Home Blog Page 248

ਹਰਿਆਣਾ ਪੁਲਿਸ ਵਿੱਚ ਵੱਡਾ ਫੇਰਬਦਲ, 15 ਆਈਪੀਐਸ ਤੇ 21 ਐਚਪੀਐਸ ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ :- ਹਰਿਆਣਾ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਵਿਆਪਕ ਤਬਦੀਲੀਆਂ ਕਰਦਿਆਂ 15 ਆਈਪੀਐਸ ਅਤੇ 21 ਐਚਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਪ੍ਰਸ਼ਾਸਕੀ ਫੇਰਬਦਲ ਤਹਿਤ ਕਈ ਸੀਨੀਅਰ ਅਧਿਕਾਰੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਹਨ।

ਅਜੈ ਸਿੰਘਲ ਨੂੰ ਮਿਲਿਆ ਵਾਧੂ ਅਹੁਦਾ

ਹੁਕਮਾਂ ਅਨੁਸਾਰ ਪੁਲਿਸ ਡਾਇਰੈਕਟਰ ਜਨਰਲ ਅਜੈ ਸਿੰਘਲ ਨੂੰ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਹ ਜ਼ਿੰਮੇਵਾਰੀ ਪਹਿਲਾਂ ਆਲੋਕ ਕੁਮਾਰ ਮਿੱਤਲ ਕੋਲ ਸੀ।

ਆਲੋਕ ਮਿੱਤਲ ਬਣੇ ਜੇਲ੍ਹਾਂ ਦੇ ਡਾਇਰੈਕਟਰ ਜਨਰਲ

ਆਲੋਕ ਕੁਮਾਰ ਮਿੱਤਲ ਨੂੰ ਹਰਿਆਣਾ ਜੇਲ੍ਹ ਵਿਭਾਗ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹਰਿਆਣਾ ਦੇ ਰੈਜ਼ੀਡੈਂਟ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।

ਨਵਦੀਪ ਸਿੰਘ ਵਿਰਕ ਨੂੰ ਇਨਫੋਰਸਮੈਂਟ ਬਿਊਰੋ ਦੀ ਕਮਾਨ

ਹਾਲ ਹੀ ਵਿੱਚ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ‘ਤੇ ਤਰੱਕੀ ਪ੍ਰਾਪਤ ਕਰਨ ਵਾਲੇ ਨਵਦੀਪ ਸਿੰਘ ਵਿਰਕ ਨੂੰ ਹਰਿਆਣਾ ਰਾਜ ਇਨਫੋਰਸਮੈਂਟ ਬਿਊਰੋ ਦਾ ਡਾਇਰੈਕਟਰ ਜਨਰਲ ਅਤੇ ਵਿਜੀਲੈਂਸ ਤੇ ਸੁਰੱਖਿਆ (ਐਚਪੀਯੂ) ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।

ਕਲਾ ਰਾਮਚੰਦਰਨ ਅਤੇ ਚਾਰੂ ਬਾਲੀ ਨੂੰ ਵੀ ਨਵੀਆਂ ਜ਼ਿੰਮੇਵਾਰੀਆਂ

ਨਵਦੀਪ ਸਿੰਘ ਵਿਰਕ ਦੀ ਪਤਨੀ ਕਲਾ ਰਾਮਚੰਦਰਨ ਨੂੰ ਡੀਜੀਪੀ (ਸਿਖਲਾਈ) ਅਤੇ ਹਰਿਆਣਾ ਪੁਲਿਸ ਅਕੈਡਮੀ, ਮਧੂਬਨ ਦੇ ਡਾਇਰੈਕਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਚਾਰੂ ਬਾਲੀ ਨੂੰ ਏਡੀਜੀਪੀ (ਸਾਈਬਰ), ਏਡੀਜੀਪੀ (ਆਈਟੀ) ਅਤੇ ਏਡੀਜੀਪੀ (ਐਸਸੀਆਰਬੀ) ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।

ਪ੍ਰਸ਼ਾਸਨਿਕ ਕਾਰਜਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼

ਸਰਕਾਰ ਵੱਲੋਂ ਕੀਤੇ ਗਏ ਇਸ ਵੱਡੇ ਫੇਰਬਦਲ ਨੂੰ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਚਾਰੂ ਬਣਾਉਣ ਵੱਲ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਪੰਜਾਬ ਵਿੱਚ 1 ਜੁਲਾਈ ਤੋਂ ਲਾਗੂ ਹੋਵੇਗੀ ‘ਵੀਬੀ-ਜੀ ਰਾਮ ਜੀ’ ਯੋਜਨਾ, ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ

ਮਨਰੇਗਾ ਦੀ ਥਾਂ ਨਵਾਂ ਢਾਂਚਾ ਹੋਵੇਗਾ ਲਾਗੂ

ਚੰਡੀਗੜ੍ਹ :- ਪੰਜਾਬ ਸਰਕਾਰ ਨੇ ਪੇਂਡੂ ਰੁਜ਼ਗਾਰ ਨਾਲ ਸਬੰਧਤ ਨਵੀਂ ‘ਵੀਬੀ-ਜੀ ਰਾਮ ਜੀ’ (ਵਿਕਸਿਤ ਭਾਰਤ–ਗਾਰੰਟੀ ਫ਼ਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ–ਗ੍ਰਾਮੀਣ) ਯੋਜਨਾ ਨੂੰ ਸੂਬੇ ਵਿੱਚ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਯੋਜਨਾ ਨੂੰ 1 ਜੁਲਾਈ 2026 ਤੋਂ ਲਾਗੂ ਕੀਤਾ ਜਾਵੇਗਾ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਅਤੇ ਆਜੀਵਿਕਾ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।

ਮਨਰੇਗਾ ਦੀ ਥਾਂ ਨਵੀਂ ਪ੍ਰਣਾਲੀ ਹੋਵੇਗੀ ਲਾਗੂ

ਨਵੀਂ ਵਿਵਸਥਾ ਅਧੀਨ ਹੁਣ ਪੁਰਾਣੀ ਮਨਰੇਗਾ ਯੋਜਨਾ ਦੀ ਥਾਂ ‘ਵੀਬੀ-ਜੀ ਰਾਮ ਜੀ’ ਕਾਨੂੰਨ ਲਾਗੂ ਹੋਵੇਗਾ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਉਦੇਸ਼ ਪੇਂਡੂ ਵਿਕਾਸ ਨੂੰ ਤੇਜ਼ੀ ਦੇਣਾ, ਰੁਜ਼ਗਾਰ ਦੇ ਮੌਕੇ ਵਧਾਉਣਾ ਅਤੇ ਯੋਜਨਾ ਦੇ ਲਾਗੂ ਕਰਨ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣਾ ਹੈ।

100 ਦੀ ਥਾਂ 125 ਦਿਨਾਂ ਦੇ ਰੁਜ਼ਗਾਰ ਦੀ ਮਿਲੇਗੀ ਗਾਰੰਟੀ

ਨਵੀਂ ਯੋਜਨਾ ਤਹਿਤ ਪੇਂਡੂ ਪਰਿਵਾਰਾਂ ਨੂੰ ਹੁਣ ਸਾਲ ਵਿੱਚ 100 ਦਿਨਾਂ ਦੀ ਬਜਾਏ 125 ਦਿਨਾਂ ਦਾ ਗਾਰੰਟੀਸ਼ੁਦਾ ਰੁਜ਼ਗਾਰ ਦਿੱਤਾ ਜਾਵੇਗਾ। ਇਸ ਕਦਮ ਨਾਲ ਪੇਂਡੂ ਲੋਕਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਮਜ਼ਦੂਰੀ ਹਰ ਹਫ਼ਤੇ ਸਿੱਧੀ ਖਾਤਿਆਂ ਵਿੱਚ ਭੇਜੀ ਜਾਵੇਗੀ

ਯੋਜਨਾ ਤਹਿਤ ਕੰਮ ਕਰਨ ਵਾਲੇ ਕਾਮਿਆਂ ਦੀ ਮਜ਼ਦੂਰੀ ਹਫ਼ਤਾਵਾਰ ਆਧਾਰ ‘ਤੇ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਸਰਕਾਰ ਦਾ ਮੰਨਣਾ ਹੈ ਕਿ ਇਸ ਪ੍ਰਣਾਲੀ ਨਾਲ ਭੁਗਤਾਨ ਵਿੱਚ ਦੇਰੀ ਅਤੇ ਬੇਨਿਯਮੀਆਂ ਦੀ ਸੰਭਾਵਨਾ ਘੱਟ ਹੋਵੇਗੀ ਅਤੇ ਲਾਭਪਾਤਰੀਆਂ ਨੂੰ ਸਮੇਂ ਸਿਰ ਰਕਮ ਮਿਲ ਸਕੇਗੀ।

ਦੇਸ਼ ਭਰ ਵਿੱਚ ਇੱਕੋ ਸਮੇਂ ਹੋਵੇਗੀ ਸ਼ੁਰੂਆਤ

ਕੇਂਦਰ ਸਰਕਾਰ ਵੱਲੋਂ ਇਹ ਨਵਾਂ ਪੇਂਡੂ ਰੁਜ਼ਗਾਰ ਕਾਨੂੰਨ 1 ਜੁਲਾਈ ਤੋਂ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸੇ ਤਹਿਤ ਪੰਜਾਬ ਸਰਕਾਰ ਨੇ ਵੀ ਇਸ ਯੋਜਨਾ ਨੂੰ ਲਾਗੂ ਕਰਨ ਲਈ ਆਪਣੀ ਅਧਿਕਾਰਤ ਪ੍ਰਕਿਰਿਆ ਪੂਰੀ ਕਰਦਿਆਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਸੇਸ਼ੇਲਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ ਰਵਾਨਾ

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ੇਲਸ ਦੇ ਅਧਿਕਾਰਕ ਦੌਰੇ ਲਈ ਰਵਾਨਾ ਹੋ ਗਏ ਹਨ। ਇਸ ਦੌਰਾਨ ਉਹ ਸੇਸ਼ੇਲਸ ਦੇ ਰਾਸ਼ਟਰੀ ਦਿਵਸ ਅਤੇ ਗੋਲਡਨ ਜੁਬਲੀ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਦੌਰੇ ਨੂੰ ਭਾਰਤ ਅਤੇ ਸੇਸ਼ੇਲਸ ਦਰਮਿਆਨ ਮਜ਼ਬੂਤ ਹੋ ਰਹੇ ਸਬੰਧਾਂ ਦੇ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ।

ਸੇਸ਼ੇਲਸ ਨੂੰ ਦੱਸਿਆ ਭਾਰਤ ਦਾ ਅਹਿਮ ਸਮੁੰਦਰੀ ਭਾਈਵਾਲ

ਰਵਾਨਗੀ ਤੋਂ ਪਹਿਲਾਂ ਜਾਰੀ ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੇਸ਼ੇਲਸ ਭਾਰਤ ਦਾ ਮਹੱਤਵਪੂਰਨ ਸਮੁੰਦਰੀ ਗੁਆਂਢੀ ਦੇਸ਼ ਹੈ ਅਤੇ ‘ਮਹਾਸਾਗਰ’ ਵਿਜ਼ਨ ਤਹਿਤ ਦੋਵੇਂ ਦੇਸ਼ਾਂ ਦੀ ਸਾਂਝੇਦਾਰੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਸੇਸ਼ੇਲਸ ਗਲੋਬਲ ਸਾਊਥ ਦੇ ਹਿੱਤਾਂ ਦੀ ਰੱਖਿਆ ਅਤੇ ਵਿਕਾਸ ਲਈ ਵੀ ਮਿਲ ਕੇ ਕੰਮ ਕਰ ਰਹੇ ਹਨ।

ਦੁਵੱਲੇ ਸਹਿਯੋਗ ਵਧਾਉਣ ‘ਤੇ ਰਹੇਗਾ ਜ਼ੋਰ

ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਸੇਸ਼ੇਲਸ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਿਨੀ ਨਾਲ ਮੁਲਾਕਾਤ ਕਰਨਗੇ। ਦੋਵੇਂ ਆਗੂ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ, ਸਮੁੰਦਰੀ ਸੁਰੱਖਿਆ, ਵਿਕਾਸ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਵਧਾਉਣ ਸਬੰਧੀ ਵਿਚਾਰ-ਵਟਾਂਦਰਾ ਕਰਨਗੇ।

ਰਾਸ਼ਟਰੀ ਅਸੈਂਬਲੀ ਨੂੰ ਵੀ ਕਰਨਗੇ ਸੰਬੋਧਨ

ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਸੇਸ਼ੇਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਕਰਨ ਦਾ ਮੌਕਾ ਵੀ ਮਿਲੇਗਾ। ਇਸ ਤੋਂ ਇਲਾਵਾ ਉਹ ਉੱਥੇ ਰਹਿ ਰਹੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਨਾਲ ਵਿਚਾਰ ਸਾਂਝੇ ਕਰਨਗੇ।

ਅੰਮ੍ਰਿਤਸਰ ‘ਚ ਅੱਜ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਸਮਾਗਮ, ਟਰੈਫਿਕ ਪੁਲਿਸ ਨੇ ਜਾਰੀ ਕੀਤੀ ਵਿਸ਼ੇਸ਼ ਐਡਵਾਈਜ਼ਰੀ

ਅੰਮ੍ਰਿਤਸਰ :- ਪੰਜਾਬ ਸਰਕਾਰ ਵੱਲੋਂ 27 ਜੂਨ ਦੀ ਸ਼ਾਮ ਨੂੰ ਰਣਜੀਤ ਐਵੀਨਿਊ ਸਥਿਤ ਪਾਰਟੀਸ਼ਨ ਗਰਾਊਂਡ ਵਿੱਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਟਰੈਫਿਕ ਪੁਲਿਸ ਨੇ ਵਿਸ਼ੇਸ਼ ਟਰੈਫਿਕ ਰੂਟ ਪਲਾਨ ਅਤੇ ਐਡਵਾਈਜ਼ਰੀ ਜਾਰੀ ਕੀਤੀ ਹੈ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਵਿਸ਼ੇਸ਼ ਮਹਿਮਾਨਾਂ ਦੀ ਆਮਦ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਟਰੈਫਿਕ ਨੂੰ ਸੁਚਾਰੂ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਵੀਵੀਆਈਪੀ ਆਵਾਜਾਈ ਕਾਰਨ ਕੁਝ ਰੂਟਾਂ ‘ਤੇ ਰਹੇਗੀ ਪਾਬੰਦੀ

ਏਡੀਸੀਪੀ ਟਰੈਫਿਕ ਅਮਨਦੀਪ ਕੌਰ ਨੇ ਦੱਸਿਆ ਕਿ ਸਮਾਗਮ ਦੌਰਾਨ ਵੀਵੀਆਈਪੀ ਮੂਵਮੈਂਟ ਨੂੰ ਧਿਆਨ ਵਿੱਚ ਰੱਖਦਿਆਂ ਹਰਤੇਜ ਹਸਪਤਾਲ ਤੋਂ ਗੁਮਟਾਲਾ ਰੋਡ ਅਤੇ ਟੀ-ਪੁਆਇੰਟ ਤੋਂ ਇਨ-ਆਉਟ ਬੇਕਰੀ ਵੱਲ ਜਾਂਦੀ ਸੜਕ ‘ਤੇ ਆਮ ਲੋਕਾਂ ਨੂੰ ਬਿਨਾਂ ਲੋੜ ਆਵਾਜਾਈ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਰੂਟਾਂ ‘ਤੇ ਟਰੈਫਿਕ ਨੂੰ ਨਿਯਮਤ ਕਰਨ ਲਈ ਵਾਧੂ ਪੁਲਿਸ ਫ਼ੋਰਸ ਤਾਇਨਾਤ ਰਹੇਗੀ।

ਸ਼ਹਿਰ ਵਾਸੀਆਂ ਲਈ ਬਦਲਵੇਂ ਰਸਤੇ ਤੈਅ

ਟਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਰਣਜੀਤ ਐਵੀਨਿਊ ਵੱਲ ਜਾਣ ਲਈ ਰਤਨ ਸਿੰਘ ਚੌਂਕ, ਐੱਮ.ਕੇ. ਹੋਟਲ ਰੋਡ, ਬੈਸਟ ਵੈਸਟਰਨ ਰੋਡ, ਟੀ-ਪੁਆਇੰਟ ਅਤੇ ਸੀ-ਮਾਰਕੀਟ ਟੀ-ਪੁਆਇੰਟ ਵਾਲੇ ਬਦਲਵੇਂ ਰੂਟਾਂ ਦੀ ਵਰਤੋਂ ਕੀਤੀ ਜਾਵੇ। ਇਸੇ ਤਰ੍ਹਾਂ ਸ਼ਹਿਰ ਤੋਂ ਬਾਹਰੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਆਈ.ਟੀ.ਆਈ. ਤੋਂ ਆਨੰਦ ਪਾਰਕ ਵਾਲਾ ਰਸਤਾ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ।

ਸੁਰੱਖਿਆ ਅਤੇ ਟਰੈਫਿਕ ਲਈ ਪੁਖ਼ਤਾ ਪ੍ਰਬੰਧ

ਏਡੀਸੀਪੀ ਟਰੈਫਿਕ ਨੇ ਕਿਹਾ ਕਿ ਸਮਾਗਮ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਅਤੇ ਟਰੈਫਿਕ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਕਾਨੂੰਨ-ਵਿਵਸਥਾ ਭੰਗ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਰਾਰਤੀ ਹਰਕਤ ਕਰਨ ਵਾਲੇ ਅਨਸਰਾਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਟਰੈਫਿਕ ਪੁਲਿਸ ਨੇ ਲੋਕਾਂ ਤੋਂ ਮੰਗਿਆ ਸਹਿਯੋਗ

ਟਰੈਫਿਕ ਪੁਲਿਸ ਨੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਰੀ ਕੀਤੀ ਗਈ ਟਰੈਫਿਕ ਐਡਵਾਈਜ਼ਰੀ ਦੀ ਪਾਲਣਾ ਕਰਨ, ਨਿਰਧਾਰਤ ਰੂਟਾਂ ਦੀ ਵਰਤੋਂ ਕਰਨ ਅਤੇ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨਾਲ ਪੂਰਾ ਸਹਿਯੋਗ ਕਰਨ, ਤਾਂ ਜੋ ਟਰੈਫਿਕ ਵਿਵਸਥਾ ਸੁਚਾਰੂ ਬਣੀ ਰਹੇ ਅਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਸਰਹੱਦੀ ਇਲਾਕਿਆਂ ‘ਚ ਡਰੋਨ ਤੇ ਨਸ਼ਾ ਤਸਕਰੀ ਰੋਕਣ ਲਈ ਪੰਜਾਬ ਪੁਲਿਸ ਦਾ ਵੱਡਾ ਆਪ੍ਰੇਸ਼ਨ ਸ਼ੁਰੂ, ਰਾਤ ਸਮੇਂ ਨਾਕਾਬੰਦੀ ਤੇ ਤੜਕੇ ਖ਼ੁਫ਼ੀਆ ਅਧਾਰਿਤ ਤਲਾਸ਼ੀ ਮੁਹਿੰਮ ਚੱਲੇਗੀ

ਚੰਡੀਗੜ੍ਹ :- ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਬਾਰਡਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਰਾਤ ਸਮੇਂ ਵਿਸ਼ੇਸ਼ ਨਾਕਾਬੰਦੀ ਅਤੇ ਸਵੇਰੇ ਤੜਕੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਤਲਾਸ਼ੀ ਅਭਿਆਨ ਚਲਾਏ ਜਾਣਗੇ, ਤਾਂ ਜੋ ਡਰੋਨ ਡਰਾਪਿੰਗ ਅਤੇ ਸਰਹੱਦ ਪਾਰ ਹੋਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਪ੍ਰਭਾਵਸ਼ਾਲੀ ਰੋਕ ਲਗਾਈ ਜਾ ਸਕੇ।

ਡਰੋਨ ਪ੍ਰਭਾਵਿਤ ਖੇਤਰਾਂ ‘ਚ ਚੌਕਸੀ ਹੋਰ ਵਧਾਈ

ਪੁਲਿਸ ਵੱਲੋਂ ਉਨ੍ਹਾਂ ਥਾਵਾਂ ‘ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ, ਜਿੱਥੇ ਪਹਿਲਾਂ ਡਰੋਨ ਰਾਹੀਂ ਨਸ਼ੀਲੇ ਪਦਾਰਥ ਜਾਂ ਹਥਿਆਰ ਸੁੱਟਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਅਜਿਹੇ ਇਲਾਕਿਆਂ ਵਿੱਚ ਰਾਤ ਸਮੇਂ ਵਿਸ਼ੇਸ਼ ਚੌਕੀਆਂ ਸਥਾਪਤ ਕੀਤੀਆਂ ਜਾਣਗੀਆਂ, ਜਦਕਿ ਸਵੇਰੇ ਚਾਰ ਵਜੇ ਤੋਂ ਬਾਅਦ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ। ਇਸ ਮੁਹਿੰਮ ਦੀ ਨਿਗਰਾਨੀ ਲਈ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੇਰ ਰਾਤ ਅਚਨਚੇਤ ਨਿਰੀਖਣ ਵੀ ਕੀਤਾ।

ਸੰਵੇਦਨਸ਼ੀਲ ਸਰਹੱਦੀ ਪਿੰਡਾਂ ਵਿੱਚ ਨਿਗਰਾਨੀ ਪ੍ਰਬੰਧ ਹੋਰ ਮਜ਼ਬੂਤ

ਅੰਮ੍ਰਿਤਸਰ ਦਿਹਾਤੀ ਦੇ ਘਰਿੰਡਾ, ਲੋਪੋਕੇ, ਅਜਨਾਲਾ ਅਤੇ ਹੋਰ ਸਰਹੱਦੀ ਪਿੰਡਾਂ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਇਨ੍ਹਾਂ ਇਲਾਕਿਆਂ ਵਿੱਚ ਡਰੋਨ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਨਵੇਂ ਸੀਸੀਟੀਵੀ ਕੈਮਰੇ, ਆਧੁਨਿਕ ਨਿਗਰਾਨੀ ਪ੍ਰਣਾਲੀਆਂ ਅਤੇ ਲਾਈਵ ਮਾਨੀਟਰਿੰਗ ਪ੍ਰਬੰਧ ਲਾਗੂ ਕੀਤੇ ਗਏ ਹਨ, ਤਾਂ ਜੋ ਕਿਸੇ ਵੀ ਸ਼ੱਕੀ ਹਰਕਤ ਦਾ ਤੁਰੰਤ ਪਤਾ ਲੱਗ ਸਕੇ।

ਹਿਸਟਰੀ-ਸ਼ੀਟਰਾਂ ਅਤੇ ਸ਼ੱਕੀ ਵਾਹਨਾਂ ‘ਤੇ ਰਹੇਗੀ ਵਿਸ਼ੇਸ਼ ਨਜ਼ਰ

ਇਸ ਵਿਸ਼ੇਸ਼ ਮੁਹਿੰਮ ਦੌਰਾਨ ਹਿਸਟਰੀ-ਸ਼ੀਟਰਾਂ, ਨਸ਼ਾ ਤਸਕਰਾਂ ਅਤੇ ਅਪਰਾਧਿਕ ਰਿਕਾਰਡ ਵਾਲੇ ਵਿਅਕਤੀਆਂ ਦੀ ਤਸਦੀਕ ਕੀਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਜਾਵੇਗੀ। ਮੋਟਰਸਾਈਕਲਾਂ, ਕਾਰਾਂ, ਟਰੈਕਟਰਾਂ ਅਤੇ ਹੋਰ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਵਾਹਨ ਚੋਰੀ ਦਾ ਜਾਂ ਬਿਨਾਂ ਵੈਧ ਕਾਗਜ਼ਾਂ ਦੇ ਮਿਲਦਾ ਹੈ ਤਾਂ ਉਸ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਰ ਹਫ਼ਤੇ ਚੱਲੇਗੀ ਵਿਸ਼ੇਸ਼ ਜਾਂਚ ਮੁਹਿੰਮ

ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਇਹ ਕਾਰਵਾਈ ਇੱਕ ਦਿਨ ਤੱਕ ਸੀਮਤ ਨਹੀਂ ਰਹੇਗੀ। ਅੰਮ੍ਰਿਤਸਰ ਦਿਹਾਤੀ, ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ ਸਮੇਤ ਸਾਰੇ ਸਰਹੱਦੀ ਜ਼ਿਲ੍ਹਿਆਂ ਵਿੱਚ ਹਰ ਹਫ਼ਤੇ ਅਚਨਚੇਤ ਨਾਕਾਬੰਦੀ ਅਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਮੁੱਖ ਉਦੇਸ਼ ਡਰੋਨ ਰਾਹੀਂ ਹੋ ਰਹੀ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣਾ ਅਤੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣਾ ਹੈ।

ਜ਼ਮੀਨੀ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਸਰਪੰਚ ਨੂੰ ਪਈ ਮਹਿੰਗੀ, ਘਰ ‘ਚ ਦਾਖ਼ਲ ਹੋ ਕੇ ਪਰਿਵਾਰ ਤੇ ਹਮਲਾ, ਪਠਾਨਕੋਟ ਦੀ ਘਟਨਾ, ਸਰਪੰਚ ਸਮੇਤ ਤਿੰਨ ਜਣੇ ਜ਼ਖ਼ਮੀ

ਪਠਾਨਕੋਟ :- ਪਠਾਨਕੋਟ ਦੇ ਤਾਰਾਗੜ੍ਹ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਜਗਤਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਹਮਲੇ ਵਿੱਚ ਮਹਿਲਾ ਸਰਪੰਚ ਨੀਤੂ ਸੈਣੀ, ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਅਤੇ ਸਹੁਰੇ ਸੁਭਾਸ਼ ਚੰਦਰ ਜ਼ਖ਼ਮੀ ਹੋ ਗਏ। ਦੋਸ਼ ਹੈ ਕਿ ਦੋ ਭਰਾਵਾਂ ਵਿਚਾਲੇ ਚੱਲ ਰਹੇ ਜ਼ਮੀਨੀ ਝਗੜੇ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਤੋਂ ਨਾਰਾਜ਼ ਧਿਰ ਨੇ ਘਰ ਵਿੱਚ ਦਾਖ਼ਲ ਹੋ ਕੇ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਗਾਲ੍ਹਾਂ ਕੱਢਣ ਤੋਂ ਬਾਅਦ ਘਰ ਅੰਦਰ ਹੋਇਆ ਹਮਲਾ

ਸ਼ਿਕਾਇਤਕਰਤਾ ਅਮਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਉਹ ਆਪਣੇ ਪਿਤਾ ਸੁਭਾਸ਼ ਚੰਦਰ ਨਾਲ ਘਰ ਦੇ ਵਿਹੜੇ ਵਿੱਚ ਬੈਠੇ ਸਨ, ਜਦਕਿ ਉਨ੍ਹਾਂ ਦੀ ਪਤਨੀ ਨੀਤੂ ਸੈਣੀ ਘਰੇਲੂ ਕੰਮ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦਾ ਚਾਚੇ ਦਾ ਪੁੱਤਰ ਜਗਦੀਸ਼ ਰਾਜ ਆਪਣੀ ਪਤਨੀ ਨੇਹਾ ਅਤੇ ਇੱਕ ਹੋਰ ਔਰਤ ਪ੍ਰਵੇਸ਼ ਨਾਲ ਘਰ ਦੇ ਬਾਹਰ ਆ ਗਿਆ ਅਤੇ ਗਾਲ੍ਹਾਂ ਕੱਢਣ ਲੱਗ ਪਿਆ।

ਗੇਟ ਬੰਦ ਕਰਨ ਲੱਗੇ ਤਾਂ ਰਾਡ ਅਤੇ ਡੰਡਿਆਂ ਨਾਲ ਕੀਤੀ ਕੁੱਟਮਾਰ

ਪੀੜਤ ਦਾ ਦੋਸ਼ ਹੈ ਕਿ ਜਦੋਂ ਉਸ ਨੇ ਹਾਲਾਤ ਵਿਗੜਦੇ ਦੇਖ ਘਰ ਦਾ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਗਦੀਸ਼ ਰਾਜ ਨੇ ਲੋਹੇ ਦੀ ਰਾਡ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਗਿਆ ਅਤੇ ਨੇਹਾ ਨੇ ਡੰਡੇ ਨਾਲ ਲਗਾਤਾਰ ਵਾਰ ਕੀਤੇ। ਇਸ ਹਮਲੇ ਦੌਰਾਨ ਅਮਰਜੀਤ ਨੂੰ ਕਈ ਸੱਟਾਂ ਲੱਗੀਆਂ।

ਬਚਾਅ ਲਈ ਆਏ ਸਰਪੰਚ ਅਤੇ ਸਹੁਰੇ ਵੀ ਨਹੀਂ ਬਖ਼ਸ਼ੇ

ਰੌਲਾ ਸੁਣ ਕੇ ਜਦੋਂ ਸਰਪੰਚ ਨੀਤੂ ਸੈਣੀ ਅਤੇ ਉਨ੍ਹਾਂ ਦੇ ਸਹੁਰੇ ਸੁਭਾਸ਼ ਚੰਦਰ ਵਿਚਕਾਰ-ਬਚਾਅ ਲਈ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਦੋਸ਼ ਹੈ ਕਿ ਇਸ ਦੌਰਾਨ ਇੱਕ ਮੁਲਜ਼ਮ ਨੇ ਘਰ ਵੱਲ ਪੱਥਰ ਵੀ ਸੁੱਟੇ। ਰੌਲਾ ਸੁਣ ਕੇ ਗੁਆਂਢੀ ਇਕੱਠੇ ਹੋਣ ਲੱਗੇ ਤਾਂ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।

ਜ਼ਮੀਨੀ ਝਗੜੇ ਵਿੱਚ ਸਮਝੌਤਾ ਕਰਵਾਉਣ ਦੀ ਰੰਜਿਸ਼ ਦੱਸੀ

ਅਮਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਗਦੀਸ਼ ਰਾਜ ਅਤੇ ਉਸ ਦੇ ਭਰਾ ਵਿਚਾਲੇ ਜ਼ਮੀਨ ਦੀ ਮੇੜ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪਿੰਡ ਦੀ ਸਰਪੰਚ ਹੋਣ ਦੇ ਨਾਤੇ ਨੀਤੂ ਸੈਣੀ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਸ਼ਿਕਾਇਤਕਰਤਾ ਅਨੁਸਾਰ ਇਸੇ ਰੰਜਿਸ਼ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ।

ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ, ਜਾਂਚ ਸ਼ੁਰੂ

ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਠਾਨਕੋਟ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮੈਡੀਕਲ ਜਾਂਚ ਕੀਤੀ। ਪੁਲਿਸ ਨੇ ਪੀੜਤ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਜਗਦੀਸ਼ ਰਾਜ, ਨੇਹਾ ਅਤੇ ਪ੍ਰਵੇਸ਼ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਮਰੀਕੀ ਹਮਲਿਆਂ ਨਾਲ ਮੱਧ ਪੂਰਬ ਵਿੱਚ ਮੁੜ ਵਧਿਆ ਤਣਾਅ, ਜੰਗਬੰਦੀ ਤੇ ਮੰਡਰਾਏ ਸੰਕਟ ਦੇ ਬੱਦਲ

ਈਰਾਨ :- ਮੱਧ ਪੂਰਬ ਵਿੱਚ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਇੱਕ ਵਾਰ ਫਿਰ ਹਾਲਾਤ ਤਣਾਅਪੂਰਨ ਹੋ ਗਏ ਹਨ। ਅਮਰੀਕੀ ਫੌਜ ਨੇ ਸ਼ੁੱਕਰਵਾਰ ਨੂੰ ਤੇਹਰਾਨ ਨਾਲ ਸਬੰਧਤ ਮਿਜ਼ਾਈਲ ਅਤੇ ਡਰੋਨ ਭੰਡਾਰਾਂ ਦੇ ਨਾਲ-ਨਾਲ ਤੱਟਵਰਤੀ ਰਾਡਾਰ ਸਥਾਪਨਾਵਾਂ ‘ਤੇ ਹਮਲੇ ਕੀਤੇ। ਵਾਸ਼ਿੰਗਟਨ ਦਾ ਦੋਸ਼ ਹੈ ਕਿ ਈਰਾਨ ਨੇ ਇੱਕ ਵਪਾਰਕ ਕਾਰਗੋ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਦੇ ਜਵਾਬ ਵਜੋਂ ਇਹ ਫੌਜੀ ਕਾਰਵਾਈ ਕੀਤੀ ਗਈ। ਇਸ ਘਟਨਾ ਤੋਂ ਬਾਅਦ ਪਹਿਲਾਂ ਤੋਂ ਚੱਲ ਰਹੀ ਜੰਗਬੰਦੀ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ।

ਟਰੰਪ ਨੇ ਈਰਾਨ ‘ਤੇ ਜੰਗਬੰਦੀ ਤੋੜਨ ਦਾ ਦੋਸ਼ ਲਾਇਆ

ਅਮਰੀਕੀ ਸੈਂਟਰਲ ਕਮਾਂਡ ਦਾ ਕਹਿਣਾ ਹੈ ਕਿ ਈਰਾਨ ਵੱਲੋਂ ਵਪਾਰਕ ਜਹਾਜ਼ਾਂ ‘ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਇਹ ਕਾਰਵਾਈ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੀ ਕਾਰਵਾਈ ਨੂੰ ਜੰਗਬੰਦੀ ਦੀ “ਗੰਭੀਰ ਉਲੰਘਣਾ” ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ। ਇਸੇ ਦੌਰਾਨ ਈਰਾਨੀ ਸਰਕਾਰੀ ਮੀਡੀਆ ਨੇ ਦੱਖਣੀ ਬੰਦਰਗਾਹ ਸ਼ਹਿਰ ਸਿਰਿਕ ਦੇ ਤਹਿਰੂਯੇਹ ਬੰਦਰਗਾਹ ‘ਤੇ ਹੋਏ ਇੱਕ ਜ਼ੋਰਦਾਰ ਧਮਾਕੇ ਦੀ ਵੀ ਪੁਸ਼ਟੀ ਕੀਤੀ ਹੈ।

ਹੋਰਮੁਜ਼ ਜਲਡਮਰੂ ਨੂੰ ਲੈ ਕੇ ਵੀ ਵਧੀ ਚਿੰਤਾ

ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਉਸ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਜਹਾਜ਼ ਹੋਰਮੁਜ਼ ਜਲਡਮਰੂ ਵਿੱਚ ਦਾਖਲ ਨਾ ਹੋਵੇ। ਇਸ ਦੇ ਬਾਵਜੂਦ ਕੁਝ ਜਹਾਜ਼ ਓਮਾਨ ਦੇ ਤੱਟ ਨਾਲ ਲੱਗਦੇ ਸਮੁੰਦਰੀ ਰਸਤਿਆਂ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ ਤਣਾਅ ਵਧਣ ਦੇ ਬਾਵਜੂਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਬਾਜ਼ਾਰਾਂ ਨੂੰ ਉਮੀਦ ਹੈ ਕਿ ਸਮੁੰਦਰੀ ਵਪਾਰਕ ਆਵਾਜਾਈ ਜਲਦੀ ਆਮ ਹੋ ਸਕਦੀ ਹੈ।

ਇਜ਼ਰਾਈਲ-ਲੇਬਨਾਨ ਸਮਝੌਤੇ ਨੂੰ ਮਿਲੀ ਅਮਰੀਕੀ ਹਮਾਇਤ

ਇਸੇ ਦੌਰਾਨ ਇਜ਼ਰਾਈਲ ਅਤੇ ਲੇਬਨਾਨ ਵਿਚਾਲੇ ਅਮਰੀਕਾ ਦੀ ਵਿਚੋਲਗੀ ਨਾਲ ਇੱਕ ਸ਼ਾਂਤੀ ਢਾਂਚੇ ‘ਤੇ ਸਹਿਮਤੀ ਬਣਨ ਦੀ ਖ਼ਬਰ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਨੂੰ ਖੇਤਰ ਵਿੱਚ ਸਥਾਈ ਸ਼ਾਂਤੀ ਵੱਲ ਮਹੱਤਵਪੂਰਨ ਕਦਮ ਦੱਸਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਇਸ ਨੂੰ ਈਰਾਨ ਦੇ ਪ੍ਰਭਾਵ ਨੂੰ ਘਟਾਉਣ ਵਾਲਾ ਸਮਝੌਤਾ ਕਰਾਰ ਦਿੱਤਾ ਹੈ। ਦੂਜੇ ਪਾਸੇ ਈਰਾਨ ਸਮਰਥਿਤ ਹਿਜ਼ਬੁੱਲਾ ਨੇ ਇਸ ਸਮਝੌਤੇ ਦਾ ਵਿਰੋਧ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਲੇਬਨਾਨ ਵਿੱਚ ਅਸਥਿਰਤਾ ਵਧ ਸਕਦੀ ਹੈ।

ਪਰਮਾਣੂ ਪ੍ਰੋਗਰਾਮ ‘ਤੇ ਆਈਏਈਏ ਨੇ ਜਤਾਈ ਚਿੰਤਾ

ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਗ੍ਰੋਸੀ ਨੇ ਕਿਹਾ ਹੈ ਕਿ ਕਿਸੇ ਵੀ ਭਵਿੱਖੀ ਸਮਝੌਤੇ ਵਿੱਚ ਅਜਿਹੇ ਸਖ਼ਤ ਪ੍ਰਬੰਧ ਹੋਣੇ ਚਾਹੀਦੇ ਹਨ, ਜੋ ਈਰਾਨ ਨੂੰ ਪਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕ ਸਕਣ। ਉਨ੍ਹਾਂ ਕਿਹਾ ਕਿ ਈਰਾਨ ਦੇ ਸੰਵਰਧਿਤ ਯੂਰੇਨੀਅਮ ਭੰਡਾਰਾਂ ਦੀ ਨਿਗਰਾਨੀ ਅਤੇ ਨਿਯੰਤਰਣ ਆਈਏਈਏ ਦੀ ਦੇਖ-ਰੇਖ ਹੇਠ ਹੋਣਾ ਲਾਜ਼ਮੀ ਹੈ।

ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਅੱਜ ਤਿੰਨ ਮੁਕਾਬਲੇ, ਐਤਵਾਰ ਨੂੰ ਆਸਟ੍ਰੇਲੀਆ ਨਾਲ ਭਿੜੇਗਾ ਭਾਰਤ

ਨਵੀਂ ਦਿੱਲੀ :- ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਵਿੱਚ ਅੱਜ ਗਰੁੱਪ ਪੜਾਅ ਦੇ ਤਿੰਨ ਅਹਿਮ ਮੁਕਾਬਲੇ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਦੁਪਹਿਰ 3 ਵਜੇ ਨੀਦਰਲੈਂਡ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ। ਦੋਵੇਂ ਟੀਮਾਂ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਗੀਆਂ, ਕਿਉਂਕਿ ਇਹ ਉਨ੍ਹਾਂ ਦਾ ਆਖਰੀ ਗਰੁੱਪ ਮੈਚ ਵੀ ਹੈ।

ਆਇਰਲੈਂਡ-ਵੈਸਟਇੰਡੀਜ਼ ਅਤੇ ਇੰਗਲੈਂਡ-ਨਿਊਜ਼ੀਲੈਂਡ ਦੀ ਵੀ ਟੱਕਰ

ਦੂਜਾ ਮੁਕਾਬਲਾ ਸ਼ਾਮ 7 ਵਜੇ ਆਇਰਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਰਾਤ 11 ਵਜੇ ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਅੰਕ ਸੂਚੀ ਦੇ ਮੱਦੇਨਜ਼ਰ ਇਹ ਦੋਵੇਂ ਮੁਕਾਬਲੇ ਵੀ ਕਾਫ਼ੀ ਮਹੱਤਵਪੂਰਨ ਮੰਨੇ ਜਾ ਰਹੇ ਹਨ।

ਐਤਵਾਰ ਨੂੰ ਭਾਰਤ ਲਈ ਅਗਨੀ ਪ੍ਰੀਖਿਆ

ਭਾਰਤੀ ਮਹਿਲਾ ਟੀਮ ਐਤਵਾਰ ਨੂੰ ਆਪਣੇ ਸਭ ਤੋਂ ਅਹਿਮ ਮੈਚਾਂ ਵਿੱਚੋਂ ਇੱਕ ਵਿੱਚ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਲਈ ਇਹ ਮੁਕਾਬਲਾ ਸੈਮੀਫਾਈਨਲ ਦੀਆਂ ਸੰਭਾਵਨਾਵਾਂ ਨੂੰ ਕਾਇਮ ਰੱਖਣ ਲਈ ਬੇਹੱਦ ਅਹਿਮ ਹੋਵੇਗਾ।

ਗਰੁੱਪ ਵਿੱਚ ਸੈਮੀਫਾਈਨਲ ਦੀ ਦੌੜ ਅਜੇ ਖੁੱਲ੍ਹੀ

ਭਾਰਤ ਦੇ ਗਰੁੱਪ ਵਿੱਚੋਂ ਅਜੇ ਤੱਕ ਕਿਸੇ ਵੀ ਟੀਮ ਨੇ ਸੈਮੀਫਾਈਨਲ ਲਈ ਜਗ੍ਹਾ ਪੱਕੀ ਨਹੀਂ ਕੀਤੀ ਹੈ। ਭਾਰਤ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਆਖਰੀ ਚਾਰ ਵਿੱਚ ਪਹੁੰਚਣ ਦੀ ਦੌੜ ਜਾਰੀ ਹੈ। ਅਜਿਹੇ ਵਿੱਚ ਐਤਵਾਰ ਦਾ ਮੁਕਾਬਲਾ ਅੰਕ ਸੂਚੀ ਦੀ ਤਸਵੀਰ ਨੂੰ ਕਾਫ਼ੀ ਹੱਦ ਤੱਕ ਸਪੱਸ਼ਟ ਕਰ ਸਕਦਾ ਹੈ।

ਅੱਜ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਜਨਰਲ ਇਜਲਾਸ ਇਕੱਤਰਤਾ, ਪੰਥਕ ਮੁੱਦਿਆਂ ‘ਤੇ ਹੋਵੇਗੀ ਅਹਿਮ ਚਰਚਾ

ਦੁਪਹਿਰ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਵੇਗੀ ਬੈਠਕ

ਅੰਮ੍ਰਿਤਸਰ :- ਮੌਜੂਦਾ ਪੰਥਕ ਹਾਲਾਤ ਅਤੇ ਹਾਲ ਹੀ ਦੇ ਘਟਨਾਕ੍ਰਮ ‘ਤੇ ਵਿਚਾਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 27 ਜੂਨ ਨੂੰ ਵਿਸ਼ੇਸ਼ ਜਨਰਲ ਇਜਲਾਸ ਦੀ ਇਕੱਤਰਤਾ ਸੱਦੀ ਗਈ ਹੈ। ਇਹ ਬੈਠਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਦੁਪਹਿਰ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗੀ।

ਪੰਜ ਸਿੰਘ ਸਾਹਿਬਾਨ ਦੇ ਆਦੇਸ਼ਾਂ ‘ਤੇ ਹੋ ਸਕਦਾ ਹੈ ਵਿਚਾਰ

ਇਸ ਵਿਸ਼ੇਸ਼ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਆਦੇਸ਼ਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ। ਖ਼ਾਸ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦੇਣ ਸਬੰਧੀ ਜਾਰੀ ਫ਼ੈਸਲੇ ‘ਤੇ ਮੈਂਬਰਾਂ ਦੇ ਵਿਚਾਰ ਲਏ ਜਾ ਸਕਦੇ ਹਨ।

29 ਜੂਨ ਨੂੰ ਸੱਦੇ ਗਏ ਸਿੱਖ ਮੰਤਰੀਆਂ ਅਤੇ ਵਿਧਾਇਕਾਂ ਦੇ ਮਾਮਲੇ ‘ਤੇ ਵੀ ਹੋਵੇਗੀ ਚਰਚਾ

ਇਜਲਾਸ ਦੌਰਾਨ ਸਤਿਕਾਰ ਸੋਧ ਐਕਟ ਨਾਲ ਜੁੜੇ ਮਾਮਲੇ ਵਿੱਚ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਤਲਬ ਕੀਤੇ ਗਏ ਸਿੱਖ ਮੰਤਰੀਆਂ ਅਤੇ ਵਿਧਾਇਕਾਂ ਦੇ ਮਾਮਲੇ ‘ਤੇ ਵੀ ਵਿਚਾਰ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਮੌਜੂਦਾ ਪੰਥਕ ਹਾਲਾਤ ਨਾਲ ਸਬੰਧਤ ਹੋਰ ਅਹਿਮ ਮੁੱਦਿਆਂ ਨੂੰ ਵੀ ਬੈਠਕ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਵੈਨੇਜ਼ੁਏਲਾ ਵਿੱਚ ਮੁੜ ਮਹਿਸੂਸ ਹੋਏ ਭੂਚਾਲ ਦੇ ਝਟਕੇ, ਮੌਤਾਂ ਦੀ ਗਿਣਤੀ 900 ਤੋਂ ਪਾਰ, ਰਾਹਤ ਕਾਰਜ ਜਾਰੀ

ਵੈਨੇਜ਼ੁਏਲਾ :- ਵੈਨੇਜ਼ੁਏਲਾ ਵਿੱਚ ਕੁਝ ਦਿਨ ਪਹਿਲਾਂ ਆਏ ਤਾਕਤਵਰ ਭੂਚਾਲਾਂ ਤੋਂ ਬਾਅਦ ਸ਼ਨੀਵਾਰ ਨੂੰ ਇੱਕ ਵਾਰ ਫਿਰ ਧਰਤੀ ਹਿੱਲੀ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 4.9 ਦਰਜ ਕੀਤੀ ਗਈ। ਇਸ ਦੇ ਝਟਕੇ ਰਾਜਧਾਨੀ ਕਰਾਕਸ, ਮਰਾਕੇ ਅਤੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ। ਮਾਹਿਰ ਇਸ ਨੂੰ ਪਹਿਲਾਂ ਆਏ ਭੂਚਾਲ ਤੋਂ ਬਾਅਦ ਪੈਦਾ ਹੋਏ ਆਫ਼ਟਰ-ਸ਼ਾਕ ਵਜੋਂ ਦੇਖ ਰਹੇ ਹਨ।

ਮ੍ਰਿਤਕਾਂ ਦੀ ਗਿਣਤੀ 920 ਤੱਕ ਪੁੱਜੀ, ਹਜ਼ਾਰਾਂ ਜ਼ਖ਼ਮੀ ਤੇ ਲਾਪਤਾ

ਅਧਿਕਾਰੀਆਂ ਮੁਤਾਬਕ ਪਹਿਲਾਂ ਆਈ ਤਬਾਹੀ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 920 ਹੋ ਗਈ ਹੈ। 3,360 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਦਕਿ 51,700 ਤੋਂ ਵੱਧ ਵਿਅਕਤੀਆਂ ਦੇ ਅਜੇ ਵੀ ਲਾਪਤਾ ਹੋਣ ਦੀ ਜਾਣਕਾਰੀ ਹੈ। ਰਾਹਤ ਟੀਮਾਂ ਨੇ ਹੁਣ ਤੱਕ 243 ਲੋਕਾਂ ਨੂੰ ਮਲਬੇ ਹੇਠੋਂ ਜ਼ਿੰਦਾ ਬਚਾਇਆ ਹੈ। ਬਚਾਅ ਮੁਹਿੰਮ ਜਾਰੀ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਹਸਪਤਾਲਾਂ ਅਤੇ ਹੋਰ ਇਮਾਰਤਾਂ ਨੂੰ ਭਾਰੀ ਨੁਕਸਾਨ

ਭੂਚਾਲ ਕਾਰਨ ਕਈ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ। ਹਸਪਤਾਲਾਂ ਅਤੇ ਸ਼ਾਪਿੰਗ ਸੈਂਟਰਾਂ ਸਮੇਤ ਕਈ ਮਹੱਤਵਪੂਰਨ ਢਾਂਚੇ ਪ੍ਰਭਾਵਿਤ ਹੋਏ ਹਨ। ਮਾਈਕੇਟੀਆ ਸਥਿਤ ਸਿਮੋਨ ਬੋਲੀਵਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸੁਰੱਖਿਆ ਕਾਰਨਾਂ ਕਰਕੇ ਕੁਝ ਸਮੇਂ ਲਈ ਬੰਦ ਕਰਨਾ ਪਿਆ। ਹਾਲਾਤ ਨੂੰ ਦੇਖਦਿਆਂ ਬਚਾਅ ਅਤੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ 4,200 ਤੋਂ ਵਧਾ ਕੇ 11,500 ਕਰ ਦਿੱਤੀ ਗਈ ਹੈ।

ਕਈ ਦੇਸ਼ਾਂ ਨੇ ਭੇਜੀ ਰਾਹਤ ਸਮੱਗਰੀ ਅਤੇ ਮਾਹਿਰ ਟੀਮਾਂ

ਕੁਦਰਤੀ ਆਫ਼ਤ ਤੋਂ ਬਾਅਦ ਅੰਤਰਰਾਸ਼ਟਰੀ ਭਾਈਚਾਰਾ ਵੀ ਮਦਦ ਲਈ ਅੱਗੇ ਆਇਆ ਹੈ। ਸੰਯੁਕਤ ਰਾਜ, ਭਾਰਤ, ਮੈਕਸੀਕੋ, ਸਪੇਨ, ਜਰਮਨੀ, ਸਵਿਟਜ਼ਰਲੈਂਡ ਅਤੇ ਕੋਲੰਬੀਆ ਵੱਲੋਂ ਰਾਹਤ ਸਮੱਗਰੀ ਅਤੇ ਵਿਸ਼ੇਸ਼ ਬਚਾਅ ਟੀਮਾਂ ਭੇਜੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਡਾਕਟਰੀ ਦਲ, ਖੋਜ ਅਤੇ ਬਚਾਅ ਟੀਮਾਂ, ਸਿਖਲਾਈ ਪ੍ਰਾਪਤ ਸਨਿਫਰ ਕੁੱਤੇ, ਐਮਰਜੈਂਸੀ ਰਾਹਤ ਸਮੱਗਰੀ ਅਤੇ ਅਸਥਾਈ ਹਸਪਤਾਲ ਸ਼ਾਮਲ ਹਨ।

ਭਾਰਤ ਨੇ ਵੀ ਭੇਜੀ ਵੱਡੀ ਮਨੁੱਖੀ ਸਹਾਇਤਾ

ਭਾਰਤ ਨੇ ਵੀ ਰਾਹਤ ਕਾਰਜਾਂ ਵਿੱਚ ਆਪਣਾ ਯੋਗਦਾਨ ਦਿੰਦਿਆਂ ਦੋ ਸੀ-130 ਜਹਾਜ਼ਾਂ ਰਾਹੀਂ ਲਗਭਗ 35 ਟਨ ਰਾਹਤ ਸਮੱਗਰੀ ਰਵਾਨਾ ਕੀਤੀ ਹੈ। ਇਸ ਦੇ ਨਾਲ ਭਾਰਤੀ ਫੌਜ ਦਾ 60 ਪੈਰਾ ਫੀਲਡ ਹਸਪਤਾਲ, 41 ਮੈਂਬਰੀ ਮੈਡੀਕਲ ਅਤੇ ਰਾਹਤ ਦਲ ਅਤੇ ਨੌਂ ਡਾਕਟਰਾਂ ਸਮੇਤ ਦੋ ਭੀਸ਼ਮ ਪੋਰਟੇਬਲ ਹਸਪਤਾਲ ਵੀ ਪ੍ਰਭਾਵਿਤ ਖੇਤਰ ਲਈ ਭੇਜੇ ਗਏ ਹਨ, ਤਾਂ ਜੋ ਪੀੜਤ ਲੋਕਾਂ ਨੂੰ ਤੁਰੰਤ ਡਾਕਟਰੀ ਅਤੇ ਹੋਰ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।