Home Blog Page 662

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਸਾਰੇ ਸਕੂਲਾਂ ‘ਚ ਦਿੱਤੇ ਜਾਣ ਮੁਫ਼ਤ ਸੈਨੇਟਰੀ ਪੈਡ

ਨਵੀਂ ਦਿੱਲੀ :- ਸੁਪਰੀਮ ਕੋਰਟ ਨੇ ਦੇਸ਼ ਭਰ ਦੀਆਂ ਸਕੂਲ ਜਾਣ ਵਾਲੀਆਂ ਵਿਦਿਆਰਥਣਾਂ ਲਈ ਇਕ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਕੂਲਾਂ ਵਿੱਚ ਕੁੜੀਆਂ ਨੂੰ ਮੁਫ਼ਤ ਸੈਨੇਟਰੀ ਪੈਡ ਉਪਲਬਧ ਕਰਵਾਏ ਜਾਣ। ਅਦਾਲਤ ਨੇ ਕਿਹਾ ਕਿ ਮਾਹਵਾਰੀ ਸਫਾਈ ਸੰਵਿਧਾਨ ਦੇ ਅਨੁਛੇਦ 21 ਅਧੀਨ ਮਿਲਦੇ ਜੀਵਨ ਅਤੇ ਨਿੱਜਤਾ ਦੇ ਅਧਿਕਾਰ ਦਾ ਅਟੁੱਟ ਹਿੱਸਾ ਹੈ, ਜਿਸਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ।

ਸਿਹਤ, ਮਾਣ ਅਤੇ ਬਰਾਬਰੀ ਨਾਲ ਜੁੜਿਆ ਮਸਲਾ
ਅਦਾਲਤ ਨੇ ਆਪਣੇ ਅਹਿਮ ਟਿੱਪਣੀ ਵਿੱਚ ਕਿਹਾ ਕਿ ਮਾਹਵਾਰੀ ਦੌਰਾਨ ਸਫਾਈ ਦੀ ਕਮੀ ਕਾਰਨ ਬਹੁਤ ਸਾਰੀਆਂ ਵਿਦਿਆਰਥਣਾਂ ਨੂੰ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਸਕੂਲ ਛੱਡਣ ਦੀ ਦਰ ਵਧਦੀ ਹੈ ਅਤੇ ਕੁੜੀਆਂ ਦੀ ਪੜ੍ਹਾਈ ‘ਤੇ ਗੰਭੀਰ ਅਸਰ ਪੈਂਦਾ ਹੈ। ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਮਾਹਵਾਰੀ ਸਫਾਈ ਕਿਸੇ ਤਰਸ ਜਾਂ ਭਲਾਈ ਦੀ ਯੋਜਨਾ ਨਹੀਂ, ਸਗੋਂ ਸਮਾਨਤਾ, ਸਿਹਤ ਅਤੇ ਮਾਣ-ਸਨਮਾਨ ਨਾਲ ਸਿੱਧਾ ਜੁੜਿਆ ਮੌਲਿਕ ਅਧਿਕਾਰ ਹੈ।

6ਵੀਂ ਤੋਂ 12ਵੀਂ ਜਮਾਤ ਲਈ ਦਾਖਲ ਹੋਈ ਸੀ ਪਟੀਸ਼ਨ
ਇਹ ਮਾਮਲਾ ਉਸ ਵੇਲੇ ਅਦਾਲਤ ਦੇ ਸਾਹਮਣੇ ਆਇਆ ਜਦੋਂ ਮੱਧ ਪ੍ਰਦੇਸ਼ ਦੀ ਸਮਾਜਿਕ ਕਾਰਕੁਨ ਜਯਾ ਠਾਕੁਰ ਵੱਲੋਂ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ 6ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਸਕੂਲ ਜਾਣ ਵਾਲੀਆਂ ਕੁੜੀਆਂ ਲਈ ਮੁਫ਼ਤ ਸੈਨੇਟਰੀ ਪੈਡ ਦੀ ਵਿਵਸਥਾ ਕੀਤੀ ਜਾਵੇ।

ਕੇਂਦਰ ਸਰਕਾਰ ਨੂੰ ਕੌਮੀ ਨੀਤੀ ਬਣਾਉਣ ਦੇ ਹੁਕਮ
ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਕਿ ਮਾਹਵਾਰੀ ਸਫਾਈ ਲਈ ਇੱਕ ਵਿਸਤ੍ਰਿਤ ਕੌਮੀ ਨੀਤੀ ਤਿਆਰ ਕੀਤੀ ਜਾਵੇ, ਜਿਸ ਅਧੀਨ ਸਕੂਲੀ ਵਿਦਿਆਰਥਣਾਂ ਨੂੰ ਮੁਫ਼ਤ ਸੈਨੇਟਰੀ ਪੈਡ ਅਤੇ ਹੋਰ ਲੋੜੀਂਦੇ ਉਤਪਾਦ ਦਿੱਤੇ ਜਾਣ। ਨਾਲ ਹੀ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪਣੀਆਂ ਚੱਲ ਰਹੀਆਂ ਅਤੇ ਫੰਡ ਕੀਤੀਆਂ ਯੋਜਨਾਵਾਂ ਬਾਰੇ ਕੇਂਦਰ ਨੂੰ ਜਾਣੂ ਕਰਵਾਉਣ ਲਈ ਕਿਹਾ ਗਿਆ ਹੈ।

ਸਕੂਲਾਂ ਲਈ ਜਾਰੀ ਹੋਈਆਂ ਸਪੱਸ਼ਟ ਹਦਾਇਤਾਂ
ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿੱਚ ਵਿਦਿਆਰਥਣਾਂ ਲਈ ਵੱਖਰੇ ਪਖਾਨੇ, ਸਾਫ਼ ਪਾਣੀ ਅਤੇ ਪੂਰੀ ਨਿੱਜਤਾ ਯਕੀਨੀ ਬਣਾਈ ਜਾਵੇ। ਨਵੇਂ ਬਣ ਰਹੇ ਸਕੂਲਾਂ ਵਿੱਚ ਅਪਾਹਜ ਵਿਦਿਆਰਥਣਾਂ ਦੀ ਪਹੁੰਚ ਅਤੇ ਸੁਰੱਖਿਆ ਨੂੰ ਵੀ ਲਾਜ਼ਮੀ ਤੌਰ ‘ਤੇ ਧਿਆਨ ਵਿੱਚ ਰੱਖਿਆ ਜਾਵੇ।

ਬਾਇਓਡੀਗ੍ਰੇਡੇਬਲ ਪੈਡ ਅਤੇ ਐਮਰਜੈਂਸੀ ਪ੍ਰਬੰਧ ਲਾਜ਼ਮੀ
ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਕੂਲਾਂ ਦੇ ਪਖਾਨਿਆਂ ਵਿੱਚ ਮੁਫ਼ਤ ਬਾਇਓਡੀਗ੍ਰੇਡੇਬਲ ਸੈਨੇਟਰੀ ਨੈਪਕਿਨ ਉਪਲਬਧ ਹੋਣੇ ਚਾਹੀਦੇ ਹਨ। ਹਰ ਸਕੂਲ ਵਿੱਚ ਮਾਹਵਾਰੀ ਸਫਾਈ ਪ੍ਰਬੰਧਨ ਪ੍ਰਣਾਲੀ ਬਣਾਈ ਜਾਵੇ, ਜਿਸ ਵਿੱਚ ਐਮਰਜੈਂਸੀ ਲਈ ਵਾਧੂ ਵਰਦੀਆਂ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਕੀਤਾ ਜਾਵੇ।

ਇਸ ਫ਼ੈਸਲੇ ਨੂੰ ਦੇਸ਼ ਭਰ ਵਿੱਚ ਕੁੜੀਆਂ ਦੀ ਸਿੱਖਿਆ, ਸਿਹਤ ਅਤੇ ਸਮਾਨ ਅਧਿਕਾਰਾਂ ਵੱਲ ਇੱਕ ਵੱਡਾ ਅਤੇ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ, ਜੋ ਭਵਿੱਖ ਵਿੱਚ ਲੱਖਾਂ ਵਿਦਿਆਰਥਣਾਂ ਲਈ ਸੁਰੱਖਿਅਤ ਅਤੇ ਮਾਣਯੋਗ ਵਾਤਾਵਰਨ ਯਕੀਨੀ ਬਣਾਏਗਾ।

ਖੰਨਾ ‘ਚ ਚਰਚ ਦੀ ਆੜ ‘ਚ ਕੈਦ ਦੀ ਖੌਫ਼ਨਾਕ ਕਹਾਣੀ, 21 ਦਿਨ ਬਾਅਦ ਨੌਜਵਾਨ ਲੜਕੀ ਨੂੰ ਨਿਹੰਗਾ ਨੇ ਬਚਾਇਆ

ਖੰਨਾ :- ਖੰਨਾ ਦੇ ਕਰਤਾਰ ਨਗਰ ਇਲਾਕੇ ਵਿੱਚ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸ਼ਹਿਰ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਨੂੰ ਹਿਲਾ ਕੇ ਰੱਖ ਦਿੱਤਾ। ਇੱਥੇ ਇੱਕ ਪਾਦਰੀ ‘ਤੇ ਦੋਸ਼ ਲੱਗੇ ਹਨ ਕਿ ਉਸਨੇ ਨੌਜਵਾਨ ਲੜਕੀ ਨੂੰ ਪੂਜਾ-ਪਾਠ ਦੇ ਬਹਾਨੇ ਨਾਲ ਚਰਚ ਲੈ ਜਾ ਕੇ ਲਗਭਗ 21 ਦਿਨ ਤੱਕ ਬੰਦੀ ਬਣਾਕੇ ਰੱਖਿਆ।

ਪੂਜਾ ਲਈ ਲੈ ਗਿਆ, ਘਰ ਦੇ ਕਮਰੇ ‘ਚ ਕਰ ਦਿੱਤਾ ਕੈਦ
ਪੀੜਤਾ ਦੇ ਪਰਿਵਾਰ ਅਨੁਸਾਰ 7 ਜਨਵਰੀ ਨੂੰ ਪਾਦਰੀ ਰਮਨ ਕੁਮਾਰ ਲੜਕੀ ਨੂੰ ਚਰਚ ਲਿਜਾਣ ਦੀ ਗੱਲ ਕਹਿ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿੱਚ ਉਸਨੂੰ ਕਰਤਾਰ ਨਗਰ ਸਥਿਤ ਆਪਣੇ ਘਰ ਦੇ ਇੱਕ ਕਮਰੇ ਵਿੱਚ ਰੱਖਿਆ ਗਿਆ, ਜਿੱਥੇ ਬਾਹਰ ਜਾਣ ਜਾਂ ਕਿਸੇ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਲੁਧਿਆਣਾ ਲਿਜਾਣ ਦੇ ਦੋਸ਼, ਮਾਨਸਿਕ ਤਸ਼ੱਦਦ ਦੀ ਸ਼ਿਕਾਇਤ
ਪਰਿਵਾਰ ਦਾ ਕਹਿਣਾ ਹੈ ਕਿ ਦੌਰਾਨੀ ਕੈਦ ਲੜਕੀ ਨੂੰ ਕਈ ਵਾਰ ਲੁਧਿਆਣਾ ਵੀ ਲਿਜਾਇਆ ਗਿਆ, ਪਰ ਹਰ ਥਾਂ ਉਸਨੂੰ ਇਕੱਲਾ ਰੱਖਿਆ ਗਿਆ। ਉਸ ‘ਤੇ ਲਗਾਤਾਰ ਮਾਨਸਿਕ ਦਬਾਅ ਬਣਾਇਆ ਗਿਆ ਅਤੇ ਡਰ ਦੇ ਮਾਹੌਲ ‘ਚ ਜੀਣ ਲਈ ਮਜਬੂਰ ਕੀਤਾ ਗਿਆ।

ਪੁਲਿਸ ਨੂੰ ਸ਼ਿਕਾਇਤ ਦੇ ਬਾਵਜੂਦ ਨਹੀਂ ਹੋਈ ਸੁਣਵਾਈ
ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੇ 9 ਜਨਵਰੀ ਨੂੰ ਥਾਣਾ ਸਿਟੀ-2 ਖੰਨਾ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਸੀ। ਪਰ ਦੋਸ਼ ਹੈ ਕਿ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸ ਕਾਰਨ ਲੜਕੀ ਲਗਭਗ ਤਿੰਨ ਹਫ਼ਤੇ ਤੱਕ ਕੈਦ ਵਿੱਚ ਰਹੀ।

ਮਾਂ ਨਾਲ ਦੋ ਮਿੰਟ ਦੀ ਮੁਲਾਕਾਤ ਨੇ ਖੋਲ੍ਹੀ ਪੂਰੀ ਸੱਚਾਈ
ਇਸ ਮਾਮਲੇ ਦਾ ਪਰਦਾਫਾਸ਼ ਉਸ ਵੇਲੇ ਹੋਇਆ, ਜਦੋਂ ਪੀੜਤਾ ਦੀ ਮਾਂ ਨੂੰ ਸਵੇਰੇ ਸਿਰਫ਼ ਦੋ ਮਿੰਟ ਲਈ ਧੀ ਨਾਲ ਮਿਲਣ ਦੀ ਇਜਾਜ਼ਤ ਮਿਲੀ। ਇਨ੍ਹਾਂ ਕੁਝ ਪਲਾਂ ਦੌਰਾਨ ਲੜਕੀ ਨੇ ਇਸ਼ਾਰਿਆਂ ਰਾਹੀਂ ਆਪਣੀ ਮਾਂ ਨੂੰ ਕੈਦ ਹੋਣ ਦੀ ਹਕੀਕਤ ਦੱਸ ਦਿੱਤੀ, ਜਿਸ ਨਾਲ ਪਰਿਵਾਰ ਨੂੰ ਖ਼ਤਰੇ ਦਾ ਪੂਰਾ ਅਹਿਸਾਸ ਹੋ ਗਿਆ।

ਨਿਹੰਗ ਸਿੰਘਾਂ ਦੀ ਮਦਦ ਨਾਲ ਕਰਵਾਈ ਗਈ ਰਿਹਾਈ
ਪੁਲਿਸ ਤੋਂ ਨਿਰਾਸ਼ ਹੋ ਕੇ ਪਰਿਵਾਰ ਨੇ ਨਿਹੰਗ ਸਿੰਘਾਂ ਨਾਲ ਸੰਪਰਕ ਕੀਤਾ। ਜੱਥੇਦਾਰ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਜੱਥਾ ਕਰਤਾਰ ਨਗਰ ਪਹੁੰਚਿਆ ਅਤੇ ਹਾਲਾਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਲੜਕੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਹਾਲਾਤ ਵਿਗੜਦੇ ਹੀ ਪੁਲਿਸ ਨੇ ਲਿਆ ਕਬਜ਼ੇ ‘ਚ
ਨਿਹੰਗ ਸਿੰਘਾਂ ਵੱਲੋਂ ਲੜਕੀ ਨੂੰ ਬਾਹਰ ਕੱਢਣ ਤੋਂ ਬਾਅਦ ਇਲਾਕੇ ‘ਚ ਤਣਾਅ ਵਾਲੀ ਸਥਿਤੀ ਬਣ ਗਈ, ਜਿਸ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀ ਪਾਦਰੀ ਰਮਨ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ।

ਪਰਿਵਾਰ ਦਾ ਦਰਦਨਾਕ ਬਿਆਨ
ਪੀੜਤਾ ਦੇ ਪਿਤਾ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਜੇ ਸਮੇਂ ‘ਤੇ ਨਿਹੰਗ ਸਿੰਘ ਮਦਦ ਲਈ ਅੱਗੇ ਨਾ ਆਉਂਦੇ, ਤਾਂ ਸ਼ਾਇਦ ਅੱਜ ਵੀ ਉਨ੍ਹਾਂ ਦੀ ਧੀ ਕੈਦ ‘ਚ ਹੁੰਦੀ।

ਪੁਲਿਸ ਨੇ ਮਾਮਲਾ ਦਰਜ ਹੋਣ ਦੀ ਕੀਤੀ ਪੁਸ਼ਟੀ
ਖੰਨਾ ਪੁਲਿਸ ਦੇ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਪਾਦਰੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਬੂਤਾਂ ਦੇ ਆਧਾਰ ‘ਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਘਟਨਾ ਨਾ ਸਿਰਫ਼ ਇੱਕ ਨੌਜਵਾਨ ਲੜਕੀ ਦੀ ਜ਼ਿੰਦਗੀ ਨਾਲ ਜੁੜਿਆ ਗੰਭੀਰ ਅਪਰਾਧ ਹੈ, ਸਗੋਂ ਇਹ ਸਵਾਲ ਵੀ ਖੜ੍ਹਾ ਕਰਦੀ ਹੈ ਕਿ ਸ਼ਿਕਾਇਤ ਮਿਲਣ ਦੇ ਬਾਵਜੂਦ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਹੋਈ। ਫਿਲਹਾਲ ਪੀੜਤਾ ਸੁਰੱਖਿਅਤ ਹੈ ਅਤੇ ਜਾਂਚ ਜਾਰੀ ਹੈ।

ਪੀਐਮ ਮੋਦੀ ਦਾ ਪੰਜਾਬ ਦੌਰਾ 1 ਫਰਵਰੀ ਨੂੰ ਤੈਅ, ਚਲ ਰਹੀਆਂ ਅਟਕਲਾਂ ਤੇ ਮਨਜਿੰਦਰ ਸਿਰਸਾ ਨੇ ਲਈ ਮੋਹਰ!

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੀ ਤਰੀਕ ਨੂੰ ਲੈ ਕੇ ਚੱਲ ਰਹੀ ਉਲਝਣ ਹੁਣ ਪੂਰੀ ਤਰ੍ਹਾਂ ਸਾਫ਼ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ 1 ਫਰਵਰੀ ਨੂੰ ਜਲੰਧਰ ਪਹੁੰਚਣਗੇ। ਇਸ ਐਲਾਨ ਨਾਲ ਪਾਰਟੀ ਆਗੂਆਂ ਦੇ ਵੱਖ-ਵੱਖ ਬਿਆਨਾਂ ਕਾਰਨ ਬਣੀ ਅਸਪਸ਼ਟਤਾ ਦਾ ਅੰਤ ਹੋ ਗਿਆ ਹੈ।

ਵੱਖ-ਵੱਖ ਬਿਆਨਾਂ ਕਾਰਨ ਬਣੀ ਸੀ ਉਲਝਣ
ਦੌਰੇ ਦੀ ਤਰੀਕ ਨੂੰ ਲੈ ਕੇ ਭਾਜਪਾ ਅੰਦਰ ਕਾਫ਼ੀ ਸਮੇਂ ਤੱਕ ਕਨਫਿਊਜ਼ਨ ਬਣੀ ਰਹੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਹਿਲਾਂ ਹੀ 1 ਫਰਵਰੀ ਨੂੰ ਪ੍ਰਧਾਨ ਮੰਤਰੀ ਦੇ ਆਉਣ ਦੀ ਜਾਣਕਾਰੀ ਦਿੱਤੀ ਸੀ। ਇਸਦੇ ਉਲਟ, ਚੰਡੀਗੜ੍ਹ ਦੌਰੇ ਦੌਰਾਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਣਜਾਣੇ ਵਿੱਚ 2 ਫਰਵਰੀ ਦੀ ਤਰੀਕ ਬੋਲ ਦਿੱਤੀ ਗਈ, ਜਿਸ ਨਾਲ ਚਰਚਾ ਹੋਰ ਤੇਜ਼ ਹੋ ਗਈ। ਬਾਅਦ ਵਿੱਚ ਸਿਰਸਾ ਦੇ ਦਫ਼ਤਰ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਇਹ ਸਿਰਫ਼ ਜ਼ਬਾਨੀ ਗਲਤੀ ਸੀ ਅਤੇ ਅਸਲ ਤਰੀਕ 1 ਫਰਵਰੀ ਹੀ ਨਿਸ਼ਚਿਤ ਹੈ।

ਸੁਰੱਖਿਆ ਟੀਮਾਂ ਪਹਿਲਾਂ ਹੀ ਜਲੰਧਰ ‘ਚ ਤਾਇਨਾਤ
ਜਲੰਧਰ ਤੋਂ ਭਾਜਪਾ ਆਗੂ ਕੇਡੀ ਭੰਡਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਐਸਪੀਜੀ ਅਤੇ ਹੋਰ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਪਹਿਲਾਂ ਹੀ ਸ਼ਹਿਰ ਵਿੱਚ ਪਹੁੰਚ ਚੁੱਕੀਆਂ ਹਨ। ਦੌਰੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਸੁਰੱਖਿਆ ਵਿਭਾਗ ਵੱਲੋਂ ਜ਼ਮੀਨੀ ਪੱਧਰ ‘ਤੇ ਤਿਆਰੀਆਂ ਅੰਤਿਮ ਦੌਰ ਵਿੱਚ ਹਨ।

ਡੇਰਾ ਸੱਚਖੰਡ ਬੱਲਾਂ ‘ਚ ਨਤਮਸਤਕ ਹੋਣਗੇ ਮੋਦੀ
ਪ੍ਰਧਾਨ ਮੰਤਰੀ ਆਪਣੇ ਜਲੰਧਰ ਦੌਰੇ ਦੌਰਾਨ ਰਵਿਦਾਸੀਆ ਸਮਾਜ ਦੇ ਕੇਂਦਰੀ ਧਾਰਮਿਕ ਸਥਾਨ ਡੇਰਾ ਸੱਚਖੰਡ ਬੱਲਾਂ ਜਾਣਗੇ। ਉੱਥੇ ਉਹ ਡੇਰੇ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਨਾਲ ਮੁਲਾਕਾਤ ਕਰਕੇ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਦੌਰੇ ਨੂੰ ਧਾਰਮਿਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਤੋਂ ਵੀ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਹਲਵਾਰਾ ਏਅਰਪੋਰਟ ਦਾ ਵਰਚੁਅਲ ਉਦਘਾਟਨ ਸੰਭਾਵਿਤ
ਦੌਰੇ ਦੌਰਾਨ ਪ੍ਰਧਾਨ ਮੰਤਰੀ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਦਾ ਵਰਚੁਅਲ ਤੌਰ ‘ਤੇ ਉਦਘਾਟਨ ਵੀ ਕਰ ਸਕਦੇ ਹਨ। ਇਸ ਪ੍ਰੋਗਰਾਮ ਨੂੰ ਲੈ ਕੇ ਕੇਂਦਰ ਅਤੇ ਰਾਜ ਪੱਧਰ ‘ਤੇ ਸਮਨਵੈ ਬਣਾਇਆ ਜਾ ਰਿਹਾ ਹੈ। ਭਾਜਪਾ ਵੱਲੋਂ ਸਵਾਗਤ ਸਮਾਰੋਹ ਲਈ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ, ਜਦਕਿ ਸੁਰੱਖਿਆ ਏਜੰਸੀਆਂ ਪੂਰੇ ਦੌਰੇ ਨੂੰ ਲੈ ਕੇ ਹਾਈ ਅਲਰਟ ‘ਤੇ ਹਨ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਹਸਪਤਾਲ ਦਾਖ਼ਲ, ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਇਲਾਜ

ਚੰਡੀਗੜ੍ਹ :- ਪੰਜਾਬ ਕੈਬਨਿਟ ਦੇ ਅਹਿਮ ਮੰਤਰੀ ਸੰਜੀਵ ਅਰੋੜਾ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਦੋਂ ਉਨ੍ਹਾਂ ਨੂੰ ਖਾਣੇ ਤੋਂ ਬਾਅਦ ਅਚਾਨਕ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋਈ। ਸਥਿਤੀ ਗੰਭੀਰ ਬਣਦੀ ਦੇਖ ਪਰਿਵਾਰਕ ਮੈਂਬਰਾਂ ਅਤੇ ਸੁਰੱਖਿਆ ਸਟਾਫ਼ ਵੱਲੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਕ੍ਰਿਟੀਕਲ ਕੇਅਰ ਯੂਨਿਟ ‘ਚ ਰੱਖਿਆ ਗਿਆ
ਹਸਪਤਾਲੀ ਸੂਤਰਾਂ ਮੁਤਾਬਕ ਸੰਜੀਵ ਅਰੋੜਾ ਨੂੰ ਕ੍ਰਿਟੀਕਲ ਕੇਅਰ ਯੂਨਿਟ (CCU) ਵਿੱਚ ਦਾਖ਼ਲ ਕਰਕੇ ਨਿਗਰਾਨੀ ਹੇਠ ਰੱਖਿਆ ਗਿਆ ਹੈ। ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਇਸ ਸਮੇਂ ਉਨ੍ਹਾਂ ਦੀ ਹਾਲਤ ਸਥਿਰ ਹੈ, ਪਰ ਕਿਸੇ ਵੀ ਤਰ੍ਹਾਂ ਦਾ ਜੋਖਮ ਨਾ ਲੈਂਦੇ ਹੋਏ ਲਗਾਤਾਰ ਮੈਡੀਕਲ ਮਾਨੀਟਰਿੰਗ ਕੀਤੀ ਜਾ ਰਹੀ ਹੈ।

ਸਿਹਤ ਖਰਾਬ ਹੋਣ ਦੇ ਕਾਰਨਾਂ ਦੀ ਜਾਂਚ ਜਾਰੀ
ਡਾਕਟਰੀ ਟੀਮ ਵੱਲੋਂ ਵੱਖ-ਵੱਖ ਮੈਡੀਕਲ ਟੈਸਟ ਕਰਵਾਏ ਜਾ ਰਹੇ ਹਨ ਤਾਂ ਜੋ ਅਚਾਨਕ ਆਈ ਸਾਂਸ ਦੀ ਸਮੱਸਿਆ ਦੇ ਅਸਲ ਕਾਰਨ ਦਾ ਪਤਾ ਲਗਾਇਆ ਜਾ ਸਕੇ। ਹਾਲਾਂਕਿ ਫੋਰਟਿਸ ਹਸਪਤਾਲ ਪ੍ਰਬੰਧਨ ਵੱਲੋਂ ਅਜੇ ਤੱਕ ਸਿਹਤ ਸਬੰਧੀ ਕੋਈ ਅਧਿਕਾਰਕ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ।

ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਉਦਯੋਗਪਤੀ ਵਜੋਂ ਪਛਾਣ
ਸੰਜੀਵ ਅਰੋੜਾ ਰਾਜਨੀਤੀ ‘ਚ ਕਦਮ ਰੱਖਣ ਤੋਂ ਪਹਿਲਾਂ ਇੱਕ ਪ੍ਰਸਿੱਧ ਉਦਯੋਗਪਤੀ ਵਜੋਂ ਜਾਣੇ ਜਾਂਦੇ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਪ੍ਰੈਲ 2022 ਵਿੱਚ ਉਹ ਰਾਜ ਸਭਾ ਮੈਂਬਰ ਚੁਣੇ ਗਏ ਸਨ ਅਤੇ 10 ਅਪ੍ਰੈਲ 2022 ਤੋਂ 1 ਜੁਲਾਈ 2025 ਤੱਕ ਉੱਪਰੀ ਸਦਨ ਦੀ ਸੇਵਾ ਨਿਭਾਈ।

ਲੁਧਿਆਣਾ ਵੈਸਟ ਤੋਂ ਵਿਧਾਇਕ ਬਣਨ ਦਾ ਸਫ਼ਰ
ਫਰਵਰੀ 2025 ਵਿੱਚ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਲੁਧਿਆਣਾ ਵੈਸਟ ਵਿਧਾਨ ਸਭਾ ਉਪਚੋਣ ਲਈ ਮੈਦਾਨ ਵਿੱਚ ਉਤਾਰਿਆ। ਇਹ ਸੀਟ ਸਾਬਕਾ ਵਿਧਾਇਕ ਗੁਰਪ੍ਰੀਤ ਗੋਗੋਈ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। ਜੂਨ 2025 ਵਿੱਚ ਹੋਈ ਚੋਣ ਵਿੱਚ ਅਰੋੜਾ ਨੇ ਜਿੱਤ ਦਰਜ ਕਰਕੇ ਵਿਧਾਨ ਸਭਾ ਵਿੱਚ ਦਾਖ਼ਲਾ ਲਿਆ।

ਰਾਜ ਸਭਾ ਤੋਂ ਅਸਤੀਫ਼ਾ, ਕੈਬਨਿਟ ‘ਚ ਐਂਟਰੀ
ਵਿਧਾਇਕ ਬਣਨ ਮਗਰੋਂ ਸੰਜੀਵ ਅਰੋੜਾ ਨੇ 1 ਜੁਲਾਈ 2025 ਨੂੰ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। 3 ਜੁਲਾਈ 2025 ਨੂੰ ਉਨ੍ਹਾਂ ਨੇ ਪੰਜਾਬ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਸ਼ੁਰੂ ਵਿੱਚ ਉਨ੍ਹਾਂ ਨੂੰ ਉਦਯੋਗ, ਵਪਾਰ ਅਤੇ ਨਿਵੇਸ਼ ਪ੍ਰਚਾਰ ਵਰਗੇ ਮਹੱਤਵਪੂਰਨ ਵਿਭਾਗ ਸੌਂਪੇ ਗਏ।

ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ
ਅਗਸਤ 2025 ਵਿੱਚ ਉਨ੍ਹਾਂ ਨੂੰ ਬਿਜਲੀ ਵਿਭਾਗ ਦੀ ਕਮਾਨ ਮਿਲੀ, ਜਦਕਿ ਜਨਵਰੀ 2026 ਵਿੱਚ ਹੋਏ ਛੋਟੇ ਕੈਬਨਿਟ ਫੇਰਬਦਲ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਵੀ ਉਨ੍ਹਾਂ ਦੇ ਅਧੀਨ ਕਰ ਦਿੱਤਾ ਗਿਆ। ਮੌਜੂਦਾ ਸਮੇਂ ਸੰਜੀਵ ਅਰੋੜਾ ਕੈਬਨਿਟ ਦੇ ਸਭ ਤੋਂ ਪ੍ਰਭਾਵਸ਼ਾਲੀ ਮੰਤਰੀਆਂ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ।

ਪੰਜਾਬ ਭਰ ‘ਚ ਸਿਹਤਯਾਬੀ ਲਈ ਅਰਦਾਸਾਂ
ਮੰਤਰੀ ਦੀ ਅਚਾਨਕ ਤਬੀਅਤ ਖਰਾਬ ਹੋਣ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਰਾਜਨੀਤਿਕ ਹਲਕਿਆਂ ਵਿੱਚ ਚਿੰਤਾ ਦੀ ਲਹਿਰ ਫੈਲ ਗਈ ਹੈ। ਪਾਰਟੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

ਮੋਹਾਲੀ ‘ਚ ਵਿਜਲੈਂਸ ਵੱਲੋਂ ਥਾਣਾ ਬਲੌਂਗੀ ਦਾ ASI 1.25 ਲੱਖ ਦੀ ਰਿਸ਼ਵਤ ਲੈਂਦਾ ਕਾਬੂ

ਮੋਹਾਲੀ :- ਮੋਹਾਲੀ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਅਜਿਹੀ ਕਾਰਵਾਈ ਕੀਤੀ ਹੈ, ਜਿਸ ਨਾਲ ਪੁਲਿਸ ਮਹਿਕਮੇ ਵਿੱਚ ਹਲਚਲ ਮਚ ਗਈ ਹੈ। ਥਾਣਾ ਬਲੌਂਗੀ ਵਿੱਚ ਤੈਨਾਤ ਇੱਕ ਸਹਾਇਕ ਥਾਣੇਦਾਰ ਨੂੰ ਵਿਜੀਲੈਂਸ ਟੀਮ ਵੱਲੋਂ 1 ਲੱਖ 25 ਹਜ਼ਾਰ ਰੁਪਏ ਨਗਦ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

ਸਮਝੌਤਾ ਕਰਵਾਉਣ ਦੇ ਨਾਂ ‘ਤੇ ਮੰਗੀ ਜਾ ਰਹੀ ਸੀ ਰਕਮ
ਸੂਤਰਾਂ ਅਨੁਸਾਰ ਦੋਸ਼ੀ ਅਧਿਕਾਰੀ ਇੱਕ ਮਾਮਲੇ ਵਿੱਚ ਦਬਾਅ ਬਣਾ ਕੇ ਸਮਝੌਤਾ ਕਰਵਾਉਣ ਦਾ ਭਰੋਸਾ ਦਿਵਾ ਰਿਹਾ ਸੀ। ਇਸ ਦੇ ਬਦਲੇ ਉਹ ਕਾਫ਼ੀ ਸਮੇਂ ਤੋਂ ਸ਼ਿਕਾਇਤਕਰਤਾ ਕੋਲੋਂ ਪੈਸਿਆਂ ਦੀ ਮੰਗ ਕਰਦਾ ਆ ਰਿਹਾ ਸੀ। ਲਗਾਤਾਰ ਤੰਗਪ੍ਰੇਸ਼ਾਨੀ ਤੋਂ ਬਾਅਦ ਸ਼ਿਕਾਇਤਕਰਤਾ ਨੇ ਵਿਜਲੈਂਸ ਬਿਊਰੋ ਨਾਲ ਰਾਬਤਾ ਕਰਕੇ ਪੂਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ।

ਵਿਜਲੈਂਸ ਨੇ ਬਣਾਈ ਰਣਨੀਤੀ, ਬਿਛਾਇਆ ਜਾਲ
ਸ਼ਿਕਾਇਤ ਮਿਲਣ ਮਗਰੋਂ ਵਿਜਲੈਂਸ ਅਧਿਕਾਰੀਆਂ ਨੇ ਤਸਦੀਕ ਕਰਨ ਉਪਰੰਤ ਯੋਜਨਾਬੱਧ ਤਰੀਕੇ ਨਾਲ ਟ੍ਰੈਪ ਲਗਾਇਆ। ਤੈਅ ਯੋਜਨਾ ਅਨੁਸਾਰ ਜਿਵੇਂ ਹੀ ਸਹਾਇਕ ਥਾਣੇਦਾਰ ਨੇ ਨਿਰਧਾਰਿਤ ਰਕਮ ਨਗਦ ਲਈ, ਤੁਰੰਤ ਵਿਜਲੈਂਸ ਟੀਮ ਨੇ ਛਾਪਾ ਮਾਰ ਕੇ ਉਸਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ।

ਰਕਮ ਬਰਾਮਦ, ਜਾਂਚ ਦਾ ਦਾਇਰਾ ਵਧਿਆ
ਕਾਰਵਾਈ ਦੌਰਾਨ ਰਿਸ਼ਵਤ ਦੀ ਪੂਰੀ ਰਕਮ ਵੀ ਬਰਾਮਦ ਕਰ ਲਈ ਗਈ ਹੈ। ਵਿਜਲੈਂਸ ਬਿਊਰੋ ਵੱਲੋਂ ਦੋਸ਼ੀ ਅਧਿਕਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹੋਰ ਪੱਖਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਦੌਰਾ ਮੁਲਤਵੀ, ਹੁਣ 2 ਫਰਵਰੀ ਨੂੰ ਜਲੰਧਰ ਪਹੁੰਚਣਗੇ

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 1 ਫਰਵਰੀ ਦਿਨ ਐਤਵਾਰ ਨੂੰ ਹੋਣ ਵਾਲਾ ਪੰਜਾਬ ਦੌਰਾ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਹੁਣ 1 ਫਰਵਰੀ ਦੀ ਥਾਂ 2 ਫਰਵਰੀ, ਸੋਮਵਾਰ ਨੂੰ ਪੰਜਾਬ ਪਹੁੰਚਣਗੇ। ਇਸ ਦੌਰਾਨ ਉਹ ਜਲੰਧਰ ਆਉਣਗੇ ਅਤੇ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣਗੇ।

ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੁਸ਼ਟੀ
ਪ੍ਰਧਾਨ ਮੰਤਰੀ ਦੇ ਦੌਰੇ ਦੀ ਨਵੀਂ ਤਾਰੀਖ ਦੀ ਪੁਸ਼ਟੀ ਦਿੱਲੀ ਸਰਕਾਰ ਦੇ ਮੰਤਰੀ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚੇ ਸਿਰਸਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦਾ ਡੇਰਾ ਸੱਚਖੰਡ ਬੱਲਾਂ ਨਾਲ ਭਾਵਨਾਤਮਕ ਨਾਤਾ ਹੈ, ਜਿਸ ਕਾਰਨ ਉਹ ਖਾਸ ਤੌਰ ‘ਤੇ ਇੱਥੇ ਨਤਮਸਤਕ ਹੋਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਪੰਜਾਬ ਭਰ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਹਲਵਾਰਾ ਏਅਰਪੋਰਟ ਦਾ ਵਰਚੁਅਲ ਉਦਘਾਟਨ
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਪ੍ਰਧਾਨ ਮੰਤਰੀ ਦੇ 1 ਫਰਵਰੀ ਨੂੰ ਪੰਜਾਬ ਆਉਣ ਦੀ ਜਾਣਕਾਰੀ ਦਿੱਤੀ ਗਈ ਸੀ। ਹਾਲਾਂਕਿ ਹੁਣ ਸਪਸ਼ਟ ਕੀਤਾ ਗਿਆ ਹੈ ਕਿ 1 ਫਰਵਰੀ ਨੂੰ ਪ੍ਰਧਾਨ ਮੰਤਰੀ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਦਾ ਕੇਵਲ ਵਰਚੁਅਲ ਉਦਘਾਟਨ ਹੀ ਕਰਨਗੇ।

ਜਲੰਧਰ ਦੌਰੇ ਦੀ ਪੂਰੀ ਯੋਜਨਾ ਤੈਅ
2 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਸਿੱਧੇ ਆਦਮਪੁਰ ਏਅਰਪੋਰਟ ‘ਤੇ ਪਹੁੰਚਣਗੇ। ਇਸ ਤੋਂ ਬਾਅਦ ਉਹ ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾਂ ਜਾ ਕੇ ਮੱਥਾ ਟੇਕਣਗੇ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਮੋਡ ‘ਚ ਹਨ।

ਕੈਨੇਡਾ ‘ਚ ਪੰਜਾਬੀ ਜੋੜੇ ਦਾ ਗੋਲੀਆਂ ਨਾਲ ਕਤਲ!

ਲੁਧਿਆਣਾ :- ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੌਂਕੀਮਾਨ ਨਾਲ ਸਬੰਧਤ ਨੌਜਵਾਨ ਏਕਮਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਜੈਸਮੀਨ ਕੌਰ ਦੀ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਗੋਲੀਆਂ ਲੱਗਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਕੈਲਗਰੀ ਦੇ ਰੈੱਡਸਟੋਨ ਇਲਾਕੇ (ਨੌਰਥ ਈਸਟ) ਵਿੱਚ ਵਾਪਰੀ, ਜਿਸ ਨਾਲ ਉਥੇ ਰਹਿੰਦੇ ਭਾਰਤੀ ਭਾਈਚਾਰੇ ਵਿੱਚ ਹੜਕੰਪ ਮਚ ਗਿਆ।

ਕਤਲ ਦੀ ਆਸ਼ੰਕਾ, ਪੁਲਸ ਜਾਂਚ ਜਾਰੀ
ਸ਼ੁਰੂਆਤੀ ਜਾਣਕਾਰੀ ਮੁਤਾਬਕ ਮਾਮਲੇ ਨੂੰ ਸ਼ੱਕੀ ਹਾਲਾਤਾਂ ਹੇਠ ਹੋਇਆ ਕਤਲ ਮੰਨ ਕੇ ਦੇਖਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਕੈਨੇਡਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਸ ਵੱਲੋਂ ਅਜੇ ਤੱਕ ਮੌਤ ਦੇ ਕਾਰਨਾਂ ਜਾਂ ਹਮਲਾਵਰਾਂ ਸਬੰਧੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ।

ਪੰਜਾਬ ‘ਚ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਜਿਵੇਂ ਹੀ ਇਹ ਮਨਹੂਸ ਖ਼ਬਰ ਪਿੰਡ ਚੌਂਕੀਮਾਨ ਪਹੁੰਚੀ, ਪਰਿਵਾਰ ਵਿੱਚ ਕੋਹਰਾਮ ਮਚ ਗਿਆ। ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵਿੱਚ ਡੂੰਘਾ ਸੋਗ ਪਾਇਆ ਜਾ ਰਿਹਾ ਹੈ। ਪਿੰਡ ‘ਚ ਹਰ ਕੋਈ ਇਸ ਘਟਨਾ ਨੂੰ ਲੈ ਕੇ ਸਹਿਮਿਆ ਹੋਇਆ ਹੈ ਅਤੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

2027 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਪੰਜਾਬ ‘ਚ ਵੋਟਰ ਸੂਚੀ ਦੀ ਵੱਡੀ ਛਾਣਬੀਣ, ਫਰਵਰੀ–ਮਾਰਚ ‘ਚ ਹੋਵੇਗੀ ਸਪੈਸ਼ਲ ਰਿਵੀਜ਼ਨ (SIR)

ਚੰਡੀਗੜ੍ਹ :- ਪੰਜਾਬ ਵਿੱਚ ਆਉਣ ਵਾਲੀ ਵਿਧਾਨ ਸਭਾ ਚੋਣ 2027 ਨੂੰ ਧਿਆਨ ਵਿੱਚ ਰੱਖਦਿਆਂ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰਕਿਰਿਆ ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਸ਼ੁਰੂ ਹੋਵੇਗੀ। ਕੇਂਦਰੀ ਚੋਣ ਕਮੀਸ਼ਨ ਵੱਲੋਂ ਸਾਰੇ ਰਾਜਾਂ ਦੇ ਚੋਣ ਅਧਿਕਾਰੀਆਂ ਨਾਲ ਕੀਤੀ ਗਈ ਵਰਚੂਅਲ ਮੀਟਿੰਗ ਤੋਂ ਬਾਅਦ ਪੰਜਾਬ ਵਿੱਚ ਇਸ ਸੰਬੰਧੀ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।

ਸੀਈਓ ਪੰਜਾਬ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ
ਚੋਣ ਕਮੀਸ਼ਨ ਦੇ ਨਿਰਦੇਸ਼ ਮਿਲਣ ਉਪਰੰਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਵੋਟਰ ਸੂਚੀ ਨਾਲ ਜੁੜੀਆਂ ਗੜਬੜੀਆਂ ਦੂਰ ਕਰਨ ਦੇ ਸਪੱਸ਼ਟ ਹੁਕਮ ਜਾਰੀ ਕੀਤੇ ਹਨ। ਖ਼ਾਸ ਤੌਰ ‘ਤੇ ਉਹ ਪੋਲਿੰਗ ਬੂਥ, ਜਿੱਥੇ ਇਲੈਕਟੋਰਲ ਮੈਪਿੰਗ ਪਰਸੈਂਟ 50 ਫ਼ੀਸਦੀ ਤੋਂ ਘੱਟ ਹੈ, ਉਨ੍ਹਾਂ ਦੀ ਡਿਜੀਟਲ ਮੈਪਿੰਗ ਤੁਰੰਤ ਸੁਧਾਰਨ ਲਈ ਕਿਹਾ ਗਿਆ ਹੈ ਤਾਂ ਜੋ SIR ਸ਼ੁਰੂ ਹੋਣ ਤੋਂ ਪਹਿਲਾਂ ਵੋਟਰ ਡਾਟਾ ਸਹੀ ਬਣਾਇਆ ਜਾ ਸਕੇ।

ਬੀਐਲਓ ਨੂੰ ਪੰਜ ਦਿਨ ਲਈ ਵਿਸ਼ੇਸ਼ ਡਿਊਟੀ
ਵੋਟਰ ਸੂਚੀ ਦੀਆਂ ਗਲਤੀਆਂ ਦਰੁਸਤ ਕਰਨ ਲਈ ਬੂਥ ਲੈਵਲ ਅਫ਼ਸਰਾਂ ਨੂੰ ਅੱਜ ਤੋਂ 3 ਫਰਵਰੀ ਤੱਕ ਪੰਜ ਦਿਨਾਂ ਲਈ ਆਪਣੇ ਮੂਲ ਵਿਭਾਗਾਂ ਤੋਂ ਰਿਲੀਵ ਕੀਤਾ ਗਿਆ ਹੈ। ਇਸ ਮਿਆਦ ਦੌਰਾਨ ਬੀਐਲਓ ਰੰਗੀਨ ਵੋਟਰ ਸੂਚੀ ਤਿਆਰ ਕਰਦੇ ਸਮੇਂ ਆਈਆਂ ਤਕਨੀਕੀ ਗਲਤੀਆਂ ਨੂੰ ਠੀਕ ਕਰਨਗੇ, ਜਿਨ੍ਹਾਂ ਵਿੱਚ ਕਈ ਵੋਟਰਾਂ ਦੀਆਂ ਬਲੈਕ ਐਂਡ ਵ੍ਹਾਈਟ ਜਾਂ ਅਸਪਸ਼ਟ ਫੋਟੋਆਂ, ਗਲਤ ਨਾਮ, ਪਤਾ ਜਾਂ ਹੋਰ ਨਿੱਜੀ ਵੇਰਵੇ ਸ਼ਾਮਲ ਹਨ।

ਕੀ ਹੁੰਦਾ ਹੈ ਇਲੈਕਟੋਰਲ ਮੈਪਿੰਗ ਪਰਸੈਂਟ
ਇਲੈਕਟੋਰਲ ਮੈਪਿੰਗ ਪਰਸੈਂਟ ਇਹ ਦਰਸਾਉਂਦਾ ਹੈ ਕਿ ਕਿਸੇ ਖੇਤਰ ਦੇ ਕਿੰਨੇ ਵੋਟਰਾਂ ਦੀ ਜਾਣਕਾਰੀ ਸਹੀ ਤਰੀਕੇ ਨਾਲ ਡਿਜੀਟਲ ਸਿਸਟਮ ਨਾਲ ਜੋੜੀ ਗਈ ਹੈ। ਇਸ ਵਿੱਚ ਵੋਟਰ ਦਾ ਨਾਮ, ਉਮਰ, ਪਤਾ, ਫੋਟੋ ਅਤੇ ਸਹੀ ਪੋਲਿੰਗ ਸਟੇਸ਼ਨ ਨਾਲ ਲਿੰਕ ਹੋਣਾ ਸ਼ਾਮਲ ਹੁੰਦਾ ਹੈ। ਜਿੱਥੇ ਇਹ ਫ਼ੀਸਦੀ ਘੱਟ ਹੁੰਦੀ ਹੈ, ਉੱਥੇ ਵੋਟਰ ਸੂਚੀ ਵਿੱਚ ਗੜਬੜੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਸ ਕਾਰਨ ਚੋਣ ਕਮੀਸ਼ਨ ਸਮੇਂ-ਸਮੇਂ ‘ਤੇ ਵਿਸ਼ੇਸ਼ ਰਿਵੀਜ਼ਨ ਕਰਵਾਉਂਦਾ ਹੈ।

ਚੋਣਾਂ ਤੋਂ ਪਹਿਲਾਂ ਪਾਰਦਰਸ਼ਤਾ ਬਣਾਈ ਰੱਖਣ ਦੀ ਕੋਸ਼ਿਸ਼
ਚੋਣ ਕਮੀਸ਼ਨ ਦਾ ਮਕਸਦ ਹੈ ਕਿ 2027 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਪੰਜਾਬ ਦੀ ਵੋਟਰ ਸੂਚੀ ਪੂਰੀ ਤਰ੍ਹਾਂ ਸਹੀ, ਅਪਡੇਟ ਅਤੇ ਭਰੋਸੇਯੋਗ ਬਣਾਈ ਜਾਵੇ, ਤਾਂ ਜੋ ਹਰ ਯੋਗ ਨਾਗਰਿਕ ਨੂੰ ਵੋਟ ਦੇ ਅਧਿਕਾਰ ਤੋਂ ਵੰਚਿਤ ਨਾ ਰਹਿਣਾ ਪਵੇ ਅਤੇ ਚੋਣ ਪ੍ਰਕਿਰਿਆ ਪਾਰਦਰਸ਼ੀ ਰਹੇ।

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ, 50 ਕਿਲੋ ਹੇਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ

ਅੰਮ੍ਰਿਤਸਰ :- ਨਸ਼ਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਅਹਿਮ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿੱਚ ਹੇਰੋਇਨ ਬਰਾਮਦ ਕੀਤੀ ਹੈ। ਪੁਲਿਸ ਨੂੰ ਮਿਲੀ ਗੁਪਤ ਜਾਣਕਾਰੀ ਦੇ ਆਧਾਰ ‘ਤੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ, ਜਿਸ ਨਾਲ ਵੱਡੇ ਨਸ਼ਾ ਤਸਕਰੀ ਗਿਰੋਹ ਤੱਕ ਪਹੁੰਚਣ ਦੇ ਸੰਕੇਤ ਮਿਲੇ ਹਨ।

ਨਾਕਾਬੰਦੀ ਦੌਰਾਨ ਸ਼ੱਕੀ ਨੌਜਵਾਨ ਫੜੇ ਗਏ
ਪੁਲਿਸ ਅਧਿਕਾਰੀਆਂ ਮੁਤਾਬਕ ਸੂਚਨਾ ਮਿਲਣ ਉਪਰੰਤ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਸ਼ੱਕੀ ਹਾਲਤ ਵਿੱਚ ਆ ਰਹੇ ਦੋ ਨੌਜਵਾਨਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 50 ਕਿਲੋਗ੍ਰਾਮ ਹੇਰੋਇਨ ਬਰਾਮਦ ਹੋਈ। ਮੌਕੇ ‘ਤੇ ਹੀ ਦੋਹਾਂ ਨੂੰ ਕਾਬੂ ਕਰਕੇ ਨਸ਼ੀਲਾ ਪਦਾਰਥ ਜ਼ਬਤ ਕਰ ਲਿਆ ਗਿਆ।

350 ਕਰੋੜ ਦੀ ਹੇਰੋਇਨ, ਅੰਤਰਰਾਸ਼ਟਰੀ ਕੜੀ ਦੀ ਸੰਭਾਵਨਾ
ਪੁਲਿਸ ਦੇ ਅੰਦਾਜ਼ੇ ਅਨੁਸਾਰ ਬਰਾਮਦ ਕੀਤੀ ਗਈ ਹੇਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਲਗਭਗ 350 ਕਰੋੜ ਰੁਪਏ ਆਖੀ ਜਾ ਰਹੀ ਹੈ। ਇੰਨੀ ਵੱਡੀ ਮਾਤਰਾ ਦੇ ਮੱਦੇਨਜ਼ਰ ਪੁਲਿਸ ਨੂੰ ਸ਼ੱਕ ਹੈ ਕਿ ਮਾਮਲਾ ਸਿਰਫ਼ ਸਥਾਨਕ ਨਹੀਂ, ਸਗੋਂ ਕਿਸੇ ਵੱਡੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈਟਵਰਕ ਨਾਲ ਜੁੜਿਆ ਹੋ ਸਕਦਾ ਹੈ।

ਮਾਮਲਾ ਦਰਜ, ਪੁੱਛਗਿੱਛ ਦੌਰਾਨ ਹੋ ਸਕਦੇ ਨੇ ਵੱਡੇ ਖੁਲਾਸੇ
ਦੋਹਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਹੋਰ ਵੱਡੇ ਨਾਮ ਸਾਹਮਣੇ ਆ ਸਕਦੇ ਹਨ।

ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਵੱਡੀ ਸਫ਼ਲਤਾ
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਇਸ ਕਾਰਵਾਈ ਨੂੰ ਨਸ਼ਿਆਂ ਖ਼ਿਲਾਫ਼ ਜੰਗ ਵਿੱਚ ਇੱਕ ਵੱਡੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਅਜਿਹੀਆਂ ਕਾਰਵਾਈਆਂ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ ਕੀਤੀਆਂ ਜਾਣਗੀਆਂ।

ਫਤਿਹਗੜ੍ਹ ਸਾਹਿਬ ‘ਚ ਰਾਤ ਨੂੰ ਧਮਾਕੇ ਦਾ ਸੱਚ ਆਇਆ ਸਾਹਮਣੇ, ਪੜ੍ਹੋ….

ਸ੍ਰੀ ਫਤਿਹਗੜ੍ਹ ਸਾਹਿਬ :- ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਬੀਤੀ ਰਾਤ ਅਚਾਨਕ ਧਮਾਕੇ ਵਰਗੀ ਭਾਰੀ ਆਵਾਜ਼ ਸੁਣੇ ਜਾਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਹਿਰ ਭਰ ਵਿੱਚ ਤੁਰੰਤ ਜਾਂਚ ਮੁਹਿੰਮ ਸ਼ੁਰੂ ਕਰ ਦਿੱਤੀ।

ਸ਼ਹਿਰ ਭਰ ‘ਚ ਚਲਾਈ ਗਈ ਤਲਾਸ਼ੀ ਮੁਹਿੰਮ
ਧਮਾਕੇ ਦੀ ਆਵਾਜ਼ ਦੀ ਖ਼ਬਰ ਮਿਲਦੇ ਹੀ ਪੁਲਿਸ ਟੀਮਾਂ ਵੱਲੋਂ ਸੰਵੇਦਨਸ਼ੀਲ ਥਾਵਾਂ, ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਆਸ-ਪਾਸ ਦੇ ਖੇਤਰਾਂ ਦੀ ਵਿਆਪਕ ਤਲਾਸ਼ੀ ਲਈ ਗਈ। ਹਾਲਾਂਕਿ ਜਾਂਚ ਦੌਰਾਨ ਕਿਸੇ ਵੀ ਥਾਂ ਤੋਂ ਧਮਾਕੇ ਨਾਲ ਸਬੰਧਿਤ ਕੋਈ ਸਬੂਤ, ਜਾਨੀ ਜਾਂ ਮਾਲੀ ਨੁਕਸਾਨ ਸਾਹਮਣੇ ਨਹੀਂ ਆਇਆ।

ਸੋਨਿਕ ਬੂਮ ਹੋ ਸਕਦਾ ਹੈ ਕਾਰਨ: ਐਸਪੀ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਪੀ ਜਸਕੀਰਤ ਅਹੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਕਰੀਬ 9.45 ਵਜੇ ਕੁਝ ਇਲਾਕਿਆਂ ਤੋਂ ਤੇਜ਼ ਧਮਾਕੇ ਦੀ ਆਵਾਜ਼ ਬਾਰੇ ਕਾਲਾਂ ਪ੍ਰਾਪਤ ਹੋਈਆਂ ਸਨ। ਵਿਸ਼ੇਸ਼ ਜਾਂਚ ਤੋਂ ਬਾਅਦ ਕਿਸੇ ਅਸਲੀ ਧਮਾਕੇ ਦੀ ਪੁਸ਼ਟੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਆਵਾਜ਼ ਸੰਭਵ ਤੌਰ ‘ਤੇ ਫਾਈਟਰ ਜੈੱਟ ਦੀ ਉਡਾਣ ਦੌਰਾਨ ਬਣੇ ਸੋਨਿਕ ਬੂਮ ਕਾਰਨ ਹੋ ਸਕਦੀ ਹੈ।

ਅਫਵਾਹਾਂ ਤੋਂ ਬਚਣ ਦੀ ਅਪੀਲ
ਐਸਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ‘ਤੇ ਭਰੋਸਾ ਨਾ ਕੀਤਾ ਜਾਵੇ ਅਤੇ ਕਿਸੇ ਵੀ ਸ਼ੱਕੀ ਸਰਗਰਮੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।

ਪਿਛਲੀ ਘਟਨਾ ਕਾਰਨ ਵਧੀ ਚਿੰਤਾ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਹਿੰਦ ਇਲਾਕੇ ਵਿੱਚ ਰੇਲਵੇ ਲਾਈਨ ‘ਤੇ ਹੋਏ ਧਮਾਕੇ ਕਾਰਨ ਇੰਜਣ ਨੁਕਸਾਨਿਆ ਗਿਆ ਸੀ ਅਤੇ ਲੋਕੋ ਪਾਇਲਟ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਕਾਰਨ ਇਸ ਤਾਜ਼ਾ ਆਵਾਜ਼ ਨੇ ਲੋਕਾਂ ਵਿੱਚ ਚਿੰਤਾ ਹੋਰ ਵਧਾ ਦਿੱਤੀ।