Home Blog Page 581

ਬਠਿੰਡਾ ‘ਚ ਗੁਟਕਾ ਸਾਹਿਬ ਦੀ ਬੇਅਦਬੀ ਨਾਲ ਤਣਾਅ, ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

ਈਰਾਨ ਖ਼ਿਲਾਫ਼ ਹੋਰ ਵੱਡੀ ਕਾਰਵਾਈ ਦੇ ਸੰਕੇਤ, ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਮੱਧ ਪੂਰਬ ਛੱਡਣ ਦੀ ਅਪੀਲ ਕੀਤੀ

ਪੱਛਮੀ ਦੇਸ਼ਾਂ ਲਈ ਉਡਾਣਾਂ ਮੁੜ ਸ਼ੁਰੂ, ਮੱਧ ਪੂਰਬ ਰੂਟ ਅਜੇ ਵੀ ਬੰਦ, ਏਅਰ ਇੰਡੀਆ ਦਾ ਵੱਡਾ ਐਲਾਨ

ਸਾਲ ਦਾ ਪਹਿਲਾ ਚੰਦਰ ਗ੍ਰਹਿਣ ਅੱਜ ਲੱਗੇਗਾ…..

ਚੰਡੀਗੜ੍ਹ :- ਅੱਜ ਮੰਗਲਵਾਰ, 3 ਮਾਰਚ 2026 ਨੂੰ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਮਹੱਤਵਪੂਰਨ ਆਕਾਸ਼ੀ ਘਟਨਾ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਵੇਖੀ ਜਾ ਸਕੇਗੀ। ਖਗੋਲ ਵਿਗਿਆਨੀਆਂ ਮੁਤਾਬਕ ਇਹ ਗ੍ਰਹਿਣ ਦੁਪਹਿਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਜਾਰੀ ਰਹੇਗਾ, ਹਾਲਾਂਕਿ ਭਾਰਤ ਵਿੱਚ ਇਸ ਦਾ ਦਿੱਖਣਯੋਗ ਸਮਾਂ ਸੂਰਜ ਅਸਤ ਦੇ ਨੇੜੇ ਰਹੇਗਾ, ਜਿਸ ਕਰਕੇ ਲੋਕਾਂ ਵਿੱਚ ਖਾਸ ਰੁਚੀ ਦੇਖੀ ਜਾ ਰਹੀ ਹੈ।

ਗ੍ਰਹਿਣ ਦਾ ਕੁੱਲ ਸਮਾਂ ਅਤੇ ਦਿੱਖਣ ਦੀ ਮਿਆਦ
ਗ੍ਰਹਿਣ ਦੀ ਸ਼ੁਰੂਆਤ ਦੁਪਹਿਰ 03:21 ਵਜੇ ਹੋਵੇਗੀ ਅਤੇ ਇਹ ਪ੍ਰਕਿਰਿਆ ਸ਼ਾਮ 06:46 ਵਜੇ ਤੱਕ ਚੱਲੇਗੀ। ਭਾਰਤ ਵਿੱਚ ਇਹ ਆਕਾਸ਼ੀ ਦ੍ਰਿਸ਼ ਮੁੱਖ ਤੌਰ ‘ਤੇ ਸ਼ਾਮ 06:26 ਵਜੇ ਤੋਂ 06:46 ਵਜੇ ਦਰਮਿਆਨ ਵੇਖਣ ਨੂੰ ਮਿਲੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਸਾਫ਼ ਮੌਸਮ ਹੋਣ ਦੀ ਸੂਰਤ ਵਿੱਚ ਲੋਕ ਇਸ ਨੂੰ ਨੰਗੀ ਅੱਖ ਨਾਲ ਵੀ ਦੇਖ ਸਕਣਗੇ।

ਪੰਜਾਬ ਵਿੱਚ ਗ੍ਰਹਿਣ ਦਾ ਸਮਾਂ
ਪੰਜਾਬ ਅਤੇ ਇਸ ਨਾਲ ਲੱਗਦੇ ਕਈ ਸ਼ਹਿਰਾਂ ਵਿੱਚ ਗ੍ਰਹਿਣ ਦਾ ਦਿੱਖਣਯੋਗ ਸਮਾਂ ਲਗਭਗ ਸ਼ਾਮ 06:24 ਵਜੇ ਤੋਂ 06:46 ਵਜੇ ਤੱਕ ਰਹੇਗਾ। ਮੌਸਮ ਸਾਫ਼ ਹੋਣ ਦੀ ਸਥਿਤੀ ਵਿੱਚ ਇਹ ਦ੍ਰਿਸ਼ ਆਸਾਨੀ ਨਾਲ ਵੇਖਿਆ ਜਾ ਸਕੇਗਾ।

ਦਿੱਲੀ, ਹਰਿਆਣਾ ਅਤੇ ਹਿਮਾਚਲ ਵਿੱਚ ਸਥਿਤੀ
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਗ੍ਰਹਿਣ ਸ਼ਾਮ 06:26 ਵਜੇ ਤੋਂ 06:46 ਵਜੇ ਤੱਕ ਨਜ਼ਰ ਆਵੇਗਾ। ਇਸੇ ਤਰ੍ਹਾਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਹ ਘਟਨਾ ਕਰੀਬ ਸ਼ਾਮ 06:22 ਵਜੇ ਤੋਂ 06:46 ਵਜੇ ਤੱਕ ਦਿੱਖਣ ਦੀ ਸੰਭਾਵਨਾ ਹੈ।

ਧਾਰਮਿਕ ਅਤੇ ਵਿਗਿਆਨਕ ਦ੍ਰਿਸ਼ਟੀਕੋਣ
ਚੰਦਰ ਗ੍ਰਹਿਣ ਨੂੰ ਇੱਕ ਪਾਸੇ ਵਿਗਿਆਨਕ ਦ੍ਰਿਸ਼ਟੀ ਨਾਲ ਮਹੱਤਵਪੂਰਨ ਮੰਨਿਆ ਜਾਂਦਾ ਹੈ, ਜਦਕਿ ਦੂਜੇ ਪਾਸੇ ਜੋਤਿਸ਼ ਅਤੇ ਧਾਰਮਿਕ ਮੱਤਾਂ ਵਿੱਚ ਵੀ ਇਸ ਦੀ ਖਾਸ ਅਹਿਮੀਅਤ ਹੈ। ਕਈ ਲੋਕ ਗ੍ਰਹਿਣ ਦੌਰਾਨ ਧਾਰਮਿਕ ਕਿਰਿਆਵਾਂ ਤੋਂ ਪਰਹੇਜ਼ ਕਰਦੇ ਹਨ ਅਤੇ ਇਸ ਦੇ ਸਮਾਪਤ ਹੋਣ ਉਪਰੰਤ ਇਸ਼ਨਾਨ ਅਤੇ ਦਾਨ ਕਰਦੇ ਹਨ।

ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗ੍ਰਹਿਣ ਸਬੰਧੀ ਅਫਵਾਹਾਂ ਤੋਂ ਬਚਦੇ ਹੋਏ ਇਸਨੂੰ ਇੱਕ ਕੁਦਰਤੀ ਖਗੋਲਿਕ ਪ੍ਰਕਿਰਿਆ ਵਜੋਂ ਹੀ ਵੇਖਿਆ ਜਾਵੇ।

ਰਿਆਧ ਦੇ ਅਮਰੀਕੀ ਦੂਤਾਵਾਸ ‘ਤੇ ਡਰੋਨ ਹਮਲਾ, ਅਮਰੀਕੀ ਐਂਬੈਸੀ ਉਡਾਈ, ਇੱਕ ਭਾਰਤੀ ਨਾਗਰਿਕ ਦੀ ਮੌਤ!

ਨਵੀਂ ਦਿੱਲੀ :- ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਨੇ ਹੁਣ ਹੋਰ ਭਿਆਨਕ ਰੂਪ ਧਾਰ ਲਿਆ ਹੈ। ਰਿਆਧ ਵਿੱਚ ਸਥਿਤ ਅਮਰੀਕੀ ਦੂਤਾਵਾਸ ‘ਤੇ ਦੋ ਡਰੋਨਾਂ ਨਾਲ ਕੀਤੇ ਗਏ ਹਮਲੇ ਨੇ ਹਾਲਾਤ ਨਾਜ਼ੁਕ ਬਣਾ ਦਿੱਤੇ ਹਨ। ਹਮਲੇ ਤੋਂ ਬਾਅਦ ਦੂਤਾਵਾਸ ਪਰਿਸਰ ਵਿੱਚ ਭਾਰੀ ਅੱਗ ਲੱਗ ਗਈ ਅਤੇ ਅਸਮਾਨ ‘ਚ ਕਾਲੇ ਧੂੰਏਂ ਦੇ ਗੁਬਾਰ ਛਾ ਗਏ। ਇਸ ਘਟਨਾ ਨੇ ਅਮਰੀਕਾ ਨੂੰ ਕੜਾ ਸੰਦੇਸ਼ ਦੇਣ ਲਈ ਮਜਬੂਰ ਕਰ ਦਿੱਤਾ ਹੈ।

ਟਰੰਪ ਦੀ ਖੁੱਲ੍ਹੀ ਧਮਕੀ, “ਅੰਜਾਮ ਜਲਦੀ ਸਾਹਮਣੇ ਆਵੇਗਾ”
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਲੇ ਤੋਂ ਬਾਅਦ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਈਰਾਨ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਕਾਰਵਾਈ ਦਾ ਨਤੀਜਾ ਜਲਦੀ ਹੀ ਵੇਖਣ ਨੂੰ ਮਿਲੇਗਾ। ਵਾਸ਼ਿੰਗਟਨ ਵੱਲੋਂ ਇਹ ਸੰਕੇਤ ਵੀ ਮਿਲ ਰਹੇ ਹਨ ਕਿ ਜਵਾਬੀ ਕਾਰਵਾਈ ਲਈ ਫੌਜੀ ਵਿਕਲਪ ਖੁੱਲ੍ਹੇ ਰੱਖੇ ਗਏ ਹਨ।

ਖਾਮੇਨੇਈ ਦੀ ਮੌਤ ਦੀ ਖ਼ਬਰ ਨਾਲ ਤਣਾਅ ਹੋਰ ਵਧਿਆ
ਸੂਤਰਾਂ ਅਨੁਸਾਰ, ਹਾਲੀਆ ਹਮਲਿਆਂ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ ਹੈ। ਇਸ ਨਾਲ ਇਲਾਕੇ ਵਿੱਚ ਅਸਥਿਰਤਾ ਹੋਰ ਗਹਿਰੀ ਹੋ ਗਈ ਹੈ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਪਤਨੀ ਦੀ ਵੀ ਇਲਾਜ ਦੌਰਾਨ ਮੌਤ ਹੋਈ। ਇਸ ਖ਼ਬਰ ਤੋਂ ਬਾਅਦ ਮੱਧ ਪੂਰਬ ਦੇ ਕਈ ਦੇਸ਼ਾਂ ਵਿੱਚ ਹਿੰਸਾ ਅਤੇ ਟਕਰਾਅ ਦੀਆਂ ਘਟਨਾਵਾਂ ਤੇਜ਼ ਹੋ ਗਈਆਂ ਹਨ।

‘ਆਪ੍ਰੇਸ਼ਨ ਐਪਿਕ ਫਿਊਰੀ’ ਦੀ ਸ਼ੁਰੂਆਤ, ਸਮੁੰਦਰੀ ਮੋਰਚੇ ‘ਤੇ ਕਾਰਵਾਈ
ਅਮਰੀਕਾ ਨੇ ਆਪਣੇ ਸਾਥੀ ਦੇਸ਼ਾਂ ਨਾਲ ਮਿਲ ਕੇ ‘ਆਪ੍ਰੇਸ਼ਨ ਐਪਿਕ ਫਿਊਰੀ’ ਦੀ ਘੋਸ਼ਣਾ ਕੀਤੀ ਹੈ, ਜਿਸਨੂੰ ਵੱਡੇ ਪੱਧਰ ਦੀ ਫੌਜੀ ਮੁਹਿੰਮ ਕਰਾਰ ਦਿੱਤਾ ਜਾ ਰਿਹਾ ਹੈ। ਅਮਰੀਕੀ ਫੌਜ ਦਾ ਕਹਿਣਾ ਹੈ ਕਿ ਓਮਾਨ ਦੀ ਖਾੜੀ ਵਿੱਚ ਈਰਾਨ ਦੇ 11 ਜਹਾਜ਼ ਤਬਾਹ ਕਰ ਦਿੱਤੇ ਗਏ ਹਨ। ਇਸ ਕਾਰਵਾਈ ਨਾਲ ਸਮੁੰਦਰੀ ਇਲਾਕੇ ਵਿੱਚ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ ਅਤੇ ਅੰਤਰਰਾਸ਼ਟਰੀ ਵਪਾਰਕ ਜਹਾਜ਼ਰਾਨੀ ਪ੍ਰਭਾਵਿਤ ਹੋ ਸਕਦੀ ਹੈ।

ਤੇਲ ਟੈਂਕਰ ‘ਤੇ ਹਮਲਾ, ਭਾਰਤੀ ਨਾਗਰਿਕ ਦੀ ਮੌਤ
ਸੰਘਰਸ਼ ਦੌਰਾਨ ਓਮਾਨ ਦੇ ਤੱਟ ਨੇੜੇ ਇਕ ਤੇਲ ਟੈਂਕਰ ‘ਤੇ ਵਿਸਫੋਟਕਾਂ ਨਾਲ ਭਰੀ ਕਿਸ਼ਤੀ ਰਾਹੀਂ ਹਮਲਾ ਕੀਤਾ ਗਿਆ। ਇਸ ਘਟਨਾ ਵਿੱਚ ਇੱਕ ਭਾਰਤੀ ਮੂਲ ਦੇ ਕਰੂ ਮੈਂਬਰ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੀ ਸਚੇਤ ਹੋ ਗਈ ਹੈ।

ਮੋਦੀ ਦੀ ਪਹਲ, ਖਾੜੀ ਦੇਸ਼ਾਂ ਨਾਲ ਸੰਪਰਕ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੌਰਡਨ, ਸਾਊਦੀ ਅਰਬ ਅਤੇ ਬਹਿਰੀਨ ਦੇ ਨੇਤਾਵਾਂ ਨਾਲ ਗੱਲਬਾਤ ਕਰਕੇ ਉੱਥੇ ਰਹਿੰਦੇ ਭਾਰਤੀ ਭਾਈਚਾਰੇ ਦੀ ਸੁਰੱਖਿਆ ‘ਤੇ ਚਰਚਾ ਕੀਤੀ ਹੈ। ਵਿਦੇਸ਼ ਮੰਤਰਾਲਾ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹੈ।

ਹਵਾਈ ਸੇਵਾਵਾਂ ਪ੍ਰਭਾਵਿਤ, ਉਡਾਣਾਂ ਮੁਅੱਤਲ
ਜੰਗੀ ਹਾਲਾਤਾਂ ਕਾਰਨ ਖਾੜੀ ਖੇਤਰ ਦਾ ਹਵਾਈ ਮਾਹੌਲ ਵੀ ਪ੍ਰਭਾਵਿਤ ਹੋਇਆ ਹੈ। ਅਕਾਸਾ ਏਅਰ ਅਤੇ ਇੰਡੀਗੋ ਸਮੇਤ ਕਈ ਭਾਰਤੀ ਹਵਾਈ ਕੰਪਨੀਆਂ ਨੇ 7 ਮਾਰਚ ਤੱਕ ਦੁਬਈ, ਦੋਹਾ, ਜੇਦਾਹ ਅਤੇ ਰਿਆਧ ਲਈ ਉਡਾਣਾਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਹਨ। ਯਾਤਰੀਆਂ ਨੂੰ ਬਦਲਵੀਂ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਮੌਜੂਦਾ ਹਾਲਾਤਾਂ ਨੇ ਪੂਰੇ ਖੇਤਰ ਨੂੰ ਖੌਫ ਦੇ ਦੌਰ ਵਿੱਚ ਧੱਕ ਦਿੱਤਾ ਹੈ ਅਤੇ ਦੁਨੀਆ ਦੀ ਨਿਗਾਹ ਹੁਣ ਅਗਲੇ ਕਦਮਾਂ ‘ਤੇ ਟਿਕੀ ਹੋਈ ਹੈ।

ਪੰਜਾਬ ਵਿੱਚ ਗਰਮੀ ਦਾ ਅਸਰ ਤੇਜ਼, ਅਗਲੇ ਤਿੰਨ ਦਿਨ ਮੌਸਮ ਰਹੇਗਾ ਖੁਸ਼ਕ

ਚੰਡੀਗੜ੍ਹ :- ਪੰਜਾਬ ਭਰ ਵਿੱਚ ਅੱਜ ਵੀ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਕਿਸੇ ਕਿਸਮ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ, ਜਿਸ ਨਾਲ ਸਪੱਸ਼ਟ ਹੈ ਕਿ ਤੁਰੰਤ ਭਵਿੱਖ ਵਿੱਚ ਮੌਸਮੀ ਉਥਲ-ਪੁਥਲ ਦੀ ਕੋਈ ਆਸ ਨਹੀਂ। ਬਦਲਦੇ ਮੌਸਮੀ ਰੁਝਾਨਾਂ ਕਾਰਨ ਸੂਬੇ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਪਾਰਾ ਆਮ ਦਰਜੇ ਨਾਲੋਂ ਉੱਪਰ ਚੱਲ ਰਿਹਾ ਹੈ। ਮਾਹਿਰਾਂ ਦੇ ਅਨੁਸਾਰ ਅੱਜ ਸਮੇਤ ਆਉਣ ਵਾਲੇ ਤਿੰਨ ਦਿਨ ਤੱਕ ਸੂਬੇ ਵਿੱਚ ਮੌਸਮ ਸੁੱਕਾ ਹੀ ਬਣਿਆ ਰਹੇਗਾ ਅਤੇ ਵਰਖਾ ਦੀ ਕੋਈ ਸੰਭਾਵਨਾ ਨਹੀਂ ਦਿਖ ਰਹੀ।

ਵੱਧ ਤੋਂ ਵੱਧ ਤਾਪਮਾਨ ਵਿੱਚ ਇਜਾਫ਼ਾ, ਭਾਖੜਾ ਡੈਮ ਸਭ ਤੋਂ ਗਰਮ
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜੋ ਕਿ ਮੌਸਮੀ ਔਸਤ ਨਾਲੋਂ ਕਰੀਬ 4.3 ਡਿਗਰੀ ਜ਼ਿਆਦਾ ਹੈ। ਸਭ ਤੋਂ ਉੱਚਾ ਤਾਪਮਾਨ ਭਾਖੜਾ ਡੈਮ ਵਿੱਚ ਦਰਜ ਹੋਇਆ, ਜਿੱਥੇ ਪਾਰਾ 31.1 ਡਿਗਰੀ ਤੱਕ ਪਹੁੰਚ ਗਿਆ।

ਸ਼ਹਿਰਾਂ ਅਨੁਸਾਰ ਵੇਖਿਆ ਜਾਵੇ ਤਾਂ ਅੰਮ੍ਰਿਤਸਰ ਵਿੱਚ 27.5 ਡਿਗਰੀ, ਲੁਧਿਆਣਾ ਵਿੱਚ 30.0 ਡਿਗਰੀ ਅਤੇ ਮੁਹਾਲੀ ਵਿੱਚ 29.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਫਿਰੋਜ਼ਪੁਰ 29.6 ਡਿਗਰੀ, ਹੁਸ਼ਿਆਰਪੁਰ 28.6 ਡਿਗਰੀ ਅਤੇ ਪਠਾਨਕੋਟ 27.4 ਡਿਗਰੀ ਨਾਲ ਦਰਜ ਕੀਤੇ ਗਏ। ਰੂਪਨਗਰ ਦੇ ਸ੍ਰੀ ਅਨੰਦਪੁਰ ਸਾਹਿਬ ਵਿੱਚ 29.9 ਡਿਗਰੀ ਅਤੇ ਰੋਪੜ ਇਲਾਕੇ ਵਿੱਚ 28.9 ਡਿਗਰੀ ਤਾਪਮਾਨ ਨਾਪਿਆ ਗਿਆ।

ਰਾਤਾਂ ਵੀ ਹੋ ਰਹੀਆਂ ਗਰਮ, ਘੱਟੋ-ਘੱਟ ਤਾਪਮਾਨ ਆਮ ਨਾਲੋਂ ਉੱਪਰ
ਘੱਟੋ-ਘੱਟ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਬੀਤੇ ਦਿਨਾਂ ਦੇ ਮੁਕਾਬਲੇ ਔਸਤ ਘੱਟੋ-ਘੱਟ ਤਾਪਮਾਨ ਕਰੀਬ 0.8 ਡਿਗਰੀ ਵਧਿਆ ਹੈ, ਜੋ ਕਿ ਆਮ ਨਾਲੋਂ ਲਗਭਗ 3.1 ਡਿਗਰੀ ਜ਼ਿਆਦਾ ਹੈ। ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ, ਜਿੱਥੇ ਪਾਰਾ 9 ਡਿਗਰੀ ਤੱਕ ਲੁੜਕਿਆ।

ਹੋਰ ਸ਼ਹਿਰਾਂ ਵਿੱਚ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 12.5 ਡਿਗਰੀ, ਲੁਧਿਆਣਾ 13.4 ਡਿਗਰੀ, ਪਟਿਆਲਾ 15.4 ਡਿਗਰੀ ਅਤੇ ਬਠਿੰਡਾ 11.5 ਡਿਗਰੀ ਦਰਜ ਕੀਤਾ ਗਿਆ। ਫਰੀਦਕੋਟ ਵਿੱਚ 12.0 ਡਿਗਰੀ, ਹੁਸ਼ਿਆਰਪੁਰ 10.6 ਡਿਗਰੀ ਅਤੇ ਚੰਡੀਗੜ੍ਹ ਵਿੱਚ 13.0 ਡਿਗਰੀ ਤਾਪਮਾਨ ਨਾਪਿਆ ਗਿਆ।

ਫਿਲਹਾਲ ਵਰਖਾ ਦੀ ਕੋਈ ਸੰਭਾਵਨਾ ਨਹੀਂ
ਮੌਸਮ ਵਿਭਾਗ ਦੇ ਅਨੁਸਾਰ ਸੂਬੇ ਵਿੱਚ ਅਗਲੇ ਕੁਝ ਦਿਨ ਤੱਕ ਬੱਦਲਾਂ ਦੀ ਘਣਤਾ ਘੱਟ ਰਹੇਗੀ ਅਤੇ ਮੌਸਮ ਸੁੱਕਾ ਹੀ ਬਣਿਆ ਰਹੇਗਾ। ਤਾਪਮਾਨ ਵਿੱਚ ਹੋ ਰਿਹਾ ਲਗਾਤਾਰ ਵਾਧਾ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ੀ ਫੜ ਸਕਦਾ ਹੈ, ਜਿਸ ਨਾਲ ਦਿਨ ਦੇ ਸਮੇਂ ਗਰਮੀ ਦਾ ਅਹਿਸਾਸ ਵਧੇਗਾ।

ਮੁੱਖ ਮੰਤਰੀ ਮਾਨ ਨੇ ਨਸ਼ਿਆਂ ਵਿਰੁੱਧ ਸਾਂਝੀ ਲੜਾਈ ਲਈ ਲੋਕਾਂ ਨੂੰ ਦਿੱਤੀ ਵਧਾਈ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਯੁੱਧ ਨਸ਼ਿਆਂ ਵਿਰੁੱਧ` ਮੁਹਿੰਮ ਦਾ ਇਕ ਸਾਲ ਸਫ਼ਲਤਾਪੂਰਵਕ ਮੁਕੰਮਲ ਹੋਣ `ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਪੰਜਾਬ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਮੁਕਤ ਕਰਨ ਲਈ ਫੈਸਲਾਕੁਨ ਤੇ ਬੇਮਿਸਾਲ ਮੁਹਿੰਮ ਐਲਾਨਿਆ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਜਨ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮੁਹਿੰਮ ਨੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਲੜਾਈ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ, ਜਿਸ ਨਾਲ ਨਸ਼ਾ ਸਪਲਾਈ ਦੇ ਨੈੱਟਵਰਕ ਨੂੰ ਸਖ਼ਤੀ ਨਾਲ ਖ਼ਤਮ ਕੀਤਾ ਗਿਆ ਹੈ।

ਇਕ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਵਿੱਚ ਡਰੱਗ ਨੈੱਟਵਰਕ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਰਹੀ ਹੈ। ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਨੇ ਡਰੱਗ ਵਪਾਰ ਨੂੰ ਸਰਪ੍ਰਸਤੀ ਦਿੱਤੀ ਸੀ, ਜਿਸ ਨਾਲ ਸੂਬੇ ਦੀਆਂ ਕਈ ਪੀੜ੍ਹੀਆਂ ਬਰਬਾਦ ਹੋ ਗਈਆਂ ਸਨ। ਦੂਜੇ ਪਾਸੇ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਕੇ ਅਤੇ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਸੁੱਟ ਕੇ ਨਸ਼ਿਆਂ ਦੇ ਵਪਾਰ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ।”

ਇਸ ਮੁਹਿੰਮ ਦੇ ਪੱਧਰ ਅਤੇ ਪ੍ਰਭਾਵ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਸ ਮੁਹਿੰਮ ਨੂੰ ਆਮ ਆਦਮੀ ਦੇ ਸਰਗਰਮ ਸਹਿਯੋਗ ਨਾਲ ਇਕ ਜਨ ਲਹਿਰ ਵਿੱਚ ਬਦਲਣ ਲਈ ਇਕ ਵਿਆਪਕ ਅਤੇ ਬਹੁਪੱਖੀ ਰਣਨੀਤੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ, “ਪਿਛਲੇ ਇਕ ਸਾਲ ਵਿੱਚ ਮਾਰਚ 2025 ਤੋਂ ਫਰਵਰੀ 2026 ਤੱਕ ਨਸ਼ਿਆਂ ਦੇ ਖ਼ਤਰੇ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਗਈ।”

ਇਸ ਮੁਹਿੰਮ ਤਹਿਤ ਕੀਤੀ ਕਾਰਵਾਈ ਦਾ ਵੇਰਵਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਨਸ਼ਾ ਤਸਕਰਾਂ ਵਿਰੁੱਧ ਕੁੱਲ 36,178 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, 51,648 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 2,277 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਅਤੇ 49 ਲੱਖ ਤੋਂ ਵੱਧ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਜ਼ਬਤ ਕੀਤੇ ਗਏ ਹਨ।”

ਉਨ੍ਹਾਂ ਅੱਗੇ ਕਿਹਾ, “ਨਸ਼ਾ ਤਸਕਰਾਂ ਤੋਂ 16.70 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਅਤੇ ਤਸਕਰਾਂ ਨਾਲ ਸਬੰਧਤ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ ਜਾਂ ਢਾਹ ਦਿੱਤੀਆਂ ਗਈਆਂ ਹਨ। ਐਨ.ਡੀ.ਪੀ.ਐਸ. ਐਕਟ ਤਹਿਤ ਕੁੱਲ ਸਜ਼ਾ ਦਰ ਲਗਪਗ 84 ਫੀਸਦੀ ਹੈ, ਜੋ ਲਗਾਤਾਰ ਸੁਧਰ ਰਹੀ ਹੈ ਅਤੇ 2025 ਵਿੱਚ ਲਗਪਗ 88 ਫੀਸਦੀ ਤੱਕ ਪਹੁੰਚ ਗਈ ਹੈ। ਇਹ ਮਜ਼ਬੂਤ ਕੇਸ ਤਿਆਰੀ ਅਤੇ ਫੋਰੈਂਸਿਕ ਸਹਾਇਤਾ ਨੂੰ ਦਰਸਾਉਂਦੀ ਹੈ।”

ਭਗਵੰਤ ਸਿੰਘ ਮਾਨ ਨੇ ਪਿਛਲੀਆਂ ਸਰਕਾਰਾਂ ਤੋਂ ਹੁਣ ਦੇ ਹਾਲਾਤ ਵਿੱਚ ਆਏ ਸਪੱਸ਼ਟ ਫਰਕ ਬਾਰੇ ਕਿਹਾ, “ਪੁਰਾਣੇ ਆਗੂਆਂ ਦੇ ਉਲਟ ਪੰਜਾਬ ਸਰਕਾਰ ਹੁਣ ਨਸ਼ਾ ਪੀੜਤਾਂ ਦੀਆਂ ਲਾਸ਼ਾਂ ਅਤੇ ਚਿਤਾਵਾਂ ਦੀ ਕੀਮਤ `ਤੇ ਤਸਕਰਾਂ ਨੂੰ ਵਧਦੇ-ਫੁੱਲਦੇ ਦੇਖਣ ਲਈ ਚੁੱਪ ਨਹੀਂ ਬੈਠੀ ਹੈ। ਅਸੀਂ ਨਸ਼ਾ ਤਸਕਰਾਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਹੈ।”

ਪੰਜਾਬ ਸਰਕਾਰ ਦਾ ਦ੍ਰਿੜ੍ਹ ਇਰਾਦਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ, “ਪੰਜਾਬ ਸਰਕਾਰ ਦੀ ਲੜਾਈ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਹੈ ਅਤੇ ਇਹ ਬਿਨਾਂ ਕਿਸੇ ਰੋਕ-ਟੋਕ ਤੋਂ ਲਗਾਤਾਰ ਜਾਰੀ ਰਹੇਗੀ।”

ਪੰਜਾਬ ਸਰਕਾਰ ਵੱਲੋਂ ਹੋਲੇ ਮਹੱਲੇ ਲਈ ਸ੍ਰੀ ਅਨੰਦਪੁਰ ਸਾਹਿਬ ਵਿੱਚ ਭਾਰਤ ਦੀ ਪਹਿਲੀ ਹਰ ਮੌਸਮ ਅਨੁਕੂਲ ਸਥਾਈ ਏਸੀ ਟੈਂਟ ਸਿਟੀ ਸਥਾਪਤ

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੱਲ ਰਹੇ ਹੋਲਾ ਮਹੱਲਾ ਸਬੰਧੀ ਸਮਾਗਮਾਂ ਮੌਕੇ ਜੁੜਨ ਵਾਲੀ ਵੱਡੀ ਗਿਣਤੀ ਸੰਗਤ ਲਈ ਬਣਾਈ ਗਈ ਸਥਾਈ ਟੈਂਟ ਸਿਟੀ ਸਮੇਤ ਨਿਰਵਿਘਨ ਧਾਰਮਿਕ ਦਰਸ਼ਨਾਂ ਨੂੰ ਯਕੀਨੀ ਬਣਾਉਣ ਲਈ ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਵਾਤਾਵਰਣਪੱਖੀ ਕਾਰਜਾਂ ਨੂੰ ਉਤਸ਼ਾਹਿਤ ਕਰਨ ਕੀਤੇ ਵਿਆਪਕ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਅੱਜ ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਭਾਰਤ ਦੀ ਪਹਿਲੀ ਸਥਾਈ (ਪਰਮਾਨੈਂਟ) ਏਅਰ-ਕੰਡੀਸ਼ਨਡ ਟੈਂਟ ਸਿਟੀ ਅਤੇ ਗ੍ਰੀਨ ਹੋਲਾ ਮਹੱਲਾ ਸਮੇਤ ਕਈ ਅਹਿਮ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ, “ਪਿਛਲੇ ਸਾਲ ਇੱਕ ਅਸਥਾਈ ਢਾਂਚੇ ਦੀ ਸਫਲਤਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੀਖਣ ਤੋਂ ਬਾਅਦ ਇੱਕ ਸਥਾਈ ਟੈਂਟ ਸਿਟੀ ਬਣਾਉਣ ਬਾਰੇ ਵਿਚਾਰ ਰੱਖਿਆ ਗਿਆ ਸੀ ਅਤੇ ਹੁਣ ਪਵਿੱਤਰ ਨਗਰੀ ਵਿਖੇ ਸਥਾਈ ਟੈਂਟ ਸਿਟੀ ਸਥਾਪਤ ਕੀਤੀ ਗਈ ਹੈ।

ਸਿੱਖਿਆ ਮੰਤਰੀ ਨੇ ਕਿਹਾ, “ਇਹ ਪੰਜਾਬ ਦੇ ਧਾਰਮਿਕ ਸੈਰ-ਸਪਾਟੇ ਲਈ ਇੱਕ ਇਤਿਹਾਸਕ ਪਲ ਹੈ। ਅਸੀਂ ਅੱਜ ਇੱਕ ਸਥਾਈ, ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਟੈਂਟ ਸਿਟੀ ਸੰਗਤ ਨੂੰ ਸਮਰਪਿਤ ਕਰ ਰਹੇ ਹਾਂ। ਇਹ ਸਹੂਲਤ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਸਹੂਲਤ ਹੈ ਜੋ ਸਾਲ ਭਰ ਸੰਗਤ ਨੂੰ ਸੁਖਦ ਰਿਹਾਇਸ਼ ਦੇਵੇਗੀ। ਇਸ ਨਾਲ ਨਾ ਸਿਰਫ਼ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੰਗਤ ਨੂੰ ਸਹੂਲਤ ਹੋਵੇਗੀ ਬਲਕਿ ਸ੍ਰੀ ਅਨੰਦਪੁਰ ਸਾਹਿਬ ਦੀ ਸੈਰ-ਸਪਾਟਾ ਸੰਭਾਵਨਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ, ਜਿਸ ਨਾਲ ਇੱਥੇ ਆਉਣ ਵਾਲੀ ਸੰਗਤ ਨੂੰ ਬਿਹਤਰ ਅਨੁਭਵ ਮਿਲੇਗਾ।”

ਵਾਤਾਵਰਣ ਸੰਭਾਲ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦਹੁਰਾਉਂਦਿਆਂ, ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਸਾਲ ਗਰੀਨ ਹੋਲਾ ਮਹੱਲਾ ਮਨਾਇਆ ਜਾਵੇਗਾ। ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਸਿੰਗਲ-ਯੂਜ਼ ਪਲਾਸਟਿਕ ‘ਤੇ ਵਿਆਪਕ ਪਾਬੰਦੀ ਲਾਗੂ ਕੀਤੀ ਗਈ ਹੈ, ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਾਰੇ ਲੰਗਰ ਸਥਾਨਾਂ ‘ਤੇ ਬਾਇਓਡੀਗ੍ਰੇਡੇਬਲ ਬਦਲ ਪ੍ਰਦਾਨ ਕਰਨ ਦਾ ਸਾਰਾ ਖਰਚ ਕੀਤਾ ਜਾਵੇਗਾ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਲੱਖਾਂ ਦੀ ਗਿਣਤੀ ਵਿੱਚ ਸੰਗਤ ਦੀ ਸੇਵਾ ਲਈ ਵੱਡੇ ਪੱਧਰ ‘ਤੇ ਲੰਗਰ ਲਗਾਏ ਜਾ ਰਹੇ ਹਨ, ਇਸ ਲਈ ਅਸੀਂ ਵਾਤਾਵਰਣ ਸਬੰਧੀ ਚਿੰਤਾਵਾਂ ਨੂੰ ਤਰਜੀਹ ਦਿੱਤੀ ਹੈ। ਵਰਤੀ ਜਾਣ ਵਾਲੀ ਹਰ ਪਲੇਟ, ਕੱਪ ਅਤੇ ਭਾਂਡੇ ਬਾਇਓਡੀਗ੍ਰੇਡੇਬਲ, ਗੈਰ-ਪਲਾਸਟਿਕ ਸਮੱਗਰੀ ਤੋਂ ਬਣੇ ਹੋਣਗੇ।”

ਦੁਨੀਆਂ ਭਰ ਦੀ ਸਿੱਖ ਸੰਗਤ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂਘਰ ਦਰਸ਼ਨਾਂ ਲਈ ਆਉਣ ਦਾ ਸੱਦਾ ਦਿੰਦਿਆਂ, ਸ. ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਨੂੰ ਪੂਰੀ ਸ਼ਰਧਾ ਨਾਲ ਮਨਾਉਣ ਤੋਂ ਬਾਅਦ, ਸੂਬਾ ਸਰਕਾਰ ਵੱਲੋਂ ਹੁਣ ਨਵੇਂ ਜੋਸ਼ ਨਾਲ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸਾਰੀ ਸੰਗਤ ਨੂੰ ਆਪਣੇ ਪਰਿਵਾਰਾਂ ਸਮੇਤ ਹੋਲੇ ਮਹੱਲੇ ਵਿੱਚ ਸ਼ਾਮਲ ਹੋਣ ਅਤੇ ਇਸ ਇਤਿਹਾਸਕ ਜਸ਼ਨ ਦੀ ਅਧਿਆਤਮਿਕ ਸ਼ਾਨ ਦਾ ਆਨੰਦ ਮਾਨਣ ਦਾ ਸੱਦਾ ਦਿੱਤਾ।

ਉਨ੍ਹਾਂ ਦੱਸਿਆ ਕਿ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਲਾਈਟਾਂ ਨਾਲ ਵੱਡੇ ਪੱਧਰ ‘ਤੇ ਸਜਾਇਆ ਗਿਆ ਹੈ ਜੋ ਰਾਤ ਸਮੇਂ ਇਕ ਰੂਹਾਨੀ ਅਨੁਭਵ ਪ੍ਰਦਾਨ ਕਰਦਾ ਹੈ। ਪੰਜ ਪਿਆਰਿਆਂ ਦੇ ਪਾਰਕ ਨੂੰ ਹੁਣ ਪੂਰੀ ਤਰ੍ਹਾਂ ਨਵਾਂ ਰੂਪ ਦਿੱਤਾ ਗਿਆ ਹੈ ਜੋ ਵਿਰਾਸਤੀ ਸ਼ਾਨ ਬਹਾਲੀ ਵੱਲ ਸਰਕਾਰ ਦੀ ਤਰਜੀਹ ਨੂੰ ਦਰਸਾਉਂਦਾ ਹੈ। ਭਾਈ ਜੈਤਾ ਜੀ ਅਜਾਇਬ ਘਰ ਅਤੇ ਹੋਰ ਸਥਾਨ ਆਪਣੇ ਅਮੀਰ ਇਤਿਹਾਸਕ ਪ੍ਰਦਰਸ਼ਨੀਆਂ ਨਾਲ ਸੰਗਤਾਂ ਨੂੰ ਆਕਰਸ਼ਿਤ ਕਰਦੇ ਰਹਿੰਦੇ ਹਨ।

ਪੰਜਾਬ ਦੇ ਹਰ ਕੋਨੇ ਕੋਨੇ ਤੋਂ ਟਰੈਕਟਰਾਂ ਅਤੇ ਟਰਾਲੀਆਂ ‘ਤੇ ਆਉਣ ਵਾਲੀ ਸੰਗਤ ਦੇ ਪ੍ਰਬੰਧਨ ਲਈ, ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ 28 ਸਮਰਪਿਤ ਪਾਰਕਿੰਗ ਜ਼ੋਨ ਅਤੇ ਦੋ ਵਿਸ਼ੇਸ਼ ‘ਟਰਾਲੀ ਸਿਟੀ’ ਅਤੇ ਟਰਾਲੀ ਸਟ੍ਰੀਟ ਸਥਾਪਤ ਕੀਤੀਆਂ ਹਨ। ਬਾਥਰੂਮ, ਸੀਸੀਟੀਵੀ ਨਿਗਰਾਨੀ ਅਤੇ ਜਾਣਕਾਰੀ ਦੇਣ ਵਾਲੀਆਂ ਐਲਈਡੀ ਸਕ੍ਰੀਨਾਂ ਨਾਲ ਲੈਸ ਇਹ ਸਹੂਲਤਾਂ ਵੱਖ-ਵੱਖ ਖੇਤਰਾਂ ਵਿੱਚ ਸੇਵਾ ਲਈ ਰਣਨੀਤਕ ਤੌਰ ‘ਤੇ ਸਥਿਤ ਹਨ। ਮਾਝਾ ਅਤੇ ਦੋਆਬਾ ਵਾਲੀ ਸੰਗਤ ਨੂੰ ਚਰਨ ਗੰਗਾ ਦੇ ਨੇੜੇ ਟਰਾਲੀ ਸਿਟੀ ਵੱਲ ਭੇਜਿਆ ਜਾਵੇਗਾ, ਜਦੋਂ ਕਿ ਮਾਲਵਾ ਅਤੇ ਚੰਡੀਗੜ੍ਹ ਵਾਲੇ ਪਾਸੇ ਤੋਂ ਆਉਣ ਵਾਲੀ ਸੰਗਤ ਨੂੰ ਪਿੰਡ ਝਿੰਜੜੀ ਵਿੱਚ ਸਥਿਤ ਸਹੂਲਤ ‘ਤੇ ਠਹਿਰਾਇਆ ਜਾਵੇਗਾ।

ਹਰਜੋਤ ਸਿੰਘ ਬੈਂਸ ਨੇ ਅੱਗੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਰਗੇ ਪ੍ਰਮੁੱਖ ਧਾਰਮਿਕ ਸਥਾਨਾਂ ‘ਤੇ ਸੰਗਤਾਂ ਨੂੰ ਲਿਜਾਣ ਲਈ 100 ਈ-ਰਿਕਸ਼ਾ ਸ਼ਟਲ ਸੇਵਾਵਾਂ ਚਲਾਈਆਂ ਜਾਣਗੀਆਂ ਤਾਂ ਜੋ ਹੋਲਾ ਮਹੱਲਾ ਦੌਰਾਨ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 2 ਅਤੇ 3 ਮਾਰਚ ਨੂੰ ਵਿਰਾਸਤ-ਏ-ਖਾਲਸਾ ਵਿਖੇ ਸ਼ਾਮ ਵੇਲੇ ਅਸਮਾਨ ਵਿੱਚ ਆਤਿਸ਼ਬਾਜ਼ੀ ਦੀ ਸ਼ਾਨਦਾਰ ਪੇਸ਼ਾਕਾਰੀ ਦਿਖਾਈ ਜਾਵੇਗੀ, ਜਿਸ ਨਾਲ ਹੋਲਾ ਮਹੱਲਾ ਦੇ ਜਸ਼ਨਾਂ ਦਾ ਰੰਗ ਹੋਰ ਵੀ ਗੂੜ੍ਹਾ ਹੋ ਜਾਵੇਗਾ।

ਸਿਹਤ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਚਰਨ ਗੰਗਾ ਸਟੇਡੀਅਮ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੂਰੀ ਤਰ੍ਹਾਂ ਲੈਸ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ, ਜਦੋਂ ਕਿ ਹਰ ਪਾਰਕਿੰਗ ਅਤੇ ਮੁੱਖ ਸੰਗਤ ਸਥਾਨ ‘ਤੇ ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ। ਉਨ੍ਹਾਂ ਅੱਗੇ ਕਿਹਾ, “ਸੰਗਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚਰਨ ਗੰਗਾ ਸਟੇਡੀਅਮ ਨੇੜੇ ਮੁੱਖ ਇਕੱਠ ਦੇ ਰਸਤੇ ‘ਤੇ ਤਿੰਨ-ਪਰਤੀ ਬੈਰੀਕੇਡਿੰਗ ਪ੍ਰਣਾਲੀ ਦੇ ਨਾਲ ਮਜ਼ਬੂਤ ਸੁਰੱਖਿਆ ਉਪਾਅ ਕੀਤੇ ਗਏ ਹਨ ਅਤੇ ਨਿਹੰਗ ਸਿੰਘਾਂ ਨੂੰ ਆਪਣੇ ਰਵਾਇਤੀ ਯੁੱਧ ਪ੍ਰਦਰਸ਼ਨਾਂ ਲਈ ਲੋੜੀਂਦੀ ਜਗ੍ਹਾ ਪ੍ਰਦਾਨ ਕੀਤੀ ਗਈ ਹੈ।”

ਮੁੱਖ ਇਕੱਠ ਦੀ ਅਸਲ-ਸਮੇਂ ਦੀ ਜਾਣਕਾਰੀ ਅਤੇ ਲਾਈਵ ਪ੍ਰਸਾਰਣ ਪ੍ਰਦਾਨ ਕਰਨ ਲਈ ਮੁੱਖ ਸਥਾਨਾਂ ‘ਤੇ 20 ਵੱਡੀਆਂ ਐਲਈਡੀ ਸਕ੍ਰੀਨਾਂ ਦਾ ਇੱਕ ਨੈੱਟਵਰਕ ਲਗਾਇਆ ਗਿਆ ਹੈ। ਇਹ ਪਹਿਲਕਦਮੀ ਪਾਰਕਿੰਗ ਖੇਤਰਾਂ ਵਿੱਚ ਸ਼ਰਧਾਲੂਆਂ ਨੂੰ ਵਿਰਾਸਤੀ ਖੇਡਾਂ ਅਤੇ ਕਰਾਫਟ ਮੇਲੇ ਸਮੇਤ ਚੱਲ ਰਹੇ ਸਮਾਗਮਾਂ ਨਾਲ ਜੋੜੀ ਰੱਖੇਗੀ। ਸ. ਹਰਜੋਤ ਸਿੰਘ ਬੈਂਸ ਨੇ ਇਸ ਇਤਿਹਾਸਕ ਜਸ਼ਨ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਮਹੀਨਿਆਂ ਦੀ ਤਿਆਰੀ ਅਤੇ ਸਖ਼ਤ ਮਿਹਨਤ ਲਈ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।

ਮੱਧ-ਪੂਰਬੀ ਤਣਾਅ ਵਿਚ ਫਸੇ ਪੰਜਾਬੀਆਂ ਲਈ ਮਾਨ ਸਰਕਾਰ ਸਰਗਰਮ, 24 ਘੰਟੇ ਚੱਲਣ ਵਾਲਾ ਹੈਲਪਲਾਈਨ ਕੇਂਦਰ ਕੀਤਾ ਕਾਇਮ

ਚੰਡੀਗੜ੍ਹ :- ਮੱਧ-ਪੂਰਬ ਵਿੱਚ ਤੀਬਰ ਹੋ ਰਹੇ ਜੰਗੀ ਹਾਲਾਤਾਂ ਦੇ ਪ੍ਰਸੰਗ ਵਿੱਚ ਭਗਵੰਤ ਸਿੰਘ ਮਾਨ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਲਈ ਤੁਰੰਤ ਕਦਮਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਹਰ ਇਕ ਨਾਗਰਿਕ ਦੀ ਸੁਰੱਖਿਆ ਅਤੇ ਸੰਭਵ ਸਹਾਇਤਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਤਪਰ ਹੈ ਅਤੇ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਤੁਰੰਤ ਮਦਦ ਮੁਹੱਈਆ ਕਰਵਾਈ ਜਾਵੇਗੀ।

24/7 ਕੰਟਰੋਲ ਰੂਮ ਦੀ ਸਥਾਪਨਾ
ਪੰਜਾਬ ਸਰਕਾਰ ਦੇ ਐਨਆਰਆਈ ਵਿੰਗ ਵੱਲੋਂ ਦਿਨ-ਰਾਤ ਚੱਲਣ ਵਾਲਾ ਵਿਸ਼ੇਸ਼ ਕੰਟਰੋਲ ਰੂਮ ਬਣਾਇਆ ਗਿਆ ਹੈ, ਤਾਂ ਜੋ ਜੰਗ ਪ੍ਰਭਾਵਿਤ ਅਰਬ ਦੇਸ਼ਾਂ ਵਿੱਚ ਮੌਜੂਦ ਪੰਜਾਬੀਆਂ ਨਾਲ ਸਿੱਧਾ ਸੰਪਰਕ ਕੀਤਾ ਜਾ ਸਕੇ। ਲੈਂਡਲਾਈਨ ਨੰਬਰ 0172-2260042 ਅਤੇ 0172-2260043 ਜਾਰੀ ਕੀਤੇ ਗਏ ਹਨ, ਜਦਕਿ ਵਟਸਐਪ ਲਈ +91 94787 79112 ਨੰਬਰ ਉਪਲਬਧ ਕਰਵਾਇਆ ਗਿਆ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਹਰ ਕਾਲ ਅਤੇ ਸੁਨੇਹੇ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਕੇਂਦਰ ਨਾਲ ਸਹਿਯੋਗ ਅਤੇ ਦੂਤਾਵਾਸਾਂ ਨਾਲ ਰਾਬਤਾ
ਮੁੱਖ ਮੰਤਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਹ Ministry of External Affairs ਨਾਲ ਲਗਾਤਾਰ ਤਾਲਮੇਲ ਬਣਾ ਰਹੇ ਹਨ। ਵਿਦੇਸ਼ੀ ਦੂਤਾਵਾਸਾਂ ਨਾਲ ਸੰਪਰਕ ਰਾਹੀਂ ਫਸੇ ਹੋਏ ਪੰਜਾਬੀਆਂ ਦੀ ਸਥਿਤੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਤਾਂ ਜੋ ਜਰੂਰੀ ਕਦਮ ਚੁੱਕੇ ਜਾ ਸਕਣ।

ਪਰਿਵਾਰਾਂ ਨੂੰ ਸਹੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ
ਸਰਕਾਰ ਨੇ ਪੰਜਾਬ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਹਟ ਤੋਂ ਬਚਦੇ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੀ ਪੂਰੀ ਜਾਣਕਾਰੀ—ਜਿਵੇਂ ਪਾਸਪੋਰਟ ਵੇਰਵਾ, ਮੌਜੂਦਾ ਟਿਕਾਣਾ ਅਤੇ ਸੰਪਰਕ ਨੰਬਰ—ਹੈਲਪਲਾਈਨ ‘ਤੇ ਭੇਜਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਹੀ ਅਤੇ ਸਮੇਂਸਿਰ ਜਾਣਕਾਰੀ ਮਿਲਣ ਨਾਲ ਰਾਹਤ ਅਤੇ ਸੁਰੱਖਿਆ ਕਾਰਵਾਈਆਂ ਤੇਜ਼ੀ ਨਾਲ ਅੱਗੇ ਵਧਾਈਆਂ ਜਾ ਸਕਣਗੀਆਂ।

ਜਲੰਧਰ ਵਿਖੇ ਦਰਦਨਾਕ ਹਾਦਸਾ, 20 ਫੁੱਟ ਡੂੰਘੇ ਖੱਡੇ ‘ਚ ਡਿੱਗੇ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ

ਜਲੰਧਰ :- ਜਲੰਧਰ ਤੋਂ ਜੰਡੂਸਿੰਘਾ ਵੱਲ ਜਾਣ ਵਾਲੀ ਸੜਕ ‘ਤੇ ਰਾਤ ਸਮੇਂ ਵਾਪਰੇ ਹਾਦਸੇ ਨੇ ਨਿਰਮਾਣ ਕਾਰਜਾਂ ਦੌਰਾਨ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲ ਦੀ ਤਾਮੀਰ ਲਈ ਖੋਦੇ ਗਏ ਲਗਭਗ 20 ਫੁੱਟ ਡੂੰਘੇ ਖੱਡੇ ਵਿੱਚ ਇਕ ਮੋਟਰਸਾਈਕਲ ਸਵਾਰ ਦੇ ਡਿੱਗਣ ਕਾਰਨ ਉਸਦੀ ਮੌਤ ਹੋ ਗਈ। ਘਟਨਾ ਕਰੀਬ 11:30 ਵਜੇ ਦੀ ਦੱਸੀ ਜਾ ਰਹੀ ਹੈ, ਜਦੋਂ ਹਨੇਰੇ ਅਤੇ ਬਿਨਾਂ ਕਿਸੇ ਚੇਤਾਵਨੀ ਬੋਰਡ ਦੇ ਸੜਕ ਤੋਂ ਲੰਘ ਰਹੀ ਬਾਈਕ ਸਿੱਧੀ ਖੱਡੇ ਵਿੱਚ ਜਾ ਡਿੱਗੀ।

ਘੰਟਿਆਂ ਤੜਫਦਾ ਰਿਹਾ ਨੌਜਵਾਨ, ਮਦਦ ਨਾ ਮਿਲਣ ਨਾਲ ਤੋੜਿਆ ਦਮ
ਸਥਾਨਕ ਜਾਣਕਾਰੀ ਅਨੁਸਾਰ ਨੇੜੇ ਹੀ ਇਕ ਮਜ਼ਦੂਰ ਮੌਜੂਦ ਸੀ, ਜਿਸ ਨੇ ਆਵਾਜ਼ ਤਾਂ ਸੁਣੀ ਪਰ ਮੌਕੇ ‘ਤੇ ਨਹੀਂ ਪਹੁੰਚਿਆ। ਮੋਟਰਸਾਈਕਲ ਸਵਾਰ ਕਈ ਘੰਟਿਆਂ ਤੱਕ ਖੱਡੇ ਅੰਦਰ ਹੀ ਜ਼ਖ਼ਮੀ ਹਾਲਤ ਵਿੱਚ ਪਿਆ ਰਿਹਾ ਅਤੇ ਆਖ਼ਰਕਾਰ ਉਸਦੀ ਮੌਤ ਹੋ ਗਈ। ਸਵੇਰੇ ਇਲਾਕੇ ਦੇ ਦੁਕਾਨਦਾਰਾਂ ਨੇ ਖੱਡੇ ਵਿੱਚ ਬਾਈਕ ਅਤੇ ਇਕ ਲਾਸ਼ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਮੋਬਾਈਲ ਤੇ ਬਟੂਆ ਗਾਇਬ, ਲੁੱਟ ਦੀ ਸੰਭਾਵਨਾ ਵੀ ਜਾਂਚ ਹੇਠ
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਬਰਾਮਦ ਕਰਕੇ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਘਟਨਾ ਸਥਾਨ ਤੋਂ ਉਸਦੇ ਹੈੱਡਫੋਨ ਅਤੇ ਮੋਟਰਸਾਈਕਲ ਦੀਆਂ ਚਾਬੀਆਂ ਮਿਲੀਆਂ ਹਨ, ਪਰ ਮੋਬਾਈਲ ਫੋਨ ਅਤੇ ਬਟੂਆ ਨਾ ਮਿਲਣ ਕਾਰਨ ਲੁੱਟ ਦੇ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਅੱਖ ‘ਚ ਸਰੀਆ ਵੱਜਣ ਕਾਰਨ ਚਿਹਰਾ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਨਾਲ ਪਛਾਣ ਕਰਨਾ ਮੁਸ਼ਕਲ ਬਣਿਆ ਹੋਇਆ ਹੈ।

ਸਥਾਨਕਾਂ ਦਾ ਰੋਸ, ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ
ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਨਿਰਮਾਣ ਕੰਪਨੀ ਵੱਲੋਂ ਖੱਡੇ ਦੇ ਆਲੇ-ਦੁਆਲੇ ਨਾ ਤਾਂ ਪ੍ਰਾਪਤ ਰੋਸ਼ਨੀ ਦੀ ਵਿਵਸਥਾ ਕੀਤੀ ਗਈ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਚੇਤਾਵਨੀ ਸੰਕੇਤ ਲਗਾਇਆ ਗਿਆ ਸੀ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਮਦਦ ਮਿਲ ਜਾਂਦੀ ਜਾਂ ਐਂਬੂਲੈਂਸ ਬੁਲਾਈ ਜਾਂਦੀ ਤਾਂ ਸ਼ਾਇਦ ਜਾਨ ਬਚ ਸਕਦੀ ਸੀ। ਪੁਲਿਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।