Home Blog Page 391

ਮੋਹਾਲੀ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਉਤਾਰੇ 42 ਉਮੀਦਵਾਰ ਚੋਣ ਮੈਦਾਨ ‘ਚ ਸਿਆਸੀ ਸਰਗਰਮੀਆਂ ਹੋਈਆਂ ਤੇਜ਼

ਚੰਡੀਗੜ੍ਹ :- ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਮੋਹਾਲੀ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਆਪਣੀਆਂ ਚੋਣੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਲੱਗੇ ਹੋਏ ਹਨ। ਇਸੇ ਦਰਮਿਆਨ ਭਾਰਤੀ ਜਨਤਾ ਪਾਰਟੀ ਨੇ ਮੋਹਾਲੀ ਨਗਰ ਨਿਗਮ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

50 ਵਿੱਚੋਂ 42 ਵਾਰਡਾਂ ਲਈ ਐਲਾਨੇ ਉਮੀਦਵਾਰ
ਪਾਰਟੀ ਵੱਲੋਂ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ 50 ਵਿੱਚੋਂ 42 ਵਾਰਡਾਂ ਲਈ ਉਮੀਦਵਾਰਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਪਾਰਟੀ ਨੇ ਜਨਰਲ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗਾਂ ਦੀ ਨੁਮਾਇੰਦਗੀ ਨੂੰ ਧਿਆਨ ਵਿੱਚ ਰੱਖਦਿਆਂ ਟਿਕਟਾਂ ਦੀ ਵੰਡ ਕੀਤੀ ਹੈ।

ਪਰਮਿੰਦਰ ਬਰਾੜ ਵੱਲੋਂ ਸੂਚੀ ਜਾਰੀ
ਭਾਜਪਾ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਬਰਾੜ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪਾਰਟੀ ਇਸ ਵਾਰ ਸ਼ਹਿਰ ਦੇ ਵਿਕਾਸ, ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਚੋਣਾਂ ਦਾ ਮੁੱਖ ਮੁੱਦਾ ਬਣਾਕੇ ਲੋਕਾਂ ਵਿਚ ਜਾ ਰਹੀ ਹੈ।

ਲੋਕਾਂ ਤੋਂ ਵੱਡੇ ਸਮਰਥਨ ਦਾ ਦਾਅਵਾ
ਪਰਮਿੰਦਰ ਬਰਾੜ ਨੇ ਦਾਅਵਾ ਕੀਤਾ ਕਿ ਮੋਹਾਲੀ ਦੇ ਵਸਨੀਕਾਂ ਵੱਲੋਂ ਪਾਰਟੀ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸ਼ਹਿਰ ਦੇ ਵਿਕਾਸ ਲਈ ਬਦਲਾਅ ਚਾਹੁੰਦੇ ਹਨ ਅਤੇ ਭਾਜਪਾ ਇਸ ਚੋਣ ਵਿੱਚ ਮਜ਼ਬੂਤੀ ਨਾਲ ਮੈਦਾਨ ਵਿੱਚ ਉਤਰੀ ਹੈ।

ਜਲੰਧਰ ਬੀਐਸਐਫ ਮੁੱਖ ਦਫ਼ਤਰ ਧਮਾਕਾ ਮਾਮਲੇ ‘ਚ ਵੱਡੀ ਕਾਮਯਾਬੀ ਮੁੱਖ ਸ਼ੱਕੀ ਪੁਲਿਸ ਦੇ ਕਾਬੂ ‘ਚ ਹੋਣ ਦੀ ਚਰਚਾ

ਜਲੰਧਰ :- ਜਲੰਧਰ ਵਿੱਚ ਬੀਐਸਐਫ ਮੁੱਖ ਦਫ਼ਤਰ ਦੇ ਸਾਹਮਣੇ 5 ਮਈ ਨੂੰ ਹੋਏ ਧਮਾਕੇ ਮਾਮਲੇ ਵਿੱਚ ਜਾਂਚ ਏਜੰਸੀਆਂ ਨੂੰ ਵੱਡੀ ਸਫਲਤਾ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਇਸ ਘਟਨਾ ਨਾਲ ਜੁੜੇ ਮੁੱਖ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਹਾਲਾਂਕਿ ਪੰਜਾਬ ਪੁਲਿਸ ਵੱਲੋਂ ਅਜੇ ਤੱਕ ਇਸ ਗ੍ਰਿਫ਼ਤਾਰੀ ਜਾਂ ਮੁਲਜ਼ਮ ਦੀ ਪਹਿਚਾਣ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ।

ਪਾਕਿਸਤਾਨੀ ਗੈਂਗਸਟਰ ਨਾਲ ਜੁੜੇ ਹੋਣ ਦੇ ਸ਼ੱਕ
ਜਾਂਚ ਨਾਲ ਜੁੜੇ ਸੂਤਰਾਂ ਦਾ ਦਾਅਵਾ ਹੈ ਕਿ ਇਸ ਮਾਮਲੇ ਦਾ ਮੁੱਖ ਸਾਜ਼ਿਸ਼ਕਾਰ ਪਾਕਿਸਤਾਨ ਨਾਲ ਜੁੜਿਆ ਗੈਂਗਸਟਰ ਸ਼ਹਿਜ਼ਾਦ ਭੱਟੀ ਸੀ। ਦੱਸਿਆ ਜਾ ਰਿਹਾ ਹੈ ਕਿ ਕਾਬੂ ਕੀਤਾ ਗਿਆ ਸ਼ੱਕੀ ਉਸ ਦੇ ਸੰਪਰਕ ਵਿੱਚ ਸੀ ਅਤੇ ਉਸ ਦੇ ਪਾਕਿਸਤਾਨੀ ਖੁਫ਼ੀਆ ਜਾਲ ਨਾਲ ਵੀ ਰਾਬਤੇ ਹੋਣ ਦੇ ਇਸ਼ਾਰੇ ਮਿਲੇ ਹਨ।

ਡੀਜੀਪੀ ਪਹਿਲਾਂ ਹੀ ਜਤਾ ਚੁੱਕੇ ਸਨ ਸ਼ੱਕ
ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਪਹਿਲਾਂ ਹੀ ਇਸ ਧਮਾਕੇ ਪਿੱਛੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦਾ ਹੱਥ ਹੋਣ ਦਾ ਸ਼ੱਕ ਜਤਾ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਭਾਵੇਂ ਇਸ ਘਟਨਾ ਦੀ ਜ਼ਿੰਮੇਵਾਰੀ ਕਿਸੇ ਸੰਗਠਨ ਨੇ ਨਹੀਂ ਲਈ, ਪਰ ਜਾਂਚ ਦੌਰਾਨ ਮਿਲ ਰਹੇ ਇਸ਼ਾਰੇ ਸਰਹੱਦ ਪਾਰ ਸਾਜ਼ਿਸ਼ ਵੱਲ ਸੰਕੇਤ ਕਰ ਰਹੇ ਹਨ।

ਸੈਂਕੜੇ ਲੋਕ ਜਾਂਚ ਦੇ ਘੇਰੇ ‘ਚ
ਪੰਜਾਬ ਪੁਲਿਸ, ਕੇਂਦਰੀ ਏਜੰਸੀਆਂ ਅਤੇ ਫੋਰੈਂਸਿਕ ਟੀਮਾਂ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਕਈ ਥਾਵਾਂ ਤੋਂ ਸੀਸੀਟੀਵੀ ਦ੍ਰਿਸ਼ ਖੰਗਾਲੇ ਜਾ ਚੁੱਕੇ ਹਨ। ਜਾਂਚ ਟੀਮਾਂ ਨੇ 600 ਦੇ ਕਰੀਬ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਹੈ, ਜਦਕਿ 120 ਤੋਂ ਵੱਧ ਲੋਕਾਂ ਨੂੰ ਪੁੱਛਗਿੱਛ ਲਈ ਸ਼ਾਮਲ ਕੀਤਾ ਗਿਆ ਹੈ।

ਕਾਲ ਰਿਕਾਰਡ ਅਤੇ ਸੋਸ਼ਲ ਮੀਡੀਆ ਵੀ ਜਾਂਚ ਹੇਠ
ਜਾਂਚ ਏਜੰਸੀਆਂ ਵੱਲੋਂ ਸ਼ੱਕੀ ਵਿਅਕਤੀਆਂ ਦੇ ਫੋਨ ਵੇਰਵਿਆਂ ਅਤੇ ਸੋਸ਼ਲ ਮੀਡੀਆ ਸਰਗਰਮੀਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਧਮਾਕੇ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਗਈ ਸੀ ਅਤੇ ਇਸ ਲਈ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ।

ਪੁਲਿਸ ਵੱਲੋਂ ਅਜੇ ਅਧਿਕਾਰਿਕ ਜਾਣਕਾਰੀ ਦੀ ਉਡੀਕ
ਭਾਵੇਂ ਸੂਤਰਾਂ ਰਾਹੀਂ ਕਈ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ, ਪਰ ਪੁਲਿਸ ਵੱਲੋਂ ਮਾਮਲੇ ਸਬੰਧੀ ਵਿਸਥਾਰਪੂਰਵਕ ਅਧਿਕਾਰਿਕ ਬਿਆਨ ਜਾਰੀ ਹੋਣਾ ਅਜੇ ਬਾਕੀ ਹੈ।

ਪੰਜਾਬ ‘ਚ ਸ਼ਹਿਜ਼ਾਦ ਭੱਟੀ ਦੇ ਨੈੱਟਵਰਕ ‘ਤੇ ਪੁਲਿਸ ਦਾ ਵੱਡਾ ਸ਼ਿਕੰਜਾ ਕਈ ਜ਼ਿਲ੍ਹਿਆਂ ‘ਚ ਛਾਪੇਮਾਰੀ, ਦਰਜਨਾਂ ਸ਼ੱਕੀ ਕਾਬੂ!

ਚੰਡੀਗੜ੍ਹ :- ਪੰਜਾਬ ਪੁਲਿਸ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਪੰਜਾਬ ਵਿੱਚ ਫੈਲ ਰਹੇ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਇਕੱਠੇ ਛਾਪੇਮਾਰੀ ਮੁਹਿੰਮ ਚਲਾਈ। ਪੁਲਿਸ ਵੱਲੋਂ ਕਈ ਅਜਿਹੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ‘ਤੇ ਭੱਟੀ ਦੇ ਇਸ਼ਾਰੇ ‘ਤੇ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਬਣਾਇਆ ਜਾ ਰਿਹਾ ਨਿਸ਼ਾਨਾ
ਜਾਂਚ ਏਜੰਸੀਆਂ ਅਨੁਸਾਰ ਸ਼ਹਿਜ਼ਾਦ ਭੱਟੀ ਵਿਦੇਸ਼ ਵਿੱਚ ਬੈਠ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਰਿਹਾ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਹਿਰਾਸਤ ਵਿੱਚ ਲਏ ਗਏ ਕਈ ਨੌਜਵਾਨ ਉਸ ਦੇ ਸੋਸ਼ਲ ਮੀਡੀਆ ਖਾਤਿਆਂ ਨਾਲ ਜੁੜੇ ਹੋਏ ਸਨ ਅਤੇ ਉਸ ਦੀਆਂ ਵੀਡੀਓਆਂ ਅਤੇ ਸੁਨੇਹੇ ਅੱਗੇ ਭੇਜ ਰਹੇ ਸਨ।

ਪੈਸੇ ਅਤੇ ਨਸ਼ੇ ਦਾ ਲਾਲਚ ਦੇ ਕੇ ਕਰਵਾਏ ਜਾਂਦੇ ਕੰਮ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਭੱਟੀ ਵੱਲੋਂ ਨੌਜਵਾਨਾਂ ਨੂੰ ਪੈਸੇ ਅਤੇ ਨਸ਼ੇ ਦਾ ਲਾਲਚ ਦੇ ਕੇ ਡਰੱਗ ਤਸਕਰੀ, ਨਾਜਾਇਜ਼ ਹਥਿਆਰਾਂ ਦੀ ਸਪਲਾਈ ਅਤੇ ਹੋਰ ਅਪਰਾਧਿਕ ਕੰਮਾਂ ਲਈ ਵਰਤਿਆ ਜਾਂਦਾ ਹੈ। ਖੁਫੀਆ ਏਜੰਸੀਆਂ ਨੇ ਉਸ ਦੇ ਕਈ ਸੋਸ਼ਲ ਮੀਡੀਆ ਖਾਤੇ ਬੰਦ ਕਰਵਾਏ ਹਨ, ਪਰ ਉਹ ਨਵੇਂ ਨਾਂਅ ਨਾਲ ਮੁੜ ਸਰਗਰਮ ਹੋ ਜਾਂਦਾ ਹੈ।

ਲੁਧਿਆਣਾ ਤੇ ਜਲੰਧਰ ‘ਚ ਸਭ ਤੋਂ ਵੱਧ ਕਾਰਵਾਈ
ਸਵਪਨ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ 18 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਇਸੇ ਤਰ੍ਹਾਂ ਜਲੰਧਰ ਤੋਂ ਵੀ ਕਰੀਬ 17 ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਨ੍ਹਾਂ ਲੋਕਾਂ ਦਾ ਭੱਟੀ ਨਾਲ ਕਿਹੜਾ ਸਬੰਧ ਸੀ ਅਤੇ ਇਹ ਕਿਹੜੀਆਂ ਘਟਨਾਵਾਂ ਵਿੱਚ ਸ਼ਾਮਲ ਰਹੇ ਹਨ।

ਨੈੱਟਵਰਕ ਤੋੜਨ ਲਈ ਜਾਰੀ ਰਹੇਗੀ ਮੁਹਿੰਮ
ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਪੰਜਾਬ ਵਿੱਚ ਫੈਲ ਰਹੇ ਅਪਰਾਧਿਕ ਜਾਲ ਨੂੰ ਤੋੜਨ ਲਈ ਚਲਾਈ ਗਈ ਹੈ। ਉਨ੍ਹਾਂ ਮੰਨਿਆ ਕਿ ਇਸ ਕਾਰਵਾਈ ਨਾਲ ਭਵਿੱਖ ਵਿੱਚ ਹੋਣ ਵਾਲੀਆਂ ਕਈ ਗੰਭੀਰ ਵਾਰਦਾਤਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ।

ਜ਼ਮੀਨ ਦਾ ਕਬਜ਼ਾ ਦਿਵਾਉਣ ਬਦਲੇ ਰਿਸ਼ਵਤ ਮੰਗਣ ਦੇ ਦੋਸ਼ ਫਰੀਦਕੋਟ ਦਾ ਕਾਨੂੰਗੋ ਵਿਜੀਲੈਂਸ ਦੇ ਘੇਰੇ ‘ਚ….

ਚੰਡੀਗੜ੍ਹ :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਅਪਣਾਈ ਗਈ ਸਖ਼ਤ ਨੀਤੀ ਤਹਿਤ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਗੋਲੇਵਾਲਾ ਵਿਖੇ ਤਾਇਨਾਤ ਕਾਨੂੰਗੋ ਵਰਿੰਦਰ ਸਿੰਘ ਭੁੱਟਰ ਖ਼ਿਲਾਫ਼ 40 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।

ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਪੋਰਟਲ ‘ਤੇ ਹੋਈ ਸੀ ਸ਼ਿਕਾਇਤ
ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਇਹ ਕਾਰਵਾਈ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਲਾਈਨ ਪੋਰਟਲ ‘ਤੇ ਦਰਜ ਹੋਈ ਇੱਕ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ। ਇਹ ਸ਼ਿਕਾਇਤ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਗਥਲਾ ਦੇ ਇੱਕ ਵਸਨੀਕ ਵੱਲੋਂ ਦਿੱਤੀ ਗਈ ਸੀ।

ਜ਼ਮੀਨ ਦਾ ਕਬਜ਼ਾ ਦਿਵਾਉਣ ਦੇ ਬਦਲੇ ਮੰਗੀ ਗਈ ਰਕਮ
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਅਦਾਲਤ ਵੱਲੋਂ ਉਸ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਮਾਲ ਵਿਭਾਗ ਨੂੰ ਹੁਕਮ ਜਾਰੀ ਕੀਤੇ ਗਏ ਸਨ। ਇਸ ਮਾਮਲੇ ਵਿੱਚ ਕਾਨੂੰਗੋ ਵਰਿੰਦਰ ਸਿੰਘ ਭੁੱਟਰ ਨੇ ਕਬਜ਼ਾ ਦਿਵਾਉਣ ਦੇ ਬਦਲੇ 80 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।

ਵਿਜੀਲੈਂਸ ਵੱਲੋਂ ਜਾਂਚ ਮਗਰੋਂ ਕੀਤੀ ਕਾਰਵਾਈ
ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦੋਸ਼ਾਂ ਨੂੰ ਗੰਭੀਰ ਮੰਨਦਿਆਂ ਕਾਨੂੰਗੋ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਬਿਊਰੋ ਵੱਲੋਂ ਹੁਣ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਸੀਬੀਆਈ ਰੇਡ ਮਾਮਲੇ ‘ਚ ਨਵਾਂ ਖੁਲਾਸਾ, ਵਿਜੀਲੈਂਸ ਰਿਕਾਰਡ ‘ਚ ਨਹੀਂ ਮਿਲੀ ਕੋਈ ਸ਼ਿਕਾਇਤ

ਕੇਂਦਰ ਸਰਕਾਰ ਨੇ ਖੰਡ ਦੀ ਬਰਾਮਦ ਤੇ ਲਾਈ ਪਾਬੰਦੀ, 30 ਸਤੰਬਰ 2026 ਤੱਕ ਰਹੇਗੀ ਰੋਕ

ਚੋਹਲਾ ਸਾਹਿਬ ਦੇ ਨੌਜਵਾਨ ਨੇ ਆਸਟ੍ਰੇਲੀਆ ‘ਚ ਵਧਾਇਆ ਪੰਜਾਬ ਦਾ ਮਾਣ, ਗੁਰਕੰਵਲਜੀਤ ਸਿੰਘ ਬਣੇ ਪੁਲਿਸ ਵਿਭਾਗ ‘ਚ ਪਹਿਲੇ ਅਧਿਕਾਰੀ

ਤਰਨਤਾਰਨ :- ਜ਼ਿਲ੍ਹਾ ਤਰਨਤਾਰਨ ਦੇ ਇਤਿਹਾਸਕ ਨਗਰ ਚੋਹਲਾ ਸਾਹਿਬ ਨਾਲ ਸੰਬੰਧਤ ਨੌਜਵਾਨ ਗੁਰਕੰਵਲਜੀਤ ਸਿੰਘ ਨੇ ਵਿਦੇਸ਼ ਵਿਚ ਵੱਡੀ ਕਾਮਯਾਬੀ ਹਾਸਲ ਕਰਕੇ ਪੰਜਾਬ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਗੁਰਕੰਵਲਜੀਤ ਸਿੰਘ ਨੂੰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਪੁਲਿਸ ਵਿਭਾਗ ਵਿੱਚ ਬਾਥਰਸਟ ਵਿਖੇ ਪਹਿਲੇ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਉਪਲਬਧੀ ਨਾਲ ਇਲਾਕੇ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਬਣ ਗਿਆ ਹੈ।

ਮਿਹਨਤ ਅਤੇ ਲਗਨ ਨਾਲ ਤੈਅ ਕੀਤਾ ਸਫ਼ਰ
ਸਧਾਰਨ ਪਰਿਵਾਰਕ ਪਿਛੋਕੜ ਤੋਂ ਅੱਗੇ ਵਧਦਿਆਂ ਗੁਰਕੰਵਲਜੀਤ ਸਿੰਘ ਨੇ ਆਪਣੀ ਕਾਬਲੀਅਤ ਅਤੇ ਦ੍ਰਿੜ ਇਰਾਦੇ ਦੇ ਸਹਾਰੇ ਇਹ ਵੱਡਾ ਅਹੁਦਾ ਹਾਸਲ ਕੀਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਦੇਸ਼ੀ ਮਾਹੌਲ ਅਤੇ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਆਪਣੀ ਮਿਹਨਤ ਨਾਲ ਇਹ ਮਾਣਮੱਤਾ ਸਥਾਨ ਪ੍ਰਾਪਤ ਕੀਤਾ।

ਮਾਪਿਆਂ ਨੇ ਜਤਾਇਆ ਮਾਣ
ਗੁਰਕੰਵਲਜੀਤ ਸਿੰਘ ਦੇ ਪਿਤਾ ਅਮਰਬੀਰ ਸਿੰਘ ਸੈਂਟੀ ਅਤੇ ਮਾਤਾ ਕੰਵਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਮਾਣ ਵਾਲਾ ਪਲ ਹੈ। ਉਨ੍ਹਾਂ ਦੱਸਿਆ ਕਿ ਪੁੱਤਰ ਨੇ ਨਵੇਂ ਦੇਸ਼ ਵਿੱਚ ਕਠਿਨ ਮਿਹਨਤ ਅਤੇ ਅਨੁਸ਼ਾਸਨ ਨਾਲ ਇਹ ਸਫ਼ਲਤਾ ਹਾਸਲ ਕੀਤੀ ਹੈ, ਜੋ ਅੱਜ ਦੇ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ।

ਪੰਜਾਬੀ ਭਾਈਚਾਰੇ ਨੇ ਕੀਤਾ ਮਾਣ ਮਹਿਸੂਸ
ਚੋਹਲਾ ਸਾਹਿਬ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਗੁਰਕੰਵਲਜੀਤ ਸਿੰਘ ਦੀ ਇਹ ਪ੍ਰਾਪਤੀ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ। ਲੋਕਾਂ ਨੇ ਕਿਹਾ ਕਿ ਪੰਜਾਬੀ ਨੌਜਵਾਨ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਆਪਣੀ ਮਿਹਨਤ ਅਤੇ ਯੋਗਤਾ ਨਾਲ ਉੱਚੇ ਅਹੁਦੇ ਹਾਸਲ ਕਰ ਰਹੇ ਹਨ।

ਵੱਖ-ਵੱਖ ਸ਼ਖਸੀਅਤਾਂ ਵੱਲੋਂ ਵਧਾਈਆਂ
ਗੁਰਕੰਵਲਜੀਤ ਸਿੰਘ ਦੀ ਇਸ ਮਾਣਮੱਤੀ ਉਪਲਬਧੀ ‘ਤੇ ਕਈ ਸਮਾਜਿਕ, ਰਾਜਨੀਤਿਕ ਅਤੇ ਪ੍ਰਵਾਸੀ ਪੰਜਾਬੀ ਸ਼ਖਸੀਅਤਾਂ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। ਇਲਾਕੇ ਦੇ ਲੋਕਾਂ ਨੇ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਯੋਗਰਾਜ ਸਿੰਘ ਖ਼ਿਲਾਫ਼ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਮਹਿਲਾ ਪੁਲਿਸ ਅਧਿਕਾਰੀ ਬਾਰੇ ਟਿੱਪਣੀ ਨੂੰ ਲੈ ਕੇ ਵਿਵਾਦ ਭੜਕਿਆ

ਚੰਡੀਗੜ੍ਹ :- ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਚੰਡੀਗੜ੍ਹ ਦੇ ਸੀਨੀਅਰ ਪੁਲਿਸ ਅਧਿਕਾਰੀ ਕੋਲ ਉਨ੍ਹਾਂ ਖ਼ਿਲਾਫ਼ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਇਹ ਮਾਮਲਾ ਇੱਕ ਵਾਇਰਲ ਕਲਿੱਪ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਵਿਚ ਇੱਕ ਮਹਿਲਾ, ਜੋ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਸੀ, ਬਾਰੇ ਇਤਰਾਜ਼ਯੋਗ ਟਿੱਪਣੀ ਕੀਤੇ ਜਾਣ ਦੇ ਦੋਸ਼ ਲਗੇ ਹਨ।

ਅੱਜ 11 ਵਜੇ ਹੋਵੇਗਾ ਪ੍ਰਤੀਕ ਯਾਦਵ ਦਾ ਸੰਸਕਾਰ, ਫ਼ੇਫ਼ੜਿਆਂ ‘ਚ ਖੂਨ ਜੰਮਣ ਕਾਰਨ ਗਈ ਜਾਨ, ਪੋਸਟਮਾਰਟਮ ‘ਚ ਖੁਲਾਸਾ

ਨਵੀਂ ਦਿੱਲੀ :- ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਛੋਟੇ ਪੁੱਤਰ ਪ੍ਰਤੀਕ ਯਾਦਵ ਦੇ ਦਿਹਾਂਤ ਮਗਰੋਂ ਪਰਿਵਾਰ ਅਤੇ ਸਮਰਥਕਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਬੁੱਧਵਾਰ ਸਵੇਰੇ ਉਨ੍ਹਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ।

ਅੱਜ ਸਵੇਰੇ ਹੋਵੇਗਾ ਅੰਤਿਮ ਸੰਸਕਾਰ
ਪ੍ਰਤੀਕ ਯਾਦਵ ਦੀ ਪਤਨੀ ਅਪਰਣਾ ਯਾਦਵ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਵੇਰੇ 11 ਵਜੇ ਲਖਨਊ ਦੇ ਬੈਕੁੰਠ ਧਾਮ ਵਿਖੇ ਕੀਤਾ ਜਾਵੇਗਾ। ਇਸ ਖ਼ਬਰ ਮਗਰੋਂ ਯਾਦਵ ਪਰਿਵਾਰ ਦੇ ਘਰ ਸੋਗ ਪ੍ਰਗਟਾਉਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਮਰਨੋਪਰੰਤ ਜਾਂਚ ਵਿਚ ਸਾਹਮਣੇ ਆਇਆ ਮੌਤ ਦਾ ਕਾਰਨ
ਡਾਕਟਰਾਂ ਵੱਲੋਂ ਕੀਤੀ ਮਰਨੋਪਰੰਤ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫ਼ੇਫ਼ੜਿਆਂ ਦੀ ਨਸ ਵਿਚ ਖੂਨ ਦਾ ਥੱਕਾ ਜੰਮ ਜਾਣ ਕਾਰਨ ਉਨ੍ਹਾਂ ਦੀ ਹਾਲਤ ਅਚਾਨਕ ਗੰਭੀਰ ਹੋ ਗਈ ਸੀ। ਇਸ ਕਾਰਨ ਦਿਲ ਅਤੇ ਸਾਹ ਪ੍ਰਣਾਲੀ ਨੇ ਕੰਮ ਕਰਨਾ ਬੰਦ ਕਰ ਦਿੱਤਾ। ਹੋਰ ਪੁਖ਼ਤਾ ਜਾਂਚ ਲਈ ਡਾਕਟਰਾਂ ਨੇ ਕੁਝ ਨਮੂਨੇ ਸੁਰੱਖਿਅਤ ਰੱਖੇ ਹਨ।

ਸਿਆਸਤ ਤੋਂ ਦੂਰ ਰਹਿੰਦੇ ਸਨ ਪ੍ਰਤੀਕ ਯਾਦਵ
ਪ੍ਰਤੀਕ ਯਾਦਵ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਮਤਰੇਏ ਭਰਾ ਸਨ। ਉਹ ਸਰਗਰਮ ਸਿਆਸਤ ਤੋਂ ਦੂਰ ਰਹਿੰਦੇ ਸਨ ਅਤੇ ਜਨਤਕ ਸਮਾਗਮਾਂ ਵਿਚ ਘੱਟ ਹੀ ਨਜ਼ਰ ਆਉਂਦੇ ਸਨ। ਫਿਰ ਵੀ ਯਾਦਵ ਪਰਿਵਾਰ ਨਾਲ ਸੰਬੰਧ ਹੋਣ ਕਾਰਨ ਉਹ ਅਕਸਰ ਚਰਚਾ ਵਿਚ ਰਹਿੰਦੇ ਸਨ।

ਸਿਆਸੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਪ੍ਰਤੀਕ ਯਾਦਵ ਦੇ ਦਿਹਾਂਤ ‘ਤੇ ਕਈ ਸਿਆਸੀ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਇਸ ਨੂੰ ਪਰਿਵਾਰ ਅਤੇ ਪਾਰਟੀ ਲਈ ਵੱਡਾ ਘਾਟਾ ਦੱਸਿਆ ਹੈ।

ਡੇਰਾਬੱਸੀ ‘ਚ ਜ਼ਹਿਰੀਲੇ ਪਾਣੀ ਵਾਲਾ ਟੈਂਕਰ ਕਾਬੂ, ਗੁਪਤ ਪਾਈਪਾਂ ਤੇ ਵਾਲਵ ਲਗਾ ਕੇ ਕੀਤਾ ਗਿਆ ਸੀ ਮੋਡੀਫਾਈ

ਡੇਰਾਬੱਸੀ :-  ਡੇਰਾਬੱਸੀ ਹਲਕੇ ਦੇ ਮੁਬਾਰਿਕਪੁਰ ਇਲਾਕੇ ਵਿੱਚ ਪੁਲਿਸ ਨੇ ਇਕ ਸ਼ੱਕੀ ਟੈਂਕਰ ਕਾਬੂ ਕਰਕੇ ਵੱਡਾ ਖੁਲਾਸਾ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਟੈਂਕਰ ਵਿੱਚ ਫੈਕਟਰੀਆਂ ਦਾ ਦੂਸ਼ਿਤ ਕੈਮੀਕਲ ਯੁਕਤ ਪਾਣੀ ਭਰਿਆ ਹੋਇਆ ਸੀ। ਪੁਲਿਸ ਅਨੁਸਾਰ ਟੈਂਕਰ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਰਸਤੇ ਵਿੱਚ ਹੀ ਜ਼ਹਿਰੀਲੇ ਪਾਣੀ ਨੂੰ ਚੋਰੀ-ਛੁਪੇ ਬਾਹਰ ਸੁੱਟਿਆ ਜਾ ਸਕੇ।

ਟੈਂਕਰ ਹੇਠਾਂ ਲੱਗੇ ਮਿਲੇ ਗੁਪਤ ਪਾਈਡੇਰਾਬੱਸੀਪ
ਮੁਬਾਰਿਕਪੁਰ ਚੌਂਕੀ ਇੰਚਾਰਜ ਕੁਲਵੰਤ ਸਿੰਘ ਮੁਤਾਬਕ ਜਦੋਂ ਟੈਂਕਰ ਨੂੰ ਰੋਕ ਕੇ ਜਾਂਚ ਕੀਤੀ ਗਈ ਤਾਂ ਚਾਲਕ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕਿਆ। ਤਲਾਸ਼ੀ ਦੌਰਾਨ ਟੈਂਕਰ ਦੇ ਹੇਠਾਂ ਤਿੰਨ ਵੱਡੇ ਪਾਈਪ ਲੱਗੇ ਮਿਲੇ, ਜਦਕਿ ਟੂਲ ਬਾਕਸ ਅੰਦਰ ਵੱਖਰੇ ਡਿਸਚਾਰਜ ਵਾਲਵ ਵੀ ਲੁਕਾ ਕੇ ਰੱਖੇ ਹੋਏ ਸਨ। ਟੈਂਕਰ ‘ਤੇ ਹਰਿਆਣਾ ਦੀ ਨੰਬਰ ਪਲੇਟ ਲੱਗੀ ਹੋਈ ਸੀ।

ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲਏ ਸੈਂਪਲ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਅਧਿਕਾਰੀਆਂ ਵੱਲੋਂ ਟੈਂਕਰ ਵਿੱਚ ਭਰੇ ਪਾਣੀ ਦੇ ਸੈਂਪਲ ਇਕੱਠੇ ਕਰਕੇ ਲੈਬ ਭੇਜੇ ਗਏ ਹਨ। ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਜ਼ਹਿਰੀਲਾ ਪਾਣੀ ਕਿਸ ਫੈਕਟਰੀ ਤੋਂ ਲਿਆਂਦਾ ਗਿਆ ਸੀ ਅਤੇ ਇਸ ਨੂੰ ਕਿੱਥੇ ਸੁੱਟਣ ਦੀ ਯੋਜਨਾ ਸੀ।

“ਕੈਮੀਕਲ ਮਾਫੀਆ” ਦੇ ਵੱਡੇ ਜਾਲ ਦਾ ਸ਼ੱਕ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ ਅਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਮੋਡੀਫਾਈ ਕੀਤੇ ਟੈਂਕਰ ਆਮ ਤੌਰ ‘ਤੇ ਗੈਰਕਾਨੂੰਨੀ ਤਰੀਕੇ ਨਾਲ ਕੈਮੀਕਲ ਵਾਲਾ ਦੂਸ਼ਿਤ ਪਾਣੀ ਸੁੱਟਣ ਲਈ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੈਬ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।

ਪਹਿਲਾਂ ਵੀ ਲੱਗਦੇ ਰਹੇ ਹਨ ਗੰਭੀਰ ਦੋਸ਼
ਡੇਰਾਬੱਸੀ ਇਲਾਕਾ ਪਹਿਲਾਂ ਹੀ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਥੇ ਕਈ ਵਾਰ ਫੈਕਟਰੀਆਂ ਉੱਤੇ ਦੂਸ਼ਿਤ ਪਾਣੀ ਨੂੰ ਗੁਪਤ ਤਰੀਕੇ ਨਾਲ ਬਾਹਰ ਸੁੱਟਣ ਦੇ ਦੋਸ਼ ਲੱਗ ਚੁੱਕੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁਝ ਲੋਕ ਮੁਨਾਫੇ ਲਈ ਇਲਾਕੇ ਦੇ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਨਾਲ ਖੇਡ ਰਹੇ ਹਨ, ਪਰ ਸਖ਼ਤ ਕਾਰਵਾਈ ਨਾ ਹੋਣ ਕਾਰਨ ਇਹ ਗੈਰਕਾਨੂੰਨੀ ਧੰਦਾ ਰੁਕ ਨਹੀਂ ਰਿਹਾ।