Home Blog Page 626

ਡਾ.ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕੇਂਦਰ ਸਰਕਾਰ ਕੋਲ ਏ.ਆਈ.ਐਫ. ਸੀਮਾ ਵਧਾਉਣ ਤੇ ਆਰ.ਡੀ.ਐਫ. ਜਾਰੀ ਕਰਨ ਦੀ ਮੰਗ

ਚੰਡੀਗੜ੍ਹ :- ਰਾਜ ਸਭਾ ਵਿੱਚ ਪੰਜਾਬ ਨਾਲ ਜੁੜੇ ਅਹਿਮ ਮਸਲੇ ਉਸ ਵੇਲੇ ਉਭਰੇ ਜਦੋਂ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (AIF) ਹੇਠ ਵਿਆਜ਼-ਸਬਵੈਂਸ਼ਨ ਪ੍ਰੋਜੈਕਟ ਦੀ ਉੱਪਰੀ ਸੀਮਾ ₹2 ਕਰੋੜ ਤੋਂ ਵਧਾ ਕੇ ₹5 ਕਰੋੜ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਨਾਲ ਹੀ ਪੰਜਾਬ ਦੇ ਲੰਬੇ ਸਮੇਂ ਤੋਂ ਬਕਾਇਆ ਪਏ ਪੇਂਡੂ ਵਿਕਾਸ ਫੰਡ (RDF) ਨੂੰ ਜਾਰੀ ਕਰਨ ਲਈ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ।

ਆਰ.ਡੀ.ਐਫ. ਅਤੇ ਐਮ.ਡੀ.ਐਫ. ਰਿਲੀਜ਼ ਵਿੱਚ ਕਟੌਤੀ ਦਾ ਮੁੱਦਾ ਉਠਾਇਆ

ਡਾ. ਸਾਹਨੀ ਨੇ ਸਦਨ ਵਿੱਚ ਦੱਸਿਆ ਕਿ ਪੰਜਾਬ ਨੂੰ ਪੇਂਡੂ ਵਿਕਾਸ ਫੰਡ ਅਤੇ ਮਾਰਕੀਟ ਵਿਕਾਸ ਫੰਡ (MDF) ਹੇਠ ਮਿਲਣ ਵਾਲੀ ਰਕਮ ਵਿੱਚ ਕਟੌਤੀ ਅਤੇ ਰਿਲੀਜ਼ ਵਿੱਚ ਦੇਰੀ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਧਿਆਨ ਦਿਵਾਇਆ ਕਿ 2022 ਵਿੱਚ ਐਮ.ਐਸ.ਪੀ. ਖਰੀਦ ਨਾਲ ਜੁੜੀ ਲੇਵੀ 6 ਫੀਸਦੀ ਤੋਂ ਘਟਾ ਕੇ 2 ਫੀਸਦੀ ਕਰ ਦਿੱਤੀ ਗਈ ਸੀ, ਜਦਕਿ ਪੰਜਾਬ ਹਰ ਸਾਲ ਕਰੀਬ 18 ਮਿਲੀਅਨ ਟਨ ਝੋਨਾ ਅਤੇ 12 ਮਿਲੀਅਨ ਟਨ ਕਣਕ ਦੀ ਖਰੀਦ ਕਰਦਾ ਹੈ, ਜੋ ਹੋਰ ਰਾਜਾਂ ਨਾਲੋਂ ਕਾਫ਼ੀ ਵੱਧ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀਆਂ 64 ਹਜ਼ਾਰ ਕਿਲੋਮੀਟਰ ਤੋਂ ਵੱਧ ਪੇਂਡੂ ਲਿੰਕ ਸੜਕਾਂ ਅਤੇ ਲਗਭਗ ਦੋ ਹਜ਼ਾਰ ਅਨਾਜ ਮੰਡੀਆਂ ਆਰ.ਡੀ.ਐਫ. ਅਤੇ ਐਮ.ਡੀ.ਐਫ. ਦੇ ਸਰੋਤਾਂ ‘ਤੇ ਨਿਰਭਰ ਹਨ। ਇਸ ਲਈ ਕੇਂਦਰ ਅਤੇ ਰਾਜ ਵਿਚਕਾਰ ਤਾਲਮੇਲ ਬਣਾ ਕੇ ਰੁਕਾਵਟਾਂ ਦੂਰ ਕਰਨਾ ਲਾਜ਼ਮੀ ਹੈ।

ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦੀ ਸੀਮਾ ਵਧਾਉਣ ਦੀ ਲੋੜ

ਸਦਨ ਵਿੱਚ ਉਨ੍ਹਾਂ ਕਿਹਾ ਕਿ ਮੌਜੂਦਾ ਏ.ਆਈ.ਐਫ. ਹੱਦ ਆਧੁਨਿਕ ਕੋਲਡ ਸਟੋਰੇਜ ਅਤੇ ਵੇਅਰਹਾਊਸਿੰਗ ਪ੍ਰੋਜੈਕਟਾਂ ਲਈ ਕਾਫ਼ੀ ਨਹੀਂ ਹੈ। ਉਨ੍ਹਾਂ ਅਨੁਸਾਰ ਵਾਢੀ ਤੋਂ ਬਾਅਦ ਦੇ ਨੁਕਸਾਨ ਕਾਰਨ ਹਰ ਸਾਲ ਭਾਰੀ ਆਰਥਿਕ ਹਾਨੀ ਹੁੰਦੀ ਹੈ, ਜਿਸਨੂੰ ਘਟਾਉਣ ਲਈ ਵੱਡੇ ਪੱਧਰ ‘ਤੇ ਢਾਂਚਾਗਤ ਨਿਵੇਸ਼ ਦੀ ਲੋੜ ਹੈ। ਇਸ ਮੌਕੇ ‘ਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੁਝਾਅ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਮੰਗ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।

ਐਫ.ਪੀ.ਓ. ਨੂੰ ਮਜ਼ਬੂਤ ਬਣਾਉਣ ਦੀ ਅਪੀਲ

ਡਾ. ਸਾਹਨੀ ਨੇ ਪੰਜਾਬ ਵਿੱਚ ਬਣੇ ਕਿਸਾਨ ਉਤਪਾਦਕ ਸੰਸਥਾਨਾਂ (FPO) ਦੀ ਹਾਲਤ ਵੱਲ ਵੀ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਬਹੁਤ ਘੱਟ ਐਫ.ਪੀ.ਓ. ਹੀ ਸਰਗਰਮ ਤੌਰ ‘ਤੇ ਕੰਮ ਕਰ ਰਹੇ ਹਨ ਅਤੇ ਏ.ਆਈ.ਐਫ. ਅਧੀਨ ਕੋਲਡ ਸਟੋਰ, ਗਰੇਡਿੰਗ ਯੂਨਿਟਾਂ ਵਰਗੇ ਪ੍ਰੋਜੈਕਟਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਐਫ.ਪੀ.ਓ. ਨੂੰ ਖੇਤੀਬਾੜੀ ਬੁਨਿਆਦੀ ਢਾਂਚਾ ਯੋਜਨਾਵਾਂ ਵਿੱਚ ਪ੍ਰਭਾਵਸ਼ਾਲੀ ਏਜੰਸੀ ਬਣਾਉਣ ਲਈ ਸੰਸਥਾਗਤ ਸਹਾਇਤਾ ਅਤੇ ਮਜ਼ਬੂਤ ਮਕੈਨਿਜ਼ਮ ਤਿਆਰ ਕੀਤਾ ਜਾਵੇ।

ਇਸ ਚਰਚਾ ਨਾਲ ਸੰਸਦ ਵਿੱਚ ਪੰਜਾਬ ਦੇ ਖੇਤੀਬਾੜੀ ਢਾਂਚੇ ਅਤੇ ਪੇਂਡੂ ਵਿਕਾਸ ਨਾਲ ਜੁੜੇ ਮੁੱਦੇ ਮੁੜ ਕੇਂਦਰ ਵਿੱਚ ਆ ਗਏ ਹਨ।

ਟੀ-20 ਵਿਸ਼ਵ ਕੱਪ ਵਿੱਚ ਵੱਡਾ ਧਮਾਕਾ – ਜ਼ਿੰਬਾਬਵੇ ਨੇ ਆਸਟ੍ਰੇਲੀਆ ਨੂੰ 23 ਦੌੜਾਂ ਨਾਲ ਚਿਤ ਕੀਤਾ

ਨਵੀਂ ਦਿੱਲੀ :- ਟੀ-20 ਵਿਸ਼ਵ ਕੱਪ ਦੇ ਰੋਮਾਂਚਕ ਮੁਕਾਬਲਿਆਂ ਦਰਮਿਆਨ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਮੈਚ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜ਼ਿੰਬਾਬਵੇ ਨੇ ਮਜ਼ਬੂਤ ਆਸਟ੍ਰੇਲੀਆਈ ਟੀਮ ਨੂੰ 23 ਦੌੜਾਂ ਨਾਲ ਮਾਤ ਦੇ ਕੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਕਰ ਦਿੱਤਾ। ਇਸ ਜਿੱਤ ਨਾਲ ਜ਼ਿੰਬਾਬਵੇ ਨੇ ਆਪਣੀ ਦੂਜੀ ਕਾਮਯਾਬੀ ਦਰਜ ਕੀਤੀ ਅਤੇ ਪੁਰਾਣੀ ਯਾਦ ਤਾਜ਼ਾ ਕਰ ਦਿੱਤੀ, ਜਦੋਂ ਉਹ 2007 ਵਿੱਚ ਵੀ ਆਸਟ੍ਰੇਲੀਆ ਨੂੰ ਹਰਾ ਚੁੱਕੀ ਸੀ।

 

ਰਾਜ ਸਭਾ ਦੀ ਕਾਰਵਾਈ 9 ਮਾਰਚ ਤੱਕ ਮੁਲਤਵੀ, ਬਜਟ ਸੈਸ਼ਨ ਦਾ ਪਹਿਲਾ ਪੜਾਅ ਸੰਪੰਨ

ਨਵੀਂ ਦਿੱਲੀ :- ਨਵੀਂ ਦਿੱਲੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਸਭਾ ਦੀ ਕਾਰਵਾਈ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੱਕ ਚੱਲਣ ਉਪਰੰਤ 9 ਮਾਰਚ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਪੜਾਅ ਅਧਿਕਾਰਿਕ ਤੌਰ ‘ਤੇ ਸਮਾਪਤ ਹੋ ਗਿਆ।

ਸਵੇਰੇ 11 ਵਜੇ ਜਦੋਂ ਉੱਚ ਸਦਨ ਦੀ ਬੈਠਕ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਜ਼ੀਰੋ ਕਾਲ ਦੌਰਾਨ ਵੱਖ-ਵੱਖ ਸਿਆਸੀ ਦਲਾਂ ਦੇ ਮੈਂਬਰਾਂ ਨੇ ਲੋਕ ਮਹੱਤਵ ਨਾਲ ਜੁੜੇ ਮੁੱਦੇ ਆਸਨ ਦੀ ਮਨਜ਼ੂਰੀ ਨਾਲ ਉਠਾਏ। ਇਸ ਤੋਂ ਬਾਅਦ ਨਿਯਮਿਤ ਕਾਰਜਵਾਹੀ ਅਧੀਨ ਪ੍ਰਸ਼ਨਕਾਲ ਹੋਇਆ, ਜਿਸ ਵਿੱਚ ਮੰਤਰੀਆਂ ਵੱਲੋਂ ਮੈਂਬਰਾਂ ਦੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਗਏ।

ਵਿਸ਼ੇਸ਼ ਜ਼ਿਕਰ ਸਦਨ ਦੀ ਮੇਜ਼ ’ਤੇ ਮੰਨੇ ਗਏ ਪੇਸ਼

ਪ੍ਰਸ਼ਨਕਾਲ ਸਮਾਪਤ ਹੋਣ ਮਗਰੋਂ ਸਦਨ ਦੀ ਅਗਵਾਈ ਕਰ ਰਹੇ ਸੀ.ਪੀ. ਰਾਧਾਕ੍ਰਿਸ਼ਨਨ ਨੇ ਐਲਾਨ ਕੀਤਾ ਕਿ ਜਿਨ੍ਹਾਂ ਮੈਂਬਰਾਂ ਵੱਲੋਂ ਵਿਸ਼ੇਸ਼ ਜ਼ਿਕਰ ਰਾਹੀਂ ਮਸਲੇ ਚੁੱਕਣ ਦੀ ਨੋਟਿਸ ਦਿੱਤੀ ਗਈ ਸੀ, ਉਹਨਾਂ ਨੂੰ ਸਦਨ ਦੀ ਮੇਜ਼ ‘ਤੇ ਪੇਸ਼ ਮੰਨਿਆ ਜਾਵੇ। ਇਸ ਉਪਰੰਤ ਉਨ੍ਹਾਂ ਸਦਨ ਨੂੰ 9 ਮਾਰਚ ਤੱਕ ਲਈ ਮੁਲਤਵੀ ਕਰਨ ਦੀ ਘੋਸ਼ਣਾ ਕਰ ਦਿੱਤੀ।

ਰਾਸ਼ਟਰਪਤੀ ਭਾਸ਼ਣ ਨਾਲ ਹੋਈ ਸੀ ਸ਼ੁਰੂਆਤ

ਬਜਟ ਸੈਸ਼ਨ ਦੀ ਸ਼ੁਰੂਆਤ ਸੰਸਦ ਦੀ ਸੰਯੁਕਤ ਬੈਠਕ ਦੌਰਾਨ ਰਾਸ਼ਟਰਪਤੀ ਦੇ ਸੰਬੋਧਨ ਨਾਲ ਹੋਈ ਸੀ। 1 ਫਰਵਰੀ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਕੇਂਦਰੀ ਬਜਟ ਪੇਸ਼ ਕੀਤਾ, ਜਿਸ ਦੀ ਪ੍ਰਤੀ ਉਸੇ ਦਿਨ ਰਾਜ ਸਭਾ ਵਿੱਚ ਵੀ ਰੱਖੀ ਗਈ।

ਉੱਚ ਸਦਨ ਵਿੱਚ 2 ਮਾਰਚ ਤੋਂ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਸੀ। ਇਸ ਚਰਚਾ ਦਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਗਿਆ, ਜਿਸ ਨਾਲ ਪਹਿਲੇ ਪੜਾਅ ਦੀ ਮਹੱਤਵਪੂਰਨ ਕਾਰਵਾਈ ਸੰਪੰਨ ਹੋਈ।

ਉਦਯੋਗਿਕ ਸੰਬੰਧ ਕੋਡ ਸੋਧ ਬਿੱਲ ਪਾਸ

ਇਸ ਦੌਰਾਨ ਉੱਚ ਸਦਨ ਨੇ ਉਦਯੋਗਿਕ ਸੰਬੰਧ ਕੋਡ (ਸੋਧ) ਬਿੱਲ ‘ਤੇ ਸੰਖੇਪ ਚਰਚਾ ਕਰਕੇ ਉਸਨੂੰ ਮੰਜ਼ੂਰੀ ਵੀ ਦੇ ਦਿੱਤੀ।

ਹੁਣ ਬਜਟ ਸੈਸ਼ਨ ਦਾ ਦੂਜਾ ਪੜਾਅ 9 ਮਾਰਚ ਤੋਂ ਸ਼ੁਰੂ ਹੋਵੇਗਾ, ਜੋ ਨਿਰਧਾਰਤ ਕਾਰਜਕ੍ਰਮ ਅਨੁਸਾਰ 2 ਅਪ੍ਰੈਲ ਤੱਕ ਜਾਰੀ ਰਹੇਗਾ। ਸੰਸਦੀ ਕਾਰਵਾਈ ਦੇ ਇਸ ਅਗਲੇ ਹਿੱਸੇ ਵਿੱਚ ਕਈ ਮਹੱਤਵਪੂਰਨ ਵਿਧਾਨਕ ਅਤੇ ਵਿੱਤੀ ਮਸਲਿਆਂ ‘ਤੇ ਵਿਚਾਰ ਹੋਣ ਦੀ ਸੰਭਾਵਨਾ ਹੈ।

ਕਾਂਗਰਸ ਆਗੂਆਂ ਦੀ ਟਿੱਪਣੀ ਵਿਰੁੱਧ ‘ਆਪ’ ਦਾ ਜ਼ਿਲ੍ਹਾ ਪੱਧਰੀ ਧਰਨਾ, ਮਾਫ਼ੀ ਨਾ ਮੰਗੀ ਤਾਂ ਸੰਘਰਸ਼ ਤੀਖਾ ਕਰਨ ਦੀ ਚੇਤਾਵਨੀ

ਚੰਡੀਗੜ੍ਹ :- ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਨੇ ਸ਼ਹਿਰ ਵਿੱਚ ਤਿੱਖਾ ਵਿਰੋਧ ਦਰਜ ਕਰਵਾਇਆ। ਪਾਰਟੀ ਵਰਕਰਾਂ ਅਤੇ ਆਗੂਆਂ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਬੁਲਾਰੇ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਦੀ ਸਥਾਨਕ ਰਿਹਾਇਸ਼ ਦੇ ਬਾਹਰ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ। ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਰਹੇ ਅਤੇ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਰੋਸ ਪ੍ਰਗਟਾਇਆ।

ਵਿਧਾਨ ਸਭਾ ਵਿਚ ਕੀਤੀ ਟਿੱਪਣੀ ਬਣੀ ਵਿਵਾਦ ਦਾ ਕਾਰਨ

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਬਾਰੇ ਅਪਮਾਨਜਨਕ ਸ਼ਬਦ ਵਰਤੇ ਗਏ, ਜਿਸ ਨਾਲ ਦਲਿਤ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪਾਰਟੀ ਨੇ ਇਸ ਬਿਆਨ ਨੂੰ ਨਾ ਸਿਰਫ਼ ਅਣਉਚਿਤ ਕਰਾਰ ਦਿੱਤਾ, ਸਗੋਂ ਇਸਨੂੰ ਸਮਾਜਿਕ ਤੌਰ ‘ਤੇ ਵੀ ਹਾਨੀਕਾਰਕ ਦੱਸਿਆ।

ਆਗੂਆਂ ਦੇ ਤਿੱਖੇ ਬਿਆਨ

ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਯੋਜਨਾ ਬੋਰਡ ਕਮੇਟੀ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਇਸ ਕਿਸਮ ਦੀ ਭਾਸ਼ਾ ਲੋਕਤੰਤਰਿਕ ਮਰਿਆਦਾਵਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਦੇ ਕੁਝ ਆਗੂ ਲਗਾਤਾਰ ਦਲਿਤ ਨੇਤ੍ਰਿਤਵ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਵੱਖ-ਵੱਖ ਤਰੀਕਿਆਂ ਨਾਲ ਅਪਮਾਨਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਬੁਲਾਰਿਆਂ ਨੇ ਦਾਅਵਾ ਕੀਤਾ ਕਿ ਦਲਿਤ ਸਮਾਜ ਨਾਲ ਜੁੜੇ ਚੁਣੇ ਹੋਏ ਨੁਮਾਇੰਦਿਆਂ ਬਾਰੇ ਗਲਤ ਉਪਮਾਵਾਂ ਵਰਤਣਾ ਸਿਆਸੀ ਨਿਰਾਸ਼ਾ ਦੀ ਨਿਸ਼ਾਨੀ ਹੈ। ਉਨ੍ਹਾਂ ਅਨੁਸਾਰ ਮੌਜੂਦਾ ਸਰਕਾਰ ਵੱਲੋਂ ਨੀਵੀਂ ਵਰਗਾਂ ਅਤੇ ਪਿੱਛੜੇ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ, ਜਿਸ ਕਾਰਨ ਵਿਰੋਧੀ ਧਿਰ ਬੇਚੈਨ ਹੈ।

ਮਾਫ਼ੀ ਦੀ ਮੰਗ, ਨਹੀਂ ਤਾਂ ਅਗਲਾ ਕਦਮ

ਧਰਨਾਕਾਰੀਆਂ ਨੇ ਮੰਗ ਕੀਤੀ ਕਿ ਸੰਬੰਧਿਤ ਆਗੂ ਤੁਰੰਤ ਜਨਤਕ ਤੌਰ ‘ਤੇ ਮਾਫ਼ੀ ਮੰਗਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਾਫ਼ੀ ਨਾ ਮੰਗੀ ਗਈ ਤਾਂ ਪਾਰਟੀ ਵੱਲੋਂ ਸੰਘਰਸ਼ ਨੂੰ ਹੋਰ ਵੱਡੇ ਪੱਧਰ ‘ਤੇ ਲਿਆਂਦਾ ਜਾਵੇਗਾ।

ਪ੍ਰਦਰਸ਼ਨ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋਇਆ, ਪਰ ਮਾਮਲਾ ਸਿਆਸੀ ਗਰਮਾਹਟ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ‘ਤੇ ਹੋਰ ਤਿੱਖੀ ਸਿਆਸਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਮੋਹਾਲੀ ‘ਚ ਧਰਨੇ-ਰੈਲੀਆਂ ‘ਤੇ ਸਖ਼ਤ ਪਾਬੰਦੀ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ 100 ਮੀਟਰ ਘੇਰੇ ਅੰਦਰ ਇਕੱਠ ਦੀ ਵੀ ਮਨਾਹੀ!

ਮੋਹਾਲੀ :- ਮੋਹਾਲੀ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਵੱਖ-ਵੱਖ ਪਾਬੰਦੀਆਂ ਲਗਾਉਂਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ Bharatiya Nagarik Suraksha Sanhita ਦੀ ਧਾਰਾ 163 ਅਧੀਨ ਜਾਰੀ ਕੀਤੇ ਗਏ ਹਨ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਲੇ-ਦੁਆਲੇ ਇਕੱਠ ‘ਤੇ ਰੋਕ

ਹੁਕਮਾਂ ਅਨੁਸਾਰ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚਾਰਦੀਵਾਰੀ ਦੇ ਅੰਦਰ ਅਤੇ ਬਾਹਰ 100 ਮੀਟਰ ਤੱਕ ਦੇ ਇਲਾਕੇ ਵਿੱਚ ਕਿਸੇ ਵੀ ਕਿਸਮ ਦੇ ਧਰਨੇ, ਰੈਲੀਆਂ ਜਾਂ ਪ੍ਰਦਰਸ਼ਨ ਕਰਨ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਨਾਅਰੇਬਾਜ਼ੀ ਕਰਨ ‘ਤੇ ਵੀ ਮਨਾਹੀ ਰਹੇਗੀ।

ਮੈਮੋਰੰਡਮ ਦੇਣ ਲਈ ਸੀਮਿਤ ਛੂਟ

ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਨੁਮਾਇੰਦਗੀ ਜਾਂ ਮੈਮੋਰੰਡਮ ਦੇਣਾ ਹੋਵੇ ਤਾਂ ਪੰਜ ਤੋਂ ਘੱਟ ਵਿਅਕਤੀ ਮੁੱਖ ਦਰਵਾਜ਼ੇ ਰਾਹੀਂ ਦਫ਼ਤਰ ਵਿੱਚ ਦਾਖ਼ਲ ਹੋ ਸਕਦੇ ਹਨ। ਇਸ ਪ੍ਰਕਿਰਿਆ ‘ਤੇ ਕੋਈ ਰੋਕ ਨਹੀਂ ਹੋਵੇਗੀ।

ਦੋ ਮਹੀਨੇ ਲਈ ਲਾਗੂ ਰਹਿਣਗੇ ਹੁਕਮ

ਇਹ ਪਾਬੰਦੀਆਂ 11 ਫਰਵਰੀ 2026 ਤੋਂ 10 ਅਪ੍ਰੈਲ 2026 ਤੱਕ ਲਾਗੂ ਰਹਿਣਗੀਆਂ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਅਕਸਰ ਰਾਜਨੀਤਿਕ ਪਾਰਟੀਆਂ, ਕਰਮਚਾਰੀ ਜਥੇਬੰਦੀਆਂ ਅਤੇ ਹੋਰ ਗਰੁੱਪ ਇਮਾਰਤ ਦੇ ਨੇੜੇ ਇਕੱਠ ਕਰਦੇ ਹਨ, ਜਿਸ ਨਾਲ ਦਫ਼ਤਰੀ ਕੰਮਕਾਜ ਪ੍ਰਭਾਵਿਤ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਦਾਖ਼ਲੇ ਵਿੱਚ ਦਿੱਕਤ ਆਉਂਦੀ ਹੈ।

ਅਮਨ-ਕਾਨੂੰਨ ਬਣਾਈ ਰੱਖਣ ਲਈ ਕਦਮ

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਵੱਡੇ ਇਕੱਠ ਕਾਰਨ ਇਮਾਰਤ ਨੂੰ ਨੁਕਸਾਨ, ਜਾਨੀ ਜਾਂ ਮਾਲੀ ਹਾਨੀ ਅਤੇ ਅਮਨ-ਕਾਨੂੰਨ ਦੀ ਸਥਿਤੀ ਵਿਗੜਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਨ੍ਹਾਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਇਹ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ ਤਾਂ ਜੋ ਸਰਕਾਰੀ ਕੰਮਕਾਜ ਸੁਚਾਰੂ ਢੰਗ ਨਾਲ ਜਾਰੀ ਰਹੇ ਅਤੇ ਜਨਤਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਗੈਂਗਸਟਰਾਂ ਖ਼ਿਲਾਫ਼ ਸਖ਼ਤ ਵਾਰ : ਰਾਜਪੁਰਾ ‘ਚ ਸੂਬਾ ਪੱਧਰੀ ਐਂਟੀ-ਗੈਂਗਸਟਰ ਥਾਣਾ ਬਣੇਗਾ

0

ਰਾਜਪੁਰਾ :- ਪੰਜਾਬ ਵਿੱਚ ਗੈਂਗਸਟਰਵਾਦ ‘ਤੇ ਨੱਕ ਕੱਸਣ ਲਈ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਰਾਜਪੁਰਾ ਵਿਖੇ ਸਟੇਟ ਐਂਟੀ-ਗੈਂਗਸਟਰ ਟਾਸਕ ਫੋਰਸ ਲਈ ਵੱਖਰਾ ਸੂਬਾ ਪੱਧਰੀ ਪੁਲਿਸ ਥਾਣਾ ਸਥਾਪਿਤ ਕੀਤਾ ਜਾਵੇਗਾ। ਇਸ ਸੰਬੰਧੀ ਗ੍ਰਹਿ ਵਿਭਾਗ ਵੱਲੋਂ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨਵੇਂ ਪ੍ਰਬੰਧ ਨਾਲ ਟਾਸਕ ਫੋਰਸ ਨੂੰ ਕਾਨੂੰਨੀ ਕਾਰਵਾਈ ਵਿੱਚ ਵੱਧ ਅਧਿਕਾਰ ਅਤੇ ਸੁਵਿਧਾ ਮਿਲੇਗੀ।

ਹੁਣ ਰਾਜਪੁਰਾ ਤੋਂ ਹੀ ਦਰਜ ਹੋਵੇਗੀ ਹਰ ਕਾਰਵਾਈ

ਨਵੇਂ ਢਾਂਚੇ ਅਨੁਸਾਰ ਟਾਸਕ ਫੋਰਸ ਵੱਲੋਂ ਦਰਜ ਕੀਤੀ ਜਾਣ ਵਾਲੀ ਹਰ ਮਾਮਲੇ ਦੀ ਪ੍ਰਾਰੰਭਿਕ ਰਿਪੋਰਟ ਤੋਂ ਲੈ ਕੇ ਅਗਲੀ ਤਫ਼ਤੀਸ਼ ਅਤੇ ਕਾਨੂੰਨੀ ਕਾਰਵਾਈ ਰਾਜਪੁਰਾ ਸਥਿਤ ਇਸ ਥਾਣੇ ਰਾਹੀਂ ਹੀ ਕੀਤੀ ਜਾਵੇਗੀ। ਇਸ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਥਾਣਿਆਂ ‘ਤੇ ਨਿਰਭਰਤਾ ਘਟੇਗੀ ਅਤੇ ਕਾਰਵਾਈ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।

ਪਹਿਲਾਂ ਜ਼ਿਲ੍ਹਾ ਥਾਣਿਆਂ ‘ਤੇ ਨਿਰਭਰ ਰਹਿੰਦੀ ਸੀ ਟਾਸਕ ਫੋਰਸ

ਅਜੇ ਤੱਕ ਹਾਲਾਤ ਇਹ ਸਨ ਕਿ ਜਿੱਥੇ ਵੀ ਕਾਰਵਾਈ ਹੁੰਦੀ ਸੀ, ਉਸ ਇਲਾਕੇ ਦੇ ਸਬੰਧਿਤ ਪੁਲਿਸ ਥਾਣੇ ਵਿੱਚ ਹੀ ਮਾਮਲਾ ਦਰਜ ਕਰਵਾਉਣਾ ਲਾਜ਼ਮੀ ਹੁੰਦਾ ਸੀ। ਅਗਲੀ ਕਾਰਵਾਈ ਵੀ ਉਥੇ ਦੀ ਪੁਲਿਸ ਕਰਦੀ ਸੀ, ਜਿਸ ਨਾਲ ਟਾਸਕ ਫੋਰਸ ਦੀ ਕਾਰਗੁਜ਼ਾਰੀ ‘ਤੇ ਕੁਝ ਹੱਦ ਤੱਕ ਅਸਰ ਪੈਂਦਾ ਸੀ। ਨਵੇਂ ਫੈਸਲੇ ਨਾਲ ਇਹ ਰੁਕਾਵਟ ਦੂਰ ਹੋਣ ਦੀ ਸੰਭਾਵਨਾ ਹੈ।

ਸੂਬੇ ਭਰ ਵਿੱਚ ਮੁਹਿੰਮ ਨੂੰ ਮਿਲੇਗੀ ਮਜ਼ਬੂਤੀ

ਸਰਕਾਰ ਦਾ ਮੰਨਣਾ ਹੈ ਕਿ ਕੇਂਦਰੀਕ੍ਰਿਤ ਢੰਗ ਨਾਲ ਕਾਰਵਾਈ ਕਰਨ ਨਾਲ ਗੈਂਗਸਟਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੇਗੀ। ਟਾਸਕ ਫੋਰਸ ਸੂਬੇ ਦੇ ਕਿਸੇ ਵੀ ਕੋਨੇ ਵਿੱਚ ਕਾਰਵਾਈ ਕਰੇਗੀ ਤਾਂ ਕਾਨੂੰਨੀ ਪ੍ਰਕਿਰਿਆ ਇਕੋ ਥਾਂ ਤੋਂ ਸੰਚਾਲਿਤ ਹੋਵੇਗੀ, ਜਿਸ ਨਾਲ ਤਫ਼ਤੀਸ਼ ਵਿੱਚ ਸਹਿਯੋਗ ਅਤੇ ਸਮਨਵਯ ਵਧੇਗਾ। ਇਸ ਕਦਮ ਨੂੰ ਸੂਬੇ ਵਿੱਚ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਵੱਲ ਵੱਡੀ ਪਹਲ ਮੰਨਿਆ ਜਾ ਰਿਹਾ ਹੈ।

SGPC ਦੀ 19 ਫਰਵਰੀ ਨੂੰ ਅਹਿਮ ਬੈਠਕ : ਅੰਬ ਸਾਹਿਬ ਜ਼ਮੀਨ ਮਾਮਲੇ ਸਮੇਤ ਕਈ ਪੰਥਕ ਵਿਸ਼ੇ ਅਜੈਂਡੇ ‘ਤੇ….

ਅੰਮ੍ਰਿਤਸਰ :- (SGPC) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮਹੱਤਵਪੂਰਨ ਬੈਠਕ 19 ਫਰਵਰੀ ਨੂੰ ਸਵੇਰੇ 11 ਵਜੇ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਵਿਖੇ ਸੱਦੀ ਗਈ ਹੈ। ਬੈਠਕ ਕਮੇਟੀ ਦੇ ਪ੍ਰਧਾਨ ਵੱਲੋਂ ਬੁਲਾਈ ਗਈ ਹੈ ਅਤੇ ਇਸ ਨੂੰ ਕਈ ਅਹਿਮ ਮਸਲਿਆਂ ਕਰਕੇ ਖਾਸ ਤੌਰ ‘ਤੇ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ।

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ ਚਰਚਾ ਦਾ ਕੇਂਦਰ

ਮਿਲੀ ਜਾਣਕਾਰੀ ਅਨੁਸਾਰ ਬੈਠਕ ਦੌਰਾਨ ਗੁਰਦੁਆਰਾ ਅੰਬ ਸਾਹਿਬ ਨਾਲ ਸੰਬੰਧਿਤ ਜ਼ਮੀਨ ਵੇਚਣ ਦੇ ਮਾਮਲੇ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਕਾਫ਼ੀ ਚਰਚਾ ਰਹੀ ਹੈ ਅਤੇ ਸੰਭਾਵਨਾ ਹੈ ਕਿ ਅੰਤਰਿੰਗ ਕਮੇਟੀ ਵੱਲੋਂ ਇਸ ਸਬੰਧੀ ਕੋਈ ਮਹੱਤਵਪੂਰਨ ਫੈਸਲਾ ਲਿਆ ਜਾਵੇ।

ਭੁੱਲਰ ਦੀ ਰਿਹਾਈ ਸਬੰਧੀ ਵੀ ਹੋ ਸਕਦੀ ਹੈ ਵਿਚਾਰਚਾਰ

ਬੈਠਕ ਦੇ ਅਜੈਂਡੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਵੀ ਸ਼ਾਮਲ ਹੋ ਸਕਦਾ ਹੈ। ਪੰਥਕ ਪੱਧਰ ‘ਤੇ ਚੱਲ ਰਹੀ ਚਰਚਾ ਦੇ ਮੱਦੇਨਜ਼ਰ ਇਸ ਵਿਸ਼ੇ ‘ਤੇ ਵੀ ਅੰਤਰਿੰਗ ਕਮੇਟੀ ਆਪਣਾ ਰੁਖ ਸਪਸ਼ਟ ਕਰ ਸਕਦੀ ਹੈ।

328 ਸਰੂਪਾਂ ਦੇ ਮਾਮਲੇ ‘ਚ ਜਾਂਚ ਦੀ ਸਥਿਤੀ ‘ਤੇ ਨਜ਼ਰ

ਪਵਿੱਤਰ ਸਰੂਪਾਂ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਬਾਰੇ ਵੀ ਬੈਠਕ ਦੌਰਾਨ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੀ ਪ੍ਰਗਤੀ ‘ਤੇ ਵਿਚਾਰ ਹੋਣ ਦੀ ਸੰਭਾਵਨਾ ਹੈ।

ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਦੀ ਨਿਯੁਕਤੀ ਦਾ ਮਸਲਾ ਵੀ ਅਹਿਮ

ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਦੀ ਨਿਯੁਕਤੀ ਦਾ ਵਿਸ਼ਾ ਵੀ ਅਜੈਂਡੇ ‘ਤੇ ਰਹੇਗਾ। ਗਿਆਨੀ ਰਘਬੀਰ ਸਿੰਘ ਦੇ ਲੰਮੀ ਛੁੱਟੀ ‘ਤੇ ਜਾਣ ਤੋਂ ਬਾਅਦ ਇਸ ਸਬੰਧੀ ਪ੍ਰਬੰਧਕੀ ਪੱਧਰ ‘ਤੇ ਫੈਸਲਾ ਲੈਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ। ਸੰਭਾਵਨਾ ਹੈ ਕਿ ਇਸ ਬੈਠਕ ਦੌਰਾਨ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਜਾਣ ਅਤੇ ਆਉਣ ਵਾਲੇ ਸਮੇਂ ਲਈ ਨਵਾਂ ਰੁਖ ਤੈਅ ਕੀਤਾ ਜਾਵੇ। ਪੰਥਕ ਹਲਕਿਆਂ ਦੀ ਨਿਗਾਹ ਹੁਣ ਇਸ ਮੀਟਿੰਗ ‘ਤੇ ਟਿਕੀ ਹੋਈ ਹੈ।

ਲਾਲ ਸੂਟਕੇਸ ਕਤਲ ਕਾਂਡ ਸੁਲਝਿਆ : ਲਿਵ-ਇਨ ਸਾਥੀ ਹੀ ਨਿਕਲਿਆ ਕੁੜੀ ਦਾ ਕਾਤਲ

ਬਠਿੰਡਾ :- ਬਠਿੰਡਾ-ਮਲੋਟ ਮੁੱਖ ਸੜਕ ‘ਤੇ ਪਿੰਡ ਬਹਿਮਣ ਦੀਵਾਨਾ ਨੇੜੇ ਲਾਲ ਸੂਟਕੇਸ ਵਿਚੋਂ ਮਿਲੀ ਨੌਜਵਾਨ ਕੁੜੀ ਦੀ ਲਾਸ਼ ਦੇ ਮਾਮਲੇ ‘ਚ ਪੁਲਿਸ ਨੇ ਵੱਡਾ ਖੁਲਾਸਾ ਕਰ ਦਿੱਤਾ ਹੈ। ਤਿੰਨ ਦਿਨਾਂ ਤੱਕ ਲਗਾਤਾਰ ਜਾਂਚ, ਤਕਨੀਕੀ ਸਹਾਇਤਾ ਅਤੇ ਸੂਤਰਾਂ ਦੀ ਮਦਦ ਨਾਲ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ।

ਕਥਿਤ ਪ੍ਰੇਮੀ ਹੀ ਨਿਕਲਿਆ ਦੋਸ਼ੀ

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਆਪਣੇ ਕਥਿਤ ਪ੍ਰੇਮੀ ਨਾਲ ਘਰ ਛੱਡ ਕੇ ਰਹਿ ਰਹੀ ਸੀ। ਪੁਲਿਸ ਅਨੁਸਾਰ ਦੋਵਾਂ ਵਿਚਾਲੇ ਹੋਈ ਤਕਰਾਰ ਮਾਮਲੇ ਦੀ ਜੜ੍ਹ ਬਣੀ ਅਤੇ ਗੁੱਸੇ ਵਿੱਚ ਆ ਕੇ ਨੌਜਵਾਨ ਨੇ ਉਸ ਦੀ ਹੱਤਿਆ ਕਰ ਦਿੱਤੀ। ਬਾਅਦ ਵਿੱਚ ਸਬੂਤ ਮਿਟਾਉਣ ਦੀ ਨੀਅਤ ਨਾਲ ਲਾਸ਼ ਨੂੰ ਸੂਟਕੇਸ ਵਿੱਚ ਪਾ ਕੇ ਸੜਕ ਕਿਨਾਰੇ ਸੁੱਟ ਦਿੱਤਾ ਗਿਆ। ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਜਾਰੀ ਹੈ।

ਅੱਧ-ਸੜੀ ਹਾਲਤ ‘ਚ ਮਿਲੀ ਸੀ ਲਾਸ਼

ਦੋ ਦਿਨ ਪਹਿਲਾਂ ਸੜਕ ਕਿਨਾਰੇ ਛੱਡੇ ਗਏ ਲਾਲ ਰੰਗ ਦੇ ਸੂਟਕੇਸ ਬਾਰੇ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਜਦੋਂ ਸੂਟਕੇਸ ਖੋਲ੍ਹਿਆ ਗਿਆ ਤਾਂ ਅੰਦਰੋਂ ਨੌਜਵਾਨ ਕੁੜੀ ਦੀ ਅੱਧ-ਸੜੀ ਲਾਸ਼ ਬਰਾਮਦ ਹੋਈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕਰਕੇ ਜਾਂਚ ਅੱਗੇ ਵਧਾਈ।

ਮ੍ਰਿਤਕਾ ਦੀ ਪਛਾਣ ਬਾਘਾਪੁਰਾਣਾ ਵਾਸੀ ਮਲਿਕਾ ਵਜੋਂ

ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਮਲਿਕਾ ਵਜੋਂ ਹੋਈ ਹੈ, ਜੋ ਬਾਘਾਪੁਰਾਣਾ ਇਲਾਕੇ ਨਾਲ ਸੰਬੰਧਿਤ ਸੀ ਅਤੇ ਮੂਲ ਤੌਰ ‘ਤੇ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਪ੍ਰੈਸ ਵਾਰਤਾ ‘ਚ ਹੋ ਸਕਦਾ ਹੈ ਪੂਰਾ ਖੁਲਾਸਾ

ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਸੰਕੇਤ ਦਿੱਤਾ ਗਿਆ ਹੈ ਕਿ ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਨੂੰ ਪੂਰੀ ਤਰ੍ਹਾਂ ਸਾਹਮਣੇ ਲਿਆਂਦਾ ਜਾ ਸਕੇ।

ਨਕੋਦਰ ਨੇੜੇ ਖੇਤਾਂ ‘ਚੋਂ ਅੱਧ-ਸੜੀ ਲਾਸ਼ ਬਰਾਮਦ : ਫਲਾਂ ਦੇ ਵਪਾਰੀ ਦਾ ਡਰਾਈਵਰ ਕਤਲ, ਸਾਥੀ ‘ਤੇ 9 ਲੱਖ ਰੁਪਏ ਲੁੱਟਣ ਦਾ ਦੋਸ਼

ਜਲੰਧਰ :- ਜਲੰਧਰ ਜ਼ਿਲ੍ਹੇ ਦੇ ਨਕੋਦਰ ਇਲਾਕੇ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਜਲੰਧਰ-ਮੋਗਾ ਮੁੱਖ ਸੜਕ ਦੇ ਨੇੜੇ ਖੇਤਾਂ ਵਿਚੋਂ ਇਕ ਅੱਧ-ਸੜੀ ਲਾਸ਼ ਮਿਲੀ। ਸੂਚਨਾ ਮਿਲਦੇ ਹੀ ਸਿਟੀ ਥਾਣਾ ਨਕੋਦਰ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਪ੍ਰਵੀਨ ਕੁਮਾਰ ਵਾਸੀ ਪਿੰਡ ਸੀਤੋ, ਜ਼ਿਲ੍ਹਾ ਅਬੋਹਰ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਡਰਾਈਵਰ ਸੀ।

ਫਲਾਂ ਦੀ ਰਕਮ ਲੈ ਕੇ ਲੁਧਿਆਣਾ ਤੋਂ ਚੱਲਿਆ ਸੀ

ਪੁਲਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਅਬੋਹਰ ਦੇ ਇਕ ਵਪਾਰੀ ਦੇ ਕੈਂਟਰ ‘ਤੇ ਪ੍ਰਵੀਨ ਕੁਮਾਰ ਡਰਾਈਵਰ ਵਜੋਂ ਕੰਮ ਕਰਦਾ ਸੀ। 9 ਫਰਵਰੀ 2026 ਦੀ ਸ਼ਾਮ ਉਹ ਫਲਾਂ ਨਾਲ ਭਰਿਆ ਵਾਹਨ ਲੈ ਕੇ ਲੁਧਿਆਣਾ ਮੰਡੀ ਗਿਆ ਸੀ। ਅਗਲੇ ਦਿਨ ਮਾਲ ਉਤਾਰ ਕੇ ਉਸ ਨੇ ਲੁਧਿਆਣਾ ਦੀ ਇਕ ਫਲ ਕੰਪਨੀ ਤੋਂ ਕਰੀਬ 9 ਲੱਖ ਰੁਪਏ ਪ੍ਰਾਪਤ ਕੀਤੇ ਅਤੇ ਫਗਵਾੜਾ ਵੱਲ ਕਰੇਟ ਚੁੱਕਣ ਲਈ ਰਵਾਨਾ ਹੋਇਆ। ਇਸ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਬੰਦ ਆਉਣ ਲੱਗ ਪਿਆ।

ਸੀਸੀਟੀਵੀ ‘ਚ ਸਾਥੀ ਇਕੱਲਾ ਵਾਹਨ ਚਲਾਉਂਦਾ ਦਿਖਿਆ

ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੇ ਨਾਲ ਪੁਰਾਣਾ ਡਰਾਈਵਰ ਆਜ਼ਾਦ ਸਿੰਘ ਵੀ ਗਿਆ ਹੋਇਆ ਸੀ। ਬਾਹਮਣੀਆਂ ਟੋਲ ਪਲਾਜ਼ਾ ਨੇੜੇ ਲੱਗੀਆਂ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਕੈਂਟਰ ਰਾਤ ਕਰੀਬ 11 ਵਜੇ ਆਜ਼ਾਦ ਸਿੰਘ ਇਕੱਲਾ ਚਲਾਉਂਦਾ ਨਜ਼ਰ ਆਇਆ। ਇਸ ਤੋਂ ਬਾਅਦ ਸ਼ੱਕ ਹੋਰ ਗਹਿਰਾ ਹੋ ਗਿਆ।

ਖੇਤਾਂ ‘ਚੋਂ ਭਿਆਨਕ ਹਾਲਤ ‘ਚ ਮਿਲੀ ਲਾਸ਼

ਪਰਿਵਾਰਕ ਮੈਂਬਰ ਡਰਾਈਵਰ ਅਤੇ ਵਾਹਨ ਦੀ ਭਾਲ ਕਰਦੇ ਹੋਏ ਨਕੋਦਰ ਪਹੁੰਚੇ, ਜਿੱਥੇ ਖੇਤਾਂ ਵਿੱਚੋਂ ਇਕ ਅੱਧ-ਸੜੀ ਲਾਸ਼ ਮਿਲਣ ਦੀ ਖ਼ਬਰ ਮਿਲੀ। ਮੌਕੇ ‘ਤੇ ਪਹੁੰਚ ਕੇ ਲਾਸ਼ ਦੀ ਪਛਾਣ ਪ੍ਰਵੀਨ ਕੁਮਾਰ ਵਜੋਂ ਕੀਤੀ ਗਈ। ਲਾਸ਼ ਦੀ ਹਾਲਤ ਦਿਲ ਦਹਲਾ ਦੇਣ ਵਾਲੀ ਸੀ—ਸਿਰ ‘ਤੇ ਗੰਭੀਰ ਚੋਟਾਂ ਦੇ ਨਿਸ਼ਾਨ ਸਨ, ਸਰੀਰ ਦਾ ਹੇਠਲਾ ਹਿੱਸਾ ਸੜਿਆ ਹੋਇਆ ਸੀ ਅਤੇ ਇਕ ਲੱਤ ਵੀ ਗਾਇਬ ਸੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਆਜ਼ਾਦ ਸਿੰਘ ਨੇ ਰਕਮ ਹੜਪਣ ਲਈ ਕਤਲ ਕਰਕੇ ਲਾਸ਼ ਨੂੰ ਅੱਗ ਲਗਾਈ ਤਾਂ ਜੋ ਸਬੂਤ ਮਿਟਾਏ ਜਾ ਸਕਣ।

ਪੁਲਸ ਵੱਲੋਂ ਮਾਮਲਾ ਦਰਜ, ਮੁਲਜ਼ਮ ਦੀ ਭਾਲ ਜਾਰੀ

ਥਾਣਾ ਸਿਟੀ ਨਕੋਦਰ ਦੇ ਮੁਖੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਆਜ਼ਾਦ ਸਿੰਘ ਖ਼ਿਲਾਫ ਕਤਲ ਅਤੇ ਲੁੱਟ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਇਸ ਵੇਲੇ ਫਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।

ਬੰਗਲਾਦੇਸ਼ ਚੋਣਾਂ ‘ਚ ਬੀਐਨਪੀ ਦੀ ਜਿੱਤ ‘ਤੇ ਮੋਦੀ ਵੱਲੋਂ ਤਾਰਿਕ ਰਹਿਮਾਨ ਨੂੰ ਵਧਾਈ, ਦੋਪੱਖੀ ਸਬੰਧ ਮਜ਼ਬੂਤ ਕਰਨ ਦੀ ਉਮੀਦ ਜਤਾਈ

ਨਵੀਂ ਦਿੱਲੀ :- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਸੰਸਦੀ ਚੋਣ ਵਿੱਚ ਰਾਸ਼ਟਰੀਵਾਦੀ ਪਾਰਟੀ ਦੀ ਮਹੱਤਵਪੂਰਨ ਜਿੱਤ ‘ਤੇ ਪਾਰਟੀ ਮੁਖੀ ਤਾਰਿਕ ਰਹਿਮਾਨ ਨੂੰ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਇਹ ਜਿੱਤ ਬੰਗਲਾਦੇਸ਼ ਦੇ ਲੋਕਾਂ ਵੱਲੋਂ ਦਿੱਤੇ ਭਰੋਸੇ ਦੀ ਪ੍ਰਤੀਕ ਹੈ। ਉਨ੍ਹਾਂ ਨੇ ਆਸ ਜਤਾਈ ਕਿ ਨਵੀਂ ਸਿਆਸੀ ਸਥਿਤੀ ਨਾਲ ਦੋਵੇਂ ਦੇਸ਼ਾਂ ਵਿਚਕਾਰ ਸਹਿਯੋਗ ਦੇ ਨਵੇਂ ਰਾਹ ਖੁੱਲਣਗੇ।

ਲੋਕਤੰਤਰ ਅਤੇ ਵਿਕਾਸ ਦੇ ਹੱਕ ‘ਚ ਭਾਰਤ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਮੇਸ਼ਾ ਇੱਕ ਲੋਕਤੰਤਰਕ, ਤਰੱਕੀਪਸੰਦ ਅਤੇ ਸਭ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਬੰਗਲਾਦੇਸ਼ ਦੇ ਨਾਲ ਖੜ੍ਹਾ ਰਹੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਦੋਵੇਂ ਪੜੋਸੀ ਦੇਸ਼ਾਂ ਦੇ ਸਾਂਝੇ ਵਿਕਾਸੀ ਲਕਸ਼ਾਂ ਨੂੰ ਅੱਗੇ ਵਧਾਉਣ ਲਈ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ।

ਪਿਛਲੇ ਸਮੇਂ ਦੌਰਾਨ ਤਣਾਅ ਭਰੇ ਹਾਲਾਤ

ਗੁਜ਼ਰੇ ਕੁਝ ਸਮੇਂ ਵਿੱਚ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ‘ਚ ਉਤਾਰ-ਚੜ੍ਹਾਅ ਦੇ ਹਾਲਾਤ ਵੀ ਵੇਖੇ ਗਏ। ਸਰਹੱਦੀ ਸੁਰੱਖਿਆ, ਗੈਰ-ਕਾਨੂੰਨੀ ਪ੍ਰਵਾਸ ਅਤੇ ਅੰਦਰੂਨੀ ਸਥਿਤੀ ਨਾਲ ਜੁੜੇ ਮਸਲੇ ਕਈ ਵਾਰ ਚਰਚਾ ਦਾ ਵਿਸ਼ਾ ਬਣੇ। ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਅੰਦਰੂਨੀ ਰਾਜਨੀਤੀ ਨੇ ਵੀ ਦੋਪੱਖੀ ਸਬੰਧਾਂ ‘ਤੇ ਅਸਰ ਪਾਇਆ।

ਨਵੇਂ ਦੌਰ ਦੀ ਸ਼ੁਰੂਆਤ ਦੀ ਉਮੀਦ

ਤਾਜ਼ਾ ਚੋਣ ਨਤੀਜਿਆਂ ਤੋਂ ਬਾਅਦ ਭਾਰਤ ਵੱਲੋਂ ਆਇਆ ਵਧਾਈ ਸੰਦੇਸ਼ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਦੇਸ਼ ਰਿਸ਼ਤਿਆਂ ਵਿੱਚ ਨਵੀਂ ਤਾਜ਼ਗੀ ਲਿਆਉਣ ਦੇ ਇਚਛੁਕ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਪਾਰ, ਸੁਰੱਖਿਆ ਅਤੇ ਖੇਤਰੀ ਸਹਿਯੋਗ ਦੇ ਖੇਤਰਾਂ ਵਿੱਚ ਹੋਰ ਮਜ਼ਬੂਤੀ ਆ ਸਕਦੀ ਹੈ।