Home Blog Page 308

Punjab News: ਪੰਜਾਬ ਪੁਲਿਸ ਨੇ ਲਾਂਚ ਕੀਤਾ ਨਵਾਂ SAANJH Citizen Portal, DGP ਗੌਰਵ ਯਾਦਵ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਲਈ 93 ਈ-ਸਕੂਟਰ ਕੀਤੇ ਰਵਾਨਾ

ਚੰਡੀਗੜ੍ਹ/ਜਲੰਧਰ, 10 ਜੂਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਜ਼ਨ ਅਨੁਸਾਰ ਨਾਗਰਿਕ-ਕੇਂਦਰਿਤ ਅਤੇ ਤਕਨਾਲੋਜੀ ਆਧਾਰਿਤ ਪੁਲਿਸਿੰਗ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਗੌਰਵ ਯਾਦਵ ਨੇ ਬੁੱਧਵਾਰ ਨੂੰ ਫਿਲੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿੱਚ ਨਵੇਂ SAANJH Citizen Portal ਦੀ ਸ਼ੁਰੂਆਤ ਕੀਤੀ।

ਇਸ ਮੌਕੇ DGP ਨੇ ਪੰਜਾਬ ਪੁਲਿਸ ਮਹਿਲਾ ਮਿਤਰ ਅਤੇ ਮਹਿਲਾ ਹੈਲਪ ਡੈਸਕਾਂ ਵਿੱਚ ਤਾਇਨਾਤ ਮਹਿਲਾ ਪੁਲਿਸ ਕਰਮਚਾਰੀਆਂ ਲਈ 93 ਈ-ਸਕੂਟਰਾਂ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨਾਲ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਲੋਕਾਂ ਤੱਕ ਪਹੁੰਚ ਹੋਰ ਬਿਹਤਰ ਹੋਵੇਗੀ।

ਮਹਿਲਾ ਪੁਲਿਸ ਕਰਮਚਾਰੀਆਂ ਲਈ 93 ਈ-ਸਕੂਟਰਾਂ ਨੂੰ ਵੀ ਹਰੀ ਝੰਡੀ
ਮਹਿਲਾ ਪੁਲਿਸ ਕਰਮਚਾਰੀਆਂ ਲਈ 93 ਈ-ਸਕੂਟਰਾਂ ਨੂੰ ਵੀ ਹਰੀ ਝੰਡੀ

SAANJH ਪੋਰਟਲ ਵਿੱਚ ਜੋੜੀਆਂ ਗਈਆਂ 14 ਨਵੀਆਂ ਸਹੂਲਤਾਂ

ਅਪਗ੍ਰੇਡ ਕੀਤੇ ਗਏ SAANJH Citizen Portal (saanjh.punjabpolice.gov.in) ਵਿੱਚ 14 ਨਵੀਆਂ ਨਾਗਰਿਕ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਉਦੇਸ਼ ਪੁਲਿਸ ਸੇਵਾਵਾਂ ਨੂੰ ਹੋਰ ਆਸਾਨ, ਪਾਰਦਰਸ਼ੀ ਅਤੇ ਤੇਜ਼ ਬਣਾਉਣਾ ਹੈ।

ਇਨ੍ਹਾਂ ਵਿੱਚ ਆਧਾਰ ਆਧਾਰਿਤ e-KYC ਰਾਹੀਂ ਪੁਲਿਸ ਵੈਰੀਫਿਕੇਸ਼ਨ, QR ਕੋਡ ਵਾਲੇ ਪ੍ਰਮਾਣ ਪੱਤਰ, ਡਿਜ਼ੀਟਲ ਭੁਗਤਾਨ ਰਸੀਦਾਂ, ਗੁੰਮ ਹੋਏ ਮੋਬਾਈਲ ਫੋਨਾਂ ਦੀ ਰਿਪੋਰਟਿੰਗ, ਪੂਰੀ ਤਰ੍ਹਾਂ ਪੇਪਰਲੈੱਸ ਕਿਰਾਏਦਾਰ ਤਸਦੀਕ ਪ੍ਰਣਾਲੀ, ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਸੇਵਾਵਾਂ ਅਤੇ ਪਾਸਪੋਰਟ ਵੈਰੀਫਿਕੇਸ਼ਨ ਅਧਿਕਾਰੀਆਂ ਲਈ ਫੀਡਬੈਕ ਸਿਸਟਮ ਸ਼ਾਮਲ ਹਨ।

ਪੰਜਾਬ ਪੁਲਿਸ ਮੁਤਾਬਕ ਫਰਵਰੀ 2025 ਤੋਂ ਹੁਣ ਤੱਕ ਇਸ ਫੀਡਬੈਕ ਪ੍ਰਣਾਲੀ ਰਾਹੀਂ 90,000 ਤੋਂ ਵੱਧ ਪ੍ਰਤੀਕਿਰਿਆਵਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ।

ਘਰ ਬੈਠੇ ਮਿਲਣਗੀਆਂ ਕਈ ਪੁਲਿਸ ਸੇਵਾਵਾਂ

DGP ਗੌਰਵ ਯਾਦਵ ਨੇ ਕਿਹਾ ਕਿ ਨਵਾਂ SAANJH ਪੋਰਟਲ ਤਕਨਾਲੋਜੀ, ਸੁਸ਼ਾਸਨ ਅਤੇ ਨਾਗਰਿਕ ਸੇਵਾਵਾਂ ਦਾ ਬਿਹਤਰੀਨ ਮਿਲਾਪ ਹੈ। ਇਸ ਨਾਲ ਲੋਕਾਂ ਨੂੰ ਪੁਲਿਸ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਲੋੜ ਘੱਟ ਹੋਵੇਗੀ ਅਤੇ ਵਿਚੋਲਿਆਂ ਦੀ ਭੂਮਿਕਾ ਵੀ ਖਤਮ ਹੋਵੇਗੀ।

ਉਨ੍ਹਾਂ ਦੱਸਿਆ ਕਿ ਪੋਰਟਲ ਨੂੰ ਵਾਹਨ NOC ਅਤੇ ਲਾਪਤਾ ਵਿਅਕਤੀਆਂ ਨਾਲ ਸਬੰਧਤ ਸੇਵਾਵਾਂ ਲਈ ਨੈਸ਼ਨਲ ਡਿਜ਼ੀਟਲ ਪੁਲਿਸ ਰਿਪੋਜ਼ਟਰੀ ਨਾਲ ਵੀ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਕਈ ਸੇਵਾਵਾਂ ਲਈ ਇੱਕ ਨਵਾਂ ਯੂਨਿਫਾਈਡ ਪੁਲਿਸ ਵੈਰੀਫਿਕੇਸ਼ਨ ਐਪ ਵੀ ਸ਼ੁਰੂ ਕੀਤਾ ਗਿਆ ਹੈ।

‘ਹੱਕ ਤੁਹਾਡਾ, ਫ਼ਰਜ਼ ਸਾਡਾ’ ਸਿਧਾਂਤ ‘ਤੇ ਕੰਮ ਕਰ ਰਹੀ ਪੰਜਾਬ ਪੁਲਿਸ

DGP ਨੇ ਕਿਹਾ ਕਿ ਪੰਜਾਬ ਪੁਲਿਸ ਕਮਿਊਨਿਟੀ ਪੁਲਿਸਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਯੁਵਾ ਸਾਂਝ, ਸਟੂਡੈਂਟ ਪੁਲਿਸ ਕੈਡੇਟ ਸਕੀਮ, ਜਾਗ੍ਰਿਤੀ, ਮਹਿਲਾ ਹੈਲਪ ਡੈਸਕ ਅਤੇ ਸਾਂਝ ਰਾਹਤ ਕੇਂਦਰਾਂ ਵਰਗੀਆਂ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਪਣੇ ਮੂਲ ਸਿਧਾਂਤ “ਹੱਕ ਤੁਹਾਡਾ, ਫ਼ਰਜ਼ ਸਾਡਾ” ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।

‘ਸ਼ੇਰਾ’ ਅਤੇ ‘ਸ਼ਕਤੀ’ ਨਾਮ ਦੇ ਨਵੇਂ ਮੈਸਕਾਟ ਲਾਂਚ

ਇਸ ਮੌਕੇ ਪੰਜਾਬ ਪੁਲਿਸ ਵੱਲੋਂ ‘ਸ਼ੇਰਾ’ ਅਤੇ ‘ਸ਼ਕਤੀ’ ਨਾਮ ਦੇ ਦੋ ਨਵੇਂ SAANJH ਮੈਸਕਾਟ ਵੀ ਲਾਂਚ ਕੀਤੇ ਗਏ। ਇਨ੍ਹਾਂ ਦਾ ਉਦੇਸ਼ ਪੁਲਿਸ ਅਤੇ ਲੋਕਾਂ ਵਿਚਕਾਰ ਸੰਚਾਰ ਨੂੰ ਹੋਰ ਦੋਸਤਾਨਾ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ।

ਸਮਾਗਮ ਦੌਰਾਨ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ, ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ, ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ, ਐੱਸਐੱਸਪੀ ਐੱਸਬੀਐੱਸ ਨਗਰ ਤੁਸ਼ਾਰ ਗੁਪਤਾ ਅਤੇ ਐੱਸਐੱਸਪੀ ਲੁਧਿਆਣਾ ਦਿਹਾਤੀ ਅੰਕੁਰ ਗੁਪਤਾ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।

Punjab News: NEET ਵਿਦਿਆਰਥੀਆਂ ਲਈ ਮੁਫ਼ਤ ਬੱਸ ਸਫ਼ਰ, 1,169 ਸਰਕਾਰੀ ਭਰਤੀਆਂ ਅਤੇ ਉਦਯੋਗਿਕ ਸੁਧਾਰਾਂ ਨੂੰ ਮਨਜ਼ੂਰੀ

ਚੰਡੀਗੜ੍ਹ, 10 ਜੂਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਿਨੇਟ ਦੀ ਮੀਟਿੰਗ ਵਿੱਚ ਵਿਦਿਆਰਥੀਆਂ, ਨੌਜਵਾਨਾਂ, ਉਦਯੋਗਾਂ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ। ਕੈਬਿਨੇਟ ਨੇ NEET ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਬੱਸ ਸਫ਼ਰ, 1,169 ਸਰਕਾਰੀ ਅਸਾਮੀਆਂ ‘ਤੇ ਭਰਤੀ, ਬਾਇਓਗੈਸ ਪ੍ਰੋਜੈਕਟਾਂ ਦੀ ਸਥਾਪਨਾ ਅਤੇ ਉਦਯੋਗਿਕ ਨੀਤੀ ਵਿੱਚ ਸੋਧਾਂ ਨੂੰ ਹਰੀ ਝੰਡੀ ਦਿੱਤੀ।

ਮੁੱਖ ਮੰਤਰੀ ਦਫ਼ਤਰ ਅਨੁਸਾਰ ਇਹ ਫੈਸਲੇ ਵਿਦਿਆਰਥੀ ਭਲਾਈ, ਰੋਜ਼ਗਾਰ ਸਿਰਜਣਾ, ਉਦਯੋਗਿਕ ਵਿਕਾਸ, ਸਾਫ਼ ਊਰਜਾ ਅਤੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਉਤਸ਼ਾਹਿਤ ਕਰਨ ਲਈ ਲਏ ਗਏ ਹਨ।

NEET ਉਮੀਦਵਾਰਾਂ ਅਤੇ ਇੱਕ ਸਹਾਇਕ ਲਈ ਮੁਫ਼ਤ ਬੱਸ ਯਾਤਰਾ

ਕੈਬਿਨੇਟ ਨੇ NEET UG ਦੀ ਮੁੜ ਹੋਣ ਵਾਲੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰੀਖਿਆ ਕੇਂਦਰਾਂ ਤੱਕ ਆਉਣ-ਜਾਣ ਲਈ ਮੁਫ਼ਤ ਬੱਸ ਸਹੂਲਤ ਮਨਜ਼ੂਰ ਕੀਤੀ ਹੈ।

3 ਮਈ 2026 ਨੂੰ ਹੋਣ ਵਾਲੀ NEET ਪ੍ਰੀਖਿਆ ਰੱਦ ਹੋਣ ਤੋਂ ਬਾਅਦ ਹੁਣ ਇਹ ਪ੍ਰੀਖਿਆ 21 ਜੂਨ 2026 ਨੂੰ ਕਰਵਾਈ ਜਾਵੇਗੀ। ਵਿਦਿਆਰਥੀ ਅਤੇ ਉਨ੍ਹਾਂ ਦਾ ਇੱਕ ਸਹਾਇਕ 20, 21 ਅਤੇ 22 ਜੂਨ ਨੂੰ ਪੰਜਾਬ ਰੋਡਵੇਜ਼, ਪਨਬੱਸ (PUNBUS) ਅਤੇ PRTC ਦੀਆਂ ਬੱਸਾਂ ਵਿੱਚ ਮੁਫ਼ਤ ਯਾਤਰਾ ਕਰ ਸਕਣਗੇ।

ਇਸ ਸਹੂਲਤ ਦਾ ਲਾਭ ਲੈਣ ਲਈ ਵਿਦਿਆਰਥੀਆਂ ਨੂੰ ਸਿਰਫ਼ ਆਪਣਾ ਐਡਮਿਟ ਕਾਰਡ ਦਿਖਾਉਣਾ ਹੋਵੇਗਾ।

1,013 ਲੈਕਚਰਾਰ ਅਤੇ 156 ਜੂਨੀਅਰ ਇੰਜੀਨੀਅਰਾਂ ਦੀ ਹੋਵੇਗੀ ਭਰਤੀ

ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਕੈਬਿਨੇਟ ਨੇ ਸਕੂਲ ਸਿੱਖਿਆ ਵਿਭਾਗ ਵਿੱਚ ਲੈਕਚਰਾਰ ਕੈਡਰ (ਗਰੁੱਪ-ਬੀ) ਦੀਆਂ 1,013 ਖਾਲੀ ਅਸਾਮੀਆਂ ਭਰਨ ਨੂੰ ਮਨਜ਼ੂਰੀ ਦਿੱਤੀ ਹੈ।

ਇਸ ਦੇ ਨਾਲ ਉਮੀਦਵਾਰਾਂ ਨੂੰ ਉੱਚ ਉਮਰ ਸੀਮਾ ਵਿੱਚ ਇੱਕ ਵਾਰ ਲਈ 5 ਸਾਲ ਦੀ ਛੋਟ ਵੀ ਦਿੱਤੀ ਗਈ ਹੈ।

ਕੈਬਿਨੇਟ ਨੇ ਲੋਕ ਨਿਰਮਾਣ ਵਿਭਾਗ (PWD) ਵਿੱਚ 156 ਜੂਨੀਅਰ ਇੰਜੀਨੀਅਰਾਂ ਦੀ ਭਰਤੀ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ 127 ਅਸਾਮੀਆਂ ਜੂਨੀਅਰ ਇੰਜੀਨੀਅਰ (ਸਿਵਲ) ਅਤੇ 29 ਅਸਾਮੀਆਂ ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ) ਦੀਆਂ ਹਨ। ਭਰਤੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਰਾਹੀਂ ਕੀਤੀ ਜਾਵੇਗੀ।

ਪਟਿਆਲਾ ਅਤੇ ਜਲੰਧਰ ਵਿੱਚ ਲੱਗਣਗੇ ਬਾਇਓਗੈਸ ਪ੍ਰੋਜੈਕਟ

ਟਿਕਾਊ ਕੂੜਾ ਪ੍ਰਬੰਧਨ ਅਤੇ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਕੈਬਿਨੇਟ ਨੇ ਪਟਿਆਲਾ ਅਤੇ ਜਲੰਧਰ ਵਿੱਚ 100-100 ਟਨ ਪ੍ਰਤੀ ਦਿਨ ਸਮਰੱਥਾ ਵਾਲੇ Wet Waste Based Compressed Biogas (CBG) ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ।

ਇਨ੍ਹਾਂ ਪ੍ਰੋਜੈਕਟਾਂ ਨਾਲ ਗਿੱਲੇ ਕੂੜੇ ਦਾ ਵਿਗਿਆਨਕ ਨਿਪਟਾਰਾ ਹੋਵੇਗਾ, ਲੈਂਡਫ਼ਿਲ ‘ਤੇ ਬੋਝ ਘਟੇਗਾ, ਸਫ਼ਾਈ ਵਿੱਚ ਸੁਧਾਰ ਆਵੇਗਾ ਅਤੇ ਸਾਫ਼ ਊਰਜਾ ਦਾ ਉਤਪਾਦਨ ਵਧੇਗਾ। ਇਸ ਨਾਲ ਜੈਵਿਕ ਖਾਦ ਦੇ ਉਤਪਾਦਨ ਅਤੇ ਮੀਥੇਨ ਗੈਸ ਦੇ ਨਿਕਾਸ ਵਿੱਚ ਵੀ ਕਮੀ ਆਵੇਗੀ।

ਸਿਵਲ ਸੇਵਾ ਨਿਯਮਾਂ ਅਤੇ ਉਦਯੋਗਿਕ ਨੀਤੀ ਵਿੱਚ ਸੋਧ

ਕੈਬਿਨੇਟ ਨੇ ਪੰਜਾਬ ਸਿਵਲ ਸਰਵਿਸਿਜ਼ ਨਿਯਮ, 1994 ਵਿੱਚ ਸੋਧ ਨੂੰ ਵੀ ਮਨਜ਼ੂਰੀ ਦਿੱਤੀ ਹੈ। ਹੁਣ ਜੇਕਰ ਦੋ ਉਮੀਦਵਾਰਾਂ ਦੀ ਮੈਰਿਟ ਅਤੇ ਜਨਮ ਮਿਤੀ ਇੱਕੋ ਜਿਹੀ ਹੋਵੇਗੀ ਤਾਂ ਸੀਨੀਅਰਿਟੀ ਘੱਟੋ-ਘੱਟ ਵਿਦਿਅਕ ਯੋਗਤਾ ਵਿੱਚ ਪ੍ਰਾਪਤ ਅੰਕਾਂ ਜਾਂ ਗ੍ਰੇਡਿੰਗ ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਪੰਜਾਬ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ-2026 ਵਿੱਚ ਵੀ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਨਵੀਂ ਵਿਵਸਥਾ ਤਹਿਤ ਵਿੱਤੀ ਪ੍ਰੋਤਸਾਹਨ ਸਿਰਫ਼ MSMEs ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਹੋਰ ਮੌਜੂਦਾ ਉਦਯੋਗਿਕ ਇਕਾਈਆਂ ਨੂੰ ਵੀ ਇਸ ਦਾ ਲਾਭ ਮਿਲੇਗਾ।

ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਸੁਧਾਰਾਂ ਨਾਲ ਨਿਵੇਸ਼ ਨੂੰ ਹੁਲਾਰਾ ਮਿਲੇਗਾ, ਉਦਯੋਗਿਕ ਵਿਕਾਸ ਤੇਜ਼ ਹੋਵੇਗਾ ਅਤੇ ਪੰਜਾਬ ਦੇਸ਼ ਦੇ ਪ੍ਰਮੁੱਖ ਨਿਵੇਸ਼ ਕੇਂਦਰਾਂ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰੇਗਾ।

Punjab News: ਪੰਜਾਬ ਵਿੱਚ 25 ਜੂਨ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਗਹਿਰੀ ਵੋਟਰ ਸੂਚੀ ਸੋਧ ਮੁਹਿੰਮ, ਚੋਣ ਵਿਭਾਗ ਪੂਰੀ ਤਰ੍ਹਾਂ ਤਿਆਰ

ਚੰਡੀਗੜ੍ਹ, 10 ਜੂਨ: ਪੰਜਾਬ ਦੀ ਮੁੱਖ ਚੋਣ ਅਧਿਕਾਰੀ (CEO) ਅਨਿੰਦਿਤਾ ਮਿਤਰਾ ਨੇ ਕਿਹਾ ਹੈ ਕਿ ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਸਹੀਅਤਾ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ। ਉਹ ਭਾਰਤ ਚੋਣ ਕਮਿਸ਼ਨ (ECI) ਦੇ ਨਿਰਦੇਸ਼ਾਂ ਅਨੁਸਾਰ ਆਯੋਜਿਤ ਤਿੰਨ ਦਿਨਾਂ ਰਾਜ ਪੱਧਰੀ ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰ ਰਹੀ ਸਨ।

ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ 25 ਜੂਨ 2026 ਤੋਂ ਵਿਸ਼ੇਸ਼ ਗਹਿਰੀ ਵੋਟਰ ਸੂਚੀ ਸੋਧ (Special Intensive Revision-2026) ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਪੁਸ਼ਟੀ ਅਤੇ ਅਪਡੇਟ ਕੀਤੀ ਜਾਵੇਗੀ।

ਰਾਜ ਭਰ ਦੇ 650 ਅਧਿਕਾਰੀਆਂ ਨੇ ਲਿਆ ਸਿਖਲਾਈ ਵਿੱਚ ਹਿੱਸਾ

ਇਹ ਰਾਜ ਪੱਧਰੀ ਸਿਖਲਾਈ ਪ੍ਰੋਗਰਾਮ 8 ਤੋਂ 10 ਜੂਨ 2026 ਤੱਕ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੀਆਂ 117 ਵਿਧਾਨ ਸਭਾ ਹਲਕਿਆਂ ਤੋਂ ਲਗਭਗ 650 ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ।

ਸਿਖਲਾਈ ਵਿੱਚ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ (ADEOs), ਇਲੈਕਟੋਰਲ ਰਜਿਸਟ੍ਰੇਸ਼ਨ ਅਧਿਕਾਰੀ (EROs), ਸਹਾਇਕ ਇਲੈਕਟੋਰਲ ਰਜਿਸਟ੍ਰੇਸ਼ਨ ਅਧਿਕਾਰੀ (AEROs), ਚੋਣ ਤਹਿਸੀਲਦਾਰ, ਜ਼ਿਲ੍ਹਾ ਮਾਸਟਰ ਲੈਵਲ ਟ੍ਰੇਨਰ (DMLTs) ਅਤੇ ਤਕਨੀਕੀ ਕਰਮਚਾਰੀ ਸ਼ਾਮਲ ਸਨ।

ਅਨਿੰਦਿਤਾ ਮਿਤਰਾ ਨੇ ਕਿਹਾ ਕਿ ਇਸ ਸਿਖਲਾਈ ਦੇ ਪੂਰਾ ਹੋਣ ਨਾਲ ਪੰਜਾਬ ਦਾ ਚੋਣ ਵਿਭਾਗ ਵਿਸ਼ੇਸ਼ ਗਹਿਰੀ ਵੋਟਰ ਸੂਚੀ ਸੋਧ ਮੁਹਿੰਮ ਨੂੰ ਸਫਲਤਾਪੂਰਵਕ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

11 ਤੋਂ 24 ਜੂਨ ਤੱਕ BLO ਅਤੇ BLA ਦੀ ਹੋਵੇਗੀ ਸਿਖਲਾਈ

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਗਹਿਰੀ ਸੋਧ ਮੁਹਿੰਮ ਦੀ ਤਿਆਰੀ ਦੇ ਤਹਿਤ 11 ਜੂਨ ਤੋਂ 24 ਜੂਨ 2026 ਤੱਕ ਸਾਰੇ ਜ਼ਿਲ੍ਹਿਆਂ ਵਿੱਚ ਬੂਥ ਲੈਵਲ ਅਫਸਰਾਂ (BLOs) ਅਤੇ ਬੂਥ ਲੈਵਲ ਏਜੰਟਾਂ (BLAs) ਨੂੰ ਸਿਖਲਾਈ ਦਿੱਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਨੇ ਹਾਜ਼ਰ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਵਿਸ਼ੇਸ਼ ਗਹਿਰੀ ਸੋਧ ਪ੍ਰੋਗਰਾਮ ਨਾਲ ਸਬੰਧਤ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਤੋਂ ਇਲਾਵਾ ਆਈਟੀ ਮਾਹਿਰਾਂ ਨੇ ਵੱਖ-ਵੱਖ ਡਿਜ਼ੀਟਲ ਅਤੇ ਤਕਨੀਕੀ ਮੋਡੀਊਲਾਂ ਬਾਰੇ ਪ੍ਰਯੋਗਿਕ ਸਿਖਲਾਈ ਦਿੱਤੀ, ਤਾਂ ਜੋ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਸਾਰੇ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਲਾਗੂ ਕਰਨ, ਤਾਂ ਜੋ ਵੋਟਰ ਸੂਚੀਆਂ ਨੂੰ ਹੋਰ ਵੀ ਸਹੀ ਅਤੇ ਪਾਰਦਰਸ਼ੀ ਬਣਾਇਆ ਜਾ ਸਕੇ।

20 ਤੋਂ 22 ਜੂਨ ਤੱਕ ਪੰਜਾਬ ਦੌਰੇ ਤੇ ਰਹਿ ਸਕਦੇ ਹਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ, 2027 ਚੋਣਾਂ ਲਈ ਸਰਗਰਮ ਹੋਈ ਪਾਰਟੀ

ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਨਤਾ ਪਾਰਟੀ ਨੇ ਸੂਬੇ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਇਸ ਮਹੀਨੇ ਪੰਜਾਬ ਦੌਰੇ ਦੀ ਤਿਆਰੀ ਚੱਲ ਰਹੀ ਹੈ। ਪ੍ਰਸਤਾਵਿਤ ਕਾਰਜਕ੍ਰਮ ਅਨੁਸਾਰ ਉਹ 20 ਤੋਂ 22 ਜੂਨ ਤੱਕ ਤਿੰਨ ਦਿਨ ਪੰਜਾਬ ਵਿੱਚ ਰਹਿ ਕੇ ਸੰਗਠਨਕ ਗਤੀਵਿਧੀਆਂ ਦਾ ਜਾਇਜ਼ਾ ਲੈ ਸਕਦੇ ਹਨ।

ਅੰਮ੍ਰਿਤਸਰ ਤੋਂ ਹੋ ਸਕਦੀ ਹੈ ਦੌਰੇ ਦੀ ਸ਼ੁਰੂਆਤ

ਸੂਤਰਾਂ ਅਨੁਸਾਰ ਨਿਤਿਨ ਨਬੀਨ ਆਪਣੇ ਦੌਰੇ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕਰਨ ਦੀ ਸੰਭਾਵਨਾ ਹੈ। ਉੱਥੇ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਦੁਰਗਿਆਣਾ ਮੰਦਰ ਅਤੇ ਜਲ੍ਹਿਆਂਵਾਲਾ ਬਾਗ ਵਿਖੇ ਵੀ ਜਾਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦੌਰੇ ਮਗਰੋਂ ਉਹ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤਾਂ ਕਰ ਸਕਦੇ ਹਨ।

ਚੋਣੀ ਰਣਨੀਤੀ ਨੂੰ ਲੈ ਕੇ ਹੋਣਗੀਆਂ ਅਹਿਮ ਬੈਠਕਾਂ

ਪੰਜਾਬ ਦੌਰਾਨ ਰਾਸ਼ਟਰੀ ਪ੍ਰਧਾਨ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ, ਜ਼ਿਲ੍ਹਾ ਇਕਾਈਆਂ ਅਤੇ ਕੋਰ ਕਮੇਟੀ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਉਮੀਦ ਹੈ। ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਵਰਗਾਂ ਨਾਲ ਸਿੱਧਾ ਸੰਪਰਕ ਬਣਾਉਣ ਲਈ ਵਿਸ਼ੇਸ਼ ਯੋਜਨਾ ‘ਤੇ ਵੀ ਚਰਚਾ ਹੋ ਸਕਦੀ ਹੈ। ਭਾਜਪਾ ਆਉਣ ਵਾਲੇ ਸਮੇਂ ਵਿੱਚ ਆਪਣੀ ਜਨ ਆਧਾਰ ਵਧਾਉਣ ਲਈ ਵਪਾਰੀਆਂ, ਕਿਸਾਨਾਂ ਅਤੇ ਬੁੱਧੀਜੀਵੀ ਵਰਗ ਨਾਲ ਸੰਵਾਦ ਨੂੰ ਤਰਜੀਹ ਦੇ ਰਹੀ ਹੈ।

ਸੂਬਾ ਇਕਾਈ ਦੀਆਂ ਕੋਸ਼ਿਸ਼ਾਂ ਨੂੰ ਮਿਲ ਰਿਹਾ ਕੇਂਦਰੀ ਸਹਿਯੋਗ

ਪਾਰਟੀ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਹਾਲ ਹੀ ਵਿੱਚ ਕੀਤੀਆਂ ਦਿੱਲੀ ਬੈਠਕਾਂ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਨੇ ਸੂਬੇ ਵਿੱਚ ਸੰਗਠਨਕ ਗਤੀਵਿਧੀਆਂ ਵਧਾਉਣ ‘ਤੇ ਜ਼ੋਰ ਦਿੱਤਾ ਹੈ। ਇਸੇ ਦੇ ਨਤੀਜੇ ਵਜੋਂ ਰਾਸ਼ਟਰੀ ਪੱਧਰ ਦੇ ਆਗੂਆਂ ਦੇ ਪੰਜਾਬ ਦੌਰਿਆਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ।

2027 ਲਈ ਜ਼ਮੀਨੀ ਪੱਧਰ ‘ਤੇ ਮਜ਼ਬੂਤੀ ਬਣਾਉਣ ‘ਤੇ ਧਿਆਨ

ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸਮੇਂ ਸਿਰ ਸ਼ੁਰੂ ਕਰਨਾ ਜ਼ਰੂਰੀ ਹੈ। ਇਸ ਮੰਤਵ ਨਾਲ ਪਾਰਟੀ ਬੂਥ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਨਿਤਿਨ ਨਬੀਨ ਦਾ ਸੰਭਾਵਿਤ ਦੌਰਾ ਇਸੇ ਮੁਹਿੰਮ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।

ਅਧਿਕਾਰਤ ਕਾਰਜਕ੍ਰਮ ਦੀ ਉਡੀਕ

ਭਾਜਪਾ ਦੇ ਮੀਡੀਆ ਵਿਭਾਗ ਨੇ ਦੱਸਿਆ ਕਿ ਦੌਰੇ ਦੀ ਰੂਪ-ਰੇਖਾ ਹਾਲੇ ਤਿਆਰੀ ਅਧੀਨ ਹੈ ਅਤੇ ਅੰਤਿਮ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਵਿਸਥਾਰਤ ਕਾਰਜਕ੍ਰਮ ਜਨਤਕ ਕੀਤਾ ਜਾਵੇਗਾ। ਪਾਰਟੀ ਵੱਲੋਂ ਜਲਦ ਹੀ ਦੌਰੇ ਸਬੰਧੀ ਅਧਿਕਾਰਤ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।

ਮੋਦੀ ਕੈਬਨਿਟ ਦੀ ਅਹਿਮ ਬੈਠਕ ’ਚ ਕਈ ਵੱਡੇ ਫ਼ੈਸਲਿਆਂ ਨੂੰ ਮਨਜ਼ੂਰੀ, ਅਮਰਾਵਤੀ ਲਈ ਦੋ ਪ੍ਰਮੁੱਖ ਪ੍ਰਾਜੈਕਟਾਂ ਨੂੰ ਮਿਲੀ ਹਰੀ ਝੰਡੀ

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੁੱਧਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਬੈਠਕ ਵਿੱਚ ਦੇਸ਼ ਦੇ ਵਿਕਾਸ, ਬੁਨਿਆਦੀ ਢਾਂਚੇ ਅਤੇ ਭਵਿੱਖ ਦੀ ਆਰਥਿਕ ਰਣਨੀਤੀ ਨਾਲ ਜੁੜੇ ਕਈ ਮਹੱਤਵਪੂਰਨ ਫ਼ੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ। ਬੈਠਕ ਤੋਂ ਬਾਅਦ ਜਾਣਕਾਰੀ ਅਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕੈਬਨਿਟ ਦੇ ਫ਼ੈਸਲਿਆਂ ਦੀ ਜਾਣਕਾਰੀ ਸਾਂਝੀ ਕੀਤੀ।

ਪ੍ਰਧਾਨ ਮੰਤਰੀ ਦੇ ਕਾਰਜਕਾਲ ਸਬੰਧੀ ਵਿਸ਼ੇਸ਼ ਮਤਾ ਪਾਸ

ਕੈਬਨਿਟ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਲੰਬਾ ਕਾਰਜਕਾਲ ਪੂਰਾ ਕਰਨ ਦੇ ਮੌਕੇ ਨੂੰ ਵੀ ਵਿਸ਼ੇਸ਼ ਤੌਰ ’ਤੇ ਦਰਜ ਕੀਤਾ ਗਿਆ। ਇਸ ਸਬੰਧੀ ਮੰਤਰੀ ਮੰਡਲ ਵੱਲੋਂ ਇੱਕ ਪ੍ਰਸਤਾਵ ਪਾਸ ਕਰਕੇ ਇਸ ਉਪਲਬਧੀ ਨੂੰ ਸਨਮਾਨਿਤ ਕੀਤਾ ਗਿਆ।

ਭਵਿੱਖ ਦੀ ਅਰਥਵਿਵਸਥਾ ਲਈ ‘ਸੱਤ ਸੰਕਲਪਾਂ’ ’ਤੇ ਜ਼ੋਰ

ਅਸ਼ਵਿਨੀ ਵੈਸ਼ਣਵ ਨੇ ਦੱਸਿਆ ਕਿ ਦੇਸ਼ ਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਨੇ ‘ਸੱਤ ਸੰਕਲਪ’ ਪੇਸ਼ ਕੀਤੇ ਹਨ। ਇਨ੍ਹਾਂ ਵਿੱਚ ਡਿਜ਼ੀਟਲ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ, ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨਾ, ਨਵੀਨਤਾ ਅਤੇ ਉਦਯੋਗਿਕ ਸੋਚ ਨੂੰ ਪ੍ਰੋਤਸਾਹਨ ਦੇਣਾ ਸ਼ਾਮਲ ਹੈ। ਇਸਦੇ ਨਾਲ ਹੀ ਹੁਨਰ ਵਿਕਾਸ, ਖੇਡਾਂ ਅਤੇ ਫਿਟਨੈੱਸ ਨਾਲ ਜੁੜੀਆਂ ਪਹਿਲਕਦਮੀਆਂ ਨੂੰ ਵੀ ਤਰਜੀਹ ਦੇਣ ਦੀ ਗੱਲ ਕਹੀ ਗਈ ਹੈ।

ਅਮਰਾਵਤੀ ਦੇ ਵਿਕਾਸ ਲਈ ਕੇਂਦਰ ਦਾ ਵੱਡਾ ਕਦਮ

ਕੈਬਨਿਟ ਨੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਅਮਰਾਵਤੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਦੋ ਮਹੱਤਵਪੂਰਨ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਕੇਂਦਰੀ ਸਰਕਾਰੀ ਜਨਰਲ ਪੂਲ ਦਫ਼ਤਰੀ ਰਿਹਾਇਸ਼ੀ ਕੰਪਲੈਕਸ (CGGPOA) ਅਤੇ ਜਨਰਲ ਪੂਲ ਰਿਹਾਇਸ਼ੀ ਆਵਾਸ (GPRA) ਪ੍ਰਾਜੈਕਟ ਸ਼ਾਮਲ ਹਨ।

ਸਰਕਾਰੀ ਦਫ਼ਤਰਾਂ ਅਤੇ ਰਿਹਾਇਸ਼ੀ ਸਹੂਲਤਾਂ ਨੂੰ ਮਿਲੇਗੀ ਰਫ਼ਤਾਰ

ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਨਵੀਆਂ ਮਨਜ਼ੂਰੀਆਂ ਨਾਲ ਅਮਰਾਵਤੀ ਵਿੱਚ ਸਰਕਾਰੀ ਦਫ਼ਤਰਾਂ, ਕਰਮਚਾਰੀਆਂ ਲਈ ਰਿਹਾਇਸ਼ੀ ਸਹੂਲਤਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤੇਜ਼ੀ ਮਿਲੇਗੀ। ਇਸ ਨਾਲ ਰਾਜਧਾਨੀ ਸ਼ਹਿਰ ਦੇ ਨਿਰਮਾਣ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਾਪਤ ਹੋਵੇਗੀ।

ਹੁਨਰਮੰਦ ਅਤੇ ਤੰਦਰੁਸਤ ਭਾਰਤ ਦੀ ਦਿਸ਼ਾ ਵਿੱਚ ਯਤਨ

ਕੈਬਨਿਟ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਆਰਥਿਕ ਤਰੱਕੀ ਲਈ ਕੇਵਲ ਉਦਯੋਗ ਹੀ ਨਹੀਂ, ਸਗੋਂ ਹੁਨਰਮੰਦ ਅਤੇ ਸਿਹਤਮੰਦ ਮਨੁੱਖੀ ਸੰਸਾਧਨ ਵੀ ਬਰਾਬਰ ਮਹੱਤਵ ਰੱਖਦੇ ਹਨ। ਇਸ ਲਈ ਹੁਨਰ ਵਿਕਾਸ, ਨਵੀਨਤਾ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਯੋਜਨਾਵਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਧਿਆਨ ਦਿੱਤਾ ਜਾਵੇਗਾ।

ਗੁਰਦੁਆਰਾ ਸਾਹਿਬਾਨ ਦੀ ਬਿਜਲੀ ਵਿਵਸਥਾ ਤੁਰੰਤ ਚੈੱਕ ਕਰਵਾਉਣ ਦੇ ਆਦੇਸ਼; ਗਰਮੀ ਦੌਰਾਨ ਅੱਗ ਦੀਆਂ ਘਟਨਾਵਾਂ ਰੋਕਣ ਲਈ ਜਥੇਦਾਰ ਟੇਕ ਸਿੰਘ ਦੀ ਅਪੀਲ

ਤਲਵੰਡੀ ਸਾਬੋ :- ਗਰਮੀ ਦੇ ਮੌਸਮ ਦੌਰਾਨ ਗੁਰਦੁਆਰਾ ਸਾਹਿਬਾਨ ਵਿੱਚ ਸ਼ਾਰਟ ਸਰਕਟ ਕਾਰਨ ਵਾਪਰ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਨੂੰ ਤੁਰੰਤ ਸੁਰੱਖਿਆ ਉਪਾਅ ਅਪਣਾਉਣ ਲਈ ਕਿਹਾ ਹੈ। ਉਨ੍ਹਾਂ ਹਦਾਇਤ ਕੀਤੀ ਕਿ ਗੁਰਦੁਆਰਾ ਸਾਹਿਬਾਨ ਅੰਦਰ ਖ਼ਾਸ ਕਰਕੇ ਸੱਚਖੰਡ ਸਾਹਿਬ ਵਿੱਚ ਲੱਗੀ ਬਿਜਲੀ ਫਿਟਿੰਗ ਦੀ ਜਾਂਚ ਕਰਵਾ ਕੇ ਹਰ ਸੰਭਾਵਿਤ ਖ਼ਤਰੇ ਨੂੰ ਦੂਰ ਕੀਤਾ ਜਾਵੇ।

ਗੁਰਦੁਆਰਾ ਆਕੀਗੜ੍ਹ ਸਾਹਿਬ ਦੀ ਘਟਨਾ ‘ਤੇ ਜਤਾਇਆ ਦੁੱਖ

ਜਥੇਦਾਰ ਟੇਕ ਸਿੰਘ ਨੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂੰਮ ਸਥਿਤ ਗੁਰਦੁਆਰਾ ਆਕੀਗੜ੍ਹ ਸਾਹਿਬ ਵਿੱਚ ਸ਼ਾਰਟ ਸਰਕਟ ਕਾਰਨ ਵਾਪਰੀ ਅੱਗ ਦੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਚਿੰਤਾ ਦਾ ਵਿਸ਼ਾ ਹਨ, ਸਗੋਂ ਇਹ ਸੁਰੱਖਿਆ ਪ੍ਰਬੰਧਾਂ ਵਿੱਚ ਵਧੇਰੇ ਸਾਵਧਾਨੀ ਦੀ ਲੋੜ ਨੂੰ ਵੀ ਦਰਸਾਉਂਦੀਆਂ ਹਨ।

ਪੱਖਿਆਂ ਅਤੇ ਬਲਬਾਂ ਦੀ ਸਥਾਪਨਾ ਸਬੰਧੀ ਵਿਸ਼ੇਸ਼ ਨਿਰਦੇਸ਼

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਨੇੜੇ ਲੱਗੇ ਬਿਜਲੀ ਪੱਖਿਆਂ ਅਤੇ ਵੱਧ ਗਰਮੀ ਪੈਦਾ ਕਰਨ ਵਾਲੇ ਬਲਬਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਲੰਬੇ ਸਮੇਂ ਤੱਕ ਚੱਲਣ ਵਾਲੇ ਬਿਜਲੀ ਉਪਕਰਨ ਕਈ ਵਾਰ ਗਰਮ ਹੋ ਕੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਇਸ ਲਈ ਇਨ੍ਹਾਂ ਦੀ ਸਥਿਤੀ ਅਤੇ ਦੂਰੀ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ।

ਨੰਗੀਆਂ ਅਤੇ ਖ਼ਰਾਬ ਤਾਰਾਂ ਤੁਰੰਤ ਬਦਲਣ ਦੀ ਹਦਾਇਤ

ਜਥੇਦਾਰ ਸਾਹਿਬ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿੱਚ ਜਿੱਥੇ ਵੀ ਪੁਰਾਣੀ, ਕਮਜ਼ੋਰ ਜਾਂ ਨੰਗੀ ਬਿਜਲੀ ਤਾਰ ਮੌਜੂਦ ਹੈ, ਉਸ ਨੂੰ ਤੁਰੰਤ ਬਦਲਿਆ ਜਾਵੇ। ਨਾਲ ਹੀ ਬਿਜਲੀ ਉਪਕਰਨਾਂ ਦੀ ਨਿਯਮਤ ਜਾਂਚ ਅਤੇ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਪਹਿਲਾਂ ਹੀ ਬਚਾਅ ਕੀਤਾ ਜਾ ਸਕੇ।

ਪਾਵਨ ਸਰੂਪਾਂ ਦੀ ਸੁਰੱਖਿਆ ਸਭ ਤੋਂ ਵੱਡੀ ਜ਼ਿੰਮੇਵਾਰੀ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਅਤੇ ਸਤਿਕਾਰ ਹਰ ਪ੍ਰਬੰਧਕ ਅਤੇ ਸੇਵਾਦਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਗਰਮੀ ਦੇ ਦਿਨਾਂ ਵਿੱਚ ਛੋਟੀ ਜਿਹੀ ਲਾਪਰਵਾਹੀ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ, ਇਸ ਲਈ ਹਰ ਪੱਧਰ ‘ਤੇ ਚੌਕਸੀ ਵਰਤਣੀ ਲਾਜ਼ਮੀ ਹੈ।

ਸੁਰੱਖਿਆ ਪ੍ਰਬੰਧਾਂ ਲਈ ਸਾਂਝੇ ਯਤਨਾਂ ਦੀ ਲੋੜ

ਜਥੇਦਾਰ ਟੇਕ ਸਿੰਘ ਨੇ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਵਿਭਾਗ ਅਤੇ ਤਕਨੀਕੀ ਮਾਹਿਰਾਂ ਦੇ ਸਹਿਯੋਗ ਨਾਲ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ। ਉਨ੍ਹਾਂ ਕਿਹਾ ਕਿ ਸਮੇਂ ਸਿਰ ਚੁੱਕੇ ਗਏ ਕਦਮ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਹਾਈਡਲ ਨਹਿਰ ਦੇ ਪਾਣੀ ਨੇ ਵਧਾਈ ਚਿੰਤਾ; ਭਾਨੂੰਪਲੀ ਨੇੜੇ ਓਵਰਫਲੋ ਹੋਣ ਨਾਲ ਪਿੰਡ ਵਾਸੀਆਂ ਵਿੱਚ ਦਹਿਸ਼ਤ

ਸ੍ਰੀ ਅਨੰਦਪੁਰ ਸਾਹਿਬ :- ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਭਾਨੂੰਪਲੀ ਖੇਤਰ ਵਿੱਚ ਹਾਈਡਲ ਨਹਿਰ ਦਾ ਪਾਣੀ ਅਚਾਨਕ ਕੰਢਿਆਂ ਤੋਂ ਬਾਹਰ ਆਉਣ ਕਾਰਨ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਪਾਣੀ ਦੇ ਪੱਧਰ ਵਿੱਚ ਅਚਾਨਕ ਹੋਏ ਵਾਧੇ ਨੇ ਨਹਿਰ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਕਰ ਦਿੱਤਾ ਅਤੇ ਕੁਝ ਸਮੇਂ ਲਈ ਸੁਰੱਖਿਆ ਨੂੰ ਲੈ ਕੇ ਸਹਿਮ ਦੀ ਸਥਿਤੀ ਪੈਦਾ ਹੋ ਗਈ।

ਸੂਚਨਾ ਮਿਲਦੇ ਹੀ ਅਧਿਕਾਰੀ ਮੌਕੇ ’ਤੇ ਪਹੁੰਚੇ

ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਿਵਲ ਵਿੰਗ ਦੇ ਅਧਿਕਾਰੀ ਅਤੇ ਤਕਨੀਕੀ ਟੀਮ ਮੌਕੇ ’ਤੇ ਪੁੱਜ ਗਈ। ਅਧਿਕਾਰੀਆਂ ਵੱਲੋਂ ਨਹਿਰ ਅਤੇ ਆਸ-ਪਾਸ ਦੇ ਖੇਤਰ ਦਾ ਮੁਆਇਨਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ।

ਕਚਰਾ ਜਮ੍ਹਾ ਹੋਣ ਕਾਰਨ ਰੁਕਿਆ ਪਾਣੀ ਦਾ ਵਹਾਅ

ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਨਹਿਰ ਦੇ ਸਾਇਫਨ ਨਜ਼ਦੀਕ ਪਲਾਸਟਿਕ ਅਤੇ ਹੋਰ ਕੂੜਾ-ਕਰਕਟ ਇਕੱਠਾ ਹੋ ਜਾਣ ਕਾਰਨ ਪਾਣੀ ਦੇ ਕੁਦਰਤੀ ਵਹਾਅ ਵਿੱਚ ਰੁਕਾਵਟ ਪੈਦਾ ਹੋਈ। ਇਸ ਕਾਰਨ ਪਾਣੀ ਦਾ ਦਬਾਅ ਵਧਣ ਨਾਲ ਕੁਝ ਥਾਵਾਂ ’ਤੇ ਪਾਣੀ ਨਹਿਰ ਤੋਂ ਬਾਹਰ ਨਿਕਲ ਆਇਆ।

ਮੌਜੂਦਾ ਸਮੇਂ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ

ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ ਪਾਣੀ ਦਾ ਵਹਾਅ ਆਮ ਹੈ ਅਤੇ ਨਹਿਰ ਵਿੱਚ ਕਿਸੇ ਕਿਸਮ ਦੀ ਓਵਰਫਲੋ ਦੀ ਸਥਿਤੀ ਨਹੀਂ ਹੈ। ਸਬੰਧਤ ਟੀਮਾਂ ਵੱਲੋਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਪੂਰੇ ਖੇਤਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਸਥਿਤੀ ਦੁਬਾਰਾ ਪੈਦਾ ਨਾ ਹੋਵੇ।

ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ

ਪ੍ਰਸ਼ਾਸਨ ਅਤੇ ਵਿਭਾਗੀ ਅਧਿਕਾਰੀਆਂ ਨੇ ਇਲਾਕਾ ਵਾਸੀਆਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਘਬਰਾਉਣ ਦੀ ਲੋੜ ਨਾ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਥਿਤੀ ਪੂਰੀ ਤਰ੍ਹਾਂ ਨਿਯੰਤਰਣ ਵਿੱਚ ਹੈ ਅਤੇ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਰੋਕਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ।

ਡਰੋਨ ਖ਼ਤਰੇ ਨੂੰ ਰੋਕਣ ਲਈ ਭਾਰਤ ਦੀ ਵੱਡੀ ਤਿਆਰੀ; ਸਰਹੱਦਾਂ ‘ਤੇ ਜਲਦ ਲੱਗੇਗਾ ਸਵਦੇਸ਼ੀ ਐਂਟੀ-ਡਰੋਨ ਸੁਰੱਖਿਆ ਕਵਚ

ਨਵੀਂ ਦਿੱਲੀ :- ਦੇਸ਼ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਹੋਰ ਮਜ਼ਬੂਤ ਅਤੇ ਤਕਨੀਕੀ ਤੌਰ ‘ਤੇ ਅਧੁਨਿਕ ਬਣਾਉਣ ਲਈ ਕੇਂਦਰ ਸਰਕਾਰ ਨੇ ਸਵਦੇਸ਼ੀ ਐਂਟੀ-ਡਰੋਨ ਪ੍ਰਣਾਲੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਸਰਕਾਰੀ ਪੱਧਰ ‘ਤੇ ਚੱਲ ਰਹੀਆਂ ਤਿਆਰੀਆਂ ਅਨੁਸਾਰ ਇਹ ਪ੍ਰਣਾਲੀ ਜਲਦ ਹੀ ਉਹਨਾਂ ਸਰਹੱਦੀ ਇਲਾਕਿਆਂ ਵਿੱਚ ਤਾਇਨਾਤ ਕੀਤੀ ਜਾਵੇਗੀ ਜਿੱਥੇ ਪਿਛਲੇ ਕੁਝ ਸਾਲਾਂ ਦੌਰਾਨ ਡਰੋਨਾਂ ਰਾਹੀਂ ਘੁਸਪੈਠ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

ਸਮਾਰਟ ਬਾਰਡਰ ਗਰਿੱਡ ਨਾਲ ਹੋਵੇਗੀ ਚੌਵੀ ਘੰਟੇ ਨਿਗਰਾਨੀ

ਕੇਂਦਰੀ ਗ੍ਰਹਿ ਮੰਤਰਾਲੇ ਨਾਲ ਜੁੜੇ ਸੂਤਰਾਂ ਮੁਤਾਬਕ ਸਰਕਾਰ “ਸਮਾਰਟ ਬਾਰਡਰ ਗਰਿੱਡ” ਪ੍ਰਾਜੈਕਟ ਨੂੰ ਵੀ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ। ਇਸ ਯੋਜਨਾ ਤਹਿਤ ਉੱਚ ਤਕਨੀਕੀ ਰਾਡਾਰ, ਸਮਾਰਟ ਸੈਂਸਰ, ਆਰਟੀਫ਼ਿਸ਼ਲ ਇੰਟੈਲੀਜੈਂਸ ਆਧਾਰਿਤ ਕੈਮਰੇ ਅਤੇ ਡਿਜੀਟਲ ਨਿਗਰਾਨੀ ਪ੍ਰਣਾਲੀਆਂ ਨੂੰ ਇੱਕਜੁੱਟ ਕਰਕੇ ਸਰਹੱਦਾਂ ਦੀ ਰੀਅਲ-ਟਾਈਮ ਮਾਨੀਟਰਿੰਗ ਕੀਤੀ ਜਾਵੇਗੀ। ਇਸ ਨਾਲ ਡਰੋਨ ਗਤੀਵਿਧੀਆਂ ਅਤੇ ਸ਼ੱਕੀ ਹਲਚਲ ‘ਤੇ ਤੁਰੰਤ ਨਜ਼ਰ ਰੱਖੀ ਜਾ ਸਕੇਗੀ।

ਡਰੋਨਾਂ ਰਾਹੀਂ ਵਧੀਆਂ ਚੁਣੌਤੀਆਂ ਬਣੀਆਂ ਚਿੰਤਾ ਦਾ ਕਾਰਨ

ਪੰਜਾਬ, ਜੰਮੂ-ਕਸ਼ਮੀਰ ਅਤੇ ਹੋਰ ਸਰਹੱਦੀ ਖੇਤਰਾਂ ਵਿੱਚ ਹਾਲੀਆ ਸਮੇਂ ਦੌਰਾਨ ਡਰੋਨਾਂ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਸਮੱਗਰੀ ਭੇਜਣ ਦੀਆਂ ਕੋਸ਼ਿਸ਼ਾਂ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਬਣੀਆਂ ਹਨ। ਕਈ ਮਾਮਲਿਆਂ ਵਿੱਚ ਹਥਿਆਰ, ਨਸ਼ੀਲੇ ਪਦਾਰਥ ਅਤੇ ਵਿਸਫੋਟਕ ਸਮੱਗਰੀ ਡਰੋਨਾਂ ਰਾਹੀਂ ਭਾਰਤੀ ਖੇਤਰ ਵਿੱਚ ਸੁੱਟਣ ਦੇ ਯਤਨ ਸਾਹਮਣੇ ਆਏ ਹਨ। ਇਨ੍ਹਾਂ ਖ਼ਤਰਿਆਂ ਨਾਲ ਨਜਿੱਠਣ ਲਈ ਸਰਕਾਰ ਨੇ ਤਕਨੀਕੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ।

ਚਾਰ ਪੱਧਰੀ ਸੁਰੱਖਿਆ ਪ੍ਰਣਾਲੀ ‘ਤੇ ਕੰਮ ਜਾਰੀ

ਸਰਹੱਦੀ ਸੁਰੱਖਿਆ ਨੂੰ ਨਵਾਂ ਰੂਪ ਦੇਣ ਲਈ “ਇੰਪੇਨੇਟ੍ਰੇਬਲ ਸਿਕਿਉਰਿਟੀ ਗਰਿੱਡ” ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਅਧੀਨ ਚਾਰ ਵੱਖ-ਵੱਖ ਪੱਧਰਾਂ ‘ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣਗੇ। ਪਹਿਲੇ ਪੱਧਰ ‘ਤੇ ਬੀਐਸਐਫ ਅਤੇ ਐਸਐਸਬੀ ਵਰਗੇ ਸੁਰੱਖਿਆ ਬਲਾਂ ਦੀ ਤਾਇਨਾਤੀ ਹੋਵੇਗੀ। ਦੂਜੇ ਪੱਧਰ ‘ਤੇ ਐਂਟੀ-ਡਰੋਨ ਸਿਸਟਮ, ਰਾਡਾਰ ਅਤੇ ਸਮਾਰਟ ਸੈਂਸਰ ਵਰਗੀ ਤਕਨਾਲੋਜੀ ਕੰਮ ਕਰੇਗੀ। ਤੀਜੇ ਪੱਧਰ ‘ਤੇ ਸਥਾਨਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਭੂਮਿਕਾ ਰਹੇਗੀ, ਜਦਕਿ ਚੌਥੇ ਪੱਧਰ ‘ਤੇ ਸਰਹੱਦੀ ਇਲਾਕਿਆਂ ਦੇ ਲੋਕਾਂ ਅਤੇ ਜਨ ਪ੍ਰਤੀਨਿਧੀਆਂ ਦਾ ਸਹਿਯੋਗ ਲਿਆ ਜਾਵੇਗਾ।

ਸੰਵੇਦਨਸ਼ੀਲ ਖੇਤਰਾਂ ‘ਚ ਪਹਿਲੇ ਪੜਾਅ ਦੀ ਤਾਇਨਾਤੀ

ਮਿਲੀ ਜਾਣਕਾਰੀ ਅਨੁਸਾਰ ਪ੍ਰਾਜੈਕਟ ਦੇ ਪਹਿਲੇ ਪੜਾਅ ਤਹਿਤ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੇ ਕੁਝ ਸਭ ਤੋਂ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਇਸ ਤਕਨਾਲੋਜੀ ਦੀ ਸ਼ੁਰੂਆਤੀ ਤਾਇਨਾਤੀ ਕੀਤੀ ਜਾਵੇਗੀ। ਇਨ੍ਹਾਂ ਸਥਾਨਾਂ ‘ਤੇ ਪ੍ਰਣਾਲੀ ਦੀ ਕਾਰਗੁਜ਼ਾਰੀ ਅਤੇ ਤਕਨੀਕੀ ਸਮਰੱਥਾ ਦਾ ਮੁਲਾਂਕਣ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਸਨੂੰ ਹੋਰ ਖੇਤਰਾਂ ਤੱਕ ਵਧਾਇਆ ਜਾਵੇਗਾ।

ਏਆਈ ਆਧਾਰਿਤ ਨਿਗਰਾਨੀ ਪ੍ਰਣਾਲੀਆਂ ਦੀ ਹੋਵੇਗੀ ਜਾਂਚ

ਅਗਲੇ ਕੁਝ ਮਹੀਨਿਆਂ ਦੌਰਾਨ ਏਆਈ-ਸੰਚਾਲਿਤ ਐਂਟੀ-ਡਰੋਨ ਤਕਨਾਲੋਜੀ, ਇੰਟਰਸੈਪਟਰ ਡਰੋਨ, ਆਧੁਨਿਕ ਰਾਡਾਰ ਅਤੇ ਸਮਾਰਟ ਫੈਂਸਿੰਗ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਪੁਰਾਣੀ ਹੋ ਚੁੱਕੀ ਸਰਹੱਦੀ ਵਾੜ ਨੂੰ ਵੀ ਨਵੀਂ ਤਕਨੀਕ ਨਾਲ ਬਦਲਣ ਦਾ ਕੰਮ ਜਾਰੀ ਹੈ।

2027 ਤੱਕ ਵੱਡੇ ਪੱਧਰ ‘ਤੇ ਲਾਗੂ ਕਰਨ ਦਾ ਟੀਚਾ

ਸਰਕਾਰ ਦੀ ਯੋਜਨਾ ਹੈ ਕਿ ਪਾਇਲਟ ਪ੍ਰਾਜੈਕਟ ਸਫ਼ਲ ਰਹਿਣ ਤੋਂ ਬਾਅਦ ਇਸਨੂੰ ਪੜਾਅਵਾਰ ਢੰਗ ਨਾਲ ਪੂਰੀ ਸਰਹੱਦ ‘ਤੇ ਲਾਗੂ ਕੀਤਾ ਜਾਵੇ। ਖ਼ਾਸ ਤੌਰ ‘ਤੇ ਪੰਜਾਬ, ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਰਾਜਾਂ ਦੀਆਂ ਸਰਹੱਦਾਂ ਨੂੰ ਤਕਨਾਲੋਜੀ ਆਧਾਰਿਤ ਨਿਗਰਾਨੀ ਪ੍ਰਣਾਲੀਆਂ ਨਾਲ ਲੈਸ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਟੀਚਾ 2027 ਤੱਕ ਸਰਹੱਦੀ ਸੁਰੱਖਿਆ ਨੂੰ ਵੱਡੇ ਪੱਧਰ ‘ਤੇ ਡਿਜੀਟਲ ਅਤੇ ਸਮਾਰਟ ਬਣਾਉਣਾ ਹੈ।

ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਦੀ ਭੂਮਿਕਾ ਵੀ ਅਹਿਮ

ਨਵੀਂ ਨੀਤੀ ਅਨੁਸਾਰ ਸੁਰੱਖਿਆ ਬਲਾਂ ਨੂੰ ਸਰਹੱਦ ਨਾਲ ਲੱਗਦੇ 50 ਕਿਲੋਮੀਟਰ ਖੇਤਰ ਵਿੱਚ ਹੋਣ ਵਾਲੀ ਹਰ ਸ਼ੱਕੀ ਗਤੀਵਿਧੀ ‘ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮਕਸਦ ਲਈ ਪੁਲਿਸ, ਪ੍ਰਸ਼ਾਸਨ, ਪੰਚਾਇਤੀ ਨੁਮਾਇੰਦਿਆਂ ਅਤੇ ਸਥਾਨਕ ਲੋਕਾਂ ਵਿਚਾਲੇ ਤਾਲਮੇਲ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਡਰੋਨ ਰਾਹੀਂ ਹੋਣ ਵਾਲੀ ਕਿਸੇ ਵੀ ਗੈਰ-ਕਾਨੂੰਨੀ ਸਰਗਰਮੀ ਨੂੰ ਤੁਰੰਤ ਨਾਕਾਮ ਬਣਾਇਆ ਜਾ ਸਕੇ।

ਸਵਦੇਸ਼ੀ ਤਕਨਾਲੋਜੀ ਨਾਲ ਆਤਮਨਿਰਭਰ ਸੁਰੱਖਿਆ ਵੱਲ ਕਦਮ

ਰੱਖਿਆ ਖੇਤਰ ਨਾਲ ਜੁੜੀਆਂ ਦੇਸੀ ਕੰਪਨੀਆਂ ਦੇ ਸਹਿਯੋਗ ਨਾਲ ਤਿਆਰ ਕੀਤੀ ਜਾ ਰਹੀ ਇਹ ਪ੍ਰਣਾਲੀ ਨਾ ਸਿਰਫ਼ ਸਰਹੱਦਾਂ ਦੀ ਸੁਰੱਖਿਆ ਨੂੰ ਨਵਾਂ ਆਯਾਮ ਦੇਵੇਗੀ, ਸਗੋਂ ਰੱਖਿਆ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੀ ਆਤਮਨਿਰਭਰਤਾ ਨੂੰ ਵੀ ਮਜ਼ਬੂਤ ਕਰੇਗੀ। ਸਰਕਾਰ ਨੂੰ ਉਮੀਦ ਹੈ ਕਿ ਇਹ ਪ੍ਰਾਜੈਕਟ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਦੱਖਣੀ ਅਫਰੀਕਾ ਦੀ ਬਸਤੀ ਵਿੱਚ ਅੰਨ੍ਹੇਵਾਹ ਗੋਲੀਬਾਰੀ, 12 ਵਿਅਕਤੀਆਂ ਦੀ ਮੌਤ; 9 ਜ਼ਖ਼ਮੀ….

ਅਫ਼ਰੀਕਾ :- ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਸ਼ਹਿਰ ਨੇੜੇ ਸਥਿਤ ਇੱਕ ਗ਼ੈਰ-ਰਸਮੀ ਬਸਤੀ ਵਿੱਚ ਮੰਗਲਵਾਰ ਸ਼ਾਮ ਵਾਪਰੀ ਖੂਨੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਹਥਿਆਰਬੰਦ ਹਮਲਾਵਰਾਂ ਦੇ ਇੱਕ ਗਰੁੱਪ ਨੇ ਅੰਨ੍ਹੇਵਾਹ ਗੋਲੀਬਾਰੀ ਕਰਦਿਆਂ ਘੱਟੋ-ਘੱਟ 12 ਲੋਕਾਂ ਦੀ ਜਾਨ ਲੈ ਲਈ, ਜਦਕਿ 9 ਹੋਰ ਜ਼ਖ਼ਮੀ ਹੋ ਗਏ।

ਬਸਤੀ ਦੇ ਕਈ ਹਿੱਸਿਆਂ ਨੂੰ ਬਣਾਇਆ ਨਿਸ਼ਾਨਾ

ਪੁਲਿਸ ਅਨੁਸਾਰ ਇਹ ਹਮਲਾ ਜੋਹਾਨਸਬਰਗ ਦੇ ਪੂਰਬੀ ਖੇਤਰ ਕਲੀਵਲੈਂਡ ਵਿੱਚ ਸਥਿਤ ਜੰਪਰਜ਼ ਬਸਤੀ ਵਿੱਚ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇੱਕ ਚਿੱਟੇ ਰੰਗ ਦੇ ਵਾਹਨ ਵਿੱਚ ਸਵਾਰ ਹੋ ਕੇ ਪਹੁੰਚੇ ਅਤੇ ਦੋ ਵੱਖ-ਵੱਖ ਰਸਤਿਆਂ ਰਾਹੀਂ ਬਸਤੀ ਅੰਦਰ ਦਾਖਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਥਾਵਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।

ਮ੍ਰਿਤਕਾਂ ਵਿੱਚ ਮਰਦਾਂ ਦੇ ਨਾਲ ਮਹਿਲਾਵਾਂ ਵੀ ਸ਼ਾਮਲ

ਘਟਨਾ ਮਗਰੋਂ ਪੁਲਿਸ ਅਤੇ ਐਮਰਜੈਂਸੀ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਕਈ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ, ਜਦਕਿ ਇੱਕ ਹੋਰ ਜ਼ਖ਼ਮੀ ਵਿਅਕਤੀ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਹਮਲੇ ਦੇ ਕਾਰਨਾਂ ਦੀ ਜਾਂਚ ਵਿੱਚ ਜੁਟੀ ਪੁਲਿਸ

ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ 10 ਤੋਂ ਵੱਧ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲੇ ਤੱਕ ਹਮਲੇ ਦੇ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਜਾਂਚ ਟੀਮ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਤਫ਼ਤੀਸ਼ ਕਰ ਰਹੀ ਹੈ।

ਗੈਰ-ਕਾਨੂੰਨੀ ਖਣਨ ਗਤੀਵਿਧੀਆਂ ਨਾਲ ਸਬੰਧ ਦੀ ਵੀ ਜਾਂਚ

ਸੁਰੱਖਿਆ ਏਜੰਸੀਆਂ ਇਹ ਵੀ ਖੰਗਾਲ ਰਹੀਆਂ ਹਨ ਕਿ ਕੀ ਇਸ ਘਟਨਾ ਦਾ ਸਬੰਧ ਗੈਰ-ਕਾਨੂੰਨੀ ਖਣਨ ਨਾਲ ਜੁੜੇ ਅਪਰਾਧਿਕ ਗਰੁੱਪਾਂ ਨਾਲ ਹੈ। ਜੋਹਾਨਸਬਰਗ ਅਤੇ ਇਸਦੇ ਆਸ-ਪਾਸ ਦੇ ਖੇਤਰਾਂ ਵਿੱਚ ਅਜਿਹੀਆਂ ਗਤੀਵਿਧੀਆਂ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਹਿੰਸਕ ਅਪਰਾਧਾਂ ਨੂੰ ਲੈ ਕੇ ਮੁੜ ਉੱਠੇ ਸਵਾਲ

ਦੱਖਣੀ ਅਫ਼ਰੀਕਾ ਵਿੱਚ ਵਧ ਰਹੀਆਂ ਹਿੰਸਕ ਘਟਨਾਵਾਂ ਨੇ ਇੱਕ ਵਾਰ ਫਿਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਦੇਸ਼ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਕਾਨੂੰਨ-ਵਿਵਸਥਾ ਅਤੇ ਅਪਰਾਧ ਰੋਕੂ ਪ੍ਰਬੰਧਾਂ ਉੱਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।

ਬਜ਼ੁਰਗ ਨਾਲ ਕੁੱਟਮਾਰ ਵਾਲੀ ਵਾਇਰਲ ਵੀਡੀਓ ਮਾਮਲੇ ’ਚ ਪੁਲਿਸ ਦੀ ਕਾਰਵਾਈ ਤੇਜ਼, ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਅੰਮ੍ਰਿਤਸਰ :- ਸ਼ਹਿਰ ਦੇ ਥਾਣਾ ਡੀ ਡਿਵੀਜ਼ਨ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਬਜ਼ੁਰਗ ਵਿਅਕਤੀ ਨਾਲ ਮਾਰਕੁੱਟ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ਵਿੱਚ ਇੱਕ ਬਜ਼ੁਰਗ ਆਪਣੇ ਘਰ ਦੇ ਬਾਹਰ ਬੈਠੇ ਦਿਖਾਈ ਦੇ ਰਹੇ ਸਨ, ਜਿਨ੍ਹਾਂ ਨਾਲ ਕੁਝ ਲੋਕਾਂ ਵੱਲੋਂ ਧੱਕਾ-ਮੁੱਕੀ ਅਤੇ ਕੁੱਟਮਾਰ ਕੀਤੀ ਗਈ ਸੀ।

ਵੀਡੀਓ ਸਾਹਮਣੇ ਆਉਂਦਿਆਂ ਹੀ ਜਾਂਚ ਕੀਤੀ ਗਈ ਸ਼ੁਰੂ

ਥਾਣਾ ਡੀ ਡਿਵੀਜ਼ਨ ਦੇ ਮੁਖੀ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਵੀਡੀਓ ਦੇ ਵਾਇਰਲ ਹੋਣ ਮਗਰੋਂ ਪੁਲਿਸ ਨੇ ਤੁਰੰਤ ਜਾਂਚ ਆਰੰਭ ਦਿੱਤੀ। ਜਾਂਚ ਦੌਰਾਨ ਪੀੜਤ ਬਜ਼ੁਰਗ ਦੀ ਪਛਾਣ ਸੁਭਾਸ਼ ਕੁਮਾਰ ਵਜੋਂ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਕੋਲ ਬੁਲਾ ਕੇ ਪੂਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਬਿਆਨ ਦਰਜ ਕੀਤੇ ਗਏ।

ਗੁਆਂਢੀਆਂ ਨਾਲ ਪੁਰਾਣੇ ਵਿਵਾਦ ਦੀ ਗੱਲ ਆਈ ਸਾਹਮਣੇ

ਪੁਲਿਸ ਦੀ ਮੁੱਢਲੀ ਤਫ਼ਤੀਸ਼ ਵਿੱਚ ਸਾਹਮਣੇ ਆਇਆ ਕਿ ਇਹ ਘਟਨਾ ਕਿਸੇ ਅਚਾਨਕ ਝਗੜੇ ਦਾ ਨਤੀਜਾ ਨਹੀਂ, ਸਗੋਂ ਪੁਰਾਣੀ ਆਪਸੀ ਰੰਜਿਸ਼ ਨਾਲ ਜੁੜੀ ਹੋਈ ਹੈ। ਜਾਂਚ ਅਨੁਸਾਰ ਪੀੜਤ ਦੇ ਗੁਆਂਢ ਵਿੱਚ ਰਹਿੰਦੇ ਚਾਰ ਵਿਅਕਤੀਆਂ ਨਾਲ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ, ਜਿਸ ਕਾਰਨ ਇਹ ਟਕਰਾਅ ਵਾਪਰਿਆ।

ਚਾਰ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ

ਪੁਲਿਸ ਨੇ ਪੀੜਤ ਦੇ ਬਿਆਨਾਂ ਅਤੇ ਹੋਰ ਉਪਲਬਧ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਪੁਸ਼ਟੀ ਕਰਦਿਆਂ ਚਾਰ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਰਾਹਤ ਨਹੀਂ ਦਿੱਤੀ ਜਾਵੇਗੀ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ

ਪੁਲਿਸ ਟੀਮਾਂ ਵੱਲੋਂ ਨਾਮਜ਼ਦ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇੰਸਪੈਕਟਰ ਲਵਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਾਰੇ ਦੋਸ਼ੀਆਂ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।