Home Blog Page 704

ਇੰਗਲੈਂਡ ਤੋਂ ਆਈ ਦੁਖਦਾਈ ਖ਼ਬਰ: ਦੀਨਾਨਗਰ ਦੇ ਨੌਜਵਾਨ ਦੀ ਬਰਮਿੰਘਮ ‘ਚ ਸ਼ੱਕੀ ਮੌਤ

ਦੀਨਾਨਗਰ :- ਦੀਨਾਨਗਰ ਦੇ ਰੇਲਵੇ ਸਟੇਸ਼ਨ ਨੇੜਲੇ ਇਲਾਕੇ ਨਾਲ ਸਬੰਧਤ ਇੱਕ ਨੌਜਵਾਨ ਦੀ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮੌਤ ਦੇ ਹਾਲਾਤ ਸ਼ੱਕੀ ਦੱਸੇ ਜਾ ਰਹੇ ਹਨ, ਜਿਸ ਕਾਰਨ ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿੱਚ ਹਨ।

ਪੰਜ ਸਾਲ ਪਹਿਲਾਂ ਰੋਜ਼ਗਾਰ ਦੀ ਤਲਾਸ਼ ‘ਚ ਗਿਆ ਸੀ ਇੰਗਲੈਂਡ

ਮ੍ਰਿਤਕ ਦੇ ਪਿਤਾ ਪਵਨ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਲਗਭਗ ਪੰਜ ਸਾਲ ਪਹਿਲਾਂ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੀ ਆਸ ਨਾਲ ਇੰਗਲੈਂਡ ਗਿਆ ਸੀ। ਬਰਮਿੰਘਮ ਵਿੱਚ ਉਹ ਇੱਕ ਪਾਕਿਸਤਾਨੀ ਮਹਿਲਾ ਦੇ ਘਰ ਡਿਲੀਵਰੀ ਬੁਆਏ ਵਜੋਂ ਕੰਮ ਕਰ ਰਿਹਾ ਸੀ ਅਤੇ ਉਥੇ ਹੀ ਰਹਿ ਰਿਹਾ ਸੀ।

ਮਾਂ ਨਾਲ ਆਖ਼ਰੀ ਗੱਲਬਾਤ, ਅਗਲੇ ਦਿਨ ਆਈ ਮੌਤ ਦੀ ਖ਼ਬਰ

ਪਿਤਾ ਅਨੁਸਾਰ 10 ਜਨਵਰੀ ਦੀ ਰਾਤ ਨੂੰ ਨੌਜਵਾਨ ਨੇ ਆਪਣੀ ਮਾਂ ਅਤੇ ਦੋ ਭਰਾਵਾਂ ਨਾਲ ਫ਼ੋਨ ‘ਤੇ ਗੱਲ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਕੰਮ ਮੁਕਾ ਕੇ ਉਹ ਆਪਣੇ ਕਮਰੇ ਵਾਪਸ ਆ ਗਿਆ ਹੈ। ਪਰ 11 ਜਨਵਰੀ ਦੀ ਸਵੇਰ ਪਰਿਵਾਰ ਨੂੰ ਫ਼ੋਨ ਆਇਆ, ਜਿਸ ‘ਚ ਉਸਦੀ ਮੌਤ ਦੀ ਸੂਚਨਾ ਦਿੱਤੀ ਗਈ। ਇਸ ਖ਼ਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ।

ਘਰ ਦਾ ਇਕਲੌਤਾ ਕਮਾਉਣ ਵਾਲਾ ਸੀ ਨੌਜਵਾਨ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਘਰ ਦਾ ਮੁੱਖ ਕਮਾਉਣ ਵਾਲਾ ਸੀ। ਪਿਤਾ ਪਵਨ ਕੁਮਾਰ ਚਾਹ ਵੇਚ ਕੇ ਘਰ ਚਲਾਉਂਦਾ ਸੀ, ਜਦਕਿ ਦੋ ਛੋਟੇ ਪੁੱਤਰ ਇੱਕ ਮੋਬਾਈਲ ਦੀ ਦੁਕਾਨ ‘ਤੇ ਕੰਮ ਕਰਦੇ ਹਨ। ਵੱਡੇ ਪੁੱਤਰ ਦੀ ਮੌਤ ਨਾਲ ਪਰਿਵਾਰ ਦੀ ਆਰਥਿਕ ਹਾਲਤ ਹੋਰ ਵੀ ਡਗਮਗਾ ਗਈ ਹੈ।

ਲਾਸ਼ ਵਤਨ ਲਿਆਉਣ ਲਈ ਸੰਸਦ ਮੈਂਬਰ ਨੂੰ ਲਿਖਿਆ ਪੱਤਰ

ਪਿਤਾ ਵੱਲੋਂ ਆਪਣੇ ਪੁੱਤਰ ਦੀ ਦੇਹ ਭਾਰਤ ਵਾਪਸ ਲਿਆਉਣ ਲਈ ਗੁਰਦਾਸਪੁਰ ਤੋਂ ਸੰਸਦ ਮੈਂਬਰ ਨੂੰ ਲਿਖਤੀ ਬੇਨਤੀ ਕੀਤੀ ਗਈ ਹੈ। ਇਸਦੇ ਨਾਲ ਹੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲੋਂ ਵੀ ਮਦਦ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਪਰਿਵਾਰ ਆਖ਼ਰੀ ਸੰਸਕਾਰ ਆਪਣੇ ਵਤਨ ਵਿੱਚ ਕਰ ਸਕੇ।

ਇਲਾਕੇ ‘ਚ ਸੋਗ, ਲੋਕਾਂ ਵੱਲੋਂ ਇਨਸਾਫ਼ ਦੀ ਮੰਗ

ਇਸ ਮੰਦਭਾਗੀ ਘਟਨਾ ਤੋਂ ਬਾਅਦ ਦੀਨਾਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੋਗ ਦਾ ਮਾਹੌਲ ਹੈ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮੌਤ ਦੇ ਕਾਰਨਾਂ ਦੀ ਪੂਰੀ ਜਾਂਚ ਹੋਵੇ ਅਤੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ।

ਕੈਨੇਡਾ ਦੇ ਸਰੀ ਸ਼ਹਿਰ ‘ਚ ਗੋਲੀਆਂ ਨਾਲ ਪੰਜਾਬੀ ਕਾਰੋਬਾਰੀ ਦੀ ਹੱਤਿਆ, ਭਾਈਚਾਰੇ ‘ਚ ਸੋਗ

ਕੈਨੇਡਾ :- ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਲਗਾਤਾਰ ਚਿੰਤਾ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਐਬਟਸਫੋਰਡ ਸ਼ਹਿਰ ਵਿੱਚ ਵਾਪਰੀ ਕਤਲ ਦੀ ਘਟਨਾ ਤੋਂ ਬਾਅਦ ਹੁਣ ਮਿੰਨੀ ਪੰਜਾਬ ਵਜੋਂ ਮਸ਼ਹੂਰ ਸਰੀ ਸ਼ਹਿਰ ਤੋਂ ਇੱਕ ਹੋਰ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਇੱਕ ਪੰਜਾਬੀ ਕਾਰੋਬਾਰੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਅਮਰੀਕੀ ਸਰਹੱਦ ਨੇੜੇ ਦਿਨ ਦਿਹਾੜੇ ਹਮਲਾ

ਇਹ ਮੰਦਭਾਗੀ ਵਾਰਦਾਤ ਸਰੀ ਸ਼ਹਿਰ ਦੇ 176 ਸਟਰੀਟ ਅਤੇ 35 ਐਵਨਿਊ ਦੇ ਨੇੜਲੇ ਇਲਾਕੇ ਵਿੱਚ ਦੁਪਹਿਰ ਸਮੇਂ ਵਾਪਰੀ। ਪ੍ਰਾਪਤ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਅਚਾਨਕ ਗੋਲੀਆਂ ਚਲਾ ਕੇ ਪੰਜਾਬੀ ਕਾਰੋਬਾਰੀ ਬਿੰਦਰ ਗਰਚਾ ਦੀ ਜਾਨ ਲੈ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਅਫ਼ਰਾਤਫ਼ਰੀ ਦਾ ਮਾਹੌਲ ਬਣ ਗਿਆ।

ਪੰਜਾਬ ਨਾਲ ਸਬੰਧ, ਸਰੀ ‘ਚ ਸਥਾਪਿਤ ਸੀ ਕਾਰੋਬਾਰ

ਮ੍ਰਿਤਕ ਬਿੰਦਰ ਗਰਚਾ ਦਾ ਸਬੰਧ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਦੱਸਿਆ ਜਾ ਰਿਹਾ ਹੈ। ਉਹ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਵਸਦਾ ਸੀ ਅਤੇ ਇੱਥੇ ਇੱਕ ਬੈਂਕੁਇਟ ਹਾਲ ਅਤੇ ਫੋਟੋ ਸਟੂਡੀਓ ਦਾ ਮਾਲਕ ਸੀ। ਉਸਨੂੰ ਇੱਕ ਮਿਹਨਤੀ ਅਤੇ ਸ਼ਾਂਤ ਸੁਭਾਅ ਵਾਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ।

ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਬਿੰਦਰ ਗਰਚਾ ਦੀ ਅਚਾਨਕ ਮੌਤ ਨਾਲ ਉਸਦਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਮ੍ਰਿਤਕ ਆਪਣੇ ਪਿੱਛੇ ਦੋ ਧੀਆਂ, ਇੱਕ ਪੁੱਤਰ, ਪਤਨੀ ਅਤੇ ਬਜ਼ੁਰਗ ਮਾਂ-ਪਿਓ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਲਈ ਇਹ ਦੁੱਖ ਸਹਿਣ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

ਸਰੀ ਦੇ ਪੰਜਾਬੀ ਭਾਈਚਾਰੇ ‘ਚ ਗਹਿਰਾ ਸਨਾਟਾ

ਇਸ ਕਤਲ ਦੀ ਖ਼ਬਰ ਫੈਲਦੇ ਹੀ ਸਰੀ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ। ਲੋਕਾਂ ਵੱਲੋਂ ਕੈਨੇਡਾ ਦੀ ਕਾਨੂੰਨ-ਵਿਵਸਥਾ ਅਤੇ ਪੰਜਾਬੀ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਜਾ ਰਹੀ ਹੈ।

ਪੁਲਿਸ ਵੱਲੋਂ ਜਾਂਚ ਸ਼ੁਰੂ, ਕਾਰਨ ਅਜੇ ਅਸਪਸ਼ਟ

ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲੇ ਦੇ ਕਾਰਨ ਅਤੇ ਹਮਲਾਵਰਾਂ ਦੀ ਪਛਾਣ ਬਾਰੇ ਹਾਲੇ ਤੱਕ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਸੰਭਾਵਿਤ ਪੱਖਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਫਿਰੋਜ਼ਪੁਰ ਦੇ ਪਿੰਡ ਚੱਕ ਸੋਮੀਆ ‘ਚ ਸਨਸਨੀ, ਘਰ ਨੇੜੇ ਮਿਲੀ ਨੌਜਵਾਨ ਦੀ ਲਾਸ਼, ਕੁੱਤਿਆਂ ਵੱਲੋਂ ਨੋਚਿਆ!

ਫਿਰੋਜ਼ਪੁਰ :- ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚੱਕ ਸੋਮੀਆ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਨੌਜਵਾਨ ਦੀ ਲਾਸ਼ ਪਿੰਡ ਦੇ ਬਾਹਰ ਪਈ ਮਿਲੀ। ਮਾਮਲਾ ਇੰਨਾ ਦਰਦਨਾਕ ਹੈ ਕਿ ਪੂਰਾ ਪਿੰਡ ਸੋਗ ਅਤੇ ਡਰ ਦੇ ਸਾਏ ਹੇਠ ਆ ਗਿਆ। ਮ੍ਰਿਤਕ ਦੀ ਪਛਾਣ ਕੁਲਬੀਰ ਸਿੰਘ ਪੁੱਤਰ ਦਾਰਾ ਸਿੰਘ ਵਜੋਂ ਹੋਈ ਹੈ, ਜੋ ਇਸੇ ਪਿੰਡ ਦਾ ਰਹਿਣ ਵਾਲਾ ਸੀ।

ਘਰ ਤੋਂ ਕੁਝ ਹੀ ਕਦਮਾਂ ਦੀ ਦੂਰੀ ‘ਤੇ ਡਿੱਗਿਆ ਨੌਜਵਾਨ

ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਬੀਰ ਸਿੰਘ ਦੇਰ ਰਾਤ ਕਿਸੇ ਸਮਾਰੋਹ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ। ਜਦੋਂ ਉਹ ਘਰ ਤੋਂ ਲਗਭਗ 60 ਮੀਟਰ ਪਹਿਲਾਂ ਰੁਕਿਆ, ਤਾਂ ਉਹ ਮੋਟਰਸਾਈਕਲ ਤੋਂ ਸੰਤੁਲਨ ਗੁਆ ਬੈਠਾ ਅਤੇ ਸੜਕ ਕਿਨਾਰੇ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਉਹ ਨਸ਼ੇ ਦੀ ਹਾਲਤ ਵਿੱਚ ਸੀ।

ਆਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਹਮਲੇ ਦੀ ਚਰਚਾ

ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਨੌਜਵਾਨ ਡਿੱਗਿਆ, ਤਿਵੇਂ ਹੀ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਸ ‘ਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਉਸਨੂੰ ਬੁਰੀ ਤਰ੍ਹਾਂ ਨੋਚਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਬੇਹੋਸ਼ੀ ਅਤੇ ਗੰਭੀਰ ਚੋਟਾਂ ਕਾਰਨ ਕੁਝ ਹੀ ਸਮੇਂ ਵਿੱਚ ਉਸ ਦੀ ਮੌਤ ਹੋ ਗਈ।

ਸਵੇਰ ਦੀ ਰੋਜ਼ਾਨਾ ਰੁਟੀਨ ਨੇ ਖੋਲ੍ਹਿਆ ਭੇਦ

ਘਟਨਾ ਦਾ ਖੁਲਾਸਾ ਸਵੇਰੇ ਕਰੀਬ 7 ਵਜੇ ਉਸ ਸਮੇਂ ਹੋਇਆ, ਜਦੋਂ ਇੱਕ ਪਿੰਡ ਨਿਵਾਸੀ ਦੁੱਧ ਡੇਅਰੀ ‘ਤੇ ਪਾਉਣ ਲਈ ਜਾ ਰਿਹਾ ਸੀ। ਰਸਤੇ ਵਿੱਚ ਉਸ ਨੇ ਨੌਜਵਾਨ ਦੀ ਲਾਸ਼ ਪਈ ਦੇਖੀ, ਜਿਸ ਤੋਂ ਬਾਅਦ ਪਿੰਡ ਵਿੱਚ ਅਫ਼ਰਾਤਫ਼ਰੀ ਮਚ ਗਈ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕੀਤੀ

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਤੌਰ ‘ਤੇ ਮੌਤ ਦਾ ਕਾਰਨ ਆਵਾਰਾ ਕੁੱਤਿਆਂ ਦਾ ਹਮਲਾ ਮੰਨਿਆ ਜਾ ਰਿਹਾ ਹੈ, ਪਰ ਅਸਲ ਸੱਚ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਪਰਿਵਾਰ ਵੱਲੋਂ ਪੋਸਟਮਾਰਟਮ ਤੋਂ ਇਨਕਾਰ

ਇਸ ਮਾਮਲੇ ਵਿੱਚ ਨਵਾਂ ਮੋੜ ਉਸ ਵੇਲੇ ਆਇਆ, ਜਦੋਂ ਮ੍ਰਿਤਕ ਦੇ ਮਾਪਿਆਂ ਨੇ ਪੁਲਿਸ ਕੋਲ ਬੇਨਤੀ ਕੀਤੀ ਕਿ ਉਹ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ। ਪਰਿਵਾਰ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਵਿੱਚ ਨਹੀਂ ਪੈਣਾ ਚਾਹੁੰਦੇ ਅਤੇ ਬਿਨਾਂ ਪੋਸਟਮਾਰਟਮ ਦੇ ਹੀ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਹਨ।

ਪਿੰਡ ‘ਚ ਡਰ ਅਤੇ ਗੁੱਸੇ ਦਾ ਮਾਹੌਲ

ਇਸ ਘਟਨਾ ਤੋਂ ਬਾਅਦ ਪਿੰਡ ਚੱਕ ਸੋਮੀਆ ਵਿੱਚ ਆਵਾਰਾ ਕੁੱਤਿਆਂ ਦੇ ਵਧਦੇ ਖ਼ਤਰੇ ਨੂੰ ਲੈ ਕੇ ਡਰ ਅਤੇ ਗੁੱਸਾ ਦੋਵੇਂ ਹੀ ਨਜ਼ਰ ਆ ਰਹੇ ਹਨ। ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੱਢਿਆ ਜਾਵੇ।

ਮੋਹਾਲੀ ‘ਚ ਦਰਦਨਾਕ ਸੜਕ ਹਾਦਸਾ, ਟਿੱਪਰ ਦੀ ਟੱਕਰ ਨਾਲ ਸਕੂਟਰੀ ਸਵਾਰ ਮਹਿਲਾ ਦੀ ਮੌਤ!

0

ਮੋਹਾਲੀ :- ਮੋਹਾਲੀ ਵਿੱਚ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਛੀਨ ਲਈਆਂ। ਟਿੱਪਰ ਟਰੱਕ ਦੀ ਟੱਕਰ ਕਾਰਨ ਸਕੂਟਰੀ ‘ਤੇ ਸਵਾਰ ਇੱਕ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 32 ਸਾਲਾ ਅਨੁਜ ਦੇਵੀ ਵਜੋਂ ਹੋਈ ਹੈ, ਜੋ ਚੰਡੀਗੜ੍ਹ ਦੇ ਸੈਕਟਰ 13 ਸਥਿਤ ਮਾਡਲ ਕੰਪਲੈਕਸ ਦੀ ਰਹਿਣ ਵਾਲੀ ਸੀ।

ਮੈਕਡੋਨਲਡ ਚੌਕ ਤੋਂ ਵਾਪਸੀ ਦੌਰਾਨ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਅਨੁਜ ਦੇਵੀ ਆਪਣੀ ਭੈਣ ਬਬਲੀ ਨੂੰ ਲੈਣ ਲਈ ਜ਼ੀਰਕਪੁਰ ਦੇ ਮੈਕਡੋਨਲਡ ਚੌਕ ‘ਤੇ ਗਈ ਸੀ। ਦੋਵੇਂ ਭੈਣਾਂ ਜਦੋਂ ਵਾਪਸ ਮੁੜ ਰਹੀਆਂ ਸਨ, ਤਾਂ ਡੇਕਾਥਲੋਨ ਨੇੜੇ ਪਿੱਛੋਂ ਆ ਰਹੇ ਇੱਕ ਟਿੱਪਰ ਟਰੱਕ ਨੇ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਟਿੱਪਰ ਦੇ ਪਿਛਲੇ ਟਾਇਰ ਹੇਠ ਆਈ ਮਹਿਲਾ

ਟੱਕਰ ਕਾਰਨ ਅਨੁਜ ਦੇਵੀ ਸੜਕ ‘ਤੇ ਡਿੱਗ ਪਈ, ਜਦੋਂਕਿ ਉਸ ਦੀ ਭੈਣ ਇਕ ਪਾਸੇ ਡਿੱਗ ਗਈ। ਇਸ ਦੌਰਾਨ ਟਿੱਪਰ ਦਾ ਪਿਛਲਾ ਟਾਇਰ ਅਨੁਜ ਦੇਵੀ ਦੇ ਪੇਟ ਉੱਤੋਂ ਲੰਘ ਗਿਆ, ਜਿਸ ਨਾਲ ਉਹ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ।

ਹਸਪਤਾਲ ਵਿੱਚ ਟੁੱਟਿਆ ਸਾਹਾਂ ਦਾ ਸਿਲਸਿਲਾ

ਘਟਨਾ ਨੂੰ ਦੇਖ ਕੇ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਐਂਬੂਲੈਂਸ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜ਼ਖਮੀ ਮਹਿਲਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਡਰਾਈਵਰ ਗ੍ਰਿਫ਼ਤਾਰ, ਮਾਮਲਾ ਦਰਜ

ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਬਲ ਵੱਲੋਂ ਟਿੱਪਰ ਡਰਾਈਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਬਾਅਦ ਵਿੱਚ ਪੁਲਿਸ ਨੇ ਮ੍ਰਿਤਕਾ ਦੀ ਭੈਣ ਬਬਲੀ ਦੇ ਬਿਆਨਾਂ ਦੇ ਆਧਾਰ ‘ਤੇ ਟਿੱਪਰ ਡਰਾਈਵਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 281 ਅਤੇ 106 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਰਿਵਾਰ ‘ਚ ਸੋਗ ਦੀ ਲਹਿਰ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਨੁਜ ਦੇਵੀ ਦਾ ਪਤੀ ਪੇਸ਼ੇ ਤੋਂ ਵਕੀਲ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਘਰ ਵਿੱਚ ਮਾਤਮ ਛਾ ਗਿਆ ਅਤੇ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ।

ਮੋਗਾ ਜ਼ਿਲ੍ਹੇ ‘ਚ ਹਥਿਆਰਾਂ ਦੀ ਨੁਮਾਇਸ਼ ‘ਤੇ ਸਖ਼ਤ ਪਾਬੰਦੀ, ਸਮਾਗਮਾਂ ਤੇ ਇਕੱਠਾਂ ‘ਚ ਲੈ ਕੇ ਜਾਣ ‘ਤੇ ਰੋਕ

ਮੋਗਾ :- ਮੋਗਾ ਜ਼ਿਲ੍ਹੇ ਵਿੱਚ ਅਮਨ ਅਤੇ ਕਾਨੂੰਨੀ ਵਿਵਸਥਾ ਨੂੰ ਸੁਚਾਰੂ ਰੱਖਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸਾਗਰ ਸੇਤੀਆ ਵੱਲੋਂ ਸਖ਼ਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਪ੍ਰਦਾਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਲਾਗੂ ਕੀਤੇ ਗਏ ਹਨ।

ਜਨਤਕ ਇਕੱਠਾਂ ਅਤੇ ਸਮਾਗਮਾਂ ‘ਚ ਹਥਿਆਰ ਲਿਜਾਣ ਮਨਾਹੀ
ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਮੋਗਾ ਦੀ ਹੱਦ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਸਮਾਗਮਾਂ, ਸਮਾਜਿਕ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਦੌਰਾਨ ਹਥਿਆਰ ਲੈ ਕੇ ਜਾਣ ਜਾਂ ਉਨ੍ਹਾਂ ਦੀ ਨੁਮਾਇਸ਼ ਕਰਨ ‘ਤੇ ਪੂਰੀ ਤਰ੍ਹਾਂ ਰੋਕ ਰਹੇਗੀ।

ਹਿੰਸਾ ਨੂੰ ਉਕਸਾਉਣ ਵਾਲੇ ਗੀਤਾਂ ‘ਤੇ ਵੀ ਰੋਕ
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਨੂੰ ਵਜਾਉਣਾ ਜਾਂ ਪ੍ਰਚਾਰਿਤ ਕਰਨਾ ਵੀ ਕਾਨੂੰਨੀ ਉਲੰਘਣਾ ਮੰਨੀ ਜਾਵੇਗੀ। ਅਜਿਹੀ ਹਰਕਤ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਨਫਰਤੀ ਭਾਸ਼ਣ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ
ਉਨ੍ਹਾਂ ਕਿਹਾ ਕਿ ਕਿਸੇ ਵੀ ਭਾਈਚਾਰੇ ਜਾਂ ਵਰਗ ਵਿਰੁੱਧ ਨਫਰਤ ਫੈਲਾਉਣ ਵਾਲੇ ਭਾਸ਼ਣ ਜਾਂ ਬਿਆਨ ਬਰਦਾਸ਼ਤ ਨਹੀਂ ਕੀਤੇ ਜਾਣਗੇ। ਅਜਿਹੇ ਮਾਮਲਿਆਂ ਵਿੱਚ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਢਿੱਲ ਦੇ ਸਖ਼ਤ ਕਾਨੂੰਨੀ ਕਦਮ ਚੁੱਕੇ ਜਾਣਗੇ।

10 ਮਾਰਚ 2026 ਤੱਕ ਲਾਗੂ ਰਹਿਣਗੇ ਹੁਕਮ
ਸਾਗਰ ਸੇਤੀਆ ਨੇ ਦੱਸਿਆ ਕਿ ਇਹ ਪਾਬੰਦੀ ਆਦੇਸ਼ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਾਰੀ ਕੀਤੇ ਗਏ ਹਨ ਅਤੇ ਇਹ ਹੁਕਮ 10 ਮਾਰਚ 2026 ਤੱਕ ਲਾਗੂ ਰਹਿਣਗੇ। ਪ੍ਰਸ਼ਾਸਨ ਨੇ ਲੋਕਾਂ ਨੂੰ ਸਹਿਯੋਗ ਕਰਨ ਅਤੇ ਕਾਨੂੰਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਪੰਜਾਬ ਵਿੱਤ ਵਿਭਾਗ ‘ਚ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤੀ: 22 ਅਧਿਕਾਰੀ ਜਾਂਚ ਦੇ ਘੇਰੇ ‘ਚ, ਸਰਕਾਰ ਵੱਲੋਂ ਵੱਡੀ ਕਾਰਵਾਈ ਦੀ ਤਿਆਰੀ

ਚੰਡੀਗੜ੍ਹ :- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਖ਼ਜ਼ਾਨੇ ਨਾਲ ਖਿਲਵਾਰ ਕਰਨ ਵਾਲੇ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਹੁਦਾ ਚਾਹੇ ਜਿੰਨਾ ਮਰਜ਼ੀ ਉੱਚਾ ਹੋਵੇ, ਦੋਸ਼ ਸਾਬਤ ਹੋਣ ‘ਤੇ ਕਾਨੂੰਨ ਆਪਣਾ ਰਾਹ ਜ਼ਰੂਰ ਲਵੇਗਾ।

2022 ਦੀਆਂ ਸ਼ਿਕਾਇਤਾਂ ਤੋਂ ਖੁੱਲ੍ਹੀ ਪਰਤ
ਵਿੱਤ ਮੰਤਰੀ ਨੇ ਦੱਸਿਆ ਕਿ ਸਾਲ 2022 ਦੇ ਦਰਮਿਆਨੇ ਹਿੱਸੇ ਦੌਰਾਨ ਖ਼ਜ਼ਾਨਾ ਅਤੇ ਲੇਖਾ ਸ਼ਾਖਾ ਦੇ ਮੁੱਖ ਦਫ਼ਤਰ ਅਤੇ ਕੁਝ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ ‘ਚ ਤਾਇਨਾਤ ਚਾਰ ਮੁਲਾਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਸਬੰਧੀ ਗੰਭੀਰ ਸ਼ਿਕਾਇਤਾਂ ਮਿਲੀਆਂ ਸਨ। ਸ਼ਿਕਾਇਤਾਂ ਮਿਲਦਿਆਂ ਹੀ ਵਿਭਾਗ ਨੇ ਤੁਰੰਤ ਕਦਮ ਚੁੱਕਦਿਆਂ ਉਨ੍ਹਾਂ ਨੂੰ ਮੁਅੱਤਲ ਕਰਕੇ ਮਾਮਲਾ ਵਿਜੀਲੈਂਸ ਬਿਊਰੋ ਦੇ ਹਵਾਲੇ ਕਰ ਦਿੱਤਾ।

ਇੱਕ ਅਧਿਕਾਰੀ ਬਰਖ਼ਾਸਤ, ਤਿੰਨ ਨੂੰ ਸਖ਼ਤ ਸਜ਼ਾ
ਵਿਜੀਲੈਂਸ ਜਾਂਚ ਪੂਰੀ ਹੋਣ ਤੋਂ ਬਾਅਦ ਦਸੰਬਰ 2025 ਵਿੱਚ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਸੁਪਰਡੈਂਟ ਗ੍ਰੇਡ-2 ਦੇ ਅਹੁਦੇ ‘ਤੇ ਤਾਇਨਾਤ ਇੱਕ ਅਧਿਕਾਰੀ ਨੂੰ ਸਰਕਾਰੀ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ, ਜਦਕਿ ਬਾਕੀ ਤਿੰਨ ਮੁਲਾਜ਼ਮਾਂ ਨੂੰ ਸੇਵਾ ਨਿਯਮਾਂ ਅਨੁਸਾਰ ਕੜੀਆਂ ਸਜ਼ਾਵਾਂ ਦਿੱਤੀਆਂ ਗਈਆਂ। ਨਾਲ ਹੀ ਫੌਜਦਾਰੀ ਕਾਰਵਾਈ ਨੂੰ ਵੀ ਅੱਗੇ ਵਧਾਇਆ ਗਿਆ।

ਵਿਜੀਲੈਂਸ ਦੀ ਕਾਰਵਾਈ, ਗ੍ਰਿਫ਼ਤਾਰੀ ਅਤੇ ਰਿਮਾਂਡ
ਜਾਂਚ ਦੌਰਾਨ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਵੱਲੋਂ ਬਰਖ਼ਾਸਤ ਅਧਿਕਾਰੀ ਖ਼ਿਲਾਫ਼ ਐੱਫ.ਆਈ.ਆਰ ਨੰਬਰ 1/2026 ਦਰਜ ਕੀਤੀ ਗਈ। ਮੁਲਜ਼ਮ ਨੂੰ 11 ਜਨਵਰੀ 2026 ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਗੁਰਦਾਸਪੁਰ ਨੇ ਅਗਲੀ ਪੁੱਛਗਿੱਛ ਲਈ ਇਕ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ।

ਬੈਂਕ ਖਾਤਿਆਂ ਨੇ ਖੋਲ੍ਹਿਆ ਨਵਾਂ ਮਾਮਲਾ
ਚਾਰ ਮੁਲਾਜ਼ਮਾਂ ਦੇ ਬੈਂਕ ਲੈਣ-ਦੇਣ ਦੀ ਜਾਂਚ ਦੌਰਾਨ 22 ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਜੁੜੇ ਸ਼ੱਕੀ ਵਿੱਤੀ ਸੌਦੇ ਸਾਹਮਣੇ ਆਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰ ਨੇ ਪੂਰੀ ਪਾਰਦਰਸ਼ਤਾ ਨਾਲ ਜਾਂਚ ਕਰਵਾਉਣ ਲਈ ਇਕ ਸੇਵਾਮੁਕਤ ਜੱਜ ਨੂੰ ਇਹ ਜ਼ਿੰਮੇਵਾਰੀ ਸੌਂਪੀ।

22 ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ
ਸੇਵਾਮੁਕਤ ਜੱਜ ਦੀ ਨਿਰਪੱਖ ਰਿਪੋਰਟ ਦੇ ਆਧਾਰ ‘ਤੇ ਹੁਣ ਇਨ੍ਹਾਂ 22 ਅਧਿਕਾਰੀਆਂ ਅਤੇ ਮੁਲਾਜ਼ਮਾਂ ਖ਼ਿਲਾਫ਼ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਜਿੱਥੇ ਦੋਸ਼ ਸਾਬਤ ਹੋਏ, ਉੱਥੇ ਸਖ਼ਤ ਤੋਂ ਸਖ਼ਤ ਕਦਮ ਚੁੱਕਿਆ ਜਾਵੇਗਾ।

ਸੁਲਤਾਨਪੁਰ ਲੋਧੀ: ਨੱਥੂਪੁਰ ਵਿੱਚ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਵੱਲੋਂ ਪੁਲਿਸ ਨੇ ਕੀਤੀ ਇਨਸਾਫ ਦੀ ਮੰਗ!

ਸੁਲਤਾਨਪੁਰ ਲੋਧੀ :- ਸੁਲਤਾਨਪੁਰ ਲੋਧੀ ਦੇ ਨੱਥੂਪੁਰ ਖੇਤਰ ਵਿੱਚ ਇੱਕ ਨੌਜਵਾਨ ਬਲਦੇਵ ਸਿੰਘ ਦੀ ਲਾਸ਼ ਪਾਈ ਜਾਣ ਨਾਲ ਪਿੰਡ ਵਿੱਚ ਸ਼ੋਕ ਅਤੇ ਚਿੰਤਾ ਦਾ ਮਾਹੌਲ ਬਣ ਗਿਆ। ਬਲਦੇਵ ਸਿੰਘ ਫੱਤੂਢੀਂਗਾ ਦੇ ਵਾਸੀ ਅਤੇ ਪੇਸ਼ੇ ਤੋਂ ਰਾਜ ਮਿਸਤਰੀ ਸਨ। ਲਾਸ਼ ਸੂਜੋਕਾਲੀਆ ਵੱਲ ਜਾਨ ਵਾਲੇ ਰਸਤੇ ’ਤੇ ਮਿਲੀ।

ਮੋਬਾਇਲ ਤੋਂ ਪਰਿਵਾਰ ਨੂੰ ਮਿਲੀ ਜਾਣਕਾਰੀ
ਹੈਰਾਨੀਜਨਕ ਗੱਲ ਇਹ ਰਹੀ ਕਿ ਮ੍ਰਿਤਕ ਦੇ ਮੋਬਾਇਲ ਤੋਂ ਪਰਿਵਾਰ ਨੂੰ ਸਿੱਧਾ ਫੋਨ ਕਰਕੇ ਦੱਸਿਆ ਗਿਆ ਕਿ “ਤੁਹਾਡੇ ਬੇਟੇ ਦੀ ਲਾਸ਼ ਸੜਕ ’ਤੇ ਪਈ ਹੈ, ਆ ਕੇ ਲੈ ਜਾਓ।” ਪਰਿਵਾਰ ਮੌਕੇ ’ਤੇ ਪਹੁੰਚਿਆ ਤਾਂ ਬਲਦੇਵ ਸਿੰਘ ਦੀ ਮੌਤ ਹੋ ਚੁੱਕੀ ਸੀ।

ਪੁਲਿਸ ਕਾਰਵਾਈ ਅਤੇ ਹਸਪਤਾਲ ਭੇਜਿਆ ਜਾਣਾ
ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਜਮ੍ਹਾਂ ਕਰਵਾਇਆ। ਡਾਕਟਰਾਂ ਨੇ ਮੌਤ ਦੀ ਪੁਸ਼ਟੀ ਕੀਤੀ।

ਪਰਿਵਾਰ ਵੱਲੋਂ FIR ਦਰਜ
ਪਰਿਵਾਰ ਨੇ ਥਾਣਾ ਤਲਵੰਡੀ ਚੌਧਰੀਆਂ ਵਿੱਚ ਘਟਨਾ ਸਬੰਧੀ FIR ਦਰਜ ਕਰਵਾਈ। ਪਰ ਉਹਨਾਂ ਦਾ ਦੋਸ਼ ਹੈ ਕਿ ਹਾਲੇ ਤੱਕ ਪੁਲਿਸ ਵੱਲੋਂ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਕੀਤੀ ਗਈ।

ਬੱਚਿਆਂ ਅਤੇ ਇਨਸਾਫ ਲਈ ਮੰਗ
ਪਰਿਵਾਰ ਨੇ ਚੇਤਾਵਨੀ ਦਿੱਤੀ ਕਿ ਬਲਦੇਵ ਸਿੰਘ ਦੇ ਦੋ ਛੋਟੇ ਬੱਚੇ ਹਨ। ਜੇ ਇਨਸਾਫ ਨਾ ਮਿਲਿਆ ਤਾਂ ਉਹ ਰੋਡ ਜਾਮ ਕਰਨ ਲਈ ਮਜਬੂਰ ਹੋਣਗੇ। ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖ਼ਾਸ ਤੋਹਫ਼ਾ: 3D ਹੋਲੋਗ੍ਰਾਮ ਸ਼ੋਅ ਰਾਹੀਂ ਫਿਰ ਸਟੇਜ ’ਤੇ ਨਜ਼ਰ ਆਉਣਗੇ ਗਾਇਕ

ਚੰਡੀਗੜ੍ਹ :- ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖ਼ਾਸ ਸੂਚਨਾ ਆਈ ਹੈ। ਬਲਕੌਰ ਸਿੰਘ ਸਿੱਧੂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਹੋਲੋਗ੍ਰਾਮ ਸ਼ੋਅ ਦੀ ਸਟੇਜ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਬਲਕੌਰ ਸਿੰਘ ਅਤੇ ਹੋਲੋਗ੍ਰਾਮ ਬਣਾਉਣ ਵਾਲੀ ਟੀਮ ਸਟੇਜ ਤੇ ਖੜ੍ਹੇ ਨਜ਼ਰ ਆ ਰਹੇ ਹਨ।

3D ਹੋਲੋਗ੍ਰਾਮ ਨਾਲ ਸਟੇਜ ’ਤੇ ਵਾਪਸੀ
ਤਸਵੀਰ ਤੋਂ ਪਤਾ ਚਲਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਜਲਦ ਹੀ ਉਨ੍ਹਾਂ ਨੂੰ 3D ਤਕਨੀਕ ਰਾਹੀਂ ਸਟੇਜ ’ਤੇ ਲਾਈਵ ਪਰਫਾਰਮ ਕਰਦੇ ਦੇਖਣਗੇ। ਇਸ ਸ਼ੋਅ ਦੀ ਤਿਆਰੀ ਇਟਲੀ ਦੇ ਕਲਾਕਾਰ ਕਰ ਰਹੇ ਹਨ। ਬਲਕੌਰ ਸਿੰਘ ਦੇ ਅਨੁਸਾਰ, ਇਹ ਸਾਲ ਹੀ ਇਸ ਵਿਸ਼ੇਸ਼ ਪ੍ਰੋਜੈਕਟ ਦਾ ਅਮਲ ਸ਼ੁਰੂ ਹੋਵੇਗਾ।

ਪੰਜਾਬੀ ਸੰਗੀਤ ਜਗਤ ਵਿੱਚ ਪਹਿਲਾ ਪ੍ਰਯੋਗ 
ਇਹ ਪ੍ਰੋਜੈਕਟ ਪੰਜਾਬੀ ਸੰਗੀਤ ਜਗਤ ਵਿੱਚ ਪਹਿਲਾ ਪ੍ਰੋਜੈਕਟ ਹੈ। ਮੂਸੇਵਾਲਾ ਪਾਲੀਵੁੱਡ ਦੇ ਦਿੱਗਜ ਗਾਇਕ ਹਨ, ਜਿਨ੍ਹਾਂ ਲਈ ਹੋਲੋਗ੍ਰਾਮ ਸ਼ੋਅ ਤਿਆਰ ਕੀਤਾ ਜਾ ਰਿਹਾ ਹੈ।

ਮੌਤ ਤੋਂ ਬਾਅਦ ਯਾਦਗਾਰੀ ਪਹਿਲਕਦਮੀਆਂ
29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ’ਚ ਗਾਇਕ ਦੀ ਗੋਲੀਆਂ ਨਾਲ ਹੱਤਿਆ ਹੋ ਗਈ ਸੀ। ਮੌਤ ਦੇ ਬਾਵਜੂਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਗੀਤ ਰਿਲੀਜ਼ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਹੋਲੋਗ੍ਰਾਮ ਰਾਹੀਂ ਦੁਬਾਰਾ ਸਟੇਜ ’ਤੇ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਭਵਿੱਖੀ ਯੋਜਨਾਵਾਂ
ਬਲਕੌਰ ਸਿੰਘ ਨੇ ਦੱਸਿਆ ਕਿ 2026 ਵਿੱਚ ਸਿੱਧੂ ਮੂਸੇਵਾਲਾ ਦਾ ਵਰਲਡ ਟੂਰ ‘Sign to God’ ਹੋਵੇਗਾ। ਇਸ ਦੇ ਨਾਲ ਪ੍ਰਸ਼ੰਸਕਾਂ ਲਈ ਇਹ ਇੱਕ ਯਾਦਗਾਰ ਮੋੜ ਹੋਵੇਗਾ ਜਿੱਥੇ ਉਹ ਆਪਣੇ ਪਸੰਦੀਦਾ ਗਾਇਕ ਨੂੰ ਆਧੁਨਿਕ ਤਕਨੀਕ ਰਾਹੀਂ ਜੀਵਿਤ ਦੇਖ ਸਕਣਗੇ

ਪੰਜਾਬ ਵਿੱਚ ਬੰਬ ਧਮਕੀਆਂ ਦਾ ਸਿਲਸਿਲਾ ਜਾਰੀ, ਨਹੀਂ ਰੁਕ ਰਹੇ ਮਾਮਲੇ!

ਚੰਡੀਗੜ੍ਹ :- ਅੱਜ ਸਵੇਰੇ ਪੰਜਾਬ ਦੇ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਈਮੇਲ ਵਿੱਚ ਦੋਵੇਂ ਅਦਾਲਤਾਂ ਨੂੰ ਉਡਾਉਣ ਦਾ ਖ਼ਤਰਾ ਦਰਸਾਇਆ ਗਿਆ ਸੀ। ਇਸ ਦੇ ਨਾਲ ਹੀ ਫਤਿਹਗੜ੍ਹ ਸਾਹਿਬ ਦੀ ਅਦਾਲਤ ਨੂੰ ਸੁਰੱਖਿਆ ਕਾਰਨ ਤੁਰੰਤ ਬੰਦ ਕਰ ਦਿੱਤਾ ਗਿਆ।

ਮੋਗਾ ਸਕੂਲਾਂ ‘ਚ ਵੀ ਸੁਰੱਖਿਆ ਚੌਕਸੀ
ਧਮਕੀ ਦੇ ਕੁਝ ਸਮੇਂ ਬਾਅਦ ਮੋਗਾ ਦੇ ਡੀਐਨ ਮਾਡਲ ਸਕੂਲ ਅਤੇ ਕੋਟ ਈਸੇ ਖਾਂ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਪੁਲਿਸ ਨੇ ਦੋਵਾਂ ਸਕੂਲਾਂ ਦੇ ਇਲਾਕੇ ਨੂੰ ਤੁਰੰਤ ਸੀਲ ਕਰਕੇ ਬੰਬ ਸਕੁਐਡ ਨੂੰ ਜਾਂਚ ਲਈ ਬੁਲਾਇਆ।

ਪਿਛਲੇ ਮਾਮਲਿਆਂ ਦਾ ਹਵਾਲਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਦੇ ਸਕੂਲਾਂ ਅਤੇ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਇਹ ਧਮਕੀਆਂ ਆਉਣ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਸੁਰੱਖਿਆ ਏਜੰਸੀਆਂ ਸਾਵਧਾਨ ਹਨ।

ਪੁਲਿਸ ਅਤੇ ਸੁਰੱਖਿਆ ਪ੍ਰਬੰਧ
ਪੰਜਾਬ ਪੁਲਿਸ ਨੇ ਹਰੇਕ ਥਾਂ ਸੁਰੱਖਿਆ ਵਧਾ ਦਿੱਤੀ ਹੈ ਅਤੇ ਸਕੂਲਾਂ ਅਤੇ ਅਦਾਲਤਾਂ ਵਿੱਚ ਦਾਖ਼ਲੇ ਤੇ ਜ਼ੋਰਦਾਰ ਨਿਗਰਾਨੀ ਕੀਤੀ ਜਾ ਰਹੀ ਹੈ। ਬੰਬ ਸਕੁਐਡ ਵੱਲੋਂ ਖੋਜ ਕਾਰਜ ਜਾਰੀ ਹਨ ਅਤੇ ਲੋਕਾਂ ਨੂੰ ਸੁਰੱਖਿਆ ਸਾਵਧਾਨੀਆਂ ਅਪਣਾਉਣ ਲਈ ਸੂਚਿਤ ਕੀਤਾ ਗਿਆ ਹੈ।

ਜਲੰਧਰ ਨਗਰ ਨਿਗਮ ਵੱਲੋਂ ਨੌਜਵਾਨਾਂ ਲਈ ਵੱਡਾ ਭਰਤੀ ਐਲਾਨ, 1196 ਅਸਾਮੀਆਂ ਖਾਲੀ

ਜਲੰਧਰ :- ਜਲੰਧਰ ਵਿੱਚ ਬੇਰੁਜ਼ਗਾਰ ਨੌਜਵਾਨਾਂ ਲਈ ਨਗਰ ਨਿਗਮ ਵੱਲੋਂ ਇੱਕ ਵੱਡਾ ਖ਼ੁਸ਼ਖਬਰੀ ਐਲਾਨ ਕੀਤਾ ਗਿਆ ਹੈ। ਨਗਰ ਨਿਗਮ ਨੇ 1196 ਅਸਾਮੀਆਂ ਖਾਲੀ ਹੋਣ ਦੀ ਜਾਣਕਾਰੀ ਦਿੱਤੀ ਹੈ, ਜਿਸ ਵਿੱਚ ਸਫਾਈ, ਰੋਡ ਕੰਮ, ਗਾਰਡਨ ਬੇਲਦਾਰ ਅਤੇ ਸੇਵਰਮੈਨ ਵਰਗੇ ਅਹੁਦੇ ਸ਼ਾਮਲ ਹਨ। ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਅਰਜ਼ੀਆਂ ਜਲਦ ਹੀ ਭਰਨ ਲਈ ਮੰਗੀਆਂ ਜਾਣਗੀਆਂ।

ਤਨਖਾਹ ਅਤੇ ਅਰਜ਼ੀ ਕਰਨ ਦੀ ਪ੍ਰਕਿਰਿਆ
ਭਰਤੀ ਪ੍ਰਕਿਰਿਆ ਤਹਿਤ ਹਰ ਅਹੁਦੇ ਲਈ ਮਹੀਨਾਵਾਰ ਤਨਖਾਹ 18 ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ। ਉਮੀਦਵਾਰ ਨਗਰ ਨਿਗਮ ਦੀ ਵੈੱਬਸਾਈਟ ਤੋਂ ਅਰਜ਼ੀ ਫਾਰਮ ਡਾਊਨਲੋਡ ਕਰ ਸਕਣਗੇ ਅਤੇ ਫਾਰਮਾਂ ਨੂੰ 15 ਜਨਵਰੀ ਤੋਂ 27 ਫਰਵਰੀ 2026 ਤੱਕ ਜਮ੍ਹਾਂ ਕਰਵਾਉਣ ਦੀ ਆਗਿਆ ਹੈ।

ਪਾਰਦਰਸ਼ੀ ਭਰਤੀ ਅਤੇ ਨਿਯਮਾਂ ਦੀ ਪਾਲਣਾ
ਮੇਅਰ ਵਿਨੀਤ ਧੀਰ ਨੇ ਭਰੋਸਾ ਦਿੱਤਾ ਕਿ ਇਹ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਰਹੇਗੀ। ਉਹਨਾਂ ਨੇ ਕਿਹਾ ਕਿ ਨੌਕਰੀਆਂ ਰੋਸਟਰ ਨਿਯਮਾਂ ਅਨੁਸਾਰ ਭਰੀਆਂ ਜਾਣਗੀਆਂ ਅਤੇ ਚੋਣ ਕਮੇਟੀ ਦਾ ਫੈਸਲਾ ਅੰਤਿਮ ਹੋਵੇਗਾ। ਕੋਈ ਵੀ ਨਵਾਂ ਅਪਡੇਟ ਸਿਰਫ ਨਗਰ ਨਿਗਮ ਜਲੰਧਰ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ ਜਾਵੇਗਾ।

ਉਮੀਦਵਾਰਾਂ ਲਈ ਸਲਾਹ
ਕਮਿਸ਼ਨਰ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਦਸਤਾਵੇਜ਼ ਤਿਆਰ ਰੱਖਣ ਅਤੇ ਅਰਜ਼ੀ ਭਰਤੀ ਪ੍ਰਕਿਰਿਆ ਵਿੱਚ ਸਹੀ ਸਮੇਂ ਤੇ ਜਮ੍ਹਾਂ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਮੀਦਵਾਰਾਂ ਦੀ ਯੋਗਤਾ ਅਤੇ ਦਸਤਾਵੇਜ਼ਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ, ਤਾਂ ਜੋ ਸਿਰਫ ਯੋਗ ਉਮੀਦਵਾਰਾਂ ਨੂੰ ਨੌਕਰੀ ਮਿਲ ਸਕੇ।