Home Blog Page 537

ਬਲਾਚੌਰ – ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ

ਬਲਾਚੌਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਲਾਚੌਰ ਦੌਰੇ ਦੌਰਾਨ ਇੱਕ ਅਹਿਮ ਸਿੰਚਾਈ ਯੋਜਨਾ ਨੂੰ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੇ ਹਨ। ਇਸ ਮੌਕੇ ‘ਤੇ ਉਹ ਕਾਠਗੜ੍ਹ ਲਿਫਟ ਸਿੰਚਾਈ ਪ੍ਰੋਜੈਕਟ ਦਾ ਉਦਘਾਟਨ ਕਰਨਗੇ, ਜਿਸਨੂੰ ਖੇਤੀਬਾੜੀ ਲਈ ਵੱਡੀ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ।

ਉੱਚਾਈ ਵਾਲੇ ਇਲਾਕਿਆਂ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਸੁਪਨਾ ਹੋਇਆ ਸਾਕਾਰ
ਇਸ ਯੋਜਨਾ ਦੇ ਲਾਗੂ ਹੋਣ ਨਾਲ ਉਹ ਇਲਾਕੇ ਵੀ ਨਹਿਰੀ ਪਾਣੀ ਨਾਲ ਜੋੜੇ ਜਾਣਗੇ ਜੋ ਪਹਿਲਾਂ ਉੱਚਾਈ ਕਾਰਨ ਇਸ ਸਹੂਲਤ ਤੋਂ ਵਾਂਝੇ ਰਹਿੰਦੇ ਸਨ। ਹੁਣ ਲਿਫਟ ਪ੍ਰਣਾਲੀ ਰਾਹੀਂ ਪਾਣੀ ਉੱਪਰਲੇ ਖੇਤਰਾਂ ਤੱਕ ਚੁੱਕ ਕੇ ਪਹੁੰਚਾਇਆ ਜਾਵੇਗਾ, ਜਿਸ ਨਾਲ ਖੇਤੀ ਲਈ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ।

ਕੰਡੀ ਖੇਤਰ ਦੀ ਸੁੱਕੀ ਜ਼ਮੀਨ ਨੂੰ ਮਿਲੇਗੀ ਨਵੀਂ ਜ਼ਿੰਦਗੀ
ਰਾਜ ਸਰਕਾਰ ਵੱਲੋਂ ਇਸ ਪਹਿਲ ਨੂੰ ਇਕ ਵੱਡਾ ਕਦਮ ਦੱਸਿਆ ਗਿਆ ਹੈ, ਕਿਉਂਕਿ ਕੰਡੀ ਪੱਟੀ ਦੇ ਬਹੁਤ ਸਾਰੇ ਖੇਤਰ ਮੀਂਹ ‘ਤੇ ਨਿਰਭਰ ਰਹਿੰਦੇ ਸਨ। ਹੁਣ ਨਿਯਮਿਤ ਨਹਿਰੀ ਪਾਣੀ ਦੀ ਉਪਲਬਧਤਾ ਨਾਲ ਇਹ ਜ਼ਮੀਨ ਉਪਜਾਊ ਬਣੇਗੀ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਭਰੋਸੇਯੋਗ ਸਰੋਤ ਮਿਲੇਗਾ।

ਹਜ਼ਾਰਾਂ ਏਕੜ ਖੇਤਾਂ ਨੂੰ ਲਾਭ, ਪਿੰਡਾਂ ਵਿੱਚ ਖੁਸ਼ਹਾਲੀ ਦੀ ਉਮੀਦ
ਇਸ ਪ੍ਰੋਜੈਕਟ ਦੇ ਤਹਿਤ ਲਗਭਗ 33 ਪਿੰਡਾਂ ਦੀ 11,500 ਏਕੜ ਜ਼ਮੀਨ ਨੂੰ ਸਿੱਧਾ ਫ਼ਾਇਦਾ ਮਿਲੇਗਾ। ਖੇਤੀਬਾੜੀ ਦੀ ਉਤਪਾਦਕਤਾ ਵਧਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣ ਦੀ ਉਮੀਦ ਹੈ, ਜੋ ਪਿੰਡਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰੇਗਾ।

ਲੰਮੇ ਸਮੇਂ ਤੋਂ ਲਟਕੀ ਮੰਗ ਨੂੰ ਮਿਲੀ ਮਨਜ਼ੂਰੀ
ਕੰਡੀ ਖੇਤਰ ਦੇ ਕਿਸਾਨ ਕਾਫ਼ੀ ਸਮੇਂ ਤੋਂ ਇਸ ਤਰ੍ਹਾਂ ਦੀ ਯੋਜਨਾ ਦੀ ਉਡੀਕ ਕਰ ਰਹੇ ਸਨ। ਹੁਣ ਇਸ ਪ੍ਰੋਜੈਕਟ ਦੇ ਰੂਪ ਵਿੱਚ ਉਹ ਮੰਗ ਹਕੀਕਤ ਬਣ ਗਈ ਹੈ, ਜਿਸਨੂੰ ਕਿਸਾਨਾਂ ਵੱਲੋਂ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।

ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਦੋ ਧਿਰਾਂ ਦੀ ਝੜਪ, ਮੌਕੇ ‘ਤੇ ਪੁਲਿਸ ਨੇ ਹਾਲਾਤ ਸੰਭਾਲੇ

ਫਾਜ਼ਿਲਕਾ :- ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਇਲਾਜ ਲਈ ਪਹੁੰਚੇ ਦੋ ਵੱਖ-ਵੱਖ ਧਿਰਾਂ ਦੇ ਲੋਕ ਆਪਸ ਵਿੱਚ ਟਕਰਾ ਗਏ। ਦੋਹਾਂ ਪਾਸਿਆਂ ਵੱਲੋਂ ਤੀਖੀ ਬਹਿਸ ਤੋਂ ਬਾਅਦ ਮਾਮਲਾ ਹੱਥਾਪਾਈ ਤੱਕ ਪਹੁੰਚ ਗਿਆ, ਜਿਸ ਕਾਰਨ ਹਸਪਤਾਲ ਦੇ ਅੰਦਰ ਹੜਕੰਪ ਮਚ ਗਿਆ।

ਸੁਰੱਖਿਆ ਕਰਮਚਾਰੀਆਂ ਦੀ ਤੁਰੰਤ ਕਾਰਵਾਈ ਨਾਲ ਵੱਡਾ ਹਾਦਸਾ ਟਲਿਆ
ਹਸਪਤਾਲ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਦਖਲਅੰਦਾਜ਼ੀ ਕਰਦਿਆਂ ਦੋਹਾਂ ਧਿਰਾਂ ਨੂੰ ਵੱਖ ਕੀਤਾ ਅਤੇ ਹਾਲਾਤ ਨੂੰ ਹੋਰ ਵਿਗੜਣ ਤੋਂ ਰੋਕਿਆ। ਉਨ੍ਹਾਂ ਦੀ ਸੂਝਬੂਝ ਨਾਲ ਮਾਮਲਾ ਕਾਬੂ ਵਿੱਚ ਆ ਗਿਆ ਅਤੇ ਮੌਕੇ ‘ਤੇ ਮੌਜੂਦ ਹੋਰ ਮਰੀਜ਼ਾਂ ਅਤੇ ਸਟਾਫ਼ ਨੂੰ ਕਿਸੇ ਵੱਡੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ।

ਪੁਰਾਣੀ ਰੰਜਿਸ਼ ਬਣੀ ਝਗੜੇ ਦੀ ਵਜ੍ਹਾ
ਹਸਪਤਾਲ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਰਾਧਾ ਸੋਮੀ ਕਲੋਨੀ ਵਿੱਚ ਪਹਿਲਾਂ ਤੋਂ ਚੱਲ ਰਹੇ ਕਿਸੇ ਵਿਵਾਦ ਦੇ ਚਲਦੇ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਸੀ। ਇਸ ਝਗੜੇ ਵਿੱਚ ਜ਼ਖ਼ਮੀ ਹੋਏ ਲੋਕ ਇਲਾਜ ਲਈ ਹਸਪਤਾਲ ਪਹੁੰਚੇ, ਜਿੱਥੇ ਮੁੜ ਟਕਰਾਅ ਹੋ ਗਿਆ ਅਤੇ ਮਾਹੌਲ ਤਣਾਓਪੂਰਨ ਬਣ ਗਿਆ।

ਪੁਲਿਸ ਪਹੁੰਚੀ ਮੌਕੇ ‘ਤੇ, ਸਥਿਤੀ ‘ਤੇ ਕਾਬੂ
ਸਥਿਤੀ ਗੰਭੀਰ ਹੁੰਦੀ ਦੇਖਦਿਆਂ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਸ਼ਹਿਰ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਨੂੰ ਸੰਭਾਲਿਆ ਅਤੇ ਹਾਲਾਤ ਨੂੰ ਨਾਰਮਲ ਕੀਤਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਘਟਨਾ ਦੀ ਵੀਡੀਓ ਵਾਇਰਲ, ਸੁਰੱਖਿਆ ਵਧਾਉਣ ਦੀ ਮੰਗ
ਇਸ ਪੂਰੇ ਘਟਨਾ-ਚੱਕਰ ਦੀ ਵੀਡੀਓ ਵੀ ਕਿਸੇ ਵੱਲੋਂ ਬਣਾਈ ਗਈ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਲ ਹੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਪਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਹਸਪਤਾਲ ਅੰਦਰ ਪੱਕੀ ਪੁਲਿਸ ਚੌਕੀ ਬਣਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਲਈ ਜਲਦ ਹੀ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾਵੇਗਾ।

ਮਾਰਚ ਵਿੱਚ ਜਨਵਰੀ ਵਰਗੀ ਠੰਢ ਵਾਪਸੀ, ਮੀਂਹ-ਬਰਫ਼ਬਾਰੀ ਨਾਲ ਪੰਜਾਬ ‘ਚ ਆਰੈਂਜ ਅਲਰਟ ਜਾਰੀ

ਵਿਸ਼ਵ ਬੈਂਕ ਨਾਲ 3500 ਕਰੋੜ ਦਾ ਸਮਝੌਤਾ ਕਰਕੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵੱਲ ਵੱਡਾ ਕਦਮ

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਖੇਤਰ ਵਿੱਚ ਮੀਲ ਪੱਥਰ ਕਾਇਮ ਕਰਦਿਆਂ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ-2.0 ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਅਗਲੇ ਛੇ ਸਾਲਾਂ ਵਿੱਚ 3,500 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕੂਲ ਸਿੱਖਿਆ ਵਿੱਚ ਕ੍ਰਾਂਤੀਕਾਰੀ ਸੁਧਾਰ ਕੀਤੇ ਜਾਣਗੇ। ਇਸ ਪਹਿਲਕਦਮੀ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਢਾਂਚਾਗਤ ਸੁਧਾਰਾਂ ਨੂੰ ਤੇਜ਼ ਕਰਨਾ ਅਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰ ਦੇ ਮਿਆਰਾਂ ਦਾ ਹਾਣੀ ਬਣਾਉਣਾ ਹੈ।

ਇਸ ਮਿਸ਼ਨ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਵਿਸ਼ਵ ਬੈਂਕ ਨਾਲ ਭਾਈਵਾਲੀ ਵੀ ਕੀਤੀ ਗਈ ਹੈ। ਇਹ ਭਾਈਵਾਲੀ ਪੰਜਾਬ ਵੱਲੋਂ ਪਹਿਲਾਂ ਹੀ ਜਨਤਕ ਸਿੱਖਿਆ ਵਿੱਚ ਕੀਤੇ ਅਹਿਮ ਸੁਧਾਰਾਂ ਦੀ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਨੂੰ ਦਰਸਾਉਂਦੀ ਹੈ। ਪੰਜਾਬ ਸਿੱਖਿਆ ਕ੍ਰਾਂਤੀ 2.0 ਦੀ ਸ਼ੁਰੂਆਤ ਪੰਜਾਬ ਸਿੱਖਿਆ ਕ੍ਰਾਂਤੀ ਦੇ ਪਹਿਲੇ ਪੜਾਅ ਅਧੀਨ ਪ੍ਰਾਪਤ ਕੀਤੀ ਗਈ ਸ਼ਾਨਦਾਰ ਪ੍ਰਗਤੀ ਨੂੰ ਵੇਖਦਿਆਂ ਕੀਤੀ ਗਈ ਹੈ। ਪੰਜਾਬ ਸਿੱਖਿਆ ਕ੍ਰਾਂਤੀ ਦੇ ਪਹਿਲੇ ਪੜਾਅ ਅਧੀਨ ਸੂਬੇ ਭਰ ਦੇ ਸਰਕਾਰੀ ਸਕੂਲਾਂ ਤਸਵੀਰ ਬਦਲ ਦਿੱਤੀ ਗਈ ਹੈ।

ਭਾਰਤ ਸਰਕਾਰ ਵੱਲੋਂ ਕਰਵਾਏ ਗਏ ਨੈਸ਼ਨਲ ਅਚੀਵਮੈਂਟ ਸਰਵੇ-2024 ਵਿੱਚ, ਪੰਜਾਬ ਨੇ ਕੇਰਲਮ ਨੂੰ ਪਛਾੜਦਿਆਂ ਕਲਾਸਰੂਮ ਲਰਨਿੰਗ ਦੇ ਨਤੀਜਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੇਸ਼ ਭਰ ਵਿੱਚ ਮੋਹਰੀ ਬਣ ਕੇ ਉੱਭਰਿਆ। ਪਿਛਲੇ ਦੋ ਸਾਲਾਂ ਦੌਰਾਨ ਸੂਬੇ ਵੱਲੋਂ ਕਰੀਅਰ ਲਈ ਸੇਧ ਦੇਣ ਸਬੰਧੀ ਪ੍ਰਣਾਲੀਆਂ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ, ਸਾਇੰਸ ਅਤੇ ਕਾਮਰਸ ਸਟ੍ਰੀਮ ਤੱਕ ਪਹੁੰਚ ਦਾ ਵਿਸਤਾਰ ਕੀਤਾ ਹੈ, ਅਧਿਆਪਕ ਸਿਖਲਾਈ ਈਕੋਸਿਸਟਮ ਨੂੰ ਮਜ਼ਬੂਤ ਕੀਤਾ ਹੈ ਅਤੇ ਹਜ਼ਾਰਾਂ ਸੰਸਥਾਵਾਂ ਵਿੱਚ ਸਕੂਲ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਇਆ ਹੈ ਤਾਂ ਜੋ ਸੁਧਾਰ ਬਿਆਨਬਾਜ਼ੀ ਤੋਂ ਅੱਗੇ ਜਾ ਕੇ ਮਾਪਣਯੋਗ ਨਤੀਜਿਆਂ ਤੱਕ ਪਹੁੰਚਾਏ ਜਾ ਸਕਣ।

ਪੰਜਾਬ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲ ਦੇਸ਼ ਦੀ ਅਗਵਾਈ ਕਰ ਸਕਦੇ ਹਨ। ਨੈਸ਼ਨਲ ਅਚੀਵਮੈਂਟ ਸਰਵੇ-2024 ਵਿੱਚ ਪਹਿਲੇ ਨੰਬਰ ‘ਤੇ ਆਉਣਾ ਉਸ ਤਬਦੀਲੀ ਦਾ ਸਬੂਤ ਹੈ। ਪੰਜਾਬ ਸਿੱਖਿਆ ਕ੍ਰਾਂਤੀ-2.0 ਦੇ ਨਾਲ ਅਸੀਂ ਹੁਣ ਆਪਣੀ ਸਿੱਖਿਆ ਪ੍ਰਣਾਲੀ ਨੂੰ ਦੁਨੀਆ ਦੀਆਂ ਬਿਹਤਰ ਪ੍ਰਣਾਲੀਆਂ ਨਾਲ ਮੁਕਾਬਲਾ ਕਰਨ ਲਈ ਤਿਆਰ ਕਰ ਰਹੇ ਹਾਂ।  ਇਹ ਪਹਿਲਕਦਮੀ ਡਾਟਾ-ਅਧਾਰਿਤ ਫੈਸਲੇ ਲੈਣ ਅਤੇ ਸਕੂਲ ਪ੍ਰਬੰਧਨ ਕਮੇਟੀਆਂ ਨੂੰ ਸਸ਼ਕਤ ਬਣਾ ਕੇ ਪਾਰਦਰਸ਼ੀ ਅਤੇ ਜਵਾਬਦੇਹ ਸਕੂਲ ਪ੍ਰਬੰਧਨ ਨੂੰ ਯਕੀਨੀ ਬਣਾਏਗਾ ਤਾਂ ਜੋ ਭਾਈਚਾਰਕ ਸ਼ਮੂਲੀਅਤ ਅਤੇ ਜਵਾਬਦੇਹੀ ਨੂੰ ਮਜ਼ਬੂਤ ਕੀਤਾ ਜਾ ਸਕੇ।

ਇਹ ਮਿਸ਼ਨ ਭਵਿੱਖ ਲਈ ਤਿਆਰ ਬੁਨਿਆਦੀ ਢਾਂਚਾ ਅਤੇ ਪ੍ਰਣਾਲੀਆਂ ਵੀ ਬਣਾਏਗਾ। ਇਸ ਉਦੇਸ਼ ਲਈ ਵਿਆਪਕ ਸੁਧਾਰ ਕੀਤੇ ਜਾਣਗੇ ਤਾਂ ਜੋ ਲੰਬੇ ਸਮੇਂ ਤੱਕ ਚੱਲਣ ਵਾਲੇ ਵਿਸ਼ਵਵਿਆਪੀ ਮਿਆਰਾਂ ਦੇ ਅਨੁਸਾਰ ਸੁਰੱਖਿਅਤ, ਸਥਾਈ ਅਤੇ ਡਿਜੀਟਲ ਤੌਰ ‘ਤੇ ਸਮਰੱਥ ਸਿੱਖਣ ਦਾ ਮਾਹੌਲ ਨੂੰ ਯਕੀਨੀ ਬਣਾਇਆ ਜਾ ਸਕੇ।  ਪੰਜਾਬ ਸਿੱਖਿਆ ਕ੍ਰਾਂਤੀ-2.0 ਹੁਣ ਉਸ ਤਬਦੀਲੀ ਦਾ ਹੋਰ ਵਿਸਥਾਰ ਕਰੇਗੀ ਅਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਨ ਲਈ ਤਿਆਰ ਕਰੇਗੀ।

ਭਗਤ ਸਿੰਘ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦਾ ਨਕਸ਼ਾ ਹੋਰ ਹੁੰਦਾ, ਵਿਰੋਧੀਆਂ ‘ਤੇ ਵੀ ਵਰਸੇ ਭਗਵੰਤ ਮਾਨ

ਧੂਰੀ: ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਜੇਕਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਅੱਜ ਦੇਸ਼ ਦਾ ਨਕਸ਼ਾ ਬਿਲਕੁਲ ਵੱਖਰਾ ਹੁੰਦਾ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਦੇਸ਼ ਵੇਲਾ ਵਿਹਾਅ ਚੁੱਕੇ ਸਿਸਟਮ ਦੇ ਜਾਲ ਵਿੱਚ ਕਿਉਂ ਉਲਝਿਆ ਹੋਇਆ ਹੈ ਜਦਕਿ ਇਸੇ ਸਿਸਟਮ ਤੋਂ ਨਿਜਾਤ ਪਾਉਣ ਲਈ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਇਨਕਲਾਬੀਆਂ ਨੇ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ।  ਇਹ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਸਾਲ 2027 ਵਿੱਚ ਵੀ ਆਮ ਆਦਮੀ ਪਾਰਟੀ ਹੀ ਸੱਤਾ ਵਿੱਚ ਆਵੇਗੀ ਕਿਉਂਕਿ ਚਾਰ ਸਾਲਾਂ ਵਿੱਚ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ ਅਤੇ ਵਿਰੋਧੀਆਂ ਕੋਲ ਲੋਕਾਂ ਅੱਗੇ ਜਾਣ ਲਈ ਕੋਈ ਮੁੱਦਾ ਨਹੀਂ ਬਚਿਆ।

ਅੱਜ ਨਵੇਂ ਬਣੇ ਸਬ-ਡਿਵੀਜ਼ਨਲ ਹਸਪਤਾਲ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਲੋਕ-ਪੱਖੀ ਫੈਸਲਿਆਂ ਕਾਰਨ ‘ਆਪ’ ਸੂਬੇ ਵਿੱਚ ਦੁਬਾਰਾ ਸਰਕਾਰ ਬਣਾਏਗੀ।” ਉਨ੍ਹਾਂ ਅੱਗੇ ਕਿਹਾ, “ਪੰਜਾਬ ਦੇ ਲੋਕ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ‘ਆਪ’ ਸਰਕਾਰ ਬਣਾਉਣ ਲਈ ਉਤਾਵਲੇ ਹਨ। ਸਾਲ 2022 ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਤੋਂ ਸੱਤਾ ਸੰਭਾਲਣ ਤੋਂ ਬਾਅਦ ਸਾਡੀ ਸਰਕਾਰ ਨੇ ਕਈ ਲੋਕ-ਪੱਖੀ ਫੈਸਲੇ ਲਏ। ਅਸੀਂ ਚਾਰ ਸਾਲਾਂ ਵਿੱਚ ਆਪਣੇ ਸਾਰੇ ਵਾਅਦੇ ਪਹਿਲਾਂ ਹੀ ਪੂਰੇ ਕਰ ਲਏ ਹਨ ਅਤੇ ਆਉਣ ਵਾਲੇ ਇੱਕ ਸਾਲ ਵਿੱਚ ਅਸੀਂ ਸੂਬੇ ਨੂੰ ਨਵੇਂ ਸਿਖਰ ‘ਤੇ ਲੈ ਜਾਵਾਂਗੇ।”

ਅਸੀਂ ਚਾਰ ਸਾਲਾਂ ਵਿੱਚ ਸਾਰੇ ਵਾਅਦੇ ਪੂਰੇ ਕਰਕੇ ਰਾਜਨੀਤੀ ਵਿੱਚ ਨਵੀਂ ਕਵਾਇਦ ਸ਼ੁਰੂ ਕੀਤੀ ਹੈ, ਜਦੋਂ ਕਿ ਦੂਜੀਆਂ ਪਾਰਟੀਆਂ ਪੰਜ ਸਾਲਾਂ ਵਿੱਚ ਅਜਿਹਾ ਕਰਨ ਦੇ ਕਾਬਲ ਨਹੀਂ ਹਨ। ਪਹਿਲੇ ਦਿਨ ਤੋਂ ਹੀ ਸਾਡੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਘਟੀਆ ਸਿਸਟਮ ਨੂੰ ਸੁਧਾਰ ਰਹੀ ਹੈ ਅਤੇ ਅਸੀਂ ਆਮ ਆਦਮੀ ਦੀ ਭਲਾਈ ਲਈ ਦਲੇਰਾਨਾ ਫੈਸਲੇ ਲੈਣ ਤੋਂ ਝਿਜਕਦੇ ਨਹੀਂ ਹਾਂ।” ਉਨ੍ਹਾਂ ਅੱਗੇ ਕਿਹਾ, “ਹੁਣ ਫਿਰ ਕਾਂਗਰਸ ਅਤੇ ਬਾਦਲ ਸੂਬੇ ਨੂੰ ਲੁੱਟਣ ਦਾ ਇੱਕ ਹੋਰ ਮੌਕਾ ਲੱਭ ਰਹੇ ਹਨ ਜਦੋਂ ਕਿ ਸੂਬੇ ਨੇ ਪਹਿਲਾਂ ਹੀ ਇਨ੍ਹਾਂ ਦੀ ਸੱਤਾ ਦੌਰਾਨ ਵਿੱਚ ਬਹੁਤ ਕੁਝ ਝੱਲਿਆ ਹੈ।”

ਵਿਰੋਧੀ ਧਿਰ ਦੀ ਨਖਿੱਧ ਕਾਰਗੁਜ਼ਾਰੀ ‘ਤੇ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੂਰੀ ਵਿਰੋਧੀ ਧਿਰ ਨੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਲੋਕਾਂ ਦਾ ਇੱਕ ਵੀ ਮੁੱਦਾ ਨਹੀਂ ਚੁੱਕਿਆ। ਇਸ ਤੋਂ ਪਤਾ ਲਗਦਾ ਹੈ ਕਿ ਉਹ ਸਿਰਫ ਆਪਣੇ ਅਹੁਦਿਆਂ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਉਹ ਸਿਰਫ ਸੱਤਾ ਦੇ ਭੁੱਖੇ ਹਨ।” ਉਨ੍ਹਾਂ ਅੱਗੇ ਕਿਹਾ, “ਸੱਤਾ ਪ੍ਰਾਪਤ ਕਰਨ ਲਈ ਤਰਲੋਮੱਛੀ ਹੋਇਆ ਅਕਾਲੀ ਦਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੋਸ਼ਲ ਮੀਡੀਆ ‘ਤੇ ਮੇਰੇ ਬਾਰੇ ਏ.ਆਈ. ਰਾਹੀਂ ਤਿਆਰ ਕੀਤੇ ਵੀਡੀਓ ਪੋਸਟ ਕਰ ਰਿਹਾ ਹੈ। ਇਹ ਦਰਸਾਉਂਦਾ ਹੈ ਕਿ ਮੇਰੇ ਵਿਰੁੱਧ ਕਿਸੇ ਵੀ ਮੁੱਦੇ ਦੀ ਘਾਟ ਵਿੱਚ ਉਹ ਹੈਰਾਨ-ਪ੍ਰੇਸ਼ਾਨ ਹਨ ਅਤੇ ਨਿਰਾਸ਼ ਹੋ ਕੇ ਸੱਤਾ ਦੀ ਖਾਤਰ ਅੱਕੀ ਪਲਾਹੀ ਹੱਥ ਮਾਰ ਰਹੇ ਹਨ।

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਉਹ ਆਜ਼ਾਦੀ ਤੋਂ ਬਾਅਦ ਦੇਸ਼ ਦੀ ਅਗਵਾਈ ਕਰਦੇ ਤਾਂ ਭਾਰਤ ਦਾ ਨਕਸ਼ਾ ਅਤੇ ਦਿਸ਼ਾ ਕਾਫੀ ਵੱਖਰੀ ਹੁੰਦੀ। ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ਪੁਰਾਣੇ ਸਿਸਟਮ ਵਿੱਚ ਫਸਿਆ ਹੋਇਆ ਹੈ ਅਤੇ ਲੋਕ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ। ‘ਆਪ’ ਸਰਕਾਰ ਲੋਕ ਭਲਾਈ ਲਈ ਵੱਡੇ ਫੈਸਲੇ ਕਰ ਰਹੀ ਹੈ। ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਮਹਿਲਾਵਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਹੁਣ ਤੱਕ 65 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।

ਸਿੱਖਿਆ ਅਤੇ ਸਿਹਤ ਖੇਤਰ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ, ਜਦਕਿ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਸਮਾਗਮ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ ਅਤੇ ਬਰਿੰਦਰ ਗੋਇਲ ਵੀ ਮੌਜੂਦ ਸਨ।

ਮਲੋਟ ਵਿੱਚ 12 ਕਰੋੜ ਦੀ ਲਾਗਤ ਨਾਲ ਬਣਿਆ ਅੰਡਰ ਬ੍ਰਿਜ ਲੋਕਾਂ ਨੂੰ ਸਮਰਪਿਤ, ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ: ਡਾ. ਬਲਜੀਤ ਕੌਰ

ਚੰਡੀਗੜ੍ਹ/ਮਲੋਟ/ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮਲੋਟ ਵਿਖੇ ਲਗਭਗ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਅੰਡਰ ਬ੍ਰਿਜ ਦਾ ਉਦਘਾਟਨ ਕਰਦੇ ਹੋਏ ਇਸਨੂੰ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ। ਇਹ ਪ੍ਰੋਜੈਕਟ ਸੂਬਾ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਦਾ ਹਿੱਸਾ ਹੈ।

ਇਹ ਅੰਡਰ ਬ੍ਰਿਜ ਮਲੋਟ ਸ਼ਹਿਰ ਵਾਸੀਆਂ ਲਈ ਇਕ ਵੱਡੀ ਸੌਗਾਤ ਹੈ, ਜੋ ਆਵਾਜਾਈ ਨੂੰ ਹੋਰ ਸੁਚਾਰੂ ਅਤੇ ਤੇਜ਼ ਬਣਾਉਂਦੇ ਹੋਏ ਰੋਜ਼ਾਨਾ ਆਉਣ-ਜਾਣ ਦੌਰਾਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਘੱਟ ਕਰੇਗਾ। ਇਸ ਪ੍ਰੋਜੈਕਟ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਵਿੱਚ ਕਾਫੀ ਹੱਦ ਤੱਕ ਕਮੀ ਆਵੇਗੀ ਅਤੇ ਸੜਕ ਹਾਦਸਿਆਂ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ।

ਇਹ ਅੰਡਰ ਬ੍ਰਿਜ ਸਿਰਫ ਇੱਕ ਢਾਂਚਾਗਤ ਪ੍ਰੋਜੈਕਟ ਨਹੀਂ, ਸਗੋਂ ਮਲੋਟ ਦੇ ਲੋਕਾਂ ਦੇ ਸੁਪਨਿਆਂ ਦੀ ਪੂਰੀ ਹੋਈ ਤਸਵੀਰ ਹੈ। ਸਾਲਾਂ ਤੋਂ ਰੇਲਵੇ ਫਾਟਕਾਂ ਕਾਰਨ ਰੁਕਦੀ ਜ਼ਿੰਦਗੀ, ਦੇਰੀ ਨਾਲ ਪਹੁੰਚਦੇ ਵਿਦਿਆਰਥੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਆਉਂਦੀਆਂ ਰੁਕਾਵਟਾਂ ਹੁਣ ਬੀਤੇ ਸਮੇਂ ਦੀ ਗੱਲ ਬਣ ਜਾਣਗੀਆਂ। ਇਹ ਪ੍ਰੋਜੈਕਟ ਲੋਕਾਂ ਦੀ ਰੋਜ਼ਮਰਾ ਜ਼ਿੰਦਗੀ ਨੂੰ ਸੁਗਮ ਬਣਾਉਂਦੇ ਹੋਏ ਇਲਾਕੇ ਦੀ ਤਰੱਕੀ ਨੂੰ ਨਵੀਂ ਰਫ਼ਤਾਰ ਦੇਵੇਗਾ।

ਇਸ ਅੰਡਰ ਬ੍ਰਿਜ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਅੱਜ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੋ ਸ਼ਹਿਰ ਕਈ ਦਹਾਕਿਆਂ ਤੋਂ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਹੁਣ ਇਸ ਅੰਡਰ ਬ੍ਰਿਜ ਨਾਲ ਸ਼ਹਿਰ ਦਾ ਸੁਮੇਲ ਸੰਭਵ ਹੋਇਆ ਹੈ। ਇਹ ਪ੍ਰੋਜੈਕਟ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜਾਂ ਨੂੰ ਪਹਿਲ ਦੇ ਰਹੀ ਹੈ ਅਤੇ ਸੂਬੇ ਦੇ ਹਰ ਖੇਤਰ ਵਿੱਚ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਦੀਆਂ ਹੋਰ ਸਮੱਸਿਆਵਾਂ ਵੀ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ।

ਧੂਰੀ ਵਿੱਚ 21.65 ਕਰੋੜ ਦੀ ਲਾਗਤ ਨਾਲ ਨਵਾਂ ਸਬ-ਡਿਵੀਜ਼ਨਲ ਹਸਪਤਾਲ ਤਿਆਰ : ਮੁੱਖ ਮੰਤਰੀ ਮਾਨ

70 ਪਿੰਡਾਂ ਨੂੰ ਮਿਲਣਗੀਆਂ ਆਧੁਨਿਕ ਸਿਹਤ ਸਹੂਲਤਾਂ

ਧੂਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਧੂਰੀ ਵਿਖੇ 50 ਬਿਸਤਰਿਆਂ ਦੀ ਸਮਰੱਥਾ ਵਾਲਾ ਸਬ-ਡਿਵੀਜ਼ਨਲ ਹਸਪਤਾਲ ਅਤੇ 30 ਬਿਸਤਰਿਆਂ ਦੀ ਸਮਰੱਥਾ ਵਾਲਾ ਜੱਚਾ-ਬੱਚਾ ਬਲਾਕ ਲੋਕਾਂ ਨੂੰ ਸਮਰਪਿਤ ਕੀਤਾ। ਇਹ ਪ੍ਰਾਜੈਕਟ ਪੰਜਾਬ ਦੀ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਪ੍ਰਾਜੈਕਟ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਸਿਹਤ ਸੇਵਾਵਾਂ ਦਾ ਵਿਸਥਾਰ ਕਰਨ ਅਤੇ ਡਾਕਟਰਾਂ ਤੇ ਸਟਾਫ ਦੀ ਮੌਜੂਦਗੀ ਨੂੰ ਬਿਹਤਰ ਬਣਾ ਕੇ ਪਹੁੰਚਯੋਗ ਅਤੇ ਮਰੀਜ਼ ਅਧਾਰਿਤ ਸਿਹਤ ਸੰਭਾਲ ਵਿਵਸਥਾ ਲਾਗੂ ਕਰਨ ਪ੍ਰਤੀ ਸਾਡੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਸਹੂਲਤਾਂ ਨਾ ਸਿਰਫ਼ ਧੂਰੀ ਸ਼ਹਿਰ ਦੇ ਵਸਨੀਕਾਂ ਨੂੰ ਸਗੋਂ ਆਲੇ-ਦੁਆਲੇ ਦੇ ਲਗਭਗ 70 ਪਿੰਡਾਂ ਦੇ ਲੋਕਾਂ ਨੂੰ ਵੀ ਮਿਲਣਗੀਆਂ, ਜਿਸ ਨਾਲ ਹਜ਼ਾਰਾਂ ਵਸਨੀਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਆਧੁਨਿਕ ਸਿਹਤ ਸੇਵਾਵਾਂ ਮਿਲ ਸਕਣਗੀਆਂ।

50 ਬਿਸਤਰਿਆਂ ਦੀ ਸਮਰੱਥਾ ਵਾਲਾ ਸਬ-ਡਿਵੀਜ਼ਨਲ ਹਸਪਤਾਲ ਵਿਆਪਕ ਪੱਧਰ ’ਤੇ ਸੈਕੰਡਰੀ-ਪੱਧਰੀ ਦੀਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਵਿਕਸਤ ਕੀਤਾ ਗਿਆ ਹੈ, ਜਦੋਂ ਕਿ 30 ਬਿਸਤਰਿਆਂ ਵਾਲਾ ਜੱਚਾ-ਬੱਚਾ ਸਿਹਤ ਸੰਭਾਲ ਬਲਾਕ ਮਾਵਾਂ, ਨਵਜੰਮੇ ਬੱਚੇ ਅਤੇ ਬਾਲ ਸਿਹਤ ਸੰਭਾਲ ਸੇਵਾਵਾਂ ਨੂੰ ਮਹੱਤਵਪੂਰਨ ਤੌਰ ‘ਤੇ ਮਜ਼ਬੂਤ ਕਰੇਗਾ, ਜਿਸ ਨਾਲ ਖੇਤਰ ਵਿੱਚ ਮਾਵਾਂ ਤੇ ਨਵਜੰਮੇ ਬੱਚਿਆਂ ਦੀ ਬਿਹਤਰ ਦੇਖਭਾਲ ਯਕੀਨੀ ਬਣਾਈ ਜਾਵੇਗੀ।

ਹਸਪਤਾਲ ਵਿੱਚ 12 ਨਿੱਜੀ ਕਮਰੇ, ਛੇ ਜਨਰਲ ਵਾਰਡ, ਇੱਕ ਪੂਰੀ ਤਰ੍ਹਾਂ ਕਾਰਜਸ਼ੀਲ ਡਰੱਗ ਸਟੋਰ, ਇੱਕ ਐਸਐਮਓ ਦਫ਼ਤਰ, 11 ਨਰਸ ਸਟੇਸ਼ਨ ਅਤੇ ਦੋ ਲਿਫਟਾਂ ਉਪਲੱਬਧ ਹਨ। ਇਹ ਸਾਰੀਆਂ ਸਹੂਲਤਾਂ ਮਰੀਜ਼ਾਂ ਦੀ ਦੇਖਭਾਲ ਅਤੇ ਕਾਰਜਸ਼ੀਲ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ।  ਹਸਪਤਾਲ ਸਰਜੀਕਲ ਅਤੇ ਗੋਡੇ ਬਦਲਣ ਦੀਆਂ ਸੇਵਾਵਾਂ ਸਮੇਤ ਹੋਰ ਬਿਹਤਰ ਡਾਕਟਰੀ ਸੇਵਾਵਾਂ ਵੀ ਦੇਵੇਗਾ। ਸਮਰਪਿਤ ਜੱਚਾ-ਬੱਚਾ ਹਸਪਤਾਲ ਹੁਨਰਮੰਦ ਗਾਇਨੀਕੋਲੋਜਿਸਟਾਂ ਦੀ ਨਿਗਰਾਨੀ ਹੇਠ ਆਮ ਅਤੇ ਸਿਜੇਰੀਅਨ ਡਿਲੀਵਰੀ ਸੇਵਾਵਾਂ ਪ੍ਰਦਾਨ ਕਰੇਗਾ, ਜਿਸ ਨਾਲ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਬਿਹਤਰ ਦੇਖਭਾਲ ਯਕੀਨੀ ਬਣਾਈ ਜਾਵੇਗੀ।”

ਹਸਪਤਾਲ ਅਧੀਨ ਕਾਰਜਸ਼ੀਲ ਈ.ਐਸ.ਆਈ. ਡਿਸਪੈਂਸਰੀ ਰਾਹੀਂ ਵਰਕਰ ਸਿਹਤ ਸੰਭਾਲ ਸੇਵਾਵਾਂ ਤੋਂ ਵੀ ਲਾਭ ਪ੍ਰਾਪਤ ਕਰਦੇ ਰਹਿਣਗੇ।ਸਾਡੀ ਸਰਕਾਰ ਵੱਲੋਂ ਹਸਪਤਾਲਾਂ ਵਿੱਚ 1500 ਤੋਂ ਵੱਧ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ, ਜਿਨ੍ਹਾਂ ਵਿੱਚ 600 ਤੋਂ ਵੱਧ ਮਾਹਿਰ ਅਤੇ 900 ਤੋਂ ਵੱਧ ਜਨਰਲ ਡਾਕਟਰ ਦੇ ਨਾਲ-ਨਾਲ ਆਮ ਆਦਮੀ ਕਲੀਨਿਕਾਂ ਵਿੱਚ 800 ਤੋਂ ਵੱਧ ਡਾਕਟਰ ਸ਼ਾਮਲ ਹਨ ਜਿਸ ਨਾਲ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਾਹਰ ਡਾਕਟਰੀ ਦੀ ਉਪਲਬਧਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ।

ਇਸ ਪ੍ਰੋਜੈਕਟ ਨਾਲ ਧੂਰੀ ਦੇ 58,000 ਤੋਂ ਵੱਧ ਵਸਨੀਕਾਂ ਦੇ ਨਾਲ-ਨਾਲ ਨੇੜਲੇ ਖੇਤਰਾਂ ਦੇ ਹਜ਼ਾਰਾਂ ਲੋਕਾਂ ਨੂੰ ਲਾਭ ਹੋਵੇਗਾ ਅਤੇ ਇਸ ਖੇਤਰ ਦੀਆਂ ਸਿਹਤ ਸੰਭਾਲ ਸੇਵਾਵਾਂ ਵਿੱਚ ਅਹਿਮ ਸੁਧਾਰ ਹੋਵੇਗਾ। ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਕਿ ਪੰਜਾਬ ਦੇ ਹਰ ਨਾਗਰਿਕ ਤੱਕ ਮਿਆਰੀ ਸਿਹਤ ਸੰਭਾਲ ਸੇਵਾਵਾਂ ਆਸਾਨੀ ਨਾਲ ਪਹੁੰਚਾਈਆਂ ਜਾ ਸਕਣ।

ਸੂਬਾ ਪੱਧਰੀ ਸਿਹਤ ਕੈਂਪਾਂ ਹੇਠ 37 ਹਜ਼ਾਰ ਬਜ਼ੁਰਗਾਂ ਦੀ ਰਜਿਸਟ੍ਰੇਸ਼ਨ, ਬਜ਼ੁਰਗਾਂ ਲਈ ਵੱਡੀ ਸਿਹਤ ਪਹਿਲ

ਚੰਡੀਗੜ੍ਹ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਲਗਾਏ ਗਏ ਸੂਬਾ ਪੱਧਰੀ ਸਿਹਤ ਚੈਕ-ਅੱਪ ਕੈਂਪਾਂ ਦੌਰਾਨ ਕਰੀਬ 37 ਹਜ਼ਾਰ ਬਜ਼ੁਰਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ। ਪੰਜਾਬ ਸਰਕਾਰ ਬਜ਼ੁਰਗਾਂ ਨੂੰ ਆਪਣਾ ਅਨਮੋਲ ਸਰਮਾਇਆ ਮੰਨਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਤੇ ਸਨਮਾਨ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।

ਡਾ. ਬਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਬਜ਼ੁਰਗ ਸਾਡੇ ਪਰਿਵਾਰਾਂ ਅਤੇ ਸਮਾਜ ਦੀ ਮਜ਼ਬੂਤ ਨੀਂਹ ਹਨ, ਜਿਨ੍ਹਾਂ ਦੇ ਤਜਰਬੇ ਭਵਿੱਖੀ ਪੀੜ੍ਹੀਆਂ ਲਈ ਰਾਹ ਦਿਖਾਉਂਦੇ ਹਨ। ਇਹ ਸਰਕਾਰ ਅਤੇ ਸਮਾਜ ਦੋਵਾਂ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਬਜ਼ੁਰਗਾਂ ਨੂੰ ਇਜ਼ਤ, ਦੇਖਭਾਲ ਅਤੇ ਆਪਣੇਪਣ ਨਾਲ ਜੀਵਨ ਬਤੀਤ ਕਰਨ ਲਈ ਉਚਿਤ ਮਾਹੌਲ ਪ੍ਰਦਾਨ ਕੀਤਾ ਜਾਵੇ। ਅਜਿਹੀਆਂ ਪਹਿਲਕਦਮੀਆਂ ਰਾਹੀਂ ਅਸੀਂ ਬਜ਼ੁਰਗਾਂ ਦੇ ਨਾਲ ਹਰ ਪੜਾਅ ‘ਤੇ ਖੜ੍ਹੇ ਰਹਿਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ।

ਇਨ੍ਹਾਂ ਸਿਹਤ ਕੈਂਪਾਂ ਵਿੱਚ ਅੱਖਾਂ ਦੀ ਜਾਂਚ, ਕੈਂਸਰ ਸਕਰੀਨਿੰਗ, ਐਨ.ਸੀ.ਡੀ. ਸਕਰੀਨਿੰਗ, ਆਰਥੋਪੈਡਿਕ ਜਾਂਚ, ਈ.ਐਨ.ਟੀ. ਚੈਕ-ਅੱਪ, ਫਿਜ਼ੀਓਥਰੈਪੀ ਅਤੇ ਮਾਹਿਰਾਂ ਵੱਲੋਂ ਮਨੋਵਿਗਿਆਨਕ ਮੁਲਾਂਕਣ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮੋਤੀਆਬਿੰਦ ਸਰਜਰੀ ਲਈ 1756 ਰਜਿਸਟ੍ਰੇਸ਼ਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 539 ਸਰਜਰੀਆਂ ਸਫਲਤਾਪੂਰਵਕ ਹੋ ਚੁੱਕੀਆਂ ਹਨ।

ਇਸ ਤੋਂ ਇਲਾਵਾ 1274 ਕੈਂਸਰ ਸਕਰੀਨਿੰਗ, 4863 ਆਰਥੋਪੈਡਿਕ ਚੈਕ-ਅੱਪ, 6339 ਐਨ.ਸੀ.ਡੀ. ਸਕਰੀਨਿੰਗ, 9015 ਅੱਖਾਂ ਦੀ ਜਾਂਚ, 2593 ਈ.ਐਨ.ਟੀ. ਚੈਕ-ਅੱਪ ਅਤੇ 1621 ਫਿਜ਼ੀਓਥਰੈਪੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।  ALIMCO ਰਾਹੀਂ 418 ਲਾਭਪਾਤਰੀਆਂ ਦੀ ਪਛਾਣ ਕਰਕੇ ਸਹਾਇਕ ਉਪਕਰਣ ਮੁਹੱਈਆ ਕਰਵਾਏ ਗਏ ਅਤੇ 3014 ਵਿਜ਼ਨ ਗਲਾਸਜ਼ ਵੀ ਵੰਡੇ ਗਏ ਹਨ। ਡਾ. ਬਲਜੀਤ ਕੌਰ ਨੇ ਦੁਹਰਾਇਆ ਕਿ ਵਿਭਾਗ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਪਹਿਲਕਦਮੀਆਂ ਜਾਰੀ ਰਹਿਣਗੀਆਂ।

ਨਸ਼ਾ ਤਸਕਰਾਂ ‘ਤੇ ਪ੍ਰਸ਼ਾਸਨ ਦੀ ਵੱਡੀ ਕਾਰਵਾਈ: ਅੰਮ੍ਰਿਤਸਰ ‘ਚ ਨਾਜਾਇਜ਼ ਕੋਠੀ ਢਾਹੀ

ਅੰਮ੍ਰਿਤਸਰ :- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੰਮ੍ਰਿਤਸਰ ਵਿੱਚ ਪ੍ਰਸ਼ਾਸਨ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕੀਤੀ। ਬਟਾਲਾ ਰੋਡ ਸਥਿਤ ਸੁਭਾਸ਼ ਕਲੋਨੀ ਵਿੱਚ ਇਕ ਨਸ਼ਾ ਤਸਕਰ ਨਾਲ ਸੰਬੰਧਿਤ ਗੈਰਕਾਨੂੰਨੀ ਤੌਰ ‘ਤੇ ਬਣੀ ਜਾਇਦਾਦ ਨੂੰ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਗਿਆ, ਜਿਸ ਨਾਲ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣ ਗਿਆ।

ਤਸਕਰ ਦੀ ਪਛਾਣ ਤੇ ਅਪਰਾਧਕ ਪਿਛੋਕੜ
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਜਾਇਦਾਦ ਮੁਖਤਾਰ ਸਿੰਘ ਨਾਮਕ ਵਿਅਕਤੀ ਨਾਲ ਜੁੜੀ ਹੋਈ ਸੀ, ਜੋ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਲਿਪਤ ਰਹਿ ਚੁੱਕਾ ਹੈ। ਉਸ ਖ਼ਿਲਾਫ਼ ਐਨਡੀਪੀਐਸ ਕਾਨੂੰਨ ਹੇਠ ਕਈ ਕੇਸ ਦਰਜ ਹਨ ਅਤੇ ਕਈ ਵਾਰ ਉਸ ‘ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ।

ਨਾਜਾਇਜ਼ ਢਾਂਚਾ ਮਿੰਟਾਂ ਵਿੱਚ ਮਿਟਾਇਆ
ਨਗਰ ਨਿਗਮ ਦੀ ਮਦਦ ਨਾਲ ਕਰੀਬ 80 ਵਰਗ ਗਜ਼ ਵਿੱਚ ਖੜ੍ਹੇ ਇਸ ਗੈਰਕਾਨੂੰਨੀ ਢਾਂਚੇ ਨੂੰ ਢਾਹ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਮਕਾਨ ਨਸ਼ੇ ਦੇ ਧੰਦੇ ਤੋਂ ਕਮਾਈ ਗਈ ਰਕਮ ਨਾਲ ਤਿਆਰ ਕੀਤਾ ਗਿਆ ਸੀ, ਜਿਸ ਕਰਕੇ ਇਸ ‘ਤੇ ਕਾਰਵਾਈ ਲਾਜ਼ਮੀ ਬਣਦੀ ਸੀ।

ਜ਼ੀਰੋ ਟੋਲਰੈਂਸ ਨੀਤੀ ‘ਤੇ ਡਟਿਆ ਪ੍ਰਸ਼ਾਸਨ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਕਿਸੇ ਵੀ ਕਿਸਮ ਦੀ ਰਿਆਇਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਨਾਲ ਸੰਬੰਧਿਤ ਜਾਣਕਾਰੀ ਬਿਨਾ ਡਰ ਸਾਂਝੀ ਕਰਨ, ਜਿਸ ਨਾਲ ਇਸ ਜਾਲ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਜਾਣਕਾਰੀ ਦੇਣ ਵਾਲਿਆਂ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਵੱਡੇ ਸੁਝਾਅ ਲਈ ਨਕਦ ਇਨਾਮ ਵੀ ਦਿੱਤਾ ਜਾਵੇਗਾ।

ਵੱਡੇ ਪੱਧਰ ‘ਤੇ ਦਰਜ ਕੇਸ ਅਤੇ ਗ੍ਰਿਫ਼ਤਾਰੀਆਂ
ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪਿਛਲੇ ਇੱਕ ਸਾਲ ਵਿੱਚ ਹਜ਼ਾਰਾਂ ਕਾਰਵਾਈਆਂ ਕੀਤੀਆਂ ਗਈਆਂ ਹਨ। ਸੈਂਕੜਿਆਂ ਕੇਸ ਦਰਜ ਕਰਕੇ ਹਜ਼ਾਰਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਹੈਰੋਇਨ, ਅਫੀਮ, ਗਾਂਜਾ ਅਤੇ ਹੋਰ ਖ਼ਤਰਨਾਕ ਨਸ਼ੀਲੇ ਪਦਾਰਥਾਂ ਦੀ ਵੱਡੀ ਮਾਤਰਾ ਜ਼ਬਤ ਹੋਈ ਹੈ। ਨਾਲ ਹੀ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਨਕਦੀ ਅਤੇ ਵਾਹਨਾਂ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ, ਜੋ ਇਸ ਮੁਹਿੰਮ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।

ਹਰਿਆਣਾ ਕਾਂਗਰਸ ਵਿੱਚ ਭੂਚਾਲ: ਕਾਰਜਕਾਰੀ ਪ੍ਰਧਾਨ ਰਾਮ ਕਿਸ਼ਨ ਗੁੱਜਰ ਨੇ ਅਚਾਨਕ ਦਿੱਤਾ ਅਸਤੀਫ਼ਾ