ਅਦਾਲਤ ਦਾ ਰੁਖ ਕੀਤਾ, ਜਿਸ ਉਪਰਾਂਤ ਕੇਸ ਨੂੰ ਐਸਐਸ ਵਾਸਤਵ ਦੀ ਅਗਵਾਈ ਹੇਠ ਬਣੀ ਐਸਆਈਟੀ ਨੂੰ ਸੌਂਪਿਆ ਗਿਆ। ਲੰਬੀ ਜਾਂਚ ਮਗਰੋਂ ਐਸਆਈਟੀ ਨੇ ਸੈਣੀ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ।

35 ਤੋਂ ਵੱਧ ਅਚੱਲ ਜਾਇਦਾਦਾਂ ਬਣਾਉਣ ਦੇ ਦੋਸ਼
ਜਾਂਚ ਏਜੰਸੀ ਮੁਤਾਬਕ ਨਿਮਰਤਦੀਪ ਸਿੰਘ ਅਤੇ ਉਸ ਦੇ ਪਿਤਾ ਨੇ ਮੋਹਾਲੀ, ਚੰਡੀਗੜ੍ਹ, ਪੰਚਕੂਲਾ, ਮੁੱਲਾਂਪੁਰ, ਕੁਰਾਲੀ ਸਮੇਤ ਕਈ ਥਾਵਾਂ ‘ਤੇ ਕਰੀਬ 35 ਅਚੱਲ ਜਾਇਦਾਦਾਂ ਤਿਆਰ ਕੀਤੀਆਂ। ਇਸ ਤੋਂ ਇਲਾਵਾ ਪਰਿਵਾਰ ਦੇ 22 ਦੇ ਕਰੀਬ ਬੈਂਕ ਖਾਤਿਆਂ ‘ਚ ਲਗਭਗ 4 ਕਰੋੜ 88 ਲੱਖ ਰੁਪਏ ਜਮ੍ਹਾਂ ਹਨ, ਜਦਕਿ 11 ਕਰੋੜ ਤੋਂ ਵੱਧ ਦੀਆਂ ਐਫਡੀਜ਼ ਅਤੇ 2 ਕਰੋੜ ਤੋਂ ਉਪਰ ਦੀ ਵਿਦੇਸ਼ੀ ਕਰੰਸੀ ਖਰੀਦ ਦਾ ਵੀ ਜ਼ਿਕਰ ਚਾਰਜਸ਼ੀਟ ‘ਚ ਕੀਤਾ ਗਿਆ ਹੈ।

ਆਮਦਨ ਅਤੇ ਖਰਚ ‘ਚ ਵੱਡਾ ਅੰਤਰ
ਐਸਆਈਟੀ ਅਨੁਸਾਰ ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੀ ਕੁੱਲ ਆਮਦਨ ਲਗਭਗ 20 ਕਰੋੜ 57 ਲੱਖ ਰੁਪਏ ਦੱਸੀ ਗਈ ਹੈ, ਜਦਕਿ ਖਰਚਾ 56 ਕਰੋੜ 16 ਲੱਖ ਰੁਪਏ ਤੋਂ ਵੱਧ ਦਰਜ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਜਾਇਦਾਦਾਂ ਦੀ ਖਰੀਦ-ਫ਼ਰੋਖ਼ਤ ਦੌਰਾਨ ਮਹਿੰਗੀ ਜ਼ਮੀਨ ਨੂੰ ਸਸਤੀ ਦਰਸਾ ਕੇ ਲੈਣ-ਦੇਣ ਕੀਤਾ।

ਸੁਮੇਧ ਸੈਣੀ ‘ਤੇ ਲੱਗੇ ਦੋਸ਼ ਜਾਂਚ ‘ਚ ਸਾਬਤ ਨਾ ਹੋਏ
ਵਿਜੀਲੈਂਸ ਵੱਲੋਂ ਦੋਸ਼ ਲਗਾਏ ਗਏ ਸਨ ਕਿ ਸੁਮੇਧ ਸੈਣੀ ਨੇ ਨਿਮਰਤਦੀਪ ਸਿੰਘ ਅਤੇ ਹੋਰਨਾਂ ਨਾਲ ਮਿਲ ਕੇ ਚੰਡੀਗੜ੍ਹ ਦੇ ਸੈਕਟਰ-20 ਡੀ ਵਿੱਚ ਇਕ ਕੋਠੀ ਪਹਿਲਾਂ ਕਿਰਾਏ ‘ਤੇ ਲਈ ਅਤੇ ਬਾਅਦ ਵਿੱਚ ਉਸ ਦੀ ਖਰੀਦ ਨਾਲ ਸਬੰਧਤ ਇਕਰਾਰਨਾਮੇ ਦੀ ਗੱਲ ਸਾਹਮਣੇ ਆਈ। ਹਾਲਾਂਕਿ ਐਸਆਈਟੀ ਦੀ ਜਾਂਚ ਦੌਰਾਨ ਇਹ ਦੋਸ਼ ਸਾਬਤ ਨਹੀਂ ਹੋ ਸਕੇ, ਜਿਸ ਕਾਰਨ ਸਾਬਕਾ ਡੀਜੀਪੀ ਨੂੰ ਬੇਦੋਸ਼ ਕਰਾਰ ਦਿੱਤਾ ਗਿਆ।

ਮਾਮਲੇ ‘ਚ ਕਾਨੂੰਨੀ ਕਾਰਵਾਈ ਜਾਰੀ
ਹੁਣ ਅਦਾਲਤ ਵਿੱਚ ਦਾਖਲ ਕੀਤੀ ਗਈ ਚਾਰਜਸ਼ੀਟ ਦੇ ਆਧਾਰ ‘ਤੇ ਪੰਜਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਅੱਗੇ ਵਧੇਗੀ, ਜਦਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਇਸ ਕੇਸ ਵਿੱਚ ਵੱਡੀ ਰਾਹਤ ਮਿਲੀ ਹੈ।