Home Blog Page 654

ਸੁਪਰੀਮ ਕੋਰਟ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ, ਅੱਜ ਸਵੇਰੇ ਨਾਭਾ ਜੇਲ੍ਹ ਤੋਂ ਰਿਹਾਈ

ਨਾਭਾ :- ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਸਵੇਰੇ 10:30 ਵਜੇ ਨਿਊ ਨਾਭਾ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ। ਸੁਪਰੀਮ ਕੋਰਟ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਇਹ ਫੈਸਲਾ ਸਾਹਮਣੇ ਆਇਆ ਹੈ, ਜਿਸ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ।

ਪਤਨੀ ਗਨੀਵ ਕੌਰ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ
ਇਸ ਸਬੰਧੀ ਜਾਣਕਾਰੀ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਸੋਮਵਾਰ ਸ਼ਾਮ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਗੁਰੂ ਸਾਹਿਬ ਜੀ ਦੀ ਅਸੀਮ ਕਿਰਪਾ ਅਤੇ ਨਿਆਂ ਪ੍ਰਣਾਲੀ ‘ਤੇ ਅਟੁੱਟ ਵਿਸ਼ਵਾਸ ਲਈ ਧੰਨਵਾਦੀ ਹਨ। ਉਨ੍ਹਾਂ ਅਨੁਸਾਰ, ਸੁਪਰੀਮ ਕੋਰਟ ਦਾ ਫੈਸਲਾ ਸੱਚ ਅਤੇ ਇਨਸਾਫ਼ ਦੀ ਜਿੱਤ ਹੈ ਅਤੇ ਮਜੀਠੀਆ ਨੂੰ ਮੰਗਲਵਾਰ ਸਵੇਰੇ ਨਾਭਾ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ।

ਸੁਪਰੀਮ ਕੋਰਟ ਤੋਂ ਜ਼ਮਾਨਤ, ਹਾਈਕੋਰਟ ਤੋਂ ਮਿਲੀ ਸੀ ਨਿਰਾਸ਼ਾ
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਦਸੰਬਰ 2025 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ, ਜਿੱਥੋਂ ਹੁਣ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।

ਅਕਾਲੀ ਦਲ ਨੇ ਦੱਸਿਆ ਸੱਚ ਦੀ ਜਿੱਤ
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੱਚ ਦੀ ਜਿੱਤ ਹੈ। ਉਨ੍ਹਾਂ ਮੁਤਾਬਕ ਮਜੀਠੀਆ ਨੂੰ ਬਿਨਾਂ ਆਧਾਰ ਲੰਬੇ ਸਮੇਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਸੀ, ਪਰ ਹੁਣ ਨਿਆਂ ਪ੍ਰਣਾਲੀ ਨੇ ਇਨਸਾਫ਼ ਕੀਤਾ ਹੈ।

25 ਜੂਨ ਨੂੰ ਅੰਮ੍ਰਿਤਸਰ ਤੋਂ ਹੋਈ ਸੀ ਗ੍ਰਿਫ਼ਤਾਰੀ
ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਵੱਲੋਂ 25 ਜੂਨ ਨੂੰ ਅੰਮ੍ਰਿਤਸਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਨਿਊ ਨਾਭਾ ਜੇਲ੍ਹ ਭੇਜਿਆ ਗਿਆ, ਜਿੱਥੇ ਉਹ ਲਗਾਤਾਰ ਨਿਆਂਕ ਹਿਰਾਸਤ ਵਿੱਚ ਰਹੇ।

ਕਈ ਰਾਜਾਂ ‘ਚ ਹੋਈ ਛਾਪੇਮਾਰੀ
ਕੇਸ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੇ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਮਜੀਠੀਆ ਨਾਲ ਜੁੜੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ਕਾਰਵਾਈਆਂ ਦੌਰਾਨ ਵੱਡੀ ਮਾਤਰਾ ਵਿੱਚ ਦਸਤਾਵੇਜ਼ ਅਤੇ ਹੋਰ ਸਬੂਤ ਇਕੱਠੇ ਕਰਨ ਦਾ ਦਾਅਵਾ ਕੀਤਾ ਗਿਆ।

40 ਹਜ਼ਾਰ ਪੰਨਿਆਂ ਦੀ ਵਿਸ਼ਾਲ ਚਾਰਜਸ਼ੀਟ
ਵਿਜੀਲੈਂਸ ਬਿਊਰੋ ਵੱਲੋਂ 22 ਅਗਸਤ ਨੂੰ ਅਦਾਲਤ ਵਿੱਚ ਕਰੀਬ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਇਸ ਚਾਰਜਸ਼ੀਟ ਵਿੱਚ 200 ਤੋਂ ਵੱਧ ਗਵਾਹਾਂ ਦੇ ਨਾਮ ਅਤੇ ਵੱਡੀ ਗਿਣਤੀ ਵਿੱਚ ਦਸਤਾਵੇਜ਼ੀ ਸਬੂਤ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ।

700 ਕਰੋੜ ਦੀ ਗੈਰ-ਕਾਨੂੰਨੀ ਜਾਇਦਾਦ ਦਾ ਦਾਅਵਾ
ਵਿਜੀਲੈਂਸ ਬਿਊਰੋ ਦਾ ਦਾਅਵਾ ਹੈ ਕਿ ਜਾਂਚ ਦੌਰਾਨ ਕਰੀਬ 700 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਗੈਰ-ਕਾਨੂੰਨੀ ਜਾਇਦਾਦ ਸਾਹਮਣੇ ਆਈ ਹੈ। ਚਾਰਜਸ਼ੀਟ ਵਿੱਚ ਕਈ ਸਿਆਸੀ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਦੇ ਬਿਆਨ ਵੀ ਦਰਜ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ ਤੋਂ ਬਾਅਦ ਹੁਣ ਸਾਰੀਆਂ ਨਜ਼ਰਾਂ ਮਜੀਠੀਆ ਦੀ ਰਿਹਾਈ ਅਤੇ ਅਗਲੇ ਸਿਆਸੀ ਕਦਮਾਂ ‘ਤੇ ਟਿਕੀਆਂ ਹੋਈਆਂ ਹਨ।

MP ਅੰਮ੍ਰਿਤਪਾਲ ਸਿੰਘ ਨੂੰ ਬਜਟ ਸੈਸ਼ਨ ਲਈ ਪੈਰੋਲ ਨਹੀਂ, ਪੰਜਾਬ ਸਰਕਾਰ ਨੇ ਅਰਜ਼ੀ ਕੀਤੀ ਖਾਰਜ

ਖਡੂਰ ਸਾਹਿਬ :- ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਨੇ ਸੰਸਦ ਦੇ ਚੱਲ ਰਹੇ ਬਜਟ ਸੈਸ਼ਨ ਵਿੱਚ ਸ਼ਮੂਲੀਅਤ ਲਈ ਦਿੱਤੀ ਗਈ ਅਸਥਾਈ ਪੈਰੋਲ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ, ਜਿਸ ਕਾਰਨ ਹੁਣ ਉਹ ਸੈਸ਼ਨ ਦਾ ਹਿੱਸਾ ਨਹੀਂ ਬਣ ਸਕਣਗੇ।

ਸਰਕਾਰ ਨੂੰ ਕਾਨੂੰਨ-ਵਿਵਸਥਾ ਖ਼ਰਾਬ ਹੋਣ ਦਾ ਖ਼ਦਸ਼ਾ
ਸਰਕਾਰੀ ਸੂਤਰਾਂ ਅਨੁਸਾਰ, ਸਰਕਾਰ ਦਾ ਮੰਨਣਾ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਅਸਥਾਈ ਤੌਰ ‘ਤੇ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ, ਤਾਂ ਰਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ। ਇਸ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਹੀ ਸਰਕਾਰ ਵੱਲੋਂ ਪੈਰੋਲ ਦੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਗਈ।

ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਆਇਆ ਫੈਸਲਾ
ਗੌਰਤਲਬ ਹੈ ਕਿ ਪਿਛਲੇ ਮਹੀਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਦੀ ਅਸਥਾਈ ਰਿਹਾਈ ਸਬੰਧੀ ਅਰਜ਼ੀ ‘ਤੇ ਸੱਤ ਕੰਮਕਾਜੀ ਦਿਨਾਂ ਅੰਦਰ ਫੈਸਲਾ ਕਰਨ ਲਈ ਕਿਹਾ ਸੀ। ਇਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਹੁਣ ਅਧਿਕਾਰਕ ਤੌਰ ‘ਤੇ ਆਪਣਾ ਫੈਸਲਾ ਸੂਚਿਤ ਕੀਤਾ ਗਿਆ ਹੈ।

ਵਕੀਲ ਨੂੰ ਮਿਲਿਆ ਸਰਕਾਰੀ ਜਵਾਬ
ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪੈਰੋਲ ਅਰਜ਼ੀ ਸਬੰਧੀ ਲਿਖਤੀ ਜਵਾਬ ਪ੍ਰਾਪਤ ਹੋਇਆ ਹੈ, ਜਿਸ ਵਿੱਚ ਅਸਥਾਈ ਰਿਹਾਈ ਤੋਂ ਇਨਕਾਰ ਕੀਤਾ ਗਿਆ ਹੈ।

ਬਜਟ ਸੈਸ਼ਨ ਦੇ ਦੋ ਪੜਾਅ
ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ, ਜਿਸ ਦਾ ਪਹਿਲਾ ਪੜਾਅ 13 ਫਰਵਰੀ ਤੱਕ ਚੱਲੇਗਾ। ਇਸ ਤੋਂ ਬਾਅਦ ਦੂਜਾ ਪੜਾਅ 9 ਮਾਰਚ ਤੋਂ 2 ਅਪ੍ਰੈਲ ਤੱਕ ਨਿਧਾਰਤ ਕੀਤਾ ਗਿਆ ਹੈ। ਪੈਰੋਲ ਰੱਦ ਹੋਣ ਕਾਰਨ ਅੰਮ੍ਰਿਤਪਾਲ ਸਿੰਘ ਦੋਵੇਂ ਪੜਾਅਾਂ ਵਿੱਚ ਹਾਜ਼ਰੀ ਨਹੀਂ ਭਰ ਸਕਣਗੇ।

NSA ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਹਨ ਅਤੇ 23 ਮਾਰਚ 2023 ਤੋਂ ਕੌਮੀ ਸੁਰੱਖਿਆ ਕਾਨੂੰਨ (NSA) ਤਹਿਤ ਹਿਰਾਸਤ ਵਿੱਚ ਹਨ। ਇਸ ਸਮੇਂ ਉਹ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਹਨ।

ਪੰਜਾਬ ‘ਚ ਠੰਢ ਤੇ ਧੁੰਦ ਦਾ ਕਹਿਰ ਜਾਰੀ, ਪੱਛਮੀ ਗੜਬੜੀ ਨਾਲ ਹਵਾਵਾਂ ਤੇ ਮੀਂਹ ਦੀ ਚੇਤਾਵਨੀ

ਚੰਡੀਗੜ੍ਹ :- ਪੰਜਾਬ ਭਰ ਵਿੱਚ ਠੰਢ ਦਾ ਦੌਰ ਲਗਾਤਾਰ ਜਾਰੀ ਹੈ। ਸਵੇਰੇ ਅਤੇ ਦੇਰ ਰਾਤ ਸੰਘਣੀ ਧੁੰਦ ਕਾਰਨ ਕਈ ਇਲਾਕਿਆਂ ਵਿੱਚ ਦਿੱਖ ਕਾਫ਼ੀ ਘੱਟ ਰਹੀ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਲੋਕਾਂ ਨੂੰ ਰੋਜ਼ਾਨਾ ਦੇ ਕੰਮਾਂ ਲਈ ਘਰੋਂ ਨਿਕਲਦੇ ਸਮੇਂ ਵਾਧੂ ਸਾਵਧਾਨੀ ਵਰਤਣੀ ਪੈ ਰਹੀ ਹੈ।

ਪੱਛਮੀ ਗੜਬੜ ਨਾਲ ਮੌਸਮ ਵਿੱਚ ਹਲਚਲ
ਭਾਰਤੀ ਮੌਸਮ ਵਿਭਾਗ ਮੁਤਾਬਕ ਇੱਕ ਨਵਾਂ ਪੱਛਮੀ ਗੜਬੜ ਸਿਸਟਮ ਸਰਗਰਮ ਹੋ ਰਿਹਾ ਹੈ। ਇਸ ਦੇ ਪ੍ਰਭਾਵ ਅਗਲੇ ਕੁਝ ਦਿਨਾਂ ਵਿੱਚ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਕੀਤੇ ਜਾਣਗੇ, ਜਿਸ ਨਾਲ ਮੌਸਮ ਵਿੱਚ ਤਬਦੀਲੀ ਦੇ ਅਸਾਰ ਬਣ ਰਹੇ ਹਨ।

ਨੌਂ ਰਾਜਾਂ ਲਈ ਮੀਂਹ ਦੀ ਚੇਤਾਵਨੀ ਜਾਰੀ
ਮੌਸਮ ਵਿਭਾਗ ਵੱਲੋਂ ਜੰਮੂ-ਕਸ਼ਮੀਰ ਤੋਂ ਲੈ ਕੇ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਕੁੱਲ ਨੌਂ ਰਾਜਾਂ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੁਝ ਖੇਤਰਾਂ ਵਿੱਚ ਹਵਾਵਾਂ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਠੰਢ ਹੋਰ ਵਧ ਸਕਦੀ ਹੈ।

ਪੰਜਾਬ ਦੇ ਕਈ ਜ਼ਿਲ੍ਹੇ ਧੁੰਦ ਦੀ ਚਪੇਟ ‘ਚ
ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਬਰਨਾਲਾ ਅਤੇ ਮਾਨਸਾ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੇ ਅਸਾਰ ਹਨ। ਇਸ ਦੇ ਨਾਲ ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਮੁਕਤਸਰ ਅਤੇ ਬਠਿੰਡਾ ਵਿੱਚ ਵੀ ਧੁੰਦ ਦਾ ਪ੍ਰਭਾਵ ਬਣਿਆ ਰਹਿ ਸਕਦਾ ਹੈ। ਬੀਤੇ ਸੋਮਵਾਰ ਨੂੰ ਪਟਿਆਲਾ, ਹਲਵਾਰਾ, ਬਠਿੰਡਾ ਅਤੇ ਫਰੀਦਕੋਟ ਵਿੱਚ ਸੰਘਣੀ ਧੁੰਦ ਦਰਜ ਕੀਤੀ ਗਈ ਸੀ।

ਅਗਲੇ 48 ਘੰਟਿਆਂ ‘ਚ ਤਾਪਮਾਨ ਸਥਿਰ ਰਹਿਣ ਦੀ ਉਮੀਦ
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਰਾਜ ਵਿੱਚ ਮੌਸਮ ਜ਼ਿਆਦਾਤਰ ਖੁਸ਼ਕ ਰਹੇਗਾ। 5 ਅਤੇ 6 ਫਰਵਰੀ ਨੂੰ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਹਾਲਾਂਕਿ ਅਗਲੇ 48 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ।

ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਧੁੰਦ ਅਤੇ ਤੇਜ਼ ਹਵਾਵਾਂ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਲੋਕਾਂ ਨੂੰ ਸਵੇਰੇ-ਸ਼ਾਮ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣ ਅਤੇ ਵਾਹਨ ਹੌਲੀ ਚਲਾਉਣ ਦੀ ਸਲਾਹ ਦਿੱਤੀ ਹੈ।

ਮਾਨ ਸਰਕਾਰ ਦੀ ਐਸਐਸਐਫ: ਪੰਜਾਬ ਦੇ ਹਾਈਵੇਅਜ਼ ‘ਤੇ ਸੁਰੱਖਿਆ ਦੀ ਨਵੀਂ ਮਿਸਾਲ, ਦੋ ਸਾਲਾਂ ਵਿੱਚ ਮੌਤਾਂ ‘ਚ 50% ਕਮੀ

ਚੰਡੀਗੜ੍ਹ: ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ (ਐਸਐਸਐਫ) ਦੇ ਦੋ ਸਾਲ ਪੂਰੇ ਹੋਣ ‘ਤੇ ਇਸ ਦੀ ਸ਼ਾਨਦਾਰ ਸਫਲਤਾ ਸਾਂਝੀ ਕਰਦਿਆਂ, ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਇਹ ਫੋਰਸ ਮੁੱਖ ਮੰਤਰੀ ਭਗਵੰਤ ਮਾਨ ਦੀ ਸਭ ਤੋਂ ਪ੍ਰਭਾਵਸ਼ਾਲੀ ਅਤੇ ਲੋਕ-ਪੱਖੀ ਪਹਿਲਕਦਮੀਆਂ ਵਿੱਚੋਂ ਇੱਕ ਵਜੋਂ ਉਭਰੀ ਹੈ, ਜੋ ਪੰਜਾਬ ਦੇ ਹਾਈਵੇਅ ‘ਤੇ ਅਸਲ ਨਤੀਜੇ ਦੇ ਰਹੀ ਹੈ।

ਪੰਨੂ ਨੇ ਦੱਸਿਆ ਕਿ ਜਦੋਂ ਦੋ ਸਾਲ ਪਹਿਲਾਂ ਐਸਐਸਐਫ ਦੀ ਸ਼ੁਰੂਆਤ ਕੀਤੀ ਗਈ ਸੀ, ਤਾਂ ਸਾਲ 2023 ਵਿੱਚ ਪੰਜਾਬ ਦੇ ਹਾਈਵੇਅ ‘ਤੇ ਹਾਦਸਿਆਂ ਕਾਰਨ 1,955 ਮੌਤਾਂ ਹੋਈਆਂ ਸਨ। ਸਾਲ 2024 ਵਿੱਚ, ਇਹ ਅੰਕੜਾ ਤੇਜ਼ੀ ਨਾਲ ਘਟ ਕੇ 1,016 ਰਹਿ ਗਿਆ ਹੈ, ਜਿਸਦਾ ਮਤਲਬ ਹੈ ਕਿ ਐਸਐਸਐਫ ਦੇ ਤੇਜ਼ ਅਤੇ ਪੇਸ਼ੇਵਰ ਹੁੰਗਾਰੇ ਸਦਕਾ ਸਿਰਫ ਇੱਕ ਸਾਲ ਵਿੱਚ 940 ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਘਾਤਕ ਹਾਦਸਿਆਂ ਦੇ ਮਾਮਲਿਆਂ ਵਿੱਚ ਲਗਭਗ 50 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ, ਜੋ ਪੰਜਾਬ ਭਰ ਵਿੱਚ ਹਾਈਵੇਅ ਸੁਰੱਖਿਆ ਵਿੱਚ ਵੱਡੇ ਸੁਧਾਰ ਨੂੰ ਦਰਸਾਉਂਦੀ ਹੈ।

ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਐਸਐਸਐਫ ਅਧੀਨ ਲਗਭਗ 1,500 ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਜਵਾਨ ਫੁੱਲ-ਟਾਈਮ ਤਾਇਨਾਤ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਵੀ.ਆਈ.ਪੀ. ਜਾਂ ਕਿਸੇ ਹੋਰ ਡਿਊਟੀ ਲਈ ਨਹੀਂ ਭੇਜਿਆ ਜਾਂਦਾ। ਹਾਈਵੇਅ ‘ਤੇ ਹਰ 30 ਕਿਲੋਮੀਟਰ ਦੀ ਦੂਰੀ ‘ਤੇ ਪੂਰੀ ਤਰ੍ਹਾਂ ਲੈਸ ਐਸਐਸਐਫ ਵਾਹਨ ਤਾਇਨਾਤ ਹਨ, ਜੋ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਂਦੇ ਹਨ। ਨਤੀਜੇ ਵਜੋਂ,ਐਸਐਸਐਫ ਟੀਮਾਂ 6 ਤੋਂ 8 ਮਿੰਟ ਦੇ ਅੰਦਰ ਹਾਦਸੇ ਵਾਲੀ ਥਾਂ ‘ਤੇ ਪਹੁੰਚ ਜਾਂਦੀਆਂ ਹਨ, ਜੋ ਕਿ ਵਿਕਸਤ ਦੇਸ਼ਾਂ ਦੇ ਬਰਾਬਰ ਦਾ ਰਿਸਪਾਂਸ ਟਾਈਮ ਹੈ।

ਪੰਨੂ ਨੇ ਕਿਹਾ ਕਿ ਇਹ ਵਾਹਨ ਫਸਟ-ਏਡ ਸਹੂਲਤਾਂ, ਬਚਾਅ ਉਪਕਰਨਾਂ ਅਤੇ ਕਟਰਾਂ ਨਾਲ ਲੈਸ ਹਨ। ਜਵਾਨਾਂ ਨੂੰ ਪੀੜਤਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਹਸਪਤਾਲ ਭੇਜਣ ਤੋਂ ਪਹਿਲਾਂ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਗਈ ਹੈ।ਉਨ੍ਹਾਂ ਅੱਗੇ ਕਿਹਾ ਕਿ ਐਸਐਸਐਫ ਦੀ ਮੌਜੂਦਗੀ ਨੇ ਹਾਦਸੇ ਤੋਂ ਬਾਅਦ ਹੋਣ ਵਾਲੀ ਲੁੱਟ-ਖੋਹ ਨੂੰ ਵੀ ਲਗਭਗ ਖਤਮ ਕਰ ਦਿੱਤਾ ਹੈ ਅਤੇ ਹੋਰ ਹਾਈਵੇਅ ਅਪਰਾਧਾਂ ਵਿੱਚ, ਖਾਸ ਕਰਕੇ ਰਾਤ ਦੇ ਸਮੇਂ, ਭਾਰੀ ਕਮੀ ਆਈ ਹੈ।

ਐਸਐਸਐਫ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ “ਡ੍ਰੀਮ ਪ੍ਰੋਜੈਕਟ” ਦੱਸਦਿਆਂ ਪੰਨੂ ਨੇ ਕਿਹਾ ਕਿ ਇਹ ਨਾ ਸਿਰਫ ਸਾਕਾਰ ਹੋਇਆ ਹੈ ਬਲਕਿ ਹਰ ਰੋਜ਼ ਜਾਨਾਂ ਬਚਾਉਣ ਵਾਲੇ ਨਤੀਜੇ ਦੇ ਰਿਹਾ ਹੈ। ਉਨ੍ਹਾਂ ਨੇ ਸਾਰੇ ਐਸਐਸਐਫ ਜਵਾਨਾਂ ਅਤੇ ਸਹਿਯੋਗੀ ਸਟਾਫ ਨੂੰ ਉਨ੍ਹਾਂ ਦੇ ਸਮਰਪਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਮਨੁੱਖੀ ਜਾਨਾਂ ਬਚਾਉਣਾ ਸ਼ਾਸਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।

ਲੁਧਿਆਣਾ ਦੇ ਤ੍ਰਿਸ਼ਹਨੀਤ ਅਰੋੜਾ ਭਾਰਤ ਦੇ ਟਾਪ 1000 ਅਮੀਰਾਂ ’ਚ ਸ਼ਾਮਲ

ਲੁਧਿਆਣਾ :- ਪੰਜਾਬ ਲਈ ਮਾਣ ਵਾਲੀ ਘੜੀ ਉਸ ਵੇਲੇ ਬਣੀ, ਜਦੋਂ ਲੁਧਿਆਣਾ ਨਾਲ ਸਬੰਧਤ ਪ੍ਰਸਿੱਧ ਸਾਈਬਰ ਸੁਰੱਖਿਆ ਵਿਦਵਾਨ ਅਤੇ “ਭਾਰਤ ਦੇ ਮਾਰਕ ਜ਼ੁਕਰਬਰਗ” ਵਜੋਂ ਜਾਣੇ ਜਾਂਦੇ ਤ੍ਰਿਸ਼ਹਨੀਤ ਅਰੋੜਾ ਨੇ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕੀਤੀ। Hurun India ਅਤੇ Avendus Wealth ਵੱਲੋਂ ਜਾਰੀ ਕੀਤੀ ਗਈ Hurun India Uth Series 2025 ਵਿੱਚ ਉਨ੍ਹਾਂ ਨੂੰ ਦੇਸ਼ ਦੇ “ਟਾਪ 1000 ਅਮੀਰ ਵਿਅਕਤੀਆਂ” ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਨਵੀਨ ਸੋਚ ਅਤੇ ਗਲੋਬਲ ਯੋਗਦਾਨ ਦੀ ਮਿਲੀ ਮਾਨਤਾ
ਇਹ ਸਨਮਾਨ ਤ੍ਰਿਸ਼ਹਨੀਤ ਅਰੋੜਾ ਦੀ ਉਦਯੋਗਿਕ ਦੂਰਦਰਸ਼ਤਾ, ਟੈਕਨੋਲੋਜੀ ਖੇਤਰ ’ਚ ਨਵੀਂ ਸੋਚ ਅਤੇ ਵਿਸ਼ਵ ਪੱਧਰ ’ਤੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਯੋਗਦਾਨ ਨੂੰ ਦੇਖਦਿਆਂ ਦਿੱਤਾ ਗਿਆ ਹੈ। ਨੌਜਵਾਨ ਉਮਰ ਵਿੱਚ ਹੀ ਉਨ੍ਹਾਂ ਨੇ ਭਾਰਤ ਨੂੰ ਡਿਜ਼ੀਟਲ ਸੁਰੱਖਿਆ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਪਹਿਚਾਣ ਦਿਵਾਈ ਹੈ।

30 ਸਾਲ ਦੀ ਉਮਰ ’ਚ 1820 ਕਰੋੜ ਦੀ ਜਾਇਦਾਦ
ਸਿਰਫ਼ 30 ਸਾਲ ਦੀ ਉਮਰ ਵਿੱਚ ਤ੍ਰਿਸ਼ਹਨੀਤ ਅਰੋੜਾ ਲਗਭਗ 1820 ਕਰੋੜ ਰੁਪਏ ਦੀ ਨਿੱਜੀ ਸੰਪੱਤੀ ਦੇ ਮਾਲਕ ਬਣ ਚੁੱਕੇ ਹਨ। ਇਸ ਉਪਲਬਧੀ ਨਾਲ ਉਹ ਭਾਰਤ ਦੇ ਪੰਜਵੇਂ ਸਭ ਤੋਂ ਅਮੀਰ ਯੂਵਾ ਉਦਯੋਗਪਤੀ ਅਤੇ ਪੰਜਾਬ ਦੇ ਸਭ ਤੋਂ ਨੌਜਵਾਨ ਅਮੀਰ ਵਿਅਕਤੀ ਵਜੋਂ ਉਭਰੇ ਹਨ।

Hurun India Uth Series 2025 ਦੀ ਤਸਵੀਰ
Hurun India Uth Series 2025 ਵਿੱਚ ਦੇਸ਼ ਭਰ ਤੋਂ 30, 35 ਅਤੇ 40 ਸਾਲ ਤੋਂ ਘੱਟ ਉਮਰ ਦੇ 436 ਤੋਂ ਵੱਧ ਉਭਰਦੇ ਲੀਡਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੀਆਂ ਕੰਪਨੀਆਂ ਦੀ ਕੁੱਲ ਵੈਲਯੂਏਸ਼ਨ 950 ਅਰਬ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ, ਜੋ ਇਹ ਸਾਬਤ ਕਰਦੀ ਹੈ ਕਿ ਭਾਰਤ ਦੀ ਅਰਥਵਿਵਸਥਾ ਨੌਜਵਾਨ ਉਦਯੋਗਪਤੀਆਂ ਦੀ ਅਗਵਾਈ ਹੇਠ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।

ਦੇਸ਼ ਦੇ ਹੋਰ ਪ੍ਰਸਿੱਧ ਨਾਂ ਵੀ ਸੂਚੀ ’ਚ
ਇਸ ਸੂਚੀ ਵਿੱਚ Zerodha ਦੇ ਕੋ-ਫਾਊਂਡਰ ਨਿਖਿਲ ਕਾਮਥ ਅਤੇ Mamaearth ਦੀ ਕੋ-ਫਾਊਂਡਰ ਗ਼ਜ਼ਲ ਅਲਾਘ ਵਰਗੇ ਪ੍ਰਸਿੱਧ ਉਦਯੋਗਪਤੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਖੇਤਰਾਂ ਵਿੱਚ ਨਵਾਂ ਮਿਆਰ ਕਾਇਮ ਕੀਤਾ ਹੈ।

ਲੁਧਿਆਣਾ ਤੋਂ ਗਲੋਬਲ ਪਛਾਣ ਤੱਕ ਦਾ ਸਫ਼ਰ:
ਲੁਧਿਆਣਾ ਜਨਮੇ ਤ੍ਰਿਸ਼ਹਨੀਤ ਅਰੋੜਾ ਦੀ ਇਹ ਉਪਲਬਧੀ ਸਿਰਫ਼ ਇੱਕ ਵਿਅਕਤੀ ਦੀ ਕਾਮਯਾਬੀ ਨਹੀਂ, ਸਗੋਂ ਪੰਜਾਬ ਦੀ ਯੁਵਾ ਤਾਕਤ, ਭਾਰਤ ਦੀ ਨਵੀਨ ਸੋਚ ਅਤੇ ਭਵਿੱਖ ਦੇ ਗਲੋਬਲ ਲੀਡਰਸ਼ਿਪ ਦੀ ਮਜ਼ਬੂਤ ਝਲਕ ਹੈ।

ਅੰਮ੍ਰਿਤਪਾਲ ਸਿੰਘ ਨੂੰ ਸੰਸਦ ਸੈਸ਼ਨ ’ਚ ਭੇਜਣ ਬਾਰੇ ਸਰਕਾਰ ਅਜੇ ਤੱਕ ਫ਼ੈਸਲਾ ਕਰਨ ’ਚ ਨਾਕਾਮ, ਹਾਈਕੋਰਟ ਨੇ ਉਠਾਏ ਗੰਭੀਰ ਸਵਾਲ

ਚੰਡੀਗੜ੍ਹ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅੱਜ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਤੀਜੀ ਨਿਵਾਰਕ ਨਜ਼ਰਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਹੋਈ। ਮਾਮਲੇ ਦੀ ਸੁਣਵਾਈ ਦੌਰਾਨ ਰਾਜ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਅਦਾਲਤ ਨੇ ਕਾਫ਼ੀ ਨਾਰਾਜ਼ਗੀ ਜਤਾਈ।

ਸੁਣਵਾਈ ਦੌਰਾਨ ਕੋਰਟ ਸਾਹਮਣੇ ਆਈ ਹੈਰਾਨੀਜਨਕ ਸਥਿਤੀ:
ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਹੇਠ ਹੋਈ ਸੁਣਵਾਈ ਦੌਰਾਨ ਵਧੀਕ ਸਾਲਿਸਟਰ ਜਨਰਲ ਸੱਤਿਆ ਪਾਲ ਜੈਨ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਹ ਤੈਅ ਹੀ ਨਹੀਂ ਕੀਤਾ ਗਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣੀ ਹੈ ਜਾਂ ਨਹੀਂ। ਇਸ ਬਿਆਨ ਮਗਰੋਂ ਅਦਾਲਤ ਵਿੱਚ ਸਰਕਾਰ ਦੀ ਨੀਅਤ ਅਤੇ ਕਾਰਵਾਈ ’ਤੇ ਸਿੱਧੇ ਸਵਾਲ ਖੜੇ ਹੋ ਗਏ।

ਚੁਣਿਆ ਹੋਇਆ ਸੰਸਦ ਮੈਂਬਰ, ਫਿਰ ਵੀ ਲਗਾਤਾਰ ਨਜ਼ਰਬੰਦੀ:
ਅਦਾਲਤ ਨੂੰ ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ 23 ਮਾਰਚ 2023 ਤੋਂ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਹਨ ਅਤੇ ਇੱਕ ਚੁਣੇ ਹੋਏ ਸੰਸਦ ਮੈਂਬਰ ਹੋਣ ਦੇ ਬਾਵਜੂਦ ਅਜੇ ਵੀ ਜੇਲ੍ਹ ਵਿੱਚ ਹਨ। ਇਸ ਪੱਖ ਨੂੰ ਅਦਾਲਤ ਨੇ ਗੰਭੀਰਤਾ ਨਾਲ ਲਿਆ।

ਪਿਛਲੇ ਹੁਕਮਾਂ ਦੀ ਵੀ ਨਹੀਂ ਹੋਈ ਪਾਲਣਾ:
ਹਾਈਕੋਰਟ ਨੇ 23 ਜਨਵਰੀ ਨੂੰ ਹੀ ਪੰਜਾਬ ਸਰਕਾਰ ਨੂੰ ਸਪੱਸ਼ਟ ਨਿਰਦੇਸ਼ ਦਿੱਤਾ ਸੀ ਕਿ ਅੰਮ੍ਰਿਤਪਾਲ ਸਿੰਘ ਦੀ ਅਸਥਾਈ ਰਿਹਾਈ ਜਾਂ ਪੈਰੋਲ ਸਬੰਧੀ ਅਰਜ਼ੀ ’ਤੇ ਸੱਤ ਕੰਮਕਾਜੀ ਦਿਨਾਂ ਅੰਦਰ ਫ਼ੈਸਲਾ ਕੀਤਾ ਜਾਵੇ। ਪਰ ਅੱਜ 2 ਫਰਵਰੀ ਦੀ ਸੁਣਵਾਈ ਵਿੱਚ ਸਰਕਾਰ ਨੇ ਮੰਨਿਆ ਕਿ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ।

NSA ਤਹਿਤ ਸ਼ਕਤੀ ਪੰਜਾਬ ਸਰਕਾਰ ਕੋਲ, ਫਿਰ ਵੀ ਚੁੱਪੀ:
ਅਦਾਲਤ ਨੇ ਸਪੱਸ਼ਟ ਕੀਤਾ ਕਿ ਰਾਸ਼ਟਰੀ ਸੁਰੱਖਿਆ ਐਕਟ ਦੀ ਧਾਰਾ 15 ਅਨੁਸਾਰ ਅਸਥਾਈ ਰਿਹਾਈ ਦੇਣ ਦਾ ਅਧਿਕਾਰ “ਉਚਿਤ ਸਰਕਾਰ” ਕੋਲ ਹੁੰਦਾ ਹੈ ਅਤੇ ਇਸ ਮਾਮਲੇ ਵਿੱਚ ਇਹ ਸ਼ਕਤੀ ਪੰਜਾਬ ਸਰਕਾਰ ਕੋਲ ਹੈ।

ਗ੍ਰਹਿ ਸਕੱਤਰ ਨੂੰ ਸਿੱਧੇ ਹੁਕਮ:
ਹਾਈਕੋਰਟ ਨੇ ਗ੍ਰਹਿ ਸਕੱਤਰ, ਗ੍ਰਹਿ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਕਿ 17 ਜਨਵਰੀ ਨੂੰ ਦਿੱਤੀ ਗਈ ਪ੍ਰਤੀਨਿਧਤਾ ’ਤੇ ਤੁਰੰਤ ਫ਼ੈਸਲਾ ਲਿਆ ਜਾਵੇ ਅਤੇ ਉਸਦੀ ਜਾਣਕਾਰੀ ਪਟੀਸ਼ਨਰ ਅਤੇ ਉਸਦੇ ਵਕੀਲ ਨੂੰ ਦਿੱਤੀ ਜਾਵੇ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਹੁਣ ਤੱਕ ਫ਼ਾਈਲ ’ਤੇ ਕੋਈ ਠੋਸ ਕਾਰਵਾਈ ਨਹੀਂ ਦਿਖਾਈ ਦਿੱਤੀ।

ਸਿਆਸੀ ਅਤੇ ਕਾਨੂੰਨੀ ਗਲਿਆਰਿਆਂ ’ਚ ਚਰਚਾ ਤੇਜ਼:
ਇਸ ਮਾਮਲੇ ਨੂੰ ਲੈ ਕੇ ਸੂਬੇ ਦੀ ਸਿਆਸਤ ਅਤੇ ਕਾਨੂੰਨੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਇੱਕ ਪਾਸੇ ਸੰਸਦੀ ਅਧਿਕਾਰਾਂ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਸਰਕਾਰ ਦੀ ਦੇਰੀ ਨੇ ਨਵੇਂ ਸਵਾਲ ਖੜੇ ਕਰ ਦਿੱਤੇ ਹਨ।

ਫੇਕ ਨਿਊਜ਼ ਫੈਲਾਉਣ ਵਾਲਿਆਂ ਲਈ SSP ਆਦਿੱਤਿਆ ਦੀ ਸਖ਼ਤ ਚੇਤਾਵਨੀ ਕਿਹਾ, ਕਾਨੂੰਨ ਤੋਂ ਉਪਰ ਕੋਈ ਨਹੀਂ

ਗੁਰਦਾਸਪੁਰ :- ਜ਼ਿਲ੍ਹਾ ਗੁਰਦਾਸਪੁਰ ਵਿੱਚ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ ਅਤੇ ਬਿਨਾਂ ਤੱਥਾਂ ਵਾਲੀ ਜਾਣਕਾਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਪਣਾਇਆ ਹੈ। ਐੱਸ.ਐੱਸ.ਪੀ. ਆਦਿੱਤਿਆ ਨੇ ਦੋ ਟੁੱਕ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਝੂਠੀ ਜਾਂ ਭ੍ਰਮਕ ਖ਼ਬਰ ਫੈਲਾਈ ਗਈ, ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਅਟੱਲ ਹੋਵੇਗੀ।

ਗੈਂਗਸਟਰ ਵਿਰੋਧੀ ਮੁਹਿੰਮ ’ਤੇ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼:
ਐੱਸ.ਐੱਸ.ਪੀ. ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਹਰ ਕਦਮ ਪੂਰੀ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਮਗਰੋਂ ਹੀ ਚੁੱਕਿਆ ਜਾਂਦਾ ਹੈ। ਇਸ ਦੇ ਬਾਵਜੂਦ ਕੁਝ ਸ਼ਰਾਰਤੀ ਤੱਤ ਜਾਣਬੁੱਝ ਕੇ ਗਲਤ ਜਾਣਕਾਰੀ ਫੈਲਾ ਕੇ ਲੋਕਾਂ ਵਿੱਚ ਡਰ ਅਤੇ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸੋਸ਼ਲ ਮੀਡੀਆ ’ਤੇ ਪੁਲਿਸ ਦੀ ਤਿੱਖੀ ਨਿਗਰਾਨੀ:
ਐੱਸ.ਐੱਸ.ਪੀ. ਆਦਿੱਤਿਆ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਸ਼ੱਕੀ ਜਾਂ ਗਲਤ ਪੋਸਟ ’ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।

ਅਮਨ-ਕਾਨੂੰਨ ਪੂਰੀ ਤਰ੍ਹਾਂ ਕਾਬੂ ਹੇਠ:
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸਥਿਰ ਅਤੇ ਕਾਬੂ ਵਿੱਚ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਿਨਾਂ ਪੁਸ਼ਟੀ ਕੀਤੀ ਜਾਣਕਾਰੀ ’ਤੇ ਭਰੋਸਾ ਨਾ ਕੀਤਾ ਜਾਵੇ ਅਤੇ ਨਾ ਹੀ ਅਜਿਹੀ ਸਮੱਗਰੀ ਅੱਗੇ ਸਾਂਝੀ ਕੀਤੀ ਜਾਵੇ।

ਸਿਰਫ਼ ਅਧਿਕਾਰਕ ਜਾਣਕਾਰੀ ’ਤੇ ਹੀ ਭਰੋਸਾ ਕਰਨ ਦੀ ਅਪੀਲ:
ਐੱਸ.ਐੱਸ.ਪੀ. ਨੇ ਕਿਹਾ ਕਿ ਜਨਤਾ ਸਿਰਫ਼ ਪੁਲਿਸ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਅਧਿਕਾਰਕ ਜਾਣਕਾਰੀ ਨੂੰ ਹੀ ਸਹੀ ਮੰਨੇ। ਜੇਕਰ ਕਿਸੇ ਨੂੰ ਸੋਸ਼ਲ ਮੀਡੀਆ ’ਤੇ ਕੋਈ ਭ੍ਰਮਕ ਜਾਂ ਸ਼ੱਕੀ ਪੋਸਟ ਨਜ਼ਰ ਆਵੇ, ਤਾਂ ਤੁਰੰਤ ਨੇੜਲੇ ਥਾਣੇ ਜਾਂ ਪੁਲਿਸ ਹੈਲਪਲਾਈਨ ਨੂੰ ਸੂਚਿਤ ਕੀਤਾ ਜਾਵੇ।

ਕਾਨੂੰਨ-ਵਿਵਸਥਾ ਨਾਲ ਕੋਈ ਸਮਝੌਤਾ ਨਹੀਂ:
ਐੱਸ.ਐੱਸ.ਪੀ. ਆਦਿੱਤਿਆ ਨੇ ਦੋਹਰਾਇਆ ਕਿ ਸੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜ਼ਿਲ੍ਹੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਪੁਲਿਸ ਹਰ ਲੋੜੀਂਦਾ ਕਦਮ ਚੁੱਕਦੀ ਰਹੇਗੀ।

ਮਜੀਠੀਆ ਨੂੰ ਜ਼ਮਾਨਤ ਮਿਲਨ ਤੇ ਚੀਮਾ ਦਾ ਵੱਡਾ ਬਿਆਨ ਕਿਹਾ, ਜ਼ਮਾਨਤ ਨੂੰ ਬਰੀ ਹੋਣਾ ਨਾ ਸਮਝਿਆ ਜਾਵੇ

ਚੰਡੀਗੜ੍ਹ :- ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਜ਼ਮਾਨਤ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਹਲਚਲ ਵੇਖਣ ਨੂੰ ਮਿਲ ਰਹੀ ਹੈ। ਅਕਾਲੀ ਦਲ ਇਸ ਫੈਸਲੇ ਨੂੰ ਆਪਣੀ ਕਾਨੂੰਨੀ ਜਿੱਤ ਵਜੋਂ ਪੇਸ਼ ਕਰ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ ਵੱਲੋਂ ਇਸ ਬਾਰੇ ਸਪੱਸ਼ਟ ਰੁਖ਼ ਅਪਣਾਇਆ ਗਿਆ ਹੈ।

ਜ਼ਮਾਨਤ ਨੂੰ ਬਰੀ ਹੋਣਾ ਨਾ ਸਮਝਿਆ ਜਾਵੇ:
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਦਾਲਤ ਵੱਲੋਂ ਦਿੱਤੀ ਗਈ ਜ਼ਮਾਨਤ ਸਿਰਫ਼ ਅਸਥਾਈ ਕਾਨੂੰਨੀ ਰਾਹਤ ਹੈ। ਉਨ੍ਹਾਂ ਦੱਸਿਆ ਕਿ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਅਜੇ ਵੀ ਅਦਾਲਤ ਵਿੱਚ ਵਿਚਾਰਧੀਨ ਹਨ ਅਤੇ ਜਾਂਚ ਜਾਰੀ ਹੈ।

ਅਕਾਲੀ ਦਲ ‘ਤੇ ਸਿੱਧਾ ਨਿਸ਼ਾਨਾ

ਹਰਪਾਲ ਚੀਮਾ ਨੇ ਕਿਹਾ ਕਿ ਜਿਹੜੇ ਲੋਕ ਜ਼ਮਾਨਤ ਨੂੰ ਕਲੀਨ ਚਿੱਟ ਮੰਨ ਰਹੇ ਹਨ, ਉਹ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਏਜੰਸੀਆਂ ਕੋਲ ਮਜ਼ਬੂਤ ਸਬੂਤ ਮੌਜੂਦ ਹਨ ਅਤੇ ਕਾਨੂੰਨ ਆਪਣਾ ਰਾਹ ਲਵੇਗਾ।

ਨਾਭਾ ਜੇਲ੍ਹ ਤੋਂ ਬਾਹਰ ਆਉਣ ਦੀ ਤਿਆਰੀ
ਜ਼ਿਕਰਯੋਗ ਹੈ ਕਿ ਮਜੀਠੀਆ ਪਿਛਲੇ ਕਈ ਮਹੀਨਿਆਂ ਤੋਂ ਨਾਭਾ ਜੇਲ੍ਹ ਵਿੱਚ ਬੰਦ ਸਨ। ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਹੁਣ ਉਨ੍ਹਾਂ ਦੀ ਰਿਹਾਈ ਦਾ ਰਾਹ ਖੁਲ ਗਿਆ ਹੈ, ਪਰ ਸਿਆਸੀ ਅਤੇ ਕਾਨੂੰਨੀ ਚਰਚਾ ਅਜੇ ਵੀ ਜਾਰੀ ਰਹੇਗੀ।

ਬਠਿੰਡਾ – ਧੋਬੀਆਨਾ ਬਸਤੀ ‘ਚ ਨਸ਼ਾ ਤਸਕਰ ਦਾ ਘਰ ਢਾਹਿਆ, ਸਰਕਾਰੀ ਜ਼ਮੀਨ ਤੋਂ ਬੁਲਡੋਜ਼ਰ ਨਾਲ ਕਬਜ਼ਾ ਹਟਵਾਇਆ

ਬਠਿੰਡਾ :- ਸ਼ਹਿਰ ਦੀ ਧੋਬੀਆਨਾ ਬਸਤੀ ਵਿੱਚ ਸਰਕਾਰੀ ਜ਼ਮੀਨ ‘ਤੇ ਸਾਲਾਂ ਤੋਂ ਚੱਲ ਰਹੇ ਨਾਜਾਇਜ਼ ਕਬਜ਼ੇ ਨੂੰ ਅੱਜ ਪ੍ਰਸ਼ਾਸਨ ਨੇ ਜੜ ਤੋਂ ਉਖਾੜ ਦਿੱਤਾ। ਪੁਲਿਸ ਦੀ ਭਾਰੀ ਤਾਇਨਾਤੀ ਹੇਠ ਸਰਕਾਰੀ ਬੁਲਡੋਜ਼ਰ ਚਲਾਇਆ ਗਿਆ ਅਤੇ ਗੈਰਕਾਨੂੰਨੀ ਤੌਰ ‘ਤੇ ਬਣਾਇਆ ਗਿਆ ਘਰ ਢਹਾ ਦਿੱਤਾ ਗਿਆ, ਜਿਸ ਨਾਲ ਇਲਾਕੇ ‘ਚ ਦਿਨ ਭਰ ਚਰਚਾ ਰਹੀ।

ਨਸ਼ਾ ਤਸਕਰੀ ਨਾਲ ਜੁੜਿਆ ਕਬਜ਼ਾਧਾਰੀ, ਪਹਿਲਾਂ ਤੋਂ ਦਰਜ ਹਨ ਕੇਸ
ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਨਿਸ਼ਾਨਾ ਬਣਿਆ ਬਲਵਿੰਦਰ ਸਿੰਘ ਉਹੀ ਵਿਅਕਤੀ ਹੈ, ਜਿਸ ‘ਤੇ ਨਸ਼ਾ ਤਸਕਰੀ ਨਾਲ ਸਬੰਧਿਤ ਕਈ ਗੰਭੀਰ ਕੇਸ ਪਹਿਲਾਂ ਹੀ ਦਰਜ ਹਨ। ਪੁਲਿਸ ਅਨੁਸਾਰ ਬਲਵਿੰਦਰ ਨੇ ਸਰਕਾਰੀ ਜਗ੍ਹਾ ‘ਤੇ ਗੈਰਕਾਨੂੰਨੀ ਤੌਰ ‘ਤੇ ਘਰ ਤਿਆਰ ਕਰ ਲਿਆ ਸੀ।

ਨੋਟਿਸਾਂ ਨੂੰ ਕੀਤਾ ਅਣਦੇਖਾ, ਫਿਰ ਚੱਲਿਆ ਬੁਲਡੋਜ਼ਰ
ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁੱਡਾ ਵੱਲੋਂ ਕਬਜ਼ਾ ਖਾਲੀ ਕਰਨ ਲਈ ਪਹਿਲਾਂ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਕਬਜ਼ਾਧਾਰੀ ਨੇ ਨਾ ਤਾਂ ਘਰ ਖਾਲੀ ਕੀਤਾ ਅਤੇ ਨਾ ਹੀ ਪ੍ਰਸ਼ਾਸਨ ਦੇ ਹੁਕਮਾਂ ਨੂੰ ਗੰਭੀਰਤਾ ਨਾਲ ਲਿਆ। ਇਸ ਤੋਂ ਬਾਅਦ ਕਾਨੂੰਨ ਅਨੁਸਾਰ ਸਿੱਧੀ ਕਾਰਵਾਈ ਕੀਤੀ ਗਈ।

ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਅੰਕੜੇ ਚੌਂਕਾਉਣ ਵਾਲੇ
ਐਸਪੀ ਨਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਮਾਰਚ 2025 ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਵਿੱਚ 1899 ਐਨਡੀਪੀਐਸ ਮਾਮਲੇ ਦਰਜ ਹੋ ਚੁੱਕੇ ਹਨ। ਇਨ੍ਹਾਂ ਕੇਸਾਂ ਵਿੱਚ 2802 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਭੇਜਿਆ ਗਿਆ ਹੈ। ਪੁਲਿਸ ਨੇ 76 ਵੱਡੇ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਮਰਸ਼ੀਅਲ ਮਾਤਰਾ ਦੇ ਕੇਸ ਦਰਜ ਕੀਤੇ ਹਨ।

14 ਕਰੋੜ ਦੀ ਜਾਇਦਾਦ ਫ੍ਰੀਜ਼, ਸਖ਼ਤ ਸੁਨੇਹਾ ਜਾਰੀ
ਪੁਲਿਸ ਵੱਲੋਂ ਨਸ਼ਾ ਤਸਕਰਾਂ ਨਾਲ ਜੁੜੀ ਲਗਭਗ 14 ਕਰੋੜ ਰੁਪਏ ਦੀ ਸੰਪਤੀ ਫ੍ਰੀਜ਼ ਕੀਤੀ ਜਾ ਚੁੱਕੀ ਹੈ। ਅਧਿਕਾਰੀਆਂ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ ਅਤੇ ਕਾਨੂੰਨ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।

ਨਵਜੋਤ ਕੌਰ ਸਿੱਧੂ ਦੀ ਪੋਸਟ ਨੇ ਚਰਚਾ ਛੇੜੀ, ਕਾਂਗਰਸ ਤੋਂ ਨਾਤਾ ਤੋੜਨ ਮਗਰੋਂ ਮੋਦੀ ਦੀ ਕੀਤੀ ਤਾਰੀਫ਼!

ਚੰਡੀਗੜ੍ਹ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਯਾਤਰਾ ਤੋਂ ਅਗਲੇ ਹੀ ਦਿਨ ਸੂਬੇ ਦੀ ਸਿਆਸਤ ‘ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਕਾਂਗਰਸ ਨਾਲੋਂ ਨਾਤਾ ਤੋੜ ਚੁੱਕੀ ਨਵਜੋਤ ਕੌਰ ਸਿੱਧੂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਖੁੱਲ੍ਹ ਕੇ ਤਾਰੀਫ਼ ਕਰਨ ਤੋਂ ਬਾਅਦ ਸਿਆਸੀ ਗਲਿਆਰਿਆਂ ‘ਚ ਇਹ ਸਵਾਲ ਉੱਠਣ ਲੱਗ ਪਏ ਹਨ ਕਿ ਕੀ ਇਹ ਸਿੱਧੂ ਪਰਿਵਾਰ ਦੀ ਕਿਸੇ ਨਵੀਂ ਸਿਆਸੀ ਦਿਸ਼ਾ ਵੱਲ ਇਸ਼ਾਰਾ ਹੈ।

https://x.com/NavjotSidh42212/status/2017621771630088220?t=zv1lB8V8fItWjVEJGJJprA&s=19

ਸੋਸ਼ਲ ਮੀਡੀਆ ਪੋਸਟ ਰਾਹੀਂ ਮੋਦੀ ਦਾ ਕੀਤਾ ਸਵਾਗਤ
ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੰਜਾਬ ਦੇ ਲੋਕ ਭੋਲੇ-ਭਾਲੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਸਰਕਾਰਾਂ ਨੇ ਆਪਣੇ ਸਵਾਰਥਾਂ ਲਈ ਅਕਸਰ ਗੁਮਰਾਹ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ‘ਚ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਦੇਸ਼ ਦਾ ਮੁਖੀ ਸੂਬੇ ਲਈ ਕੁਝ ਦੇਣ ਆਉਂਦਾ ਹੈ, ਤਾਂ ਉਸਦੇ ਦੌਰੇ ਨੂੰ ਵਿਗਾੜਨ ਲਈ ਸਿਆਸੀ ਤਾਕਤਾਂ ਇਕੱਠੀਆਂ ਕਿਉਂ ਹੋ ਜਾਂਦੀਆਂ ਹਨ।

“ਮਿਹਨਤ ਨਾਲ ਹਾਸਲ ਕੀਤੀ ਤਾਕਤ, ਪੰਜਾਬ ਲਈ ਕੁਝ ਕਰਨ ਦੀ ਨੀਅਤ”
ਆਪਣੀ ਪੋਸਟ ‘ਚ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਮਿਹਨਤ ਨਾਲ ਜੋ ਮੁਕਾਮ ਹਾਸਲ ਕੀਤਾ ਹੈ, ਉਹ ਇਸ ਲਈ ਹੈ ਤਾਂ ਜੋ ਦੇਸ਼ ਅਤੇ ਸੂਬਿਆਂ ਨੂੰ ਕੁਝ ਵੱਡਾ ਦਿੱਤਾ ਜਾ ਸਕੇ। ਉਨ੍ਹਾਂ ਲਿਖਿਆ ਕਿ ਪੰਜਾਬ ਦੇ ਲੋਕਾਂ ਦਾ ਸੁਭਾਅ ਸਦਾ ਸਵਾਗਤੀ ਅਤੇ ਦਿਲਦਾਰ ਰਿਹਾ ਹੈ।

ਭਾਜਪਾ ਜਾਂ ‘ਆਪ’ ਨਾਲ ਸੰਪਰਕ ਦੀ ਗੱਲ ‘ਤੇ ਸਪੱਸ਼ਟੀਕਰਨ
ਇਸਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਇਕ ਹੋਰ ਪੋਸਟ ‘ਚ ਸਾਫ਼ ਕੀਤਾ ਕਿ ਨਾ ਤਾਂ ਉਨ੍ਹਾਂ ਨਾਲ ਭਾਜਪਾ, ਨਾ ਆਮ ਆਦਮੀ ਪਾਰਟੀ ਅਤੇ ਨਾ ਹੀ ਕਿਸੇ ਹੋਰ ਸਿਆਸੀ ਦਲ ਨੇ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਪਾਰਟੀ ਦੀ ਨਹੀਂ, ਸਗੋਂ ਆਪਣੇ ਅੰਦਰੂਨੀ ਵਿਸ਼ਵਾਸ ਅਤੇ ਚੇਤਨਾ ਅਨੁਸਾਰ ਗੱਲ ਕਰ ਰਹੀਆਂ ਹਨ।

ਸੇਵਾ ਅਤੇ ਆਤਮਿਕ ਉੱਨਤੀ ‘ਤੇ ਕੇਂਦਰਿਤ ਰਹਿਣ ਦੀ ਗੱਲ
ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਦਾ ਮਕਸਦ ਪੰਜਾਬ ਦੇ ਲੋਕਾਂ ਦੀ ਨਿਰਸਵਾਰਥ ਸੇਵਾ ਮੰਨਦੀਆਂ ਹਨ, ਜੋ ਉਹ ਇੱਕ ਐਨਜੀਓ ਦੇ ਜ਼ਰੀਏ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਆਤਮਿਕ ਉੱਨਤੀ, ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਤੇ ਸੰਤ ਮਹਾਂਪੁਰਖਾਂ ਦੀ ਸੰਗਤ ਨੂੰ ਆਪਣੀ ਸੋਚ ਦਾ ਅਹੰਕਾਰ ਹਿੱਸਾ ਦੱਸਿਆ।

ਸਿਆਸੀ ਮਾਇਨੇ ਕੱਢ ਰਹੇ ਗਲਿਆਰੇ
ਨਵਜੋਤ ਕੌਰ ਸਿੱਧੂ ਦੀਆਂ ਇਨ੍ਹਾਂ ਪੋਸਟਾਂ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਹਲਚਲ ਤੇਜ਼ ਹੋ ਗਈ ਹੈ। ਹਾਲਾਂਕਿ ਉਨ੍ਹਾਂ ਨੇ ਖੁਦ ਕਿਸੇ ਵੀ ਸਿਆਸੀ ਵਾਪਸੀ ਜਾਂ ਨਵੀਂ ਪਾਰਟੀ ਨਾਲ ਜੁੜਨ ਦੀ ਗੱਲ ਨੂੰ ਨਕਾਰਿਆ ਹੈ, ਪਰ ਉਨ੍ਹਾਂ ਦੇ ਬਿਆਨਾਂ ਨੇ ਸਿਆਸੀ ਅਟਕਲਾਂ ਨੂੰ ਹੋਰ ਹਵਾ ਦੇ ਦਿੱਤੀ ਹੈ।