Home Blog Page 1093

ਲੈਂਡ ਪੂਲਿੰਗ ‘ਤੇ ਡੱਲੇਵਾਲ ਦਾ ਵੱਡਾ ਦਾਅਵਾ: “ਇਹ ਸਿਰਫ਼ ਜ਼ਮੀਨ ਦੀ ਨਹੀਂ, ਭਵਿੱਖ ਦੀ ਲੜਾਈ ਹੈ”

ਪੰਜਾਬ, 4 ਜੁਲਾਈ:- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਚਰਨ ਕਵਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਕਿਸਾਨਾਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ।

ਡੱਲੇਵਾਲ ਨੇ ਦੱਸਿਆ ਕਿ ਲੈਂਡ ਪੂਲਿੰਗ ਕਿਸਾਨਾਂ ਲਈ ਨਵਾਂ ਖ਼ਤਰਾ ਬਣ ਰਹੀ ਹੈ। ਉਨ੍ਹਾਂ ਮੁਤਾਬਕ, ਕੇਂਦਰ ਤੇ ਪੰਜਾਬ ਦੋਹਾਂ ਸਰਕਾਰਾਂ ਕਿਸਾਨਾਂ ਦੀਆਂ ਜ਼ਮੀਨਾਂ ਬਿਨਾਂ ਪੂਰੇ ਮੁਆਵਜ਼ੇ ਦੇ ਖੋ ਰਹੀਆਂ ਹਨ। ਇਹ ਸਕੀਮ ਸਿਰਫ਼ ਜ਼ਮੀਨ ਦੀ ਨਹੀਂ, ਸਿੱਧਾ ਕਿਸਾਨੀ ‘ਤੇ ਹਮਲਾ ਹੈ।
ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਕਰਕੇ ਸੂਬੇ ਦੇ 160 ਤੋਂ ਵੱਧ ਪਿੰਡ ਖਾਲੀ ਹੋਣ ਦੇ ਕਗਾਰ ‘ਤੇ ਹਨ, ਜਿਸ ਨਾਲ ਹਜ਼ਾਰਾਂ ਪਰਿਵਾਰ ਬੇਘਰ ਹੋਣਗੇ। ਇਹ ਸਿਰਫ਼ ਕਿਸਾਨਾਂ ਦੀ ਨਹੀਂ, ਬਲਕਿ ਮਜ਼ਦੂਰਾਂ, ਦੁਕਾਨਦਾਰਾਂ ਅਤੇ ਛੋਟੇ ਉਦਯੋਗਾਂ ਦੀ ਵੀ ਲੜਾਈ ਹੈ।
ਉਹਨਾ ਅੱਗੇ ਕਿਹਾ, “ਨਵਾਂਸ਼ਹਿਰ ਦੀ 383 ਏਕੜ ਜ਼ਮੀਨ ਤਾਂ ਸਿਰਫ਼ ਸ਼ੁਰੂਆਤ ਹੈ। ਇਹ ਮੁੱਦਾ ਸਾਰੇ ਪੰਜਾਬ ਦਾ ਹੈ, ਤੇ ਹੁਣ ਇਹ ਲੜਾਈ ਸੂਬਾ ਪੱਧਰ ਤੋਂ ਚੁੱਕ ਕੇ ਰਾਸ਼ਟਰ ਪੱਧਰ ‘ਤੇ ਪਹੁੰਚ ਚੁੱਕੀ ਹੈ।

”ਡੱਲੇਵਾਲ ਨੇ 7 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਵਿਸ਼ਾਲ ਮੀਟਿੰਗ ਵਿੱਚ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ। ਉਨ੍ਹਾਂ ਦਾ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਭਰਿਆ ਸੁਨੇਹਾ ਸੀ ਕਿ “ਜੇਕਰ ਅਸੀਂ ਅੱਜ ਖੜੇ ਨਾ ਹੋਏ ਤਾਂ ਕੱਲ੍ਹ ਕਿਸੇ ਕੋਲ ਵੀ ਆਪਣੀ ਜ਼ਮੀਨ ਨਹੀਂ ਬਚੇਗੀ।”
 

ਜਲੰਧਰ ‘ਚ ਨੌਜਵਾਨ ਦੀ ਮੌਤ, ਪੁਲਸ ਦੇ ਮਿਲੀ ਭੁਗਤ ਦੇ ਦੋਸ਼, ਦੁਖੀ ਪਰਿਵਾਰ ਨੇ ਲਾਇਆ ਧਰਨਾ

ਜਲੰਧਰ, 4 ਅਗੱਸਤ :- 22 ਦਿਨਾਂ ਤੋਂ ਹਸਪਤਾਲ ‘ਚ ਜ਼ਿੰਦਗੀ ਦੀ ਜੰਗ ਲੜ ਰਿਹਾ ਮੁਨੀਸ਼ ਆਖ਼ਰਕਾਰ ਜ਼ਖ਼ਮਾਂ ਦੇ ਅੱਗੇ ਥਕ ਗਿਆ। ਕਮਲ ਵਿਹਾਰ ਅਤੇ ਬਸ਼ੀਰਪੁਰਾ ਗੇਟ ਨੇੜੇ ਹੋਈ ਗੋਲ਼ੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਏ 26 ਸਾਲਾ ਮੁਨੀਸ਼ ਦਿਲੀ ਹਿੰਮਤ ਹਾਰ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਨੇ GRP ਪੁਲਸ ਉੱਤੇ ਮੁਲਜ਼ਮਾਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਾਏ ਹਨ।

ਮੁਨੀਸ਼ ਦੇ ਪਿਤਾ ਵਿਸ਼ਾਲ ਨੇ ਪੁਲਸ ਉੱਤੇ ਸਿੱਧੇ ਤੌਰ ‘ਤੇ ਇਲਜ਼ਾਮ ਲਗਾਇਆ ਕਿ ਮੁੱਖ ਦੋਸ਼ੀ ਮਨਕਰਨ ਹਾਲੇ ਤੱਕ ਪੁਲਸ ਦੀ ਪਕੜ ਤੋਂ ਬਾਹਰ ਹੈ। ਪਰਿਵਾਰ ਅਕਸਰ GRP ਸਟੇਸ਼ਨ ਦੇ ਬਾਹਰ ਧਰਨਾ ਲਗਾ ਕੇ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਹੈ। ਵਿਸ਼ਾਲ ਨੇ ਦਾਅਵਾ ਕੀਤਾ ਕਿ ਮਨਕਰਨ ਇੱਕ ਰਾਜਨੀਤਕ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਨੂੰ ਪ੍ਰਵਾਸੀ ਸੈੱਲ ਦੇ ਇੰਚਾਰਜ ਦੀਨਾਨਾਥ ਦੀ ਸ਼ਹਿ ਪ੍ਰਾਪਤ ਹੈ।

ਝਗੜੇ ਦੀ ਜੜ੍ਹ 2024 ਦੀ ਇੱਕ ਝੂਠੀ FIR?

ਵਿਸ਼ਾਲ ਨੇ ਦੱਸਿਆ ਕਿ ਸਾਲ 2024 ‘ਚ ਦੀਨਾਨਾਥ ਨੇ ਹੀ ਉਨ੍ਹਾਂ ਦੇ ਪੁੱਤਰ ਮੁਨੀਸ਼ ਵਿਰੁੱਧ ਝੂਠੀ FIR ਦਰਜ ਕਰਵਾਈ ਸੀ। ਜਮਾਨਤ ‘ਤੇ ਬਾਹਰ ਆਉਣ ਤੋਂ ਬਾਅਦ 12 ਜੁਲਾਈ ਨੂੰ ਮਨਕਰਨ ਨੇ ਉਸ ‘ਤੇ ਗੋਲ਼ੀਆਂ ਚਲਾਈਆਂ। ਗੋਲ਼ੀ ਮੁਨੀਸ਼ ਦੇ ਪੇਟ ਦੇ ਹੇਠਲੇ ਹਿੱਸੇ ‘ਚ ਲੱਗੀ ਜਿਸ ਕਾਰਨ ਉਸ ਦੀਆਂ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚਿਆ। ਇੱਕ ਓਪਰੇਸ਼ਨ ਹੋਇਆ ਪਰ ਦੂਜਾ ਹੋਣ ਤੋਂ ਪਹਿਲਾਂ ਹੀ ਮੁਨੀਸ਼ ਨੇ ਦਮ ਤੋੜ ਦਿੱਤਾ।

ਕੇਸ ਦੀ ਹਾਲਤ ਤੇ ਪੁਲਸ ਦਾ ਪੱਖ

GRP ਸਟੇਸ਼ਨ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁਨੀਸ਼ ਦੇ ਭਰਾ ਦੇ ਬਿਆਨ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਮੌਤ ਤੋਂ ਬਾਅਦ ਪਰਿਵਾਰ ਵੱਲੋਂ ਹੋਰ ਲੋਕਾਂ ਦੇ ਨਾਮ ਜੋੜੇ ਗਏ ਹਨ। ਪੁਲਸ ਅਧਿਕਾਰੀ ਅਨੁਸਾਰ, ਜੇਕਰ ਪਰਿਵਾਰ ਦੁਬਾਰਾ ਸ਼ਿਕਾਇਤ ਦਰਜ ਕਰਵਾਉਂਦਾ ਹੈ ਤਾਂ ਜਾਂਚ ‘ਚ ਨਵੇਂ ਦੋਸ਼ੀਆਂ ਖ਼ਿਲਾਫ਼ ਵੀ ਕਾਰਵਾਈ ਹੋ ਸਕਦੀ ਹੈ।

ਫ਼ਿਲਹਾਲ ਹਾਲਤ ਤਣਾਅਪੂਰਨ

ਪੂਰੇ ਘਟਨਾ-ਕਰਮ ਤੋਂ ਬਾਅਦ ਪਰਿਵਾਰ ਵਿੱਚ ਸਦਮਾ ਤੇ ਗੁੱਸਾ ਦੋਵੇਂ ਸਪੱਸ਼ਟ ਹਨ। ਭਰਾ ਕਰਨ ਨੇ ਕਿਹਾ ਕਿ “ਸਾਡਾ ਭਰਾ ਇਨਸਾਫ਼ ਚਾਹੁੰਦਾ ਸੀ, ਪਰ ਉਸ ਨੂੰ ਇਨਸਾਫ਼ ਮਿਲਣ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ। ਹੁਣ ਜੇ ਮੁਲਜ਼ਮਾਂ ਨੂੰ ਸਜ਼ਾ ਨਾ ਮਿਲੀ, ਤਾਂ ਇਹ ਸਿਸਟਮ ‘ਤੇ ਇੱਕ ਕਾਲਾ ਦਾਗ ਹੋਵੇਗਾ। ”ਮਾਮਲੇ ਦੀ ਜਾਂਚ ਜਾਰੀ ਹੈ, ਪਰ ਮੁੱਖ ਦੋਸ਼ੀ ਹਾਲੇ ਵੀ ਫਰਾਰ ਹੋਣ ਕਾਰਨ ਪਰਿਵਾਰ ਦੇ ਦੁੱਖ ਤੇ ਗੁੱਸੇ ਨੂੰ ਹਲਕਾ ਕਰਨਾ ਅਸੰਭਵ ਜਾਪਦਾ ਹੈ।

ਕਰਨਲ ਬਾਠ ਕੁੱਟਮਾਰ ਮਾਮਲਾ: ਸੁਪਰੀਮ ਕੋਰਟ ਵੱਲੋਂ ਚਾਰ ਪੰਜਾਬੀ ਪੁਲਸ ਅਧਿਕਾਰੀਆਂ ਨੂੰ ਝਟਕਾ, ਸੀਬੀਆਈ ਜਾਂਚ ਜਾਰੀ ਰੱਖਣ ਦੇ ਆਦੇਸ਼

ਪੰਜਾਬ, 4ਅਗੱਸਤ :- ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੁੱਟਮਾਰ ਮਾਮਲੇ ‘ਚ ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਕੋਰਟ ਨੇ ਉਨ੍ਹਾਂ ਵਿਰੁੱਧ ਸੀਬੀਆਈ ਜਾਂਚ ਰੋਕਣ ਦੀ ਮੰਗ ਵਾਲੀ ਅਰਜ਼ੀ ਖ਼ਾਰਿਜ ਕਰ ਦਿੱਤੀ ਹੈ। ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਖੰਡਪੀਠ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਸੀਬੀਆਈ ਜਾਂਚ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ।

ਕੀ ਸੀ ਮਾਮਲਾ?
ਇਹ ਘਟਨਾ 13–14 ਮਾਰਚ ਦੀ ਦਰਮਿਆਨੀ ਰਾਤ ਪਟਿਆਲਾ ‘ਚ ਵਾਪਰੀ ਸੀ। ਕਰਨਲ ਪੁਸ਼ਪਿੰਦਰ ਸਿੰਘ ਬਾਠ ਆਪਣੇ ਪੁੱਤਰ ਨਾਲ ਰਜਿੰਦਰਾ ਹਸਪਤਾਲ ਦੇ ਨੇੜੇ ਇੱਕ ਢਾਬੇ ਉੱਤੇ ਗੱਡੀ ਰੋਕ ਕੇ ਖਾਣਾ ਖਾ ਰਹੇ ਸਨ। ਪਰਿਵਾਰ ਦੇ ਦੱਸਣ ਮੁਤਾਬਕ, ਕੁਝ ਸਾਦੇ ਕੱਪੜਿਆਂ ‘ਚ ਪੁਲਸ ਕਰਮਚਾਰੀ ਉੱਥੇ ਆਏ ਅਤੇ ਕਰਨਲ ਨੂੰ ਆਪਣੀ ਕਾਰ ਹਟਾਉਣ ਲਈ ਕਿਹਾ, ਤਾਂ ਜੋ ਉਹ ਆਪਣੀ ਗੱਡੀ ਲਾ ਸਕਣ।

ਇਹ ਛੋਟੀ ਜਿਹੀ ਗੱਲ ਵਧ ਗਈ ਅਤੇ ਕਥਿਤ ਤੌਰ ‘ਤੇ 10 ਤੋਂ ਵੱਧ ਪੁਲਸ ਕਰਮਚਾਰੀਆਂ ਨੇ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਕੀਤੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ, ਹਾਈ ਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ। ਹੁਣ ਸੁਪਰੀਮ ਕੋਰਟ ਨੇ ਵੀ ਇਹਨਾਂ ਹੁਕਮਾਂ ‘ਚ ਕੋਈ ਤਬਦੀਲੀ ਨਹੀਂ ਕੀਤੀ।

ਇਸ ਦੇ ਨਾਲ, ਇਹ ਮਾਮਲਾ ਹੋਣ ਵਾਲੀ ਜਾਂਚ ਲਈ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ ਨੂੰ ਹੁਣ ਸੀਬੀਆਈ ਦੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ।

ਅੰਮ੍ਰਿਤਸਰ – ਵਕੀਲ ਦੇ ਕਤਲ ਮਾਮਲੇ ਨੇ ਲਿਆ ਰੁਦਰ ਰੂਪ, ਸੂਬੇ ਭਰ ਦੇ ਵਕੀਲਾਂ ਵੱਲੋਂ ਹੜਤਾਲ ਤੇ ਰੋਸ ਪ੍ਰਦਰਸ਼ਨ!

ਜੰਡਿਆਲਾ ਗੁਰੂ ‘ਚ ਵਕੀਲ ਦੀ ਸਨਸਨੀਖੇਜ਼ ਹੱਤਿਆ ਮਾਮਲੇ ਨੇ ਪੰਜਾਬ ਭਰ ਦੇ ਕਾਨੂੰਨੀ ਵਰਗ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਹੱਤਿਆ ਦੇ ਵਿਰੋਧ ‘ਚ ਅੱਜ ਰਾਜ ਭਰ ਦੀਆਂ ਵਕੀਲ ਸੰਘਠਨਾਂ ਵੱਲੋਂ ਕੰਮ ਬੰਦ ਰੱਖ ਕੇ ਹੜਤਾਲ ਕੀਤੀ ਗਈ। ਅੰਮ੍ਰਿਤਸਰ ਸਿਵਲ ਕੋਰਟ ਵੀ ਪੂਰੀ ਤਰ੍ਹਾਂ ਬੰਦ ਰਹੀ, ਜਿੱਥੇ ਵਕੀਲਾਂ ਵੱਲੋਂ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਸਰਕਾਰ ਦੀ ਨੀਤੀ ਉਤੇ ਸਵਾਲ ਚੁੱਕਦੇ ਹੋਏ ਕਿਹਾ, “ਜਦ ਵਕੀਲ ਹੀ ਸੁਰੱਖਿਅਤ ਨਹੀਂ, ਤਾਂ ਆਮ ਨਾਗਰਿਕਾਂ ਦੀ ਸੁਰੱਖਿਆ ਦੀ ਗਾਰੰਟੀ ਕੌਣ ਲਵੇਗਾ?” ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ‘ਚ ਸਾਥੀ ਵਕੀਲ ਉੱਤੇ ਹੋਏ ਹਮਲੇ ਨੇ ਸੂਬੇ ਦੇ ਕਾਨੂੰਨੀ ਮਾਹੌਲ ‘ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹਮਲੇ ‘ਚ ਜ਼ਖ਼ਮੀ ਹੋਏ ਵਕੀਲ ਦੀ ਹਸਪਤਾਲ ‘ਚ ਮੌਤ ਹੋ ਚੁੱਕੀ ਹੈ, ਜੋ ਕਿ ਸਿੱਧਾ ਕਾਨੂੰਨ ਅਤੇ ਨਿਆਂ ‘ਤੇ ਹਮਲਾ ਹੈ।

ਬਾਰ ਐਸੋਸੀਏਸ਼ਨ ਅਮਲੀਆਂ ਕਾਰਵਾਈ ਦੀ ਮੰਗ ਕਰ ਰਹੀ ਹੈ। ਹਾਲਾਂਕਿ ਸੂਬਾ ਮੰਤਰੀ ਹਰਭਜਨ ਸਿੰਘ ਈਟੀਓ ਵਕੀਲ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸਨ, ਪਰ ਹੁਣ ਤੱਕ ਨਾ ਤਾਂ ਕਿਸੇ ਹਮਲਾਵਰ ਦੀ ਗ੍ਰਿਫ਼ਤਾਰੀ ਹੋਈ ਹੈ, ਨਾ ਹੀ ਸਰਕਾਰ ਵੱਲੋਂ ਕਿਸੇ ਸੁਰੱਖਿਆ ਯੋਜਨਾ ਦਾ ਐਲਾਨ ਕੀਤਾ ਗਿਆ।

ਵਕੀਲਾਂ ਨੇ ਚਿਤਾਵਨੀ ਦਿੱਤੀ ਕਿ ਜਦ ਤੱਕ ਹਮਲਾਵਰਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਅਤੇ ਵਕੀਲਾਂ ਨੂੰ ਸਰਕਾਰੀ ਸਤਰ ‘ਤੇ ਸੁਰੱਖਿਆ ਦੀ ਗਾਰੰਟੀ ਨਹੀਂ ਮਿਲਦੀ, ਤਦ ਤੱਕ ਉਨ੍ਹਾਂ ਵੱਲੋਂ ਰੋਸ ਮੁਹਿੰਮ ਜਾਰੀ ਰਹੇਗੀ।

93 ਸਾਲ ਬਾਅਦ ਭਾਰਤ ਨੇ ਇੰਗਲੈਂਡ ਦੀ ਧਰਤੀ ‘ਤੇ ਰਚਿਆ ਇਤਿਹਾਸ, ਟੈਸਟ ਜਿੱਤ ਨਾਲ ਹੋਈ ਸੀਰੀਜ਼ ਬਰਾਬਰ, ਦੇਖੋ ਖ਼ਬਰ…..

ਓਵਲ ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਸਿਰਾਜ-ਪ੍ਰਸਿੱਧ ਦੀ ਘਾਤਕ ਬੌਲਿੰਗ ਨਾਲ ਮਿਲੀ ਜਿੱਤ, ਇੰਗਲੈਂਡ ਨਾਲ ਸੀਰੀਜ਼ ਬਰਾਬਰ

ਅਖੀਰਲੇ ਦਿਨ ਤੱਕ ਚਲਿਆ ਟੈਸਟ, ਭਾਰਤ ਨੇ ਦਿਲ ਚਿੱਤ ਲੈਣ ਵਾਲੀ ਜਿੱਤ ਨਾਲ ਕੀਤਾ ਹਿਸਾਬ ਬਰਾਬਰ

ਲੰਡਨ ਦੇ ਓਵਲ ਸਟੇਡਿਅਮ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਗਈ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ ਦਮਦਾਰ ਰਿਹਾ। ਇਹ ਮੈਚ ਆਖਰੀ ਦਿਨ ਤੱਕ ਖਿੱਚਿਆ ਗਿਆ ਅਤੇ ਭਾਰਤ ਨੇ ਇਸ ਵਿੱਚ ਵਧੀਆ ਜਿੱਤ ਦਰਜ ਕਰਕੇ ਸੀਰੀਜ਼ 2-2 ਦੀ ਬਰਾਬਰੀ ‘ਤੇ ਖਤਮ ਕੀਤੀ।
ਹਾਲਾਂਕਿ ਅੰਕੜਿਆਂ ਅਨੁਸਾਰ ਇਹ ਸੀਰੀਜ਼ ਡਰਾਅ ਰਹੀ, ਪਰ ਭਾਰਤੀ ਟੀਮ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਇਹਨੂੰ ਜਿੱਤ ਹੀ ਮੰਨਿਆ ਜਾ ਰਿਹਾ ਹੈ।

ਇੰਗਲੈਂਡ ਨੇ ਪਹਿਲਾ ਮੈਚ ਜਿੱਤਿਆ ਸੀ, ਪਰ ਭਾਰਤ ਨੇ ਦੂਜੇ ਮੈਚ ਵਿਚ ਵਾਪਸੀ ਕਰਦਿਆਂ ਮੌਜੂਦਾ ਫਾਰਮ ਸਾਬਤ ਕਰ ਦਿੱਤੀ। ਤੀਜਾ ਮੈਚ ਲਾਰਡਸ ‘ਚ ਹੋਇਆ ਜਿਸ ਵਿੱਚ ਭਾਰਤ ਨੂੰ ਹਾਰ ਮਿਲੀ, ਪਰ ਚੌਥਾ ਮੈਚ ਡਰਾਅ ਰਿਹਾ। ਆਖਰੀ ਮੈਚ ਵਿੱਚ ਭਾਰਤ ਨੇ ਦਿਲ ਜਿੱਤ ਲੈਣ ਵਾਲੀ ਜਿੱਤ ਦਰਜ ਕਰਕੇ ਸੀਰੀਜ਼ ਵਿਚ ਬਰਾਬਰੀ ਹਾਸਲ ਕਰ ਲਈ।

ਸਿਰਾਜ ਦੀ ਗੇਂਦਬਾਜ਼ੀ ਬਣੀ ਜਿੱਤ ਦੀ ਕੁੰਜੀ, ਗਿੱਲ ਦੀ ਕਮਾਨੀ ਕਾਬਿਲੇ-ਤਾਰੀਫ਼

ਭਾਰਤੀ ਤੇਜ਼ ਗੇਂਦਬਾਜ਼ੀ ਦੀ ਤਿਕੜੀ ਨੇ ਇਸ ਮੈਚ ਵਿਚ ਕਮਾਲ ਕਰ ਦਿੱਤਾ। ਮੁਹੰਮਦ ਸਿਰਾਜ ਨੇ ਦੋਹਾਂ ਇਨਿੰਗਜ਼ ਵਿਚ 9 ਵਿਕਟਾਂ ਲਈਆਂ, ਜਿਸ ਨਾਲ ਮੈਚ ਦਾ ਪਾਸਾ ਭਾਰਤ ਦੇ ਹੱਕ ’ਚ ਮੁੜ ਗਿਆ। ਪ੍ਰਸਿੱਧ ਕ੍ਰਿਸ਼ਨਾ ਨੇ ਵੀ 8 ਵਿਕਟਾਂ ਨਾਲ ਸਿਰਾਜ ਦਾ ਚੰਗਾ ਸਾਥ ਦਿੱਤਾ।

ਭਾਰਤ ਨੇ ਮੈਚ ’ਚ ਸਿਰਫ਼ 3 ਤੇਜ਼ ਗੇਂਦਬਾਜ਼ ਖਿਡਾਏ ਸਨ, ਜਿਸ ਨਾਲ ਕਪਤਾਨ ਸ਼ੁਭਮਨ ਗਿੱਲ ਲਈ ਇਹ ਮੈਚ ਮੈਨੇਜ ਕਰਨਾ ਚੁਣੌਤੀ ਭਰਪੂਰ ਸੀ, ਪਰ ਉਨ੍ਹਾਂ ਨੇ ਸ਼ਾਨਦਾਰ ਕੰਮ ਕਰਕੇ ਆਪਣੇ ਆਪ ਨੂੰ ਇੰਗਲੈਂਡ ਵਿਚ ਅਟੁੱਟ ਰਹਿਣ ਵਾਲੇ ਕਪਤਾਨਾਂ ‘ਚ ਸ਼ਾਮਿਲ ਕਰਵਾ ਲਿਆ।

ਯਸ਼ਸਵੀ ਦਾ ਸ਼ਤਕ, ਜਡੇਜਾ-ਵਾਸ਼ਿੰਗਟਨ ਦਾ ਯੋਗਦਾਨ; ਇੰਗਲੈਂਡ ਨੂੰ ਮਿਲੀ ਲਾਰਡਜ਼ ਦੀ ਜਵਾਬੀ ਹਾਰ

ਭਾਰਤ ਨੇ ਪਹਿਲੀ ਇਨਿੰਗ ਵਿਚ 224 ਰਨ ਬਣਾਏ, ਜਦਕਿ ਇੰਗਲੈਂਡ ਨੇ 247 ਰਨ ਜੋੜ ਕੇ 23 ਰਨਾਂ ਦੀ ਲੀਡ ਲੈ ਲਈ। ਪਰ ਭਾਰਤ ਨੇ ਦੂਜੀ ਇਨਿੰਗ ਵਿੱਚ ਘਾਤਕ ਬੈਟਿੰਗ ਕਰਦਿਆਂ 396 ਰਨ ਲਾਏ।

ਯਸ਼ਸਵੀ ਜੈਸਵਾਲ ਨੇ ਤੀਬਰ ਸ਼ਤਕ ਜੜਿਆ, ਜਦਕਿ ਆਕਾਸ਼ ਦੀਪ, ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਨੇ ਅਰਧਸ਼ਤਕ ਲਾ ਕੇ ਭਾਰਤ ਨੂੰ ਵੱਡੀ ਲੀਡ ਦਿੱਤੀ।

ਇੰਗਲੈਂਡ ਨੇ ਜਿੱਤ ਲਈ 374 ਰਨਾਂ ਦਾ ਟਾਰਗੇਟ ਹਾਸਿਲ ਕਰਨਾ ਸੀ, ਪਰ ਉਨ੍ਹਾਂ ਦੀ ਟੀਮ ਸਿਰਫ਼ 368 ‘ਤੇ ਢੇਰ ਹੋ ਗਈ। ਸਿਰਫ਼ 6 ਰਨ ਦੇ ਅੰਤਰ ਨਾਲ ਭਾਰਤ ਨੇ ਇਹ ਮੈਚ ਜਿੱਤ ਲਿਆ। ਇਹ ਵਾਹੀ ਕਰੀਬੀ ਹਾਰ ਸੀ ਜੋ ਲਾਰਡਜ਼ ‘ਚ ਭਾਰਤ ਨੂੰ ਮਿਲੀ ਸੀ, ਜਿਸਦਾ ਜਵਾਬ ਓਵਲ ‘ਚ ਦੇ ਦਿੱਤਾ ਗਿਆ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲੇ 10 ਨਵੇਂ ਜੱਜ, ਰਾਸ਼ਟਰਪਤੀ ਦੇ ਆਦੇਸ਼ ‘ਤੇ ਚੱਕੀ ਸਹੁੰ!

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੋਮਵਾਰ ਨੂੰ ਨਿਆਂ ਪ੍ਰਣਾਲੀ ਵਿੱਚ ਵੱਡੀ ਮਜ਼ਬੂਤੀ ਮਿਲੀ, ਜਦੋਂ ਦੋਨੋਂ ਸੂਬਿਆਂ ਦੇ 10 ਜ਼ਿਲ੍ਹਾ ਤੇ ਸੈਸ਼ਨ ਜੱਜਾਂ ਨੇ ਵਾਧੂ ਜੱਜ ਵਜੋਂ ਹਾਈ ਕੋਰਟ ‘ਚ ਆਪਣੀ ਸ਼ਪਥ ਲਈ। ਇਹ ਸ਼ਪਥ ਸਮਾਰੋਹ ਚੰਡੀਗੜ੍ਹ ਸਥਿਤ ਹਾਈ ਕੋਰਟ ਭਵਨ ਵਿੱਚ ਆਯੋਜਿਤ ਕੀਤਾ ਗਿਆ।

 

ਇਹ ਨਿਯੁਕਤੀਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਆਦੇਸ਼ ਅਧੀਨ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨਾਲ ਹਾਈ ਕੋਰਟ ਵਿੱਚ ਕੰਮ ਕਰ ਰਹੇ ਜੱਜਾਂ ਦੀ ਗਿਣਤੀ ਵੱਧ ਕੇ ਹੁਣ 59 ਹੋ ਗਈ ਹੈ, ਜਦਕਿ ਮਨਜ਼ੂਰਸ਼ੁਦਾ ਗਿਣਤੀ 85 ਹੈ।

ਇਹ ਕਦਮ ਨਿਆਂ ਪ੍ਰਣਾਲੀ ਵਿੱਚ ਚੱਲ ਰਹੀ ਮਾਮਲਿਆਂ ਦੀ ਭਾਰੀ ਗਿਣਤੀ, (ਕਰੀਬ 4 ਲੱਖ ਤੋਂ ਵੱਧ ਕੇਸਾਂ) ਨੂੰ ਘਟਾਉਣ ਲਈ ਚਲਾਈ ਜਾ ਰਹੀ ਸੰਸਥਾਗਤ ਕੋਸ਼ਿਸ਼ਾਂ ਦਾ ਹਿੱਸਾ ਹੈ। ਨਵੇਂ ਜੱਜਾਂ ਦੀ ਨਿਯੁਕਤੀ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਹਾਈ ਕੋਰਟ ਦੀ ਕਾਰਗੁਜ਼ਾਰੀ ਵਿੱਚ ਤੇਜ਼ੀ ਆਏਗੀ ਅਤੇ ਆਮ ਲੋਕਾਂ ਨੂੰ ਨਿਆਂ ਮਿਲਣ ਦੀ ਪ੍ਰਕਿਰਿਆ ਹੋਰ ਜ਼ਿਆਦਾ ਤੁਰੰਤ ਅਤੇ ਪ੍ਰਭਾਵਸ਼ਾਲੀ ਹੋਵੇਗੀ।

ਹਾਈ ਕੋਰਟ ਪ੍ਰਸ਼ਾਸਨ ਵੱਲੋਂ ਨਵੇਂ ਜੱਜਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਮੀਦ ਜਤਾਈ ਗਈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਨਿਆਂ, ਇਮਾਨਦਾਰੀ ਅਤੇ ਨੈਤਿਕਤਾ ਨਾਲ ਨਿਭਾਉਣਗੇ।

ਕਾਂਗਰਸ ਤੇ ਅਕਾਲੀ ਦਲ ਛੱਡ 100 ਤੋਂ ਵੱਧ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ, ਵਿਧਾਇਕ ਡਾ. ਅਮਨਦੀਪ ਕੌਰ ਨੇ ਕੀਤਾ ਸਵਾਗਤ

ਮੋਗਾ ਵਿਧਾਨ ਸਭਾ ਹਲਕੇ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਹਿਮਾਇਤ ਮਿਲੀ ਹੈ। ਵਾਰਡ ਨੰਬਰ 25 ਵਿਚੋਂ ਕਾਂਗਰਸ ਅਤੇ ਅਕਾਲੀ ਦਲ ਨਾਲ ਸੰਬੰਧਤ 100 ਦੇ ਕਰੀਬ ਪਰਿਵਾਰ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਸ਼ਾਮਲ ਹੋ ਗਏ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਇਨ੍ਹਾਂ ਸਾਰੇ ਪਰਿਵਾਰਾਂ ਦਾ ਸਰੋਪਾ ਪਾ ਕੇ ਸਵਾਗਤ ਕੀਤਾ।

ਇਸ ਮੌਕੇ ਡਾ. ਅਮਨਦੀਪ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਪੰਜਾਬ ‘ਚ ਚੱਲ ਰਹੀ ਭਗਵੰਤ ਮਾਨ ਸਰਕਾਰ ਦੀ ਵਾਅਦਾ ਖ਼ਿਲਾਫ਼ ਨਹੀਂ, ਵਾਅਦਾਪੂਰੀ ਰਵਾਇਤ ਕਾਰਨ ਹੀ ਲੋਕਾਂ ਦਾ ਭਰੋਸਾ ਪਾਰਟੀ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਪਰਿਵਾਰ ਅੱਜ ਸ਼ਾਮਲ ਹੋਏ ਹਨ, ਉਨ੍ਹਾਂ ਨੇ ਆਪਣੇ ਇਲਾਕੇ ਦੇ ਅਧੂਰੇ ਪਏ ਕੰਮਾਂ ਬਾਰੇ ਜਾਣੂ ਕਰਵਾਇਆ ਹੈ, ਜੋ ਸਰਕਾਰ ਦੀ ਤਰਫੋਂ ਜਲਦ ਪੂਰੇ ਕਰਵਾਏ ਜਾਣਗੇ।

ਡਾ. ਅਮਨਦੀਪ ਕੌਰ ਨੇ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੇ ਹੱਕਾਂ ਲਈ ਪੂਰੇ ਜਜ਼ਬੇ ਨਾਲ ਕੰਮ ਕਰਦੀ ਰਹੇਗੀ।

ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਨਵਾਂ ਪੜਾਅ, ਹਰ ਪਿੰਡ ‘ਚ ਬਣੇਗੀ ਡਿਫੈਂਸ ਫੋਰਸ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਫ਼ੈਸਲਾਕੁੰਨ ਜੰਗ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਅਗਲੇ ਪੜਾਅ ਵਿਚ ਲਿਜਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤਹਿਤ ਸੂਬੇ ਦੇ ਹਰ ਪਿੰਡ ਤੇ ਵਾਰਡ ਵਿਚ ਨਸ਼ਿਆਂ ਖ਼ਿਲਾਫ਼ ਲੜਣ ਲਈ ਡਿਫੈਂਸ ਕਮੇਟੀਆਂ ਬਣਾਈਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਹੁਣ ਸਰਕਾਰ ਨੇ ਪਿੰਡ ਅਤੇ ਵਾਰਡ ਪੱਧਰ ‘ਤੇ ਡਿਫੈਂਸ ਕਮੇਟੀਆਂ ਬਣਾਉਣ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਕਮੇਟੀਆਂ ਵਿਚ ਅਬਾਦੀ ਦੇ ਅਧਾਰ ‘ਤੇ ਮੈਂਬਰਾਂ ਦੀ ਗਿਣਤੀ ਹੋਵੇਗੀ। ਕਮੇਟੀ ਵਿਚ ਘੱਟੋ-ਘੱਟ 10 ਅਤੇ ਵੱਧ ਤੋਂ ਵੱਧ 20 ਮੈਂਬਰ ਹੋਣਗੇ। ਇਨ੍ਹਾਂ ਡਿਫੈਂਸ ਕਮੇਟੀਆਂ ਵਿਚ ਸੇਵਾ ਮੁਕਤ ਫ਼ੌਜੀਆਂ, ਅਧਿਆਪਕਾਂ ਤੇ ਨੰਬਰਦਾਰਾਂ ਨੂੰ ਮੁੱਖ ਤਰਜੀਹ ਦਿੱਤੀ ਜਾਵੇਗੀ। ਇਨ੍ਹਾਂ ਸਾਰਿਆਂ ਨੂੰ ਆਪੋ-ਆਪਣੇ ਇਲਾਕੇ ਵਿਚ ਨਸ਼ੇ ਦੇ ਖ਼ਾਤਮੇ ਲਈ ਬਣਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ

ਹੁਣ ਬਿਕਰਮ ਮਜੀਠੀਆ ਦੀ ਜ਼ਮਾਨਤ ‘ਤੇ ਸੁਣਵਾਈ ਹੋਵੇਗੀ 6 ਅਗਸਤ ਨੂੰ, ਅਦਾਲਤ ਨੇ ਮਾਮਲਾ ਕੀਤਾ ਮੁਲਤਵੀ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਹੋਣ ਵਾਲੀ ਸੁਣਵਾਈ ਅੱਜ ਫੇਰ ਲਟਕ ਗਈ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 6 ਅਗਸਤ, ਬੁੱਧਵਾਰ ਨੂੰ ਹੋਵੇਗੀ। ਮਜੀਠੀਆ ਇਸ ਸਮੇਂ ਨਸ਼ਾ ਮਾਮਲੇ ‘ਚ ਨਾਭਾ ਜੇਲ੍ਹ ‘ਚ ਬੰਦ ਹਨ।

ਪਿੱਛਲੇ ਦਿਨੀ ਬਿਕਰਮ ਮਜੀਠੀਆ ਦੀ ਬੈਰਕ ਬਦਲਣ ਨੂੰ ਲੈ ਕੇ ਵੀ ਅਦਾਲਤ ‘ਚ ਸੁਣਵਾਈ ਹੋਣੀ ਹੈ। ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਪਾਰਟੀ ਆਗੂਆਂ ਨੂੰ ਮਜੀਠੀਆ ਨਾਲ ਜੇਲ੍ਹ ‘ਚ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਡਾ. ਦਲਜੀਤ ਸਿੰਘ ਚੀਮਾ ਅਤੇ ਹੋਰ ਆਗੂ ਵੀ ਜੇਲ੍ਹ ਪਹੁੰਚੇ, ਪਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮੁਲਾਕਾਤ ਦੀ ਇਜਾਜ਼ਤ ਨਹੀਂ ਮਿਲੀ। ਅਕਾਲੀ ਦਲ ਨੇ ਇਸ ਕਾਰਵਾਈ ਨੂੰ ਤਨਾਅਪੂਰਣ ਤੇ ਗੈਰਲਾਜ਼ਮੀ ਦੱਸਦਿਆਂ ਵਿਰੋਧ ਜਤਾਇਆ ਹੈ।

ਮਾਮਲਾ ਹੁਣ ਸਿਰਫ ਜ਼ਮਾਨਤ ਦੀ ਸੁਣਵਾਈ ਤੱਕ ਸੀਮਤ ਨਹੀਂ, ਸਗੋਂ ਮੁਲਾਕਾਤ ‘ਤੇ ਰੋਕ ਅਤੇ ਬੈਰਕ ਬਦਲੀ ਨੂੰ ਲੈ ਕੇ ਵੀ ਚਰਚਾ ਦਾ ਕੇਂਦਰ ਬਣ ਗਿਆ ਹੈ।

ਟਰਾਲੀ ਨਾਲ ਜ਼ੋਰਦਾਰ ਟੱਕਰ, ਗੁਰੁਗ੍ਰਾਮ ਪੁਲਸ ਦੇ 2 ਜਵਾਨਾਂ ਦੀ ਹਾਦਸੇ ਚ ਮੌਤ!

ਹਰਿਆਣਾ: ਗੁਰੁਗ੍ਰਾਮ ਪੁਲਸ ਦੇ ਚਾਰ ਜਵਾਨ ਛੱਤੀਸਗੜ੍ਹ ਵਿੱਚ ਛਾਪੇਮਾਰੀ ਲਈ ਜਾ ਰਹੇ ਸਨ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ‘ਚ ਦੋ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ।

ਹਾਦਸਾ ਐਤਵਾਰ ਰਾਤ 10 ਤੋਂ 10:15 ਵਜੇ ਦੇ ਦਰਮਿਆਨ ਹਮੀਰਪੁਰ ਦੇ ਰਠ ਥਾਣਾ ਇਲਾਕੇ ਦੇ ਘਮੌਰੀ ਪਿੰਡ ਨੇੜੇ ਹੋਇਆ। ਪੁਲਸ ਦੀ ਕਾਰ ਇਕ ਲੋਹੇ ਨਾਲ ਭਰੀ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਕਾਰ ਢਹਿ ਕੇ ਪੂਰੀ ਤਰ੍ਹਾਂ ਤਬਾਹ ਹੋ ਗਈ। ਮਾਰੇ ਗਏ ਜਵਾਨਾਂ ਦੀ ਪਛਾਣ ਸਬ ਇੰਸਪੈਕਟਰ ਸੰਜੇ ਕੁਮਾਰ ਸਿੰਘ ਅਤੇ ਕਾਂਸਟੇਬਲ ਅਮਿਤ ਕੁਮਾਰ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਅਸਿਸਟੈਂਟ ਸਬ ਇੰਸਪੈਕਟਰ ਇੰਦਰਜੀਤ ਅਤੇ ਹੈੱਡ ਕਾਂਸਟੇਬਲ ਰਾਜੇਸ਼ ਕੁਮਾਰ ਸ਼ਾਮਲ ਹਨ। ਰਾਜੇਸ਼ ਹੀ ਵਾਹਨ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਇੰਦਰਜੀਤ ਨੂੰ ਕਾਨਪੁਰ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਦਕਿ ਰਾਜੇਸ਼ ਦਾ ਇਲਾਜ ਹਮੀਰਪੁਰ ਹਸਪਤਾਲ ਵਿੱਚ ਚੱਲ ਰਿਹਾ ਹੈ।

ਇਹ ਚਾਰੇ ਜਵਾਨ ਗੁਰੁਗ੍ਰਾਮ ਸੈਕਟਰ-40 ਦੀ ਕਰਾਈਮ ਬਰਾਂਚ ਯੂਨਿਟ ‘ਚ ਤਾਇਨਾਤ ਸਨ ਅਤੇ ਸ਼ਿਵਾਜੀ ਨਗਰ ਥਾਣੇ ਵਿੱਚ ਦਰਜ ਇੱਕ ਮਾਮਲੇ ਸਬੰਧੀ ਛੱਤੀਸਗੜ੍ਹ ਵਿੱਚ ਰੇਡ ਲਈ ਜਾ ਰਹੇ ਸਨ।

ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਗੁਰੁਗ੍ਰਾਮ ਦੇ ਏਸੀਪੀ (ਕਰਾਈਮ) ਮੁਕੇਸ਼ ਕੁਮਾਰ ਹਮੀਰਪੁਰ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਮੌਤ ਹੋਏ ਜਵਾਨਾਂ ਦੇ ਪੋਸਟਮਾਰਟਮ ਤੋਂ ਬਾਅਦ ਸ਼ਰੀਰਾਂ ਨੂੰ ਗੁਰੁਗ੍ਰਾਮ ਲਿਆਉਣ ਦੀ ਕਾਰਵਾਈ ਜਾਰੀ ਹੈ।

ਹਾਦਸੇ ਦੀ ਜਾਂਚ ਸਥਾਨਿਕ ਪੁਲਸ ਕਰ ਰਹੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹੈੱਡ ਕਾਂਸਟੇਬਲ ਰਾਜੇਸ਼ ਨੇ ਰਸਤੇ ‘ਚ ਆਏ ਕਿਸੇ ਆਵਾਰਾ ਜਾਨਵਰ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੋਵੇ। ਟਰੈਕਟਰ ਅਤੇ ਲੋਹੇ ਨਾਲ ਭਰੀ ਟਰਾਲੀ ਮੌਕੇ ਤੋਂ ਬਰਾਮਦ ਕਰ ਲਈ ਗਈ ਹੈ, ਪਰ ਡਰਾਈਵਰ ਮੌਕੇ ਤੋਂ ਭੱਜ ਗਿਆ। ਹਾਲੇ ਤੱਕ ਕਿਸੇ ਦੇ ਖ਼ਿਲਾਫ ਐਫ.ਆਈ.ਆਰ. ਦਰਜ ਨਹੀਂ ਹੋਈ।