Home Blog Page 690

ਸਬਰੀਮਾਲਾ ਸੋਨਾ ਚੋਰੀ ਕੇਸ ‘ਚ ਈ.ਡੀ. ਦੀ ਵੱਡੀ ਕਾਰਵਾਈ ਤਿੰਨ ਰਾਜਾਂ ਵਿੱਚ ਇਕੱਠੇ ਛਾਪੇ, 21 ਟਿਕਾਣਿਆਂ ਦੀ ਤਲਾਸ਼ੀ

ਨਵੀਂ ਦਿੱਲੀ :- ਸਬਰੀਮਾਲਾ ਮੰਦਰ ਨਾਲ ਜੁੜੇ ਸੋਨਾ ਚੋਰੀ ਮਾਮਲੇ ਨੇ ਇਕ ਵਾਰ ਫਿਰ ਦੇਸ਼ ਪੱਧਰ ‘ਤੇ ਚਰਚਾ ਛੇੜ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੰਗਲਵਾਰ ਨੂੰ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਤਿੰਨ ਰਾਜਾਂ ਵਿੱਚ ਵੱਡੀ ਛਾਪੇਮਾਰੀ ਕੀਤੀ ਗਈ।

ਤਿੰਨ ਰਾਜਾਂ ਵਿੱਚ ਇਕਸਾਥ ਛਾਪੇਮਾਰੀ

ਈ.ਡੀ. ਦੇ ਅਧਿਕਾਰਤ ਸੂਤਰਾਂ ਅਨੁਸਾਰ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਲਗਭਗ 21 ਥਾਵਾਂ ‘ਤੇ ਇਕੱਠੇ ਛਾਪੇ ਮਾਰੇ ਗਏ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਕੀਤੀ ਜਾ ਰਹੀ ਹੈ।

ਮੁੱਖ ਦੋਸ਼ੀਆਂ ਨਾਲ ਜੁੜੇ ਟਿਕਾਣੇ ਜਾਂਚ ਦੇ ਘੇਰੇ ‘ਚ

ਜਾਂਚ ਦੌਰਾਨ ਬੈਂਗਲੁਰੂ ਸਥਿਤ ਮੁੱਖ ਦੋਸ਼ੀ ਉਨੀਕ੍ਰਿਸ਼ਨਨ ਪੋਟੀ ਨਾਲ ਸੰਬੰਧਤ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਤ੍ਰਾਵਣਕੋਰ ਦੇਵਸਵਮ ਬੋਰਡ ਦੇ ਸਾਬਕਾ ਚੇਅਰਮੈਨ ਏ. ਪਦਮਕੁਮਾਰ ਨਾਲ ਜੁੜੀਆਂ ਸੰਪਤੀਆਂ ਵੀ ਈ.ਡੀ. ਦੇ ਨਿਸ਼ਾਨੇ ‘ਤੇ ਹਨ।

ਕੇਰਲ ਪੁਲਸ ਦੀ ਐੱਫ.ਆਈ.ਆਰ. ਤੋਂ ਬਾਅਦ ਈ.ਡੀ. ਦੀ ਐਂਟਰੀ

ਹਾਲ ਹੀ ਵਿੱਚ ਕੇਰਲ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ਦਾ ਸੰਗਿਆਨ ਲੈਂਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਹੇਠ ਵੱਖਰਾ ਕੇਸ ਦਰਜ ਕੀਤਾ ਹੈ। ਇਸ ਨਾਲ ਜਾਂਚ ਦਾ ਦਾਇਰਾ ਹੁਣ ਕਾਫ਼ੀ ਵਧ ਗਿਆ ਹੈ।

ਹਾਈ ਕੋਰਟ ਦੀ ਨਿਗਰਾਨੀ ਹੇਠ ਚੱਲ ਰਹੀ ਜਾਂਚ

ਇਹ ਮਾਮਲਾ ਪਹਿਲਾਂ ਹੀ ਕੇਰਲ ਹਾਈ ਕੋਰਟ ਦੀ ਨਿਗਰਾਨੀ ਹੇਠ ਰਾਜ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਖੰਗਾਲਿਆ ਜਾ ਰਿਹਾ ਹੈ। ਐੱਸ.ਆਈ.ਟੀ. ਦੀ ਜਾਂਚ ਦੌਰਾਨ ਕਈ ਗੰਭੀਰ ਬੇਨਿਯਮੀਆਂ ਸਾਹਮਣੇ ਆਈਆਂ ਹਨ।

ਸਰਕਾਰੀ ਦੁਰਵਿਵਹਾਰ ਤੇ ਪ੍ਰਸ਼ਾਸਨਿਕ ਖਾਮੀਆਂ ਦੇ ਦੋਸ਼

ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਕੇਸ ਵਿੱਚ ਸਿਰਫ਼ ਸੋਨਾ ਚੋਰੀ ਹੀ ਨਹੀਂ, ਸਗੋਂ ਅਧਿਕਾਰਾਂ ਦੇ ਗਲਤ ਇਸਤੇਮਾਲ, ਪ੍ਰਸ਼ਾਸਨਿਕ ਲਾਪਰਵਾਹੀ ਅਤੇ ਯੋਜਨਾਬੱਧ ਅਪਰਾਧਿਕ ਸਾਜ਼ਿਸ਼ ਦੇ ਪਹਲੂ ਵੀ ਸ਼ਾਮਲ ਹਨ।

ਅਯੱਪਾ ਮੰਦਰ ਨਾਲ ਜੁੜੀਆਂ ਕਲਾਕ੍ਰਿਤੀਆਂ ‘ਤੇ ਵੀ ਸ਼ੱਕ

ਦੋਸ਼ ਲਗਾਏ ਜਾ ਰਹੇ ਹਨ ਕਿ ਭਗਵਾਨ ਅਯੱਪਾ ਮੰਦਰ ਨਾਲ ਸੰਬੰਧਤ ਕਈ ਪੁਰਾਤਨ ਕਲਾਕ੍ਰਿਤੀਆਂ ਤੋਂ ਸੋਨਾ ਹਟਾ ਕੇ ਗੈਰਕਾਨੂੰਨੀ ਤਰੀਕੇ ਨਾਲ ਵਰਤਿਆ ਗਿਆ, ਜਿਸ ਨਾਲ ਧਾਰਮਿਕ ਸੰਸਥਾ ਦੀ ਪਵਿੱਤਰਤਾ ‘ਤੇ ਵੀ ਸਵਾਲ ਖੜੇ ਹੋਏ ਹਨ।

ਰਾਜਨੀਤਿਕ ਤੌਰ ‘ਤੇ ਸੰਵੇਦਨਸ਼ੀਲ ਬਣਿਆ ਮਾਮਲਾ

ਸਬਰੀਮਾਲਾ ਮੰਦਰ ਦੀ ਧਾਰਮਿਕ ਮਹੱਤਤਾ ਕਾਰਨ ਇਹ ਮਾਮਲਾ ਪਹਿਲਾਂ ਹੀ ਸੰਵੇਦਨਸ਼ੀਲ ਰਿਹਾ ਹੈ। ਹੁਣ ਈ.ਡੀ. ਦੀ ਕਾਰਵਾਈ ਤੋਂ ਬਾਅਦ ਕੇਰਲ ਦੀ ਰਾਜਨੀਤੀ ਵਿੱਚ ਵੀ ਹਲਚਲ ਤੇਜ਼ ਹੋਣ ਦੇ ਆਸਾਰ ਹਨ।

ਆਉਣ ਵਾਲੇ ਦਿਨਾਂ ‘ਚ ਹੋ ਸਕਦੇ ਨੇ ਹੋਰ ਖੁਲਾਸੇ

ਸੂਤਰਾਂ ਮੁਤਾਬਕ ਛਾਪੇਮਾਰੀ ਦੌਰਾਨ ਮਿਲੇ ਬੈਂਕ ਦਸਤਾਵੇਜ਼ਾਂ, ਡਿਜ਼ੀਟਲ ਰਿਕਾਰਡ ਅਤੇ ਵਿੱਤੀ ਲੈਣ-ਦੇਣ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਕੇਸ ਨਾਲ ਜੁੜੇ ਹੋਰ ਵੱਡੇ ਖੁਲਾਸੇ ਵੀ ਹੋ ਸਕਦੇ ਹਨ।

ਚੰਨੀ ਦੇ ਬਿਆਨ ਦੀ ਵੀਡੀਓ ਨਾਲ ਕਾਂਗਰਸ ਅੰਦਰ ਖਲਬਲੀ, ਹਾਈਕਮਾਂਡ ਨੇ ਦਿੱਲੀ ਮੀਟਿੰਗ ਸੱਦੀ!

ਚੰਡੀਗੜ੍ਹ :- ਪੰਜਾਬ ਕਾਂਗਰਸ ਦੀ ਸਿਆਸਤ ਉਸ ਸਮੇਂ ਗਰਮਾ ਗਈ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਵੀਡੀਓ ਨੇ ਪਾਰਟੀ ਅੰਦਰ ਜਾਤੀ ਸੰਤੁਲਨ ਅਤੇ ਅਹੁਦਿਆਂ ਦੀ ਵੰਡ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਾਂਗਰਸ ਹਾਈਕਮਾਂਡ ਨੇ 23 ਜਨਵਰੀ ਨੂੰ ਦਿੱਲੀ ਵਿੱਚ ਪੰਜਾਬ ਦੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਬੁਲਾਈ ਹੈ।

ਐਸਸੀ ਸੈੱਲ ਦੀ ਬੈਠਕ ਤੋਂ ਉੱਠਿਆ ਮਾਮਲਾ

ਇਹ ਪੂਰਾ ਵਿਵਾਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਐਸਸੀ ਸੈੱਲ ਦੀ ਇਕ ਬੈਠਕ ਦੌਰਾਨ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਇਹ ਕਹਿੰਦੇ ਸੁਣਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਵੱਡੇ ਅਹੁਦੇ ਜ਼ਿਆਦਾਤਰ ਉੱਚ ਜਾਤੀ ਨਾਲ ਸਬੰਧਤ ਆਗੂਆਂ ਕੋਲ ਹਨ। ਉਨ੍ਹਾਂ ਵੱਲੋਂ ਇਹ ਸਵਾਲ ਵੀ ਉਠਾਇਆ ਗਿਆ ਕਿ ਜਦੋਂ ਪੰਜਾਬ ਵਿੱਚ ਦਲਿਤ ਆਬਾਦੀ ਕਰੀਬ 32 ਫੀਸਦੀ ਹੈ ਤਾਂ ਫਿਰ ਉਸ ਵਰਗ ਨੂੰ ਲੀਡਰਸ਼ਿਪ ਦੇ ਮੌਕੇ ਕਿਉਂ ਨਹੀਂ ਮਿਲ ਰਹੇ।

ਅਹੁਦਿਆਂ ਦੀ ਵੰਡ ‘ਤੇ ਉਠੇ ਸਵਾਲ

ਵੀਡੀਓ ਮੁਤਾਬਕ ਚੰਨੀ ਨੇ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ, ਮਹਾਸਚਿਵ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਅਤੇ ਮਹਿਲਾ ਵਿੰਗ ਦੇ ਪ੍ਰਧਾਨ ਵਰਗੇ ਅਹਿਮ ਅਹੁਦੇ ਇੱਕ ਹੀ ਵਰਗ ਕੋਲ ਕੇਂਦਰਿਤ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੀ ਸਥਿਤੀ ਵਿੱਚ ਦਲਿਤ ਭਾਈਚਾਰੇ ਦੀ ਅਸਲੀ ਨੁਮਾਇੰਦਗੀ ਸੰਭਵ ਨਹੀਂ ਰਹਿੰਦੀ।

ਮੀਟਿੰਗ ਦੌਰਾਨ ਬਣਿਆ ਤਣਾਅ

ਸੂਤਰਾਂ ਅਨੁਸਾਰ ਜਦੋਂ ਇਹ ਮੁੱਦਾ ਚੁੱਕਿਆ ਗਿਆ ਤਾਂ ਬੈਠਕ ਦਾ ਮਾਹੌਲ ਤਣਾਅਪੂਰਨ ਹੋ ਗਿਆ। ਕੁਝ ਆਗੂਆਂ ਵੱਲੋਂ ਨਾਅਰੇਬਾਜ਼ੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਹੰਗਾਮੇ ਦੌਰਾਨ ਚੰਨੀ ਨੂੰ ਮਾਈਕ ਰਾਹੀਂ ਬੋਲਣ ਤੋਂ ਰੋਕ ਦਿੱਤਾ ਗਿਆ ਅਤੇ ਮਾਈਕ ਬੰਦ ਕਰ ਦਿੱਤਾ ਗਿਆ।

ਸੀਨੀਅਰ ਆਗੂ ਮੌਜੂਦ

ਇਸ ਬੈਠਕ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਐਸਸੀ ਸੈੱਲ ਦੇ ਰਾਸ਼ਟਰੀ ਪ੍ਰਧਾਨ ਰਾਜੇਂਦਰ ਪਾਲ ਗੌਤਮ, ਪੰਜਾਬ ਦੇ ਸਹਿ-ਇੰਚਾਰਜ ਰਵਿੰਦਰ ਉੱਤਮ ਰਾਵ ਡਾਲਵੀ ਅਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ਵੀ ਦਰਜ ਕੀਤੀ ਗਈ।

ਵਾਇਰਲ ਵੀਡੀਓ ਨਾਲ ਸਿਆਸੀ ਹਲਚਲ

ਵੀਡੀਓ ਸਾਹਮਣੇ ਆਉਣ ਮਗਰੋਂ ਕਾਂਗਰਸ ਅੰਦਰ ਅੰਦਰੂਨੀ ਤਣਾਅ ਸਪਸ਼ਟ ਹੋ ਕੇ ਸਾਹਮਣੇ ਆ ਗਿਆ ਹੈ। ਇੱਕ ਪਾਸੇ ਪਾਰਟੀ ਦੇ ਅੰਦਰ ਇਸ ਮਾਮਲੇ ‘ਤੇ ਗੰਭੀਰ ਚਰਚਾ ਚੱਲ ਰਹੀ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਵੱਲੋਂ ਵੀ ਕਾਂਗਰਸ ‘ਤੇ ਤਿੱਖੇ ਸਿਆਸੀ ਹਮਲੇ ਕੀਤੇ ਜਾ ਰਹੇ ਹਨ।

2027 ਚੋਣਾਂ ਤੋਂ ਪਹਿਲਾਂ ਵਧੀ ਸਰਗਰਮੀ

ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਨੇਤ੍ਰਿਤਵ ਅਤੇ ਸਮਾਜਿਕ ਸੰਤੁਲਨ ਨੂੰ ਲੈ ਕੇ ਦਬਾਅ ਵਧ ਰਿਹਾ ਹੈ। ਇਸੇ ਕਾਰਨ ਆਗੂਆਂ ਦੇ ਬਿਆਨ ਅਤੇ ਅੰਦਰੂਨੀ ਮਸਲੇ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ।

ਰਾਜਾ ਵੜਿੰਗ ਦੀ ਪ੍ਰਤੀਕਿਰਿਆ

ਵਿਵਾਦ ਵਧਣ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਬਿਆਨ ਦੀ ਜਾਣਕਾਰੀ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੈਂਬਰਸ਼ਿਪ ਪਾਰਟੀ ਦਾ ਸਭ ਤੋਂ ਵੱਡਾ ਅਹੁਦਾ ਹੁੰਦਾ ਹੈ ਅਤੇ ਇਹ ਅਹੁਦਾ ਚਰਨਜੀਤ ਸਿੰਘ ਚੰਨੀ ਕੋਲ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਵਿੱਚ ਕਿਸੇ ਕਿਸਮ ਦਾ ਜਾਤੀ ਭੇਦਭਾਵ ਨਹੀਂ ਕੀਤਾ ਜਾਂਦਾ। ਚਾਹੇ ਚੰਨੀ ਵਿਧਾਨ ਸਭਾ ਚੋਣਾਂ ਹਾਰ ਗਏ ਸਨ, ਪਰ ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਮੈਂਬਰ ਬਣਾਇਆ ਅਤੇ ਪਾਰਲੀਮੈਂਟ ਦੀ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਵੀ ਨਿਯੁਕਤ ਕੀਤਾ।

ਚੰਨੀ ਵੱਲੋਂ ਦਿੱਤੀ ਸਫ਼ਾਈ

ਚਰਨਜੀਤ ਸਿੰਘ ਚੰਨੀ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਗੁਰੂ ਸਾਹਿਬਾਨ ਦੇ “ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ” ਦੇ ਸਿਧਾਂਤ ‘ਤੇ ਪੂਰਾ ਭਰੋਸਾ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਮੀਟਿੰਗ ਵਿੱਚ ਕਿਸੇ ਜਾਤੀ ਜਾਂ ਵਰਗ ਖਿਲਾਫ ਕੋਈ ਟਿੱਪਣੀ ਨਹੀਂ ਕੀਤੀ।

ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਖਿਲਾਫ਼ ਜਾਣਬੁੱਝ ਕੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਚੰਨੀ ਨੇ ਕਿਹਾ ਕਿ ਉਹ ਚਮਕੌਰ ਸਾਹਿਬ ਦੀ ਧਰਤੀ ਦੇ ਪੁੱਤਰ ਹਨ ਅਤੇ ਹਮੇਸ਼ਾਂ ਹਰ ਵਰਗ ਨੂੰ ਨਾਲ ਲੈ ਕੇ ਚੱਲਣ ‘ਤੇ ਵਿਸ਼ਵਾਸ ਰੱਖਦੇ ਹਨ।

ਹਾਈਕਮਾਂਡ ਦੀ ਬੈਠਕ ‘ਤੇ ਨਜ਼ਰ

ਹੁਣ ਸਾਰੀ ਨਜ਼ਰ 23 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਕਾਂਗਰਸ ਹਾਈਕਮਾਂਡ ਦੀ ਬੈਠਕ ‘ਤੇ ਟਿਕੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਨਾ ਸਿਰਫ਼ ਇਸ ਵਿਵਾਦ ਦੀ ਸਮੀਖਿਆ ਹੋਵੇਗੀ, ਸਗੋਂ 2027 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਅੰਦਰ ਬਣੇ ਤਣਾਅ ਨੂੰ ਘਟਾਉਣ ਲਈ ਵੀ ਅਹਿਮ ਫੈਸਲੇ ਲਏ ਜਾ ਸਕਦੇ ਹਨ।

ਸੰਸਦ ਮੈਂਬਰ ਮਲਵਿੰਦਰ ਕੰਗ ਦੀ ਪ੍ਰਧਾਨ ਮੰਤਰੀ ਕੋਲ ਮੰਗ: ਸਿੱਖ ਭਾਵਨਾਵਾਂ ਨਾਲ ਖੇਡਣ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ

ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇੱਕ ਫਰਜ਼ੀ ਅਤੇ ਐਡਿਟ ਕੀਤੀ ਹੋਈ ਵੀਡੀਓ ਰਾਹੀਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣ ਵਾਲੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਕੰਗ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੋਵਾਂ ਦੀਆਂ ਫੋਰੈਂਸਿਕ ਸਾਇੰਸ ਲੈਬਾਰਟਰੀਆਂ (ਐਫ.ਐਸ.ਐਲ) ਦੀ ਜਾਂਚ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਬੰਧਤ ਵੀਡੀਓ ਫਰਜ਼ੀ ਸੀ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ‘ਤੇ ਸਿੱਖ ਗੁਰੂਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਝੂਠੇ ਦੋਸ਼ ਲਗਾਉਣ ਲਈ ਇਸ ਨੂੰ ਬੜੀ ਸ਼ਰਾਰਤ ਨਾਲ ਐਡਿਟ ਕੀਤਾ ਗਿਆ ਸੀ। ਵਿਗਿਆਨਕ ਰਿਪੋਰਟਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਸ਼ਬਦ ਨਹੀਂ ਬੋਲਿਆ ਗਿਆ ਸੀ।

ਇਸ ਘਟਨਾ ਨੂੰ ਫਿਰਕੂ ਸਦਭਾਵਨਾ ਨੂੰ ਭੜਕਾਉਣ ਦੀ ਜਾਣਬੁੱਝ ਕੇ ਕੀਤੀ ਗਈ ਇੱਕ ਖਤਰਨਾਕ ਕੋਸ਼ਿਸ਼ ਕਰਾਰ ਦਿੰਦਿਆਂ ਕੰਗ ਨੇ ਕਿਹਾ ਕਿ ਇਹ ਫਰਜ਼ੀ ਵੀਡੀਓ ਭਾਜਪਾ ਆਗੂ ਕਪਿਲ ਮਿਸ਼ਰਾ ਵੱਲੋਂ ਸਿੱਖ ਧਾਰਮਿਕ ਭਾਵਨਾਵਾਂ ਨੂੰ ਹਥਿਆਰ ਬਣਾ ਕੇ ਲੋਕਾਂ ਵਿੱਚ ਗੁੱਸਾ ਪੈਦਾ ਕਰਨ ਅਤੇ ਸਿਆਸੀ ਲਾਹਾ ਲੈਣ ਦੀ ਨੀਅਤ ਨਾਲ ਫੈਲਾਈ ਗਈ ਸੀ।

ਕੰਗ ਨੇ ਕਿਹਾ ਕਿ ਇਹ ਕੋਈ ਗਲਤੀ ਜਾਂ ਗਲਤਫਹਿਮੀ ਨਹੀਂ ਹੈ। ਇਹ ਧੋਖਾਧੜੀ ਦੀ ਇੱਕ ਅਜਿਹੀ ਕਾਰਵਾਈ ਹੈ ਜੋ ਸਿੱਖ ਧਰਮ ਅਤੇ ਕਦਰਾਂ-ਕੀਮਤਾਂ ‘ਤੇ ਸਿੱਧਾ ਹਮਲਾ ਕਰਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਸਿਆਸੀ ਲਾਹੇ ਲਈ ਝੂਠ ਅਤੇ ਹੇਰਾਫੇਰੀ ਰਾਹੀਂ ਸਿੱਖ ਗੁਰੂਆਂ ਦੀ ਪਵਿੱਤਰਤਾ ਦਾ ਸਹਾਰਾ ਲੈਣਾ ਇੱਕ ਨਾ-ਮਾਫ਼ੀਯੋਗ ਨੈਤਿਕ ਅਪਰਾਧ ਹੈ।

ਕੰਗ ਨੇ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਇਆ ਕਿ ਸਿੱਖ ਗੁਰੂਆਂ ਨੇ ਆਪਣੀਆਂ ਜਾਨਾਂ ਸੱਤਾ ਜਾਂ ਵਿਸ਼ੇਸ਼ ਅਧਿਕਾਰਾਂ ਲਈ ਨਹੀਂ, ਸਗੋਂ ਧਰਮ, ਸੱਚ, ਮਨੁੱਖੀ ਸਨਮਾਨ ਅਤੇ ਜ਼ਮੀਰ ਦੀ ਆਜ਼ਾਦੀ ਲਈ ਵਾਰੀਆਂ ਸਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਦੇਸ਼ ਦੀ ਨੈਤਿਕ ਰੀੜ੍ਹ ਦੀ ਹੱਡੀ ਰਹੀ ਹੈ ਅਤੇ ਜਦੋਂ ਉਸ ਦੇ ਵਿਸ਼ਵਾਸ ‘ਤੇ ਹਮਲਾ ਹੁੰਦਾ ਹੈ, ਤਾਂ ਉਹ ਚੁੱਪ ਦੀ ਨਹੀਂ ਬਲਕਿ ਨਿਆਂ ਦੀ ਉਮੀਦ ਕਰਦੀ ਹੈ।

‘ਆਪ’ ਸੰਸਦ ਮੈਂਬਰ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਅਜਿਹੀ ਘਟਨਾ ਉਸ ਸਮੇਂ ਵਾਪਰੀ ਜਦੋਂ ਸਿੱਖ ਕੌਮ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੀ ਸੀ, ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨੈਤਿਕ ਉਲੰਘਣਾ ਦਾ ਸਭ ਤੋਂ ਵੱਡਾ ਰੂਪ ਹਨ।

ਪ੍ਰਧਾਨ ਮੰਤਰੀ ਦੀ ਜ਼ਮੀਰ ਅਤੇ ਅਗਵਾਈ ਨੂੰ ਸਿੱਧੀ ਅਪੀਲ ਕਰਦਿਆਂ ਕੰਗ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਚੁੱਪ ਜਾਂ ਅਣਗਹਿਲੀ ਨੂੰ ਸਹਿਮਤੀ ਵਜੋਂ ਦੇਖੇ ਜਾਣ ਦਾ ਖਤਰਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕਪਿਲ ਮਿਸ਼ਰਾ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਨ, ਜਿਸ ਵਿੱਚ ਉਸ ਨੂੰ ਸਾਰੇ ਅਹੁਦਿਆਂ ਤੋਂ ਹਟਾਉਣਾ ਅਤੇ ਉਸ ਦੀਆਂ ਹਰਕਤਾਂ ਦੀ ਜਨਤਕ ਤੌਰ ‘ਤੇ ਨਿੰਦਾ ਕਰਨਾ ਸ਼ਾਮਲ ਹੋਵੇ।

ਕੰਗ ਨੇ ਕਿਹਾ ਕਿ।ਸਖ਼ਤ ਕਾਰਵਾਈ ਇੱਕ ਸਪੱਸ਼ਟ ਸੰਦੇਸ਼ ਦੇਵੇਗੀ ਕਿ ਗੁਰੂਆਂ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਕੋਈ ਵੀ ਸਿਆਸੀ ਇੱਛਾ ਧਰਮ ਤੋਂ ਉੱਪਰ ਨਹੀਂ ਹੈ।

ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸਮੇਂ ਸਿਰ ਦਖ਼ਲ ਵਿਸ਼ਵਾਸ ਬਹਾਲ ਕਰਨ, ਸਿੱਖ ਕੌਮ ਨੂੰ ਨਿਆਂ ਦਿਵਾਉਣ ਅਤੇ ਇਸ ਗੱਲ ਦੀ ਪੁਸ਼ਟੀ ਕਰਨ ਵਿੱਚ ਮਦਦ ਕਰੇਗਾ ਕਿ ਜਿਨ੍ਹਾਂ ਆਦਰਸ਼ਾਂ ਲਈ ਸਿੱਖ ਗੁਰੂਆਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਹਨ, ਉਹ ਅਜੋਕੇ ਭਾਰਤ ਵਿੱਚ ਵੀ ਸੁਰੱਖਿਅਤ ਰਹਿਣਗੇ।

ਕੰਗ ਨੇ ਦੁਹਰਾਇਆ ਕਿ ਪੰਜਾਬ ਸਿਆਸੀ ਲਾਹੇ ਲਈ ਸਮਾਜ ਨੂੰ ਵੰਡਣ ਜਾਂ ਧਾਰਮਿਕ ਵਿਸ਼ਵਾਸਾਂ ਦੀ ਤੌਹੀਨ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਸੱਚ, ਸਦਭਾਵਨਾ ਅਤੇ ਨਿਆਂ ਲਈ ਮਜ਼ਬੂਤੀ ਨਾਲ ਖੜ੍ਹਾ ਰਹੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਐਲਾਨ: ਮਿਲ ਕੇ ਮੁੜ ਬਣਾਵਾਂਗੇ ਰੰਗਲਾ ਪੰਜਾਬ, ਸਿੱਖਿਆ ਤੇ ਵਿਕਾਸ ਨੂੰ ਮਿਲੇਗੀ ਪਹਿਲ

ਅਜਨਾਲਾ (ਅੰਮ੍ਰਿਤਸਰ): ਕੌਮਾਂਤਰੀ ਸਰਹੱਦ ਨਾਲ ਲਗਦੇ ਇਲਾਕੇ ਅਜਨਾਲਾ ਵਿੱਚ ਅੱਜ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਦਹਾਕਿਆਂ ਤੱਕ ਆਪਸੀ ਮਿਲੀਭੁਗਤ ਨਾਲ ਪੰਜਾਬ ਨੂੰ ਅੰਨ੍ਹੇਵਾਹ ਲੁੱਟਿ, ਸੂਬੇ ਦੀਆਂ ਸੰਸਥਾਵਾਂ ਨੂੰ ਖੋਖਲਾ ਕੀਤਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਕਾਲਜ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਸਿੱਖਿਆ, ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਜਨਤਕ ਭਾਈਵਾਲੀ ਰਾਹੀਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਸੰਕਲਪ ਨੂੰ ਦਰਸਾਉਂਦਾ ਹੈ। ਇਸ ਕਾਲਜ ਦਾ ਨਾਮ ਸਤਿਕਾਰਯੋਗ ਸ਼ਖਸੀਅਤ ਬਾਬਾ ਗਮਚੁੱਕ ਜੀ ਮਹਾਰਾਜ ਦੇ ਨਾਮ ‘ਤੇ ਰੱਖਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਸੂਬਾ ਸਰਕਾਰ ਹਰ ਸੰਭਵ ਸਹੂਲਤ ਅਤੇ ਸੰਸਥਾਗਤ ਸਹਾਇਤਾ ਪ੍ਰਦਾਨ ਕਰੇਗੀ, ਉੱਥੇ ਹਰ ਪੰਜਾਬੀ ਲਈ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣਾ ਵੀ ਓਨਾ ਹੀ ਮਹੱਤਵਪੂਰਨ ਹੈ ਤਾਂ ਜੋ ਪੰਜਾਬ ਨੂੰ ‘ਰੰਗਲਾ ਪੰਜਾਬ’ ਵਿੱਚ ਬਦਲਿਆ ਜਾ ਸਕੇ ਤਾਂ ਕਿ ਸਾਡੇ ਬੱਚੇ ਚੰਗੇ ਭਵਿੱਖ ਦੀ ਭਾਲ ਵਿੱਚ ਦੇਸ਼ ਛੱਡਣ ਲਈ ਮਜਬੂਰ ਨਾ ਹੋਣ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਵਿੱਚ ਅੰਦਰੂਨੀ ਖਹਿਬਾਜ਼ੀ ਸਿਖਰ ‘ਤੇ ਹੈ ਕਿਉਂਕਿ ਇਨ੍ਹਾਂ ਕੋਲ ਲੋਕਾਂ ਦੀ ਭਲਾਈ ਲਈ ਕੋਈ ਠੋਸ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ, “ਵਿਰੋਧੀ ਧਿਰ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਹੈ। ਉਹ ਸਿਰਫ਼ ਲੋਕਾਂ ਅਤੇ ਸੂਬੇ ਦੇ ਸਰੋਤਾਂ ਨੂੰ ਲੁੱਟਣ ਦੀ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੇ ਸੁਪਨੇ ਕਦੇ ਵੀ ਪੂਰੇ ਨਹੀਂ ਹੋਣਗੇ ਕਿਉਂਕਿ ਪੰਜਾਬ ਦੇ ਲੋਕ ਬੜੇ ਸਿਆਣੇ ਅਤੇ ਬਹਾਦਰ ਹਨ ਅਤੇ ਉਹ ਅਜਿਹੇ ਆਗੂਆਂ ਦੇ ਸ਼ੱਕੀ ਕਿਰਦਾਰ ਨੂੰ ਸਮਝਦੇ ਹਨ।” ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਇਨ੍ਹਾਂ ਵਿਰੋਧੀ ਤਾਕਤਾਂ ਨੂੰ ਕਦੇ ਵੀ ਆਪਣੇ ਨਾਪਾਕ ਮਨਸੂਬਿਆਂ ਵਿੱਚ ਸਫਲ ਨਹੀਂ ਹੋਣ ਦੇਣਗੇ।

ਲੋਕਾਂ ਨੂੰ ਮੌਕਾਪ੍ਰਸਤ ਅਤੇ ਸੱਤਾ ਦੇ ਭੁੱਖੇ ਸਿਆਸਤਦਾਨਾਂ ਤੋਂ ਚੌਕਸ ਰਹਿਣ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦਾ ਇੱਕੋ-ਇੱਕ ਉਦੇਸ਼ ਪੰਜਾਬ ਅਤੇ ਇਸ ਦੇ ਲੋਕਾਂ ਦੀ ਲੱਟ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ,”ਸਮੇਂ ਦੀ ਲੋੜ ਹੈ ਕਿ ਇਨ੍ਹਾਂ ਪਾਰਟੀਆਂ ਨੂੰ ਬਿਲਕੁਲ ਮੂੰਹ ਨਾ ਲਾਇਆ ਜਾਵੇ ਤਾਂ ਜੋ ਰੰਗਲਾ ਪੰਜਾਬ ਬਣਾਉਣ ਲਈ ਸੂਬਾ ਸਰਕਾਰ ਦੇ ਯਤਨਾਂ ਦੇ ਸਾਕਾਰਤਮਕ ਨਤੀਜੇ ਨਿਕਲ ਸਕਣ।” ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਵੇਂ ਆਮ ਆਦਮੀ ਕਲੀਨਿਕ, ਸਕੂਲ ਅਤੇ ਕਾਲਜ ਖੋਲ੍ਹਣ ਦੇ ਨਾਲ-ਨਾਲ ਹੋਰ ਲੋਕ ਭਲਾਈ ਪਹਿਲਕਦਮੀਆਂ ਨੂੰ ਲਾਗੂ ਕਰਕੇ ਵਿਕਾਸ ਨੂੰ ਤੇਜ਼ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਸਥਿਤ ਪਿੰਡ ਬਕਰੌਰ ਵਿੱਚ ਇਕ ਕੋ-ਐਜੂਕੇਸ਼ਨਲ ਕਾਲਜ (ਸਹਿ-ਵਿਦਿਅਕ ਕਾਲਜ) ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ,”ਇਸ ਕਾਲਜ ਨਾਲ ਸਰਹੱਦੀ ਖੇਤਰ ਦੇ ਨੌਜਵਾਨ ਆਪਣੇ ਘਰਾਂ ਦੇ ਨੇੜੇ ਉੱਚ ਸਿੱਖਿਆ ਪ੍ਰਾਪਤ ਕਰ ਸਕਣਗੇ। 15 ਏਕੜ ਰਕਬੇ ਵਿੱਚ ਇਸ ਸੰਸਥਾ ਨੂੰ ਬਣਾਉਣ ‘ਤੇ 15 ਕਰੋੜ ਰੁਪਏ ਖਰਚ ਕੀਤੇ ਜਾਣਗੇ।” ਉਨ੍ਹਾਂ ਨੇ ਇਸ ਪ੍ਰੋਜੈਕਟ ਲਈ ਜ਼ਮੀਨ ਦਾਨ ਕਰਨ ਲਈ ਬਕਰੌਰ ਪਿੰਡ ਦੀ ਪੰਚਾਇਤ ਅਤੇ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੇ ਨੇੜਲੇ 50 ਪਿੰਡਾਂ ਦੇ ਨੌਜਵਾਨਾਂ ਨੂੰ ਲਾਭ ਹੋਵੇਗਾ ਜਿਸ ਵਿੱਚ ਆਉਣ ਵਾਲੇ ਸਾਲਾਂ ਵਿੱਚ 2000 ਤੋਂ ਵੱਧ ਵਿਦਿਆਰਥੀਆਂ ਦੇ ਦਾਖਲੇ ਦੀ ਉਮੀਦ ਹੈ। “ਇਹ ਸੰਸਥਾ ਆਰਟਸ, ਸਾਇੰਸ, ਕਾਮਰਸ, ਕੰਪਿਊਟਰ ਵਿਗਿਆਨ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਸਿੱਖਿਆ ਦੇ ਕੋਰਸ ਕਰਵਾਏਗੀ, ਜਿਸ ਨਾਲ ਸਰਹੱਦੀ ਪੱਟੀ ਦੇ ਵਿਦਿਆਰਥੀਆਂ ਲਈ ਆਧੁਨਿਕ ਅਤੇ ਮਿਆਰੀ ਸਿੱਖਿਆ ਯਕੀਨੀ ਬਣਾਈ ਜਾਵੇਗੀ।” ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਾਲਜ ਇਸ ਖੇਤਰ ਦੇ ਨੌਜਵਾਨਾਂ, ਖਾਸ ਕਰਕੇ ਲੜਕੀਆਂ ਦੇ ਚੰਗੇ ਭਵਿੱਖ ਲਈ ਅਹਿਮ ਭੂਮਿਕਾ ਨਿਭਾਏਗਾ।

ਇਲਾਕੇ ਦੇ ਨੌਜਵਾਨਾਂ ਦੀਆਂ ਇੱਛਾਵਾਂ ਅਤੇ ਸੁਪਨੇ ਉੱਚੇ ਹੋਣ ਦੀ ਗੱਲ ਆਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਿਰੰਤਰ ਸਹਾਇਤਾ ਰਾਹੀਂ ਇਨ੍ਹਾਂ ਸੁਪਨਿਆਂ ਨੂੰ ਉਡਾਣ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, “ਸਾਡਾ ਧਿਆਨ ਮੌਜੂਦਾ ਅਤੇ ਭਵਿੱਖੀ ਪੀੜ੍ਹੀਆਂ ਦੀ ਭਲਾਈ ਉੱਤੇ ਕੇਂਦਰਿਤ ਹੈ ਤਾਂ ਜੋ ਪੰਜਾਬ ਤਰੱਕੀ ਅਤੇ ਖ਼ੁਸ਼ਹਾਲੀ ਦੇ ਰਾਹ `ਤੇ ਅੱਗੇ ਵਧ ਸਕੇ। ਸਮਾਜ ਦੇ ਹਰ ਵਰਗ ਦੀ ਭਲਾਈ ਸਾਡਾ ਮੁੱਖ ਉਦੇਸ਼ ਹੈ।”

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕਾਲਜ ਲਈ ਜ਼ਮੀਨ ਦਾਨ ਕਰਨ ਵਾਲੇ ਪਿੰਡ ਦੇ ਵਿਦਿਆਰਥੀਆਂ ਨੂੰ ਇਸ ਸੰਸਥਾ ਵਿੱਚ ਮੁਫ਼ਤ ਸਿੱਖਿਆ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਲਜ ਦਾ ਨਾਮ ਬਾਬਾ ਗਮਚੁੱਕ ਜੀ ਮਹਾਰਾਜ ਦੇ ਨਾਮ `ਤੇ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਾਪਿਆਂ ਨੂੰ ਆਪਣੇ ਬੱਚਿਆਂ ਲਈ ਮਿਆਰੀ ਸਿੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਉਹ ਮੌਕਿਆਂ ਦੀ ਭਾਲ ਵਿੱਚ ਵਿਦੇਸ਼ ਜਾਣ ਲਈ ਮਜਬੂਰ ਨਾ ਹੋਣ।”

ਪਰਵਾਸ ਦੇ ਮੁੱਦੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਵਿੱਚੋਂ ਨਿਰਾਸ਼ਾ ਖ਼ਤਮ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਰਿਵਰਸ ਮਾਈਗ੍ਰੇਸ਼ਨ ਵਿੱਚ ਤੇਜ਼ੀ ਆਵੇ। ਉਨ੍ਹਾਂ ਕਿਹਾ, “ਪਿਛਲੀਆਂ ਸਰਕਾਰਾਂ ਨੇ ਇਸ ਚੁਣੌਤੀ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸਿਸਟਮ ਨੂੰ ਬਰਬਾਦ ਕਰ ਦਿੱਤਾ, ਜਿਸ ਨਾਲ ਨੌਜਵਾਨਾਂ ਨੂੰ ਦੇਸ਼ ਤੋਂ ਬਾਹਰ ਦੇਖਣ ਲਈ ਮਜਬੂਰ ਹੋਣਾ ਪਿਆ। ਇਹ ਮਾਣ ਵਾਲੀ ਗੱਲ ਹੈ ਕਿ ਸਾਡੀ ਸਰਕਾਰ ਨੇ ਸਿਰਫ਼ ਯੋਗਤਾ ਦੇ ਆਧਾਰ `ਤੇ 63,000 ਤੋਂ ਵੱਧ ਨੌਜਵਾਨਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਮੁਹੱਈਆ ਕੀਤੀਆਂ ਹਨ।”

ਸਰਹੱਦੀ ਵਸਨੀਕਾਂ ਦੀਆਂ ਚਿੰਤਾਵਾਂ `ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਰਹੱਦੀ ਵਸਨੀਕਾਂ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ ਕਿਉਂਕਿ ਉਹ ਸਹੀ ਮਾਇਨਿਆਂ ਵਿੱਚ ਦੇਸ਼ ਭਗਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਹੱਦ ਪੱਟੀ ਦੇ ਕਿਸਾਨਾਂ ਲਈ ਵੱਡੀ ਰਾਹਤ ਵਜੋਂ ਕੇਂਦਰ ਸਰਕਾਰ ਨੇ ਕੰਡਿਆਲੀ ਤਾਰ ਨੂੰ ਅੰਤਰਰਾਸ਼ਟਰੀ ਸਰਹੱਦ ਵੱਲ ਤਬਦੀਲ ਕਰਨ ਲਈ ਸਿਧਾਂਤਕ ਤੌਰ `ਤੇ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ, “ਇਸ ਨਾਲ ਹਜ਼ਾਰਾਂ ਏਕੜ ਖੇਤੀ ਵਾਲੀ ਜ਼ਮੀਨ ਉੱਤੇ ਬਿਨਾਂ ਕਿਸੇ ਰੁਕਾਵਟ ਦੇ ਖੇਤੀ ਕੀਤੀ ਜਾ ਸਕੇਗੀ, ਜੋ ਇਸ ਸਮੇਂ ਕੰਡਿਆਲੀ ਤਾਰ ਤੋਂ ਪਰ੍ਹੇ ਹੈ। ਕਿਸਾਨਾਂ ਨੂੰ ਪਹਿਲਾਂ 532 ਕਿਲੋਮੀਟਰ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਆਪਣੇ ਖੇਤਾਂ ਤੱਕ ਪਹੁੰਚਣ ਲਈ ਬੀ.ਐਸ.ਐਫ. ਦੀ ਸੁਰੱਖਿਆ ਹੇਠ ਕੰਡਿਆਲੀ ਤਾਰ ਪਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਲਗਾਤਾਰ ਯਤਨਾਂ ਤੋਂ ਬਾਅਦ ਇਸ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ `ਤੇ ਆਖ਼ਰਕਾਰ ਪ੍ਰਗਤੀ ਹੋਈ ਹੈ।”

ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਹਾਸਲ ਉਪਲਬਧੀਆਂ `ਤੇ ਚਾਨਣਾ ਪਾਇਆ ਅਤੇ ਕਿਹਾ ਕਿ ਸੂਬਾ ਕੌਮੀ ਪੱਧਰ `ਤੇ ਮੋਹਰੀ ਬਣ ਕੇ ਉੱਭਰਿਆ ਹੈ। ਉਨ੍ਹਾਂ ਕਿਹਾ, “ਇਹ ਆਉਣ ਵਾਲਾ ਪ੍ਰਾਜੈਕਟ ਇਸ ਸਰਹੱਦੀ ਜ਼ਿਲ੍ਹੇ ਦੇ ਨੌਜਵਾਨਾਂ ਦੀ ਕਿਸਮਤ ਬਦਲ ਦੇਵੇਗਾ। ਇਹ ਇਕ ਇਤਿਹਾਸਕ ਦਿਨ ਹੈ, ਜੋ ਮੁੱਖ ਮੰਤਰੀ ਅਤੇ ਸੂਬਾ ਸਰਕਾਰ ਦੀ ਦੂਰਅੰਦੇਸ਼ੀ ਸੋਚ ਸਦਕਾ ਸੰਭਵ ਹੋਇਆ ਹੈ।”

ਇਸ ਦੌਰਾਨ ਸੀਨੀਅਰ ‘ਆਪ` ਨੇਤਾ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਇਸ ਪਹਿਲਕਦਮੀ ਨੂੰ ਸਰਹੱਦੀ ਖੇਤਰਾਂ ਵਿੱਚ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਵੱਲ ਇਕ ਮਾਰਗ-ਦਰਸ਼ਕ ਕਦਮ ਦੱਸਿਆ। ਉਨ੍ਹਾਂ ਕਿਹਾ, “ਇਹ ਮੰਦਭਾਗਾ ਹੈ ਕਿ ਅਜਨਾਲਾ ਵਿੱਚ 70 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਕਾਲਜ ਨਹੀਂ ਸੀ। ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਅੱਜ ਪੂਰੀ ਹੋ ਗਈ ਹੈ। ਅਸੀਂ ਹਰ ਵਾਅਦੇ ਨੂੰ ਪੂਰਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਇਹ ਕਾਲਜ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ।” ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਰਭਜਨ ਸਿੰਘ ਈ.ਟੀ.ਓ., ਸੀਨੀਅਰ ਆਪ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਹੋਰ ਪਾਰਟੀ ਆਗੂ ਤੇ ਸਥਾਨਕ ਨੁਮਾਇੰਦੇ ਸ਼ਾਮਲ ਹੋਏ।

ਭਗਵੰਤ ਮਾਨ ਸਰਕਾਰ ਦਾ ਸਰਹੱਦੀ ਨੌਜਵਾਨਾਂ ਲਈ ਕ੍ਰਾਂਤੀਕਾਰੀ ਕਦਮ

ਬਕਰੌਰ ਵਿਖੇ ਸਰਕਾਰੀ ਡਿਗਰੀ ਅਤੇ ਵੋਕੇਸ਼ਨਲ ਸਿਖਲਾਈ ਕਾਲਜ ਦੀ ਸਥਾਪਨਾ ਕਰ ਕੇ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸਰਹੱਦੀ ਪੱਟੀ ਦੇ ਲੋਕਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਕਰਨਾ ਦੂਰਅੰਦੇਸ਼ੀ ਸੋਚ ਦੀ ਪ੍ਰਤੀਕ ਹੈ। ਪਹਿਲਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਲਗਪਗ 40 ਕਿਲੋਮੀਟਰ ਅੰਮ੍ਰਿਤਸਰ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ। ਇਸ ਕਾਰਨ ਅਕਸਰ ਵਿਦਿਆਰਥੀ, ਖ਼ਾਸ ਕਰ ਕੇ ਲੜਕੀਆਂ ਦੀ ਪੜ੍ਹਾਈ ਵਿਚਾਲੇ ਛੁੱਟ ਜਾਂਦੀ ਸੀ।

ਲੰਮੇ ਸਮੇਂ ਤੋਂ ਚੱਲੀ ਆ ਰਹੀ ਜਨਤਕ ਵਚਨਬੱਧਤਾ ਨੂੰ ਪੂਰਾ ਕਰਕੇ ਅਤੇ ਇਸ ਨੂੰ ਜ਼ਮੀਨੀ ਪੱਧਰ `ਤੇ ਠੋਸ ਕਾਰਵਾਈ ਵਿੱਚ ਬਦਲ ਕੇ ਸੂਬਾ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਆਲੇ-ਦੁਆਲੇ ਦੇ 50 ਤੋਂ ਵੱਧ ਪਿੰਡਾਂ ਦੇ ਵਿਦਿਆਰਥੀਆਂ ਨੂੰ 15 ਏਕੜ ਦੇ ਕੈਂਪਸ ਵਿੱਚ ਮਿਆਰੀ ਉੱਚ ਸਿੱਖਿਆ ਅਤੇ ਹੁਨਰ-ਅਧਾਰਤ ਸਿੱਖਿਆ ਤੱਕ ਸਿੱਧੀ ਪਹੁੰਚ ਮਿਲੇ, ਜਿਸ ਵਿੱਚ ਡਿਗਰੀ ਪ੍ਰੋਗਰਾਮਾਂ ਨੂੰ ਰੋਜ਼ਗਾਰ-ਆਧਾਰਤ ਕੋਰਸਾਂ ਜਿਵੇਂ ਕਿ ਕੰਪਿਊਟਰ ਸਾਇੰਸ, ਆਰਟੀਫੀਸ਼ਲ ਇੰਟੈਲੀਜੈਂਸ ਅਤੇ ਡਿਜੀਟਲ ਹੁਨਰ ਨਾਲ ਜੋੜਿਆ ਜਾਵੇਗਾ।

ਇਸ ਨੂੰ ਆਧੁਨਿਕ ਅਤੇ ਵਿਦਿਆਰਥੀ-ਕੇਂਦ੍ਰਿਤ ਸੰਸਥਾ ਵਜੋਂ ਤਿਆਰ ਕੀਤਾ ਗਿਆ, ਜਿਸ ਵਿੱਚ ਕਿੱਤਾਮੁਖੀ ਸਹੂਲਤਾਂ ਅਤੇ ਖੇਡ ਬੁਨਿਆਦੀ ਢਾਂਚਾ ਹੈ। ਇਹ ਕਾਲਜ ਪੰਜਾਬ ਦੇ ਸੰਵੇਦਨਸ਼ੀਲ ਸਰਹੱਦੀ ਖੇਤਰ ਵਿੱਚ ਸਮਾਜਿਕ ਬਰਾਬਰੀ ਅਤੇ ਨੌਜਵਾਨ ਸ਼ਕਤੀਕਰਨ ਲਈ ਪ੍ਰੇਰਕ ਬਣਨ ਲਈ ਤਿਆਰ ਹੈ, ਜੋ ਮਾਨ ਸਰਕਾਰ ਦੇ ਸਾਰਿਆਂ ਲਈ ਬਰਾਬਰ ਮੌਕੇ ਦੇ ਸ਼ਾਸਨ ਮਾਡਲ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।

ਨਸ਼ੇ ਨੇ ਲੁਧਿਆਣਾ ਦੇ ਇਕੋ ਪਰਿਵਾਰ ਦੀਆਂ ਸੱਤ ਜਿੰਦਗੀਆਂ ਤਬਾਹ ਕੀਤੀਆਂ, 13 ਸਾਲਾਂ ’ਚ ਪੂਰਾ ਪਰਿਵਾਰ ਖ਼ਤਮ!

ਲੁਧਿਆਣਾ :- ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਇਲਾਕੇ ਅਧੀਨ ਪੈਂਦੇ ਪਿੰਡ ਸ਼ੇਰੇਵਾਲ ਤੋਂ ਨਸ਼ੇ ਦੀ ਉਹ ਦਰਦਨਾਕ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਪੂਰੇ ਪੰਜਾਬ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਨਸ਼ੇ ਦੀ ਲਤ ਨੇ ਸਿਰਫ 13 ਸਾਲਾਂ ਦੇ ਅੰਦਰ ਇੱਕ ਖੁਸ਼ਹਾਲ ਪਰਿਵਾਰ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ। ਪਿਤਾ ਸਮੇਤ ਛੇ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਘਰ ਵਿੱਚ ਸਿਰਫ ਇਕ ਬਜ਼ੁਰਗ ਮਾਂ, ਤਿੰਨ ਵਿਧਵਾ ਨੂੰਹਾਂ ਅਤੇ ਕੁਝ ਨੰਨੇ ਬੱਚੇ ਹੀ ਬਚੇ ਹਨ।

13 ਸਾਲਾਂ ਵਿੱਚ ਇਕੋ ਪਰਿਵਾਰ ’ਚ ਸੱਤ ਮੌਤਾਂ
ਪ੍ਰਾਪਤ ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਸਾਲ 2012 ਵਿੱਚ ਪਰਿਵਾਰ ਦੇ ਮੁਖੀ ਮੁਖਤਿਆਰ ਸਿੰਘ ਦੀ ਮੌਤ ਹੋਈ। ਦੱਸਿਆ ਗਿਆ ਕਿ ਵੱਧ ਸ਼ਰਾਬ ਸੇਵਨ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸੇ ਸਾਲ ਘਰ ਦੇ ਇਕ ਹੋਰ ਪੁੱਤਰ ਦੀ ਵੀ ਨਸ਼ੇ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਨਸ਼ੇ ਨੇ ਘਰ ਦੀ ਜੜ੍ਹਾਂ ਤੱਕ ਵਾਰ ਕਰਦਿਆਂ ਇੱਕ-ਇੱਕ ਕਰਕੇ ਹੋਰ ਪੰਜ ਨੌਜਵਾਨਾਂ ਦੀ ਜਾਨ ਲੈ ਲਈ।

25 ਸਾਲਾ ਜਸਵੀਰ ਦੀ ਮੌਤ ਨਾਲ ਟੁੱਟਿਆ ਪਰਿਵਾਰ ਦਾ ਆਖਰੀ ਆਸਰਾ
ਪਰਿਵਾਰ ’ਚ ਸੱਤਵੀਂ ਅਤੇ ਤਾਜ਼ਾ ਮੌਤ 25 ਸਾਲਾ ਜਸਵੀਰ ਸਿੰਘ ਦੀ ਹੋਈ ਹੈ। ਜਸਵੀਰ ਆਪਣੇ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ ਅਤੇ ਪਰਿਵਾਰ ਲਈ ਆਖਰੀ ਆਸ ਮੰਨਿਆ ਜਾ ਰਿਹਾ ਸੀ। ਉਸ ਦੀ ਮੌਤ ਤੋਂ ਬਾਅਦ ਇਹ ਘਰ ਪੂਰੀ ਤਰ੍ਹਾਂ ਸੁੰਨ ਹੋ ਗਿਆ ਹੈ।

ਬਜ਼ੁਰਗ ਮਾਂ ਛਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ
ਘਰ ਵਿੱਚ ਹੁਣ ਸਿਰਫ ਮਾਤਾ ਛਿੰਦਰ ਕੌਰ ਬਚੀ ਹੈ, ਜੋ ਆਪਣੀਆਂ ਤਿੰਨ ਵਿਧਵਾ ਨੂੰਹਾਂ, ਦੋ ਪੋਤਿਆਂ ਅਤੇ ਇਕ ਪੋਤੀ ਨਾਲ ਰਹਿ ਰਹੀ ਹੈ। ਬੁੱਢੀ ਮਾਂ ਦਾ ਕਹਿਣਾ ਹੈ ਕਿ ਨਸ਼ੇ ਨੇ ਉਸ ਤੋਂ ਉਸਦੀ ਸਾਰੀ ਦੁਨੀਆ ਛੀਨ ਲਈ। ਹੁਣ ਉਹ ਸਿਰਫ ਆਪਣੇ ਮਰੇ ਪੁੱਤਰਾਂ ਲਈ ਇਨਸਾਫ ਦੀ ਗੁਹਾਰ ਲਾ ਰਹੀ ਹੈ।

ਪਿੰਡ ਵਾਸੀਆਂ ਦਾ ਗੰਭੀਰ ਦੋਸ਼ — ਇਲਾਕੇ ’ਚ ਖੁੱਲ੍ਹੇਆਮ ਵਿਕਦਾ ਨਸ਼ਾ
ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਇਲਾਕੇ ਵਿੱਚ ਨਸ਼ਾ ਬੇਰੋਕਟੋਕ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੁੰਦੀ, ਜਿਸ ਕਾਰਨ ਨੌਜਵਾਨ ਲਗਾਤਾਰ ਨਸ਼ੇ ਦੀ ਭੇਟ ਚੜ੍ਹ ਰਹੇ ਹਨ।

ਪੁਲਿਸ ਕਾਰਵਾਈ ’ਤੇ ਉਠੇ ਸਵਾਲ
ਪਿੰਡ ਨਾਲ ਲੱਗਦੀ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਕਿਹਾ ਕਿ ਜਸਵੀਰ ਸਿੰਘ ਦੀ ਮੌਤ ਨਸ਼ੇ ਕਾਰਨ ਹੋਈ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ।

ਇੱਕ ਵਿਅਕਤੀ ਗ੍ਰਿਫਤਾਰ, ਇਕ ਔਰਤ ਫਰਾਰ
ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਨਸ਼ਾ ਮੁਹੱਈਆ ਕਰਵਾਉਣ ਵਾਲਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਕ ਔਰਤ ਅਜੇ ਫਰਾਰ ਦੱਸੀ ਜਾ ਰਹੀ ਹੈ।

ਨਸ਼ੇ ਖਿਲਾਫ ਸਰਕਾਰੀ ਦਾਅਵਿਆਂ ’ਤੇ ਵੱਡਾ ਸਵਾਲ
ਇੱਕ ਹੀ ਪਰਿਵਾਰ ਵਿੱਚ ਹੋਈਆਂ ਸੱਤ ਮੌਤਾਂ ਨੇ ਪੰਜਾਬ ਵਿੱਚ ਨਸ਼ੇ ਖਿਲਾਫ ਚੱਲ ਰਹੀ ਮੁਹਿੰਮ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਸ਼ੇਰੇਵਾਲ ਪਿੰਡ ਦੀ ਇਹ ਤ੍ਰਾਸਦੀ ਸਿਰਫ ਇਕ ਪਰਿਵਾਰ ਦੀ ਕਹਾਣੀ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਦੀ ਬਰਬਾਦੀ ਦੀ ਜਿੰਦਾ ਤਸਵੀਰ ਬਣ ਚੁੱਕੀ ਹੈ।

ਬਾਬਾ ਲਾਲ ਦਿਆਲ ਜੀ ਦੀ 671ਵੀਂ ਜਯੰਤੀ ’ਤੇ ਗੁਰਦਾਸਪੁਰ ਜ਼ਿਲ੍ਹੇ ’ਚ 20 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ!

ਗੁਰਦਾਸਪੁਰ :- ਮਹਾਨ ਤਪਸਵੀ ਯੋਗਰਾਜ ਸਤਿਗੁਰੂ ਸ੍ਰੀ ਬਾਬਾ ਲਾਲ ਦਿਆਲ ਜੀ ਦੀ 671ਵੀਂ ਜਯੰਤੀ ਦੇ ਮੌਕੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਜ਼ਿਲ੍ਹਾ ਗੁਰਦਾਸਪੁਰ ਅੰਦਰ 20 ਜਨਵਰੀ ਨੂੰ ਸਰਕਾਰੀ ਛੁੱਟੀ ਘੋਸ਼ਿਤ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸਰਕਾਰੀ ਪੱਧਰ ’ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਲੰਬੇ ਸਮੇਂ ਤੋਂ ਚੱਲ ਰਹੀ ਮੰਗ ਹੋਈ ਪੂਰੀ
ਸਤਿਗੁਰੂ ਬਾਬਾ ਲਾਲ ਦਿਆਲ ਜੀ ਦੀ ਜਯੰਤੀ ਹਰ ਸਾਲ ਭਾਰੀ ਸ਼ਰਧਾ ਅਤੇ ਆਸਥਾ ਨਾਲ ਮਨਾਈ ਜਾਂਦੀ ਹੈ। ਸ਼ਰਧਾਲੂਆਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਦਿਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਰਕਾਰੀ ਛੁੱਟੀ ਐਲਾਨੀ ਜਾਵੇ, ਤਾਂ ਜੋ ਵੱਡੀ ਗਿਣਤੀ ਵਿੱਚ ਸੰਗਤ ਧਾਰਮਿਕ ਸਮਾਗਮਾਂ ਵਿੱਚ ਸ਼ਾਮਿਲ ਹੋ ਸਕੇ।

ਰਮਨ ਬਹਿਲ ਦੀ ਅਗਵਾਈ ਹੇਠ ਭੇਜਿਆ ਗਿਆ ਸੀ ਮੰਗ ਪੱਤਰ
ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਰਮਨ ਬਹਿਲ ਦੀ ਅਗਵਾਈ ਹੇਠ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਸੀ। ਸਰਕਾਰ ਵੱਲੋਂ ਇਸ ਮੰਗ ’ਤੇ ਵਿਚਾਰ ਕਰਦੇ ਹੋਏ ਛੁੱਟੀ ਦਾ ਫੈਸਲਾ ਲਿਆ ਗਿਆ।

ਛੁੱਟੀ ਦੇ ਐਲਾਨ ਲਈ ਸਰਕਾਰ ਦਾ ਧੰਨਵਾਦ – ਰਮਨ ਬਹਿਲ
ਇਸ ਮੌਕੇ ਰਮਨ ਬਹਿਲ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਰਧਾਲੂਆਂ ਦੀ ਭਾਵਨਾ ਨੂੰ ਸਮਝਦਿਆਂ ਇਕ ਇਤਿਹਾਸਕ ਤੇ ਸਰਾਹਣਯੋਗ ਕਦਮ ਚੁੱਕਿਆ ਹੈ।

ਵਿਧਾਇਕਾਂ ਅਤੇ ਪਾਰਟੀ ਆਗੂਆਂ ਪ੍ਰਤੀ ਵੀ ਕੀਤਾ ਧੰਨਵਾਦ ਪ੍ਰਗਟ
ਰਮਨ ਬਹਿਲ ਨੇ ਇਸ ਫੈਸਲੇ ਲਈ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੇਰੀ ਕਲਸੀ, ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਵਿਧਾਇਕ ਅਮਰਪਾਲ ਸਿੰਘ, ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਸ਼ਮਸ਼ੇਰ ਸਿੰਘ, ਬਲਬੀਰ ਸਿੰਘ ਪੰਨੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੋਬਨ ਰੰਧਾਵਾ ਦਾ ਵੀ ਧੰਨਵਾਦ ਕੀਤਾ।

ਪਹਿਲਾਂ ਵੀ 2023 ਵਿੱਚ ਮਿਲ ਚੁੱਕੀ ਸੀ ਛੁੱਟੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2023 ਵਿੱਚ ਵੀ ਸਤਿਗੁਰੂ ਬਾਬਾ ਲਾਲ ਦਿਆਲ ਜੀ ਦੀ ਜਯੰਤੀ ਮੌਕੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਇਸ ਵਾਰ ਮੁੜ ਛੁੱਟੀ ਦੇ ਐਲਾਨ ਨਾਲ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਧਾਰਮਿਕ ਸੰਸਥਾਵਾਂ ਵੱਲੋਂ ਸਰਕਾਰ ਦੇ ਫੈਸਲੇ ਦਾ ਸਵਾਗਤ
ਇਸ ਮੌਕੇ ਸ਼੍ਰੀ ਲਾਲ ਦਵਾਰਾ ਮੰਦਰ ਚੈਰੀਟੇਬਲ ਸੋਸਾਇਟੀ (ਰਜਿ:) ਗੁਰਦਾਸਪੁਰ ਨਾਲ ਜੁੜੇ ਸੇਵਾਦਾਰ ਯੋਗੇਸ਼ ਸ਼ਰਮਾ, ਸੂਰਜ ਸੂਰੀ, ਅਮਨ ਸ਼ਰਮਾ, ਰਕੇਸ਼ ਮਹਾਜਨ, ਤਿਲਕ ਰਾਜ, ਬਲਬੀਰ ਸ਼ਰਮਾ, ਰਜਿੰਦਰ ਸ਼ਰਮਾ, ਰਜਿੰਦਰ ਮਹਾਜਨ ਅਤੇ ਨਵੀਨ ਕਾਲੀਆ ਸਮੇਤ ਹੋਰ ਸ਼ਰਧਾਲੂ ਹਾਜ਼ਰ ਰਹੇ, ਜਿਨ੍ਹਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਖੁਲ ਕੇ ਸਵਾਗਤ ਕੀਤਾ।

ਭਾਰਤ ਦੀ ਆਰਥਿਕ ਰਫ਼ਤਾਰ ’ਤੇ IMF ਦਾ ਭਰੋਸਾ ਵਧਿਆ, ਵਿਕਾਸ ਦਰ ਅਨੁਮਾਨ 7.3 ਫੀਸਦ ਕੀਤਾ

ਨਵੀਂ ਦਿੱਲੀ :– ਅੰਤਰਰਾਸ਼ਟਰੀ ਮੁਦਰਾ ਫੰਡ ਨੇ ਭਾਰਤ ਦੀ ਅਰਥਵਿਵਸਥਾ ਬਾਰੇ ਆਪਣੇ ਤਾਜ਼ਾ ਅੰਦਾਜ਼ੇ ਵਿੱਚ ਮਹੱਤਵਪੂਰਨ ਤਬਦੀਲੀ ਕਰਦਿਆਂ ਵਿੱਤੀ ਸਾਲ 2025-26 ਲਈ GDP ਵਿਕਾਸ ਦਰ 7.3 ਫੀਸਦ ਨਿਰਧਾਰਤ ਕੀਤੀ ਹੈ। ਪਹਿਲਾਂ ਜਾਰੀ ਅਨੁਮਾਨ ਨਾਲ ਤੁਲਨਾ ਕਰੀਏ ਤਾਂ ਇਸ ਵਿੱਚ 0.7 ਫੀਸਦ ਅੰਕ ਦਾ ਵਾਧਾ ਦਰਜ ਕੀਤਾ ਗਿਆ ਹੈ।

ਤੀਜੀ ਤਿਮਾਹੀ ਦੇ ਨਤੀਜਿਆਂ ਨੇ ਬਦਲਿਆ ਰੁਖ
IMF ਦੇ ਮੁਤਾਬਕ ਸਾਲ ਦੀ ਤੀਜੀ ਤਿਮਾਹੀ ਦੌਰਾਨ ਭਾਰਤੀ ਅਰਥਵਿਵਸਥਾ ਨੇ ਉਮੀਦ ਤੋਂ ਕਾਫ਼ੀ ਬਿਹਤਰ ਪ੍ਰਦਰਸ਼ਨ ਕੀਤਾ। ਉਦਯੋਗਿਕ ਉਤਪਾਦਨ, ਘਰੇਲੂ ਖਪਤ ਅਤੇ ਸਰਕਾਰੀ ਖਰਚ ’ਚ ਆਈ ਤੇਜ਼ੀ ਨੇ ਵਿਕਾਸ ਦਰ ਨੂੰ ਮਜ਼ਬੂਤੀ ਦਿੱਤੀ।

ਚੌਥੀ ਤਿਮਾਹੀ ’ਚ ਮਜ਼ਬੂਤ ਗਤੀ ਦੀ ਉਮੀਦ
ਰਿਪੋਰਟ ਅਨੁਸਾਰ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿੱਚ ਵੀ ਆਰਥਿਕ ਸਰਗਰਮੀਆਂ ਵਿੱਚ ਤੇਜ਼ੀ ਬਣੀ ਰਹਿਣ ਦੀ ਸੰਭਾਵਨਾ ਹੈ। ਨਿਵੇਸ਼, ਬੁਨਿਆਦੀ ਢਾਂਚੇ ਅਤੇ ਸੇਵਾ ਖੇਤਰ ਵੱਲੋਂ ਮਿਲ ਰਹੇ ਸਹਾਰੇ ਨੂੰ ਇਸਦਾ ਮੁੱਖ ਕਾਰਨ ਦੱਸਿਆ ਗਿਆ ਹੈ।

ਅਗਲੇ ਸਾਲਾਂ ਲਈ ਵਿਕਾਸ ਦਰ ਹੌਲੀ ਰਹਿਣ ਦਾ ਅੰਦਾਜ਼ਾ
ਹਾਲਾਂਕਿ IMF ਨੇ ਇਹ ਵੀ ਸਪਸ਼ਟ ਕੀਤਾ ਹੈ ਕਿ 2026 ਅਤੇ 2027 ਦੌਰਾਨ ਆਰਥਿਕ ਵਿਕਾਸ ਦੀ ਰਫ਼ਤਾਰ ਕੁਝ ਹੱਦ ਤੱਕ ਘੱਟ ਹੋ ਸਕਦੀ ਹੈ। ਕਮਜ਼ੋਰ ਚੱਕਰੀ ਹਾਲਾਤ ਅਤੇ ਕੁਝ ਅਸਥਾਈ ਕਾਰਕਾਂ ਦੇ ਚਲਦੇ ਵਿਕਾਸ ਦਰ ਲਗਭਗ 6.4 ਫੀਸਦ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ।

ਭਾਰਤੀ ਅਰਥਵਿਵਸਥਾ ਲਈ ਮਿਲਿਆ ਹੌਸਲਾ
ਮੌਜੂਦਾ ਸੋਧ ਨਾਲ ਇਹ ਸੰਕੇਤ ਮਿਲਦਾ ਹੈ ਕਿ ਗਲੋਬਲ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਮਜ਼ਬੂਤ ਨੀਂਹ ’ਤੇ ਖੜੀ ਹੈ। IMF ਦਾ ਵਧਾਇਆ ਗਿਆ ਅਨੁਮਾਨ ਨਿਵੇਸ਼ਕਾਂ ਅਤੇ ਵਪਾਰਕ ਖੇਤਰ ਲਈ ਵੀ ਸਕਾਰਾਤਮਕ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਗਾਇਕਾ ਜੈਸਮੀਨ ਸੈਂਡਲਸ ਹੋਈ ਨਤਮਸਤਕ

ਅੰਮ੍ਰਿਤਸਰ :- ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੇ ਅਰਦਾਸ ਕਰਕੇ ਗੁਰੂ ਘਰ ਦੀ ਹਾਜ਼ਰੀ ਭਰੀ। ਇਸ ਦੌਰਾਨ ਉਨ੍ਹਾਂ ਨੇ ਪੂਰੀ ਸ਼ਰਧਾ ਅਤੇ ਸ਼ਾਂਤ ਮਨ ਨਾਲ ਮੱਥਾ ਟੇਕਿਆ ਤੇ ਵਾਹਿਗੁਰੂ ਅੱਗੇ ਨਿਮਰਤਾ ਨਾਲ ਨਤਮਸਤਕ ਹੋਈ।

ਸਰੋਵਰ ਦੀ ਪਰਿਕਰਮਾ ਤੇ ਗੁਰਬਾਣੀ ਦਾ ਸ਼੍ਰਵਣ
ਜੈਸਮੀਨ ਸੈਂਡਲਸ ਨੇ ਪਾਵਨ ਸਰੋਵਰ ਦੀ ਪਰਿਕਰਮਾ ਕੀਤੀ ਅਤੇ ਕੁਝ ਸਮਾਂ ਦਰਬਾਰ ਸਾਹਿਬ ਦੇ ਪ੍ਰਾਂਗਣ ਵਿੱਚ ਬੈਠ ਕੇ ਗੁਰਬਾਣੀ ਦਾ ਸ਼੍ਰਵਣ ਵੀ ਕੀਤਾ। ਉਨ੍ਹਾਂ ਦੀ ਮੌਜੂਦਗੀ ਦੌਰਾਨ ਪੂਰਾ ਮਾਹੌਲ ਸ਼ਾਂਤੀ ਅਤੇ ਆਤਮਿਕ ਭਾਵਨਾ ਨਾਲ ਭਰਿਆ ਨਜ਼ਰ ਆਇਆ।

ਮਰਯਾਦਾ ਦਾ ਪੂਰਾ ਪਾਲਣ, ਸਾਦਗੀ ਰਹੀ ਪ੍ਰਮੁੱਖ
ਗੁਰੂ ਘਰ ਪਹੁੰਚਣ ਸਮੇਂ ਜੈਸਮੀਨ ਸੈਂਡਲਸ ਨੇ ਸਿਰ ’ਤੇ ਚੁੰਨੀ ਧਾਰਨ ਕਰਕੇ ਸਿੱਖ ਮਰਯਾਦਾ ਦਾ ਪੂਰੀ ਤਰ੍ਹਾਂ ਪਾਲਣ ਕੀਤਾ। ਨਾ ਕੋਈ ਦਿਖਾਵਾ, ਨਾ ਹੀ ਸੁਰੱਖਿਆ ਦਾ ਹੰਗਾਮਾ—ਉਹ ਸੰਗਤ ਵਿਚ ਇਕ ਆਮ ਸ਼ਰਧਾਲੂ ਵਾਂਗ ਹੀ ਨਜ਼ਰ ਆਈ।

ਸ਼ੋਹਰਤ ਤੋਂ ਉੱਪਰ ਆਤਮਿਕ ਜੁੜਾਵ
ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਜੈਸਮੀਨ ਸੈਂਡਲਸ ਦੇ ਦੇਸ਼-ਵਿਦੇਸ਼ ਵਿੱਚ ਲੱਖਾਂ ਪ੍ਰਸ਼ੰਸਕ ਹਨ, ਪਰ ਗੁਰੂ ਘਰ ਵਿੱਚ ਉਨ੍ਹਾਂ ਦੀ ਹਾਜ਼ਰੀ ਨੇ ਇਹ ਸਾਬਤ ਕੀਤਾ ਕਿ ਨਾਮ ਤੇ ਸ਼ੋਹਰਤ ਤੋਂ ਵੱਡਾ ਆਤਮਿਕ ਸੁਕੂਨ ਹੁੰਦਾ ਹੈ।

ਤਸਵੀਰਾਂ ਸੋਸ਼ਲ ਮੀਡੀਆ ’ਤੇ ਹੋਈਆਂ ਵਾਇਰਲ
ਉਨ੍ਹਾਂ ਦੀ ਇਸ ਧਾਰਮਿਕ ਯਾਤਰਾ ਨਾਲ ਸੰਬੰਧਿਤ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵੀ ਸਾਹਮਣੇ ਆਈਆਂ, ਜਿਨ੍ਹਾਂ ਨੂੰ ਸੰਗਤ ਅਤੇ ਪ੍ਰਸ਼ੰਸਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ। ਕਈ ਲੋਕਾਂ ਨੇ ਉਨ੍ਹਾਂ ਦੀ ਸਾਦਗੀ ਅਤੇ ਧਾਰਮਿਕ ਭਾਵਨਾ ਦੀ ਪ੍ਰਸ਼ੰਸਾ ਕਰਦੇ ਹੋਏ ਇਸਨੂੰ ਪ੍ਰੇਰਣਾਦਾਇਕ ਦੱਸਿਆ।

ਹਰਿਆਣਾ – ਕਿਸਮਤ ਨੇ ਬਦਲੀ ਮਜ਼ਦੂਰ ਦੀ ਜ਼ਿੰਦਗੀ, 10 ਕਰੋੜ ਦੀ ਲਾਟਰੀ ਦਾ ਬਣਿਆ ਮਾਲਕ

ਹਰਿਆਣਾ :- ਹਰਿਆਣਾ ਦੇ ਸਿਰਸਾ ਜ਼ਿਲ੍ਹੇ ਅਧੀਨ ਪੈਂਦੇ ਰਾਣੀਆ ਖੇਤਰ ਦੇ ਪਿੰਡ ਮਹਿਮਦਪੁਰੀਆ ਵਿੱਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਪਿੰਡ ਦੇ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਨੇ 10 ਕਰੋੜ ਰੁਪਏ ਦੀ ਲਾਟਰੀ ਜਿੱਤ ਲਈ। ਸਾਲਾਂ ਤੋਂ ਦਿਹਾੜੀਦਾਰ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਪ੍ਰਿਥਵੀ ਦੀ ਕਿਸਮਤ ਇਕ ਝਟਕੇ ਵਿੱਚ ਬਦਲ ਗਈ।

ਪੰਜਾਬ ਰਾਜ ਪਿਆਰੀ ਲਾਟਰੀ ਦੇ ਬੰਪਰ ਨੇ ਖੋਲ੍ਹੇ ਭਾਗ
ਜਾਣਕਾਰੀ ਮੁਤਾਬਕ ਪ੍ਰਿਥਵੀ ਨੇ ਪੰਜਾਬ ਰਾਜ ਪਿਆਰੀ ਲਾਟਰੀ ਦੀ ਲੋਹੜੀ–ਮਕਰ ਸੰਕ੍ਰਾਂਤੀ ਬੰਪਰ 2026 ਦੀ ਟਿਕਟ ਖਰੀਦੀ ਸੀ, ਜਿਸ ਨੇ ਉਸਨੂੰ ਪਹਿਲਾ ਇਨਾਮ ਦਿਲਾਇਆ। ਇਹ ਲਾਟਰੀ ਟਿਕਟ ਉਸਨੇ ਡੱਬਵਾਲੀ ਦੇ ਪਿੰਡ ਕਿੱਲਿਆਂਵਾਲੀ ਤੋਂ ਲਈ ਸੀ। ਖੁਸ਼ਕਿਸਮਤ ਟਿਕਟ ਦਾ ਨੰਬਰ 327706 ਦੱਸਿਆ ਜਾ ਰਿਹਾ ਹੈ।

35 ਸਾਲਾ ਪ੍ਰਿਥਵੀ ਦਾ ਸਾਦਾ ਜੀਵਨ
ਲਾਟਰੀ ਜੇਤੂ ਪ੍ਰਿਥਵੀ ਦੀ ਉਮਰ ਲਗਭਗ 35 ਸਾਲ ਹੈ। ਉਹ ਪਿੰਡ ਵਿੱਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸੀ। ਉਸਦੇ ਪਿਤਾ ਦਾ ਨਾਮ ਦੇਵੀ ਲਾਲ ਹੈ। ਸਧਾਰਣ ਪਰਿਵਾਰਕ ਪਿਛੋਕੜ ਤੋਂ ਆਉਣ ਵਾਲਾ ਪ੍ਰਿਥਵੀ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਉਸਦੀ ਜ਼ਿੰਦਗੀ ਇੰਝ ਇਕ ਦਿਨ ਵਿੱਚ ਬਦਲ ਜਾਵੇਗੀ।

ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ
ਪ੍ਰਿਥਵੀ ਦੇ ਪਰਿਵਾਰ ਵਿੱਚ ਉਸਦੀ ਪਤਨੀ ਸੁਮਨ, ਧੀ ਰਿਤਿਕਾ, ਪੁੱਤਰ ਦਕਸ਼, ਇੱਕ ਭਰਾ ਅਤੇ ਤਿੰਨ ਵਿਆਹੀਆਂ ਭੈਣਾਂ ਸ਼ਾਮਲ ਹਨ। ਉਸਦੀ ਪਤਨੀ ਸੁਮਨ ਇੱਕ ਸਕੂਲ ਵਿੱਚ ਚਪੜਾਸੀ ਵਜੋਂ ਨੌਕਰੀ ਕਰਦੀ ਹੈ। ਲਾਟਰੀ ਜਿੱਤਣ ਦੀ ਖ਼ਬਰ ਮਿਲਦਿਆਂ ਹੀ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਘਰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ।

ਪਿੰਡ ਵਾਸੀਆਂ ਨੇ ਵੰਡੀਆਂ ਮੁਬਾਰਕਾਂ
ਪ੍ਰਿਥਵੀ ਦੀ ਵੱਡੀ ਜਿੱਤ ਤੋਂ ਬਾਅਦ ਪਿੰਡ ਮਹਿਮਦਪੁਰੀਆ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਇਸਨੂੰ ਗਰੀਬ ਦੀ ਕਿਸਮਤ ਦਾ ਚਮਤਕਾਰ ਦੱਸਦਿਆਂ ਪ੍ਰਿਥਵੀ ਅਤੇ ਉਸਦੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ। ਲੋਕਾਂ ਦਾ ਕਹਿਣਾ ਹੈ ਕਿ ਇਹ ਜਿੱਤ ਕਈ ਹੋਰ ਲੋੜਵੰਦ ਪਰਿਵਾਰਾਂ ਲਈ ਵੀ ਉਮੀਦ ਦੀ ਕਿਰਣ ਬਣੀ ਹੈ।

ਇਕ ਟਿਕਟ ਨੇ ਬਦਲ ਦਿੱਤਾ ਮੁਕੱਦਰ
ਦਿਹਾੜੀਦਾਰ ਮਜ਼ਦੂਰੀ ਕਰਦਾ ਪ੍ਰਿਥਵੀ ਅੱਜ ਕਰੋੜਾਂ ਦਾ ਮਾਲਕ ਬਣ ਚੁੱਕਾ ਹੈ। ਇਹ ਕਹਾਣੀ ਇਕ ਵਾਰ ਫਿਰ ਸਾਬਤ ਕਰਦੀ ਹੈ ਕਿ ਕਿਸਮਤ ਕਦੋਂ ਤੇ ਕਿਵੇਂ ਦਰਵਾਜ਼ਾ ਖੜਕਾ ਦੇਵੇ, ਕੋਈ ਨਹੀਂ ਜਾਣਦਾ।

ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ; 22–23 ਜਨਵਰੀ ਨੂੰ ਮੀਂਹ ਨਾਲ ਮੁੜ ਵਧੇਗੀ ਠੰਢ

ਚੰਡੀਗੜ੍ਹ :- ਪੰਜਾਬ ਵਿੱਚ ਮੌਸਮ ਇਕ ਵਾਰ ਫਿਰ ਕਰਵਟ ਲੈ ਰਿਹਾ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਧੁੰਦ ਅਤੇ ਮੀਂਹ ਦੋਵੇਂ ਲੋਕਾਂ ਦੀ ਮੁਸ਼ਕਲ ਵਧਾ ਸਕਦੇ ਹਨ। ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਲਈ ਸੰਘਣੀ ਧੁੰਦ ਦੇ ਮੱਦੇਨਜ਼ਰ ਕਈ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

22 ਤੇ 23 ਜਨਵਰੀ ਨੂੰ ਮੀਂਹ ਦੀ ਸੰਭਾਵਨਾ
ਪੀਏਯੂ ਲੁਧਿਆਣਾ ਦੀ ਮੌਸਮ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ 22 ਅਤੇ 23 ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੌਰਾਨ ਆਕਾਸ਼ ਵਿੱਚ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ ’ਤੇ ਹਲਕਾ ਤੋਂ ਦਰਮਿਆਨਾ ਮੀਂਹ ਵੀ ਹੋ ਸਕਦਾ ਹੈ।

ਤਾਪਮਾਨ ਵਿੱਚ ਆ ਸਕਦੀ ਹੈ ਮੁੜ ਗਿਰਾਵਟ
ਮੌਸਮ ਮਾਹਿਰਾਂ ਅਨੁਸਾਰ ਪਿਛਲੇ ਕੁਝ ਦਿਨਾਂ ਦੌਰਾਨ ਤਾਪਮਾਨ ਆਮ ਨਾਲੋਂ ਥੋੜ੍ਹਾ ਵਧਿਆ ਹੈ, ਜਿਸ ਕਾਰਨ ਲੋਕਾਂ ਨੂੰ ਠੰਢ ਤੋਂ ਹਲਕੀ ਰਾਹਤ ਮਹਿਸੂਸ ਹੋਈ। ਪਰ ਮੀਂਹ ਦੀ ਆਮਦ ਨਾਲ ਤਾਪਮਾਨ ਵਿੱਚ ਇਕ ਵਾਰ ਫਿਰ ਕਮੀ ਆ ਸਕਦੀ ਹੈ ਅਤੇ ਸੀਤ ਲਹਿਰ ਦਾ ਅਸਰ ਵਧਣ ਦੀ ਸੰਭਾਵਨਾ ਹੈ।

ਧੁੰਦ ਕਾਰਨ ਸਵੇਰ ਦੇ ਸਮੇਂ ਸਾਵਧਾਨੀ ਦੀ ਲੋੜ
ਮੌਸਮ ਵਿਭਾਗ ਨੇ ਖ਼ਾਸ ਤੌਰ ’ਤੇ ਸਵੇਰ ਅਤੇ ਰਾਤ ਦੇ ਸਮੇਂ ਘਣੀ ਧੁੰਦ ਬਣਨ ਦੀ ਚੇਤਾਵਨੀ ਦਿੱਤੀ ਹੈ। ਕੇਂਦਰੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ ਘੱਟ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।

ਰੱਬੀ ਫਸਲਾਂ ਲਈ ਮੀਂਹ ਲਾਹੇਵੰਦ
ਡਾ. ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਆਉਣ ਵਾਲਾ ਮੀਂਹ ਕਿਸਾਨਾਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਵਰਖਾ ਰੱਬੀ ਫਸਲਾਂ, ਖ਼ਾਸ ਕਰਕੇ ਕਣਕ ਅਤੇ ਸਰੋਂ ਲਈ ਲਾਹੇਵੰਦ ਰਹੇਗੀ, ਹਾਲਾਂਕਿ ਵੱਧ ਠੰਢ ਕਾਰਨ ਫਸਲਾਂ ਦੀ ਨਿਗਰਾਨੀ ਜ਼ਰੂਰੀ ਹੈ।

ਲੋਕਾਂ ਨੂੰ ਸਿਹਤ ਪ੍ਰਤੀ ਸਾਵਧਾਨ ਰਹਿਣ ਦੀ ਅਪੀਲ
ਮੌਸਮ ਵਿਗਿਆਨੀਆਂ ਨੇ ਬਦਲਦੇ ਮੌਸਮ ਨੂੰ ਦੇਖਦੇ ਹੋਏ ਲੋਕਾਂ ਨੂੰ ਗਰਮ ਕੱਪੜੇ ਪਹਿਨਣ, ਧੁੰਦ ਦੌਰਾਨ ਸਫ਼ਰ ਸਮੇਂ ਸਾਵਧਾਨੀ ਵਰਤਣ ਅਤੇ ਬੁਜ਼ੁਰਗਾਂ ਤੇ ਬੱਚਿਆਂ ਦੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।