Home Blog Page 1080

ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਮਿਲੇ ਮਾਲਵਿੰਦਰ ਸਿੰਘ ਕੰਗ, ਮੋਹਾਲੀ ਹਵਾਈ ਅੱਡੇ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਕੀਤੀ ਮੰਗ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਮਜ਼ਬੂਤ ਮੰਗ ਕੀਤੀ ਹੈ। ਇਸ ਸੰਬੰਧ ਵਿੱਚ ਉਨ੍ਹਾਂ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ ਮੁਲਾਕਾਤ ਕੀਤੀ ਅਤੇ ਇਸ ਮੁੱਦੇ ‘ਤੇ ਆਪਣੀ ਗੱਲ ਰੱਖੀ।
ਇਸ ਮੁਲਾਕਾਤ ਦੇ ਵੇਰਵਿਆਂ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸਾਂਝਾ ਕਰਦਿਆਂ ਖੇਤਰ ਦੀਆਂ ਲੋੜਾਂ ‘ਤੇ ਚਰਚਾ ਕੀਤੀ।ਸ. ਕੰਗ ਨੇ ‘ਐਕਸ’ ‘ਤੇ ਲਿਖਿਆ, “ਕੱਲ੍ਹ ਮੈਨੂੰ ਮਾਨਯੋਗ ਸ਼ਹਿਰੀ ਹਵਾਬਾਜ਼ੀ ਮੰਤਰੀ ਜੀ ਨਾਲ ਮੁਲਾਕਾਤ ਦਾ ਮੌਕਾ ਮਿਲਿਆ, ਜਿੱਥੇ ਮੈਂ ਮੋਹਾਲੀ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ।”
ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸ਼ਹੀਦ ਭਗਤ ਸਿੰਘ ਹਵਾਈ ਅੱਡਾ, ਜੋ ਇੱਕ ਰਾਸ਼ਟਰੀ ਨਾਇਕ ਦੇ ਨਾਮ ‘ਤੇ ਸਜਿਆ ਹੈ, ਉੱਤਰ ਭਾਰਤ ਲਈ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਕੇਂਦਰ ਬਣ ਸਕਦਾ ਹੈ।
ਉਨ੍ਹਾਂ ਨੇ ਖਾਸ ਤੌਰ ‘ਤੇ ਯੂਰਪ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਰਗੇ ਪ੍ਰਮੁੱਖ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਦੀ ਲੋੜ ‘ਤੇ ਜ਼ੋਰ ਦਿੱਤਾ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵਸਦਾ ਹੈ। ਇਸ ਨਾਲ ਨਾ ਸਿਰਫ਼ ਯਾਤਰੀਆਂ ਨੂੰ ਸਹੂਲਤ ਮਿਲੇਗੀ, ਸਗੋਂ ਦਿੱਲੀ ਹਵਾਈ ਅੱਡੇ ‘ਤੇ ਪੈ ਰਹੇ ਦਬਾਅ ਨੂੰ ਵੀ ਘਟਾਇਆ ਜਾ ਸਕੇਗਾ।
ਕੰਗ ਨੇ ਅੱਗੇ ਕਿਹਾ, “ਹੁਣ ਸਮੇਂ ਦੀ ਲੋੜ ਹੈ ਕਿ ਦਿੱਲੀ ਹਵਾਈ ਅੱਡੇ ‘ਤੇ ਭੀੜ ਘਟਾਈ ਜਾਵੇ ਅਤੇ ਚੰਡੀਗੜ੍ਹ-ਮੋਹਾਲੀ ਨੂੰ ਅੰਤਰਰਾਸ਼ਟਰੀ ਹਵਾਬਾਜ਼ੀ ਦਾ ਮੁੱਖ ਕੇਂਦਰ ਬਣਾਇਆ ਜਾਵੇ।” ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਇਸ ਮੰਗ ਨੂੰ ਪੂਰਾ ਕਰੇ।ਇਹ ਅਪੀਲ ਖੇਤਰ ਵਿੱਚ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਦੀ ਲੋੜ ਨੂੰ ਦਰਸਾਉਂਦੀ ਹੈ, ਜੋ ਵਪਾਰ, ਸੈਰ-ਸਪਾਟਾ ਅਤੇ ਰਿਸ਼ਤੇ-ਨਾਤਿਆਂ ਦੀਆਂ ਯਾਤਰਾਵਾਂ ਲਈ ਬਹੁਤ ਵੱਡੀ ਰਾਹਤ ਸਾਬਤ ਹੋ ਸਕਦੀ ਹੈ।
ਸਥਾਨਕ ਲੋਕਾਂ ਵਿੱਚ ਇਸ ਪਹਿਲ ਦਾ ਸਵਾਗਤ ਹੋ ਰਿਹਾ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਕੇਂਦਰ ਸਰਕਾਰ ਇਸ ‘ਤੇ ਸਕਾਰਾਤਮਕ ਕਦਮ ਚੁੱਕੇਗੀ।

ਅੰਮ੍ਰਿਤਸਰ ਵਿੱਚ NIA ਦੀ ਵੱਡੀ ਕਾਰਵਾਈ, ਸ਼ਾਸਤਰੀ ਨਗਰ ਵਿੱਚ ਵਿਸ਼ਾਲ ਸ਼ਰਮਾ ਦੇ ਘਰ ‘ਤੇ ਛਾਪਾ

ਅੰਮ੍ਰਿਤਸਰ: ਅੱਜ ਸਵੇਰੇ ਅੰਮ੍ਰਿਤਸਰ ਦੇ ਸ਼ਾਸਤਰੀ ਨਗਰ ਇਲਾਕੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ। ਇਹ ਕਾਰਵਾਈ ਵਿਸ਼ਾਲ ਸ਼ਰਮਾ, ਜੋ ਰਣਜੀਤ ਏਵੇਨਿਊ ਵਿੱਚ ਇਮਿਗ੍ਰੇਸ਼ਨ ਸੰਬੰਧੀ ਕੰਮ ਨਾਲ ਜੁੜਿਆ ਹੋਇਆ ਹੈ, ਦੇ ਘਰ ‘ਤੇ ਕੀਤੀ ਗਈ।

ਐਨ.ਆਈ.ਏ. ਦੀ ਟੀਮ ਉਸ ਦੇ ਘਰ ਵਿੱਚ ਦਸਤਾਵੇਜ਼ਾਂ ਦੀ ਚੌਕਸੀ ਕਰ ਰਹੀ ਹੈ ਅਤੇ ਇਸ ਦੌਰਾਨ ਘਰ ਦੇ ਬਾਹਰ ਜਾਣ ਲਈ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।ਕਾਰਵਾਈ ਸਮੇਂ ਸਥਾਨਕ ਪੁਲਿਸ ਵੀ ਮੌਕੇ ‘ਤੇ ਮੌਜੂਦ ਰਹੀ ਅਤੇ ਇਲਾਕੇ ਵਿੱਚ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ।

ਇਹ ਗੱਲ ਸਪੱਸ਼ਟ ਨਹੀਂ ਹੈ ਕਿ ਇਹ ਕਾਰਵਾਈ ਕਿਸ ਖਾਸ ਕੇਸ ਜਾਂ ਜਾਂਚ ਦੇ ਸੰਦਰਭ ਵਿੱਚ ਹੋ ਰਹੀ ਹੈ, ਕਿਉਂਕਿ ਐਨ.ਆਈ.ਏ. ਦੇ ਅਧਿਕਾਰੀਆਂ ਨੇ ਇਸ ਬਾਰੇ ਕੋਈ ਸਪੱਸ਼ਟ ਬਿਆਨ ਜਾਰੀ ਨਹੀਂ ਕੀਤਾ। ਹਾਲਾਂਕਿ, ਸਥਾਨਕ ਲੋਕਾਂ ਵਿੱਚ ਗੱਲ-ਬਾਤ ਚੱਲ ਰਹੀ ਹੈ ਕਿ ਇਹ ਕੋਈ ਗੰਭੀਰ ਮਾਮਲੇ ਜਾਂ ਸ਼ੱਕੀ ਸਰਗਰਮੀਆਂ ਨਾਲ ਜੁੜਿਆ ਹੋ ਸਕਦਾ ਹੈ।

ਵਿਸ਼ਾਲ ਸ਼ਰਮਾ ਦੇ ਘਰ ‘ਤੇ ਇਹ ਕਾਰਵਾਈ ਸਾਲ ਦੀ ਸ਼ੁਰੂਆਤ ਤੋਂ ਚੱਲ ਰਹੀ ਇਮਿਗ੍ਰੇਸ਼ਨ ਸੰਬੰਧੀ ਜਾਂਚਾਂ ਦੇ ਸੰਦਰਭ ਵਿੱਚ ਵਧੇਰੇ ਧਿਆਨ ਖਿੱਚ ਰਹੀ ਹੈ। ਇਸ ਸਾਲ ਐਨ.ਆਈ.ਏ. ਵਲੋਂ ਵਿਦੇਸ਼ ਜਾਣ ਸੰਬੰਧੀ ਕੰਮ ਕਰਨ ਵਾਲਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ, ਪਰ ਅਧਿਕਾਰੀਆਂ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ।

ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ, ਇਹ ਜਾਂਚ ਗਹਿਰਾਈ ਨਾਲ ਚੱਲ ਰਹੀ ਹੈ ਅਤੇ ਭਵਿੱਖ ਵਿੱਚ ਕੁਝ ਖੁਲਾਸੇ ਹੋ ਸਕਦੇ ਹਨ।ਇਲਾਕੇ ਵਿੱਚ ਇਸ ਕਾਰਵਾਈ ਕਾਰਨ ਚਰਚਾ ਦਾ ਮਾਹੌਲ ਹੈ ਅਤੇ ਲੋਕਾਂ ਵਿੱਚ ਉਤਸੁਕਤਾ ਵਧ ਗਈ ਹੈ।

ਐਨ.ਆਈ.ਏ. ਅਤੇ ਸਥਾਨਕ ਪੁਲਿਸ ਦੀ ਟੀਮ ਹਾਲੇ ਵੀ ਮੌਕੇ ‘ਤੇ ਡटी ਹੋਈ ਹੈ ਅਤੇ ਜਾਂਚ ਜਾਰੀ ਹੈ। ਜਦੋਂ ਤੱਕ ਆधਿਕਾਰਕ ਬਿਆਨ ਨਾ ਆਵੇ, ਇਸ ਮਾਮਲੇ ਨਾਲ ਜੁੜੀਆਂ ਸਾਰੀਆਂ ਸੰਭਾਵਨਾਵਾਂ ਖੁੱਲ੍ਹੀਆਂ ਹਨ।

 

ਫੇਰ ਮਿਲੀ ਪੈਰੋਲ! ਗੁਰਮੀਤ ਰਾਮ ਰਹੀਮ 40 ਦਿਨ ਲਈ ਜੇਲ੍ਹ ਤੋਂ ਰਿਹਾ, ਮਨਾਵੇਗਾ ਡੇਰੇ ਜਨਮਦਿਨ!

ਚੰਡੀਗੜ੍ਹ:- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵੱਲੋਂ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। 40 ਦਿਨ ਦੀ ਪੈਰੋਲ ਮਿਲਣ ਉਪਰੰਤ, ਉਹ ਅੱਜ ਸਵੇਰੇ ਜੇਲ੍ਹ ’ਚੋਂ ਬਾਹਰ ਆ ਗਏ ਨੇ।

ਰਾਮ ਰਹੀਮ ਨੂੰ ਲੈਣ ਲਈ ਹਨੀਪ੍ਰੀਤ, ਡੇਰੇ ਦੇ ਚੇਅਰਮੈਨ ਦਾਨ ਸਿੰਘ ਅਤੇ ਹੋਰ ਸਾਥੀ ਰੋਹਤਕ ਜੇਲ੍ਹ ਦੇ ਬਾਹਰ ਪਹੁੰਚੇ। ਉਨ੍ਹਾਂ ਨੇ ਜੇਲ੍ਹ ਪ੍ਰਕਿਰਿਆਵਾਂ ਮੁਕੰਮਲ ਹੋਣ ਤੋਂ ਬਾਅਦ ਰਾਮ ਰਹੀਮ ਨੂੰ ਸਾਥ ਲਿਆ ਅਤੇ ਉਸਨੂੰ ਸਿਰਸਾ ਸਥਿਤ ਡੇਰੇ ਵੱਲ ਲੈ ਜਾਇਆ ਗਿਆ।

ਦੱਸਣਯੋਗ ਹੈ ਕਿ 15 ਅਗਸਤ ਨੂੰ ਗੁਰਮੀਤ ਰਾਮ ਰਹੀਮ ਦਾ ਜਨਮ ਦਿਨ ਵੀ ਹੈ, ਜਿਸਨੂੰ ਲੈ ਕੇ ਡੇਰੇ ਵਿੱਚ ਤਿਆਰੀਆਂ ਜ਼ੋਰਾਂ ‘ਤੇ ਹਨ। ਜਾਣਕਾਰੀ ਅਨੁਸਾਰ, ਰਾਖੀ ਦੇ ਤਿਉਹਾਰ ਮਗਰੋਂ ਡੇਰੇ ਵਿਚ ਰਾਮ ਰਹੀਮ ਦਾ ਜਨਮ ਦਿਨ ਮਨਾਇਆ ਜਾਣ ਵਾਲਾ ਹੈ। ਪ੍ਰਬੰਧਕਾਂ ਵੱਲੋਂ ਤਿਉਹਾਰਿਕ ਸਮਾਗਮਾਂ ਦੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਹ ਤੀਜੀ ਵਾਰ ਹੈ ਜਦੋਂ ਰਾਮ ਰਹੀਮ ਜੇਲ੍ਹ ’ਚੋਂ ਪੈਰੋਲ ’ਤੇ ਬਾਹਰ ਆਇਆ ਹੈ। 2017 ਵਿਚ ਉਸਨੂੰ ਸਜਾ ਹੋਈ ਸੀ, ਪਰ ਸਜ਼ਾ ਦੇਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਉਹ ਕੁੱਲ 14 ਵਾਰ ਫ਼ਰਲੋ ਜਾਂ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ।

ਰਾਮ ਰਹੀਮ ਨੂੰ ਮਿਲ ਰਹੀ ਮੁੜ ਮੁੜ ਛੂਟ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਸਵਾਲ ਚੁੱਕੇ ਜਾ ਚੁੱਕੇ ਹਨ।

SYL ਮਾਮਲੇ ‘ਚ ਅੱਜ ਫੇਰ ਪੰਜਾਬ ਤੇ ਹਰਿਆਣਾ ਆਹਮੋ ਸਾਹਮਣੇ, ਦਿੱਲੀ ਹੋਵੇਗੀ ਅਹਿਮ ਮੀਟਿੰਗ

ਨਵੀਂ ਦਿੱਲੀ :- ਅੱਜ ਦਿੱਲੀ ਵਿੱਚ ਸਤਲੁਜ-ਯਮੁਨਾ ਲਿੰਕ (SYL) ਨਹਿਰ ਸਬੰਧੀ ਇੱਕ ਹੋਰ ਅਹਿਮ ਬੈਠਕ ਰੱਖੀ ਗਈ ਹੈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਸ਼ਾਮਿਲ ਹੋਣਗੇ। ਇਹ ਮੀਟਿੰਗ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਦੀ ਅਗਵਾਈ ਹੇਠ ਹੋਣ ਜਾ ਰਹੀ ਹੈ।

ਇਸ ਤੋਂ ਪਹਿਲਾਂ, 9 ਜੁਲਾਈ ਨੂੰ ਦੋਹਾਂ ਸੂਬਿਆਂ ਵਿਚਕਾਰ ਗੱਲਬਾਤ ਹੋਈ ਸੀ, ਪਰ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ ਸੀ। ਹੁਣ 13 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ, ਕੇਂਦਰ ਦੀ ਕੋਸ਼ਿਸ਼ ਹੈ ਕਿ ਦੋਹਾਂ ਸੂਬੇ ਕਿਸੇ ਸਾਂਝੇ ਹੱਲ ‘ਤੇ ਪਹੁੰਚਣ।

ਭਗਵੰਤ ਮਾਨ ਦਾ ਸਟੈਂਡ: ਪਹਿਲਾਂ ਰਾਵੀ ਦਾ ਪਾਣੀ

ਭਗਵੰਤ ਮਾਨ ਨੇ ਪਹਿਲਾਂ ਹੀ ਕਿਹਾ ਸੀ ਕਿ ਪੰਜਾਬ ਨੂੰ ਪਾਣੀ ਸਾਂਝਾ ਕਰਨ ’ਚ ਕੋਈ ਪਰਹੇਜ਼ ਨਹੀਂ, ਪਰ ਸ਼ਰਤ ਇਹ ਹੈ ਕਿ ਪਹਿਲਾਂ ਰਾਵੀ ਅਤੇ ਚਨਾਬ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਸੀ – “ਜਦ ਤੱਕ ਸਾਨੂੰ ਸਾਡੇ ਹੱਕ ਦਾ ਪਾਣੀ ਨਹੀਂ ਮਿਲਦਾ, ਅਸੀਂ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਜੇ ਪਾਣੀ ਆ ਗਿਆ, ਤਾਂ ਹਰਿਆਣਾ ਸਾਡਾ ਭਰਾ ਹੈ, ਸਾਂਝ ਕਰਨ ਵਿੱਚ ਹਿੱਚਕਿਚਾਹਟ ਨਹੀਂ।”

SYL ਮਾਮਲੇ ਦੀ ਪਿਛੋਕੜ

SYL ਨਹਿਰ ਦੀ ਕੁੱਲ ਲੰਬਾਈ 212 ਕਿਲੋਮੀਟਰ ਹੈ। ਜਿਸ ਵਿਚੋਂ 92 ਕਿਲੋਮੀਟਰ ਹਿੱਸਾ ਹਰਿਆਣਾ ਪੂਰਾ ਕਰ ਚੁੱਕੀ ਹੈ, ਪਰ ਪੰਜਾਬ ਦਾ 122 ਕਿਲੋਮੀਟਰ ਹਿੱਸਾ ਅਜੇ ਵੀ ਅਧੂਰਾ ਪਿਆ ਹੈ।
ਜਨਵਰੀ 2002 ਵਿੱਚ ਸੁਪਰੀਮ ਕੋਰਟ ਨੇ SYL ਦੇ ਹੱਕ ‘ਚ ਹਰਿਆਣਾ ਨੂੰ ਪਾਣੀ ਦੇਣ ਦਾ ਫੈਸਲਾ ਸੁਣਾਇਆ ਸੀ। 2004 ਵਿੱਚ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 1981 ਦੇ ਸਮਝੌਤੇ ਨੂੰ ਰੱਦ ਕਰਨ ਵਾਲਾ ਕਾਨੂੰਨ ਪਾਸ ਕੀਤਾ ਸੀ।

ਮਾਨ ਨੇ ਕਿਹਾ ਸੀ – “ਭਰਾ ਨੂੰ ਪਾਣੀ ਦੇਣ ਵਿਚ ਕੋਈ ਰੁਕਾਵਟ ਨਹੀਂ”

ਪਿਛਲੀ ਮੀਟਿੰਗ ’ਚ ਮਾਨ ਨੇ ਕਿਹਾ ਸੀ ਕਿ ਅਸੀਂ ਭਾਈ ਘਨਈਆ ਦੇ ਵਾਰਸ ਹਾਂ, ਜੇਕਰ ਸਾਨੂੰ ਪਾਣੀ ਮਿਲਦਾ ਹੈ, ਤਾਂ ਅਸੀਂ ਕਿਉਂ ਨਹੀਂ ਦੇਵਾਂਗੇ? 23 MAF ਪਾਣੀ ਉੱਥੋਂ ਵਗ ਰਿਹਾ ਹੈ, ਅਸੀਂ 2-3 MAF ਲਈ ਲੜ ਰਹੇ ਹਾਂ। ਜੇ ਰਾਵੀ-ਚਨਾਬ ਦਾ ਪਾਣੀ ਆ ਗਿਆ, ਤਾਂ ਮੁੱਦਾ ਹੱਲ ਹੋ ਸਕਦਾ ਹੈ।

ਪਿਛਲੀਆਂ ਮੀਟਿੰਗਾਂ: ਨਤੀਜਾ ਨਹੀਂ ਨਿਕਲਿਆ

  • ਪਹਿਲੀ ਮੀਟਿੰਗ – 18 ਅਗਸਤ 2020

  • ਦੂਜੀ – 14 ਅਕਤੂਬਰ 2022

  • ਤੀਜੀ – 4 ਜਨਵਰੀ 2023

  • ਚੌਥੀ – 9 ਜੁਲਾਈ 2025
    ਹਰ ਵਾਰੀ ਦੋਹਾਂ ਧਿਰਾਂ ਨੇ ਗੱਲਬਾਤ ਕੀਤੀ, ਪਰ ਸਹਿਮਤੀ ਤੱਕ ਨਹੀਂ ਪਹੁੰਚਿਆ ਜਾ ਸਕਿਆ।

ਅੱਜ ਦੀ ਮੀਟਿੰਗ ਉੱਤੇ ਨਜ਼ਰਾਂ ਟਿਕੀਆਂ

ਹੁਣ ਸਭ ਦੀ ਨਜ਼ਰ ਅੱਜ ਦੀ ਮੀਟਿੰਗ ’ਤੇ ਟਿਕੀ ਹੋਈ ਹੈ ਕਿ ਕੀ ਸੱਚਮੁੱਚ ਦੋਵਾਂ ਸੂਬੇ ਕਿਸੇ ਹੱਲ ਤੱਕ ਪਹੁੰਚਣਗੇ ਜਾਂ ਫਿਰ ਇੱਕ ਹੋਰ ਗੱਲਬਾਤ ਵੀ ਬੇਅਸਰ ਰਹੇਗੀ?

ਪੰਜਾਬ ’ਚ ਮੀਂਹ ਦੀ ਚੇਤਾਵਨੀ: ਕੁਝ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ, ਭਾਰੀ ਬਾਰਿਸ਼ ਦੇ ਆਸਾਰ

Punjab weather :- ਪੰਜਾਬ ’ਚ ਮੌਸਮ ਨੇ ਆਪਣਾ ਰੁਖ ਬਦਲਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਸੂਬੇ ਦੇ ਕੁਝ ਹਿੱਸਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਵਿਸ਼ੇਸ਼ ਤੌਰ ’ਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ—ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ ਅਤੇ ਮੁਹਾਲੀ ਲਈ ਜਾਰੀ ਹੋਇਆ ਹੈ, ਜਿਥੇ ਆਉਣ ਵਾਲੇ ਘੰਟਿਆਂ ਵਿੱਚ ਚੰਗੀ ਮੀਂਹ ਦੀ ਸੰਭਾਵਨਾ ਹੈ। ਹੋਰ ਜ਼ਿਲ੍ਹਿਆਂ ਵਿੱਚ ਮੌਸਮ ਇਕਸਾਰ ਰਹਿਣ ਦੀ ਉਮੀਦ ਹੈ।

ਤਾਪਮਾਨ ’ਚ ਆ ਰਹੀ ਹੌਲੀ ਹੌਲੀ ਗਿਰਾਵਟ

ਸੋਮਵਾਰ ਦੀ ਸ਼ਾਮ 5.30 ਵਜੇ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਹੋਈ, ਜਦਕਿ ਕਈ ਥਾਵਾਂ ਉੱਤੇ ਸਿਰਫ਼ ਬੱਦਲ ਛਾਏ ਰਹੇ। ਇਸ ਕਾਰਨ ਸੂਬੇ ਦੇ ਤਾਪਮਾਨ ’ਚ ਵੀ ਥੋੜ੍ਹਾ ਬਦਲਾਅ ਆਇਆ ਹੈ। ਅੰਕੜਿਆਂ ਮੁਤਾਬਕ, ਆਮ ਤੌਰ ਤੇ ਵੱਧ ਤੋਂ ਵੱਧ ਤਾਪਮਾਨ ’ਚ 0.6 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ।

ਕਿਹੜੇ ਸ਼ਹਿਰ ਰਿਹਾ ਸਭ ਤੋਂ ਗਰਮ?

  • ਅੰਮ੍ਰਿਤਸਰ: ਸਭ ਤੋਂ ਵੱਧ ਤਾਪਮਾਨ — 35.5 ਡਿਗਰੀ ਸੈਲਸੀਅਸ

  • ਲੁਧਿਆਣਾ: 34 ਡਿਗਰੀ

  • ਪਟਿਆਲਾ: 33.3 ਡਿਗਰੀ

5 ਤੇ 6 ਅਗਸਤ ਲਈ ਭਾਰੀ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 5 ਅਗਸਤ ਨੂੰ ਉੱਤਰੀ, ਉੱਤਰ-ਪੂਰਬੀ ਅਤੇ ਪੂਰਬੀ ਪੰਜਾਬ ਵਿੱਚ ਭਾਰੀ ਮੀਂਹ ਪੈ ਸਕਦੀ ਹੈ।
6 ਅਗਸਤ ਨੂੰ ਕੁਝ ਇਲਾਕਿਆਂ ਵਿੱਚ ਕਾਫ਼ੀ ਭਾਰੀ ਬਾਰਿਸ਼ ਹੋ ਸਕਦੀ ਹੈ।

ਇਹ ਮੀਂਹ ਖ਼ਾਸ ਕਰਕੇ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਰੂਪਨਗਰ, ਮੁਹਾਲੀ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਨੇੜਲੇ ਇਲਾਕਿਆਂ ਵਿੱਚ ਹੋ ਸਕਦੀ ਹੈ।

ਸ਼ਹਿਰ ਵਾਰ ਮੌਸਮ ਦੀ ਜਾਣਕਾਰੀ

🔹 ਅੰਮ੍ਰਿਤਸਰ: ਹਲਕਾ ਬੱਦਲਵਾਂ ਮੌਸਮ, ਮੀਂਹ ਦੀ ਸੰਭਾਵਨਾ | ਤਾਪਮਾਨ: 26°C – 33°C
🔹 ਜਲੰਧਰ: ਬੱਦਲਵਾਈ, ਮੀਂਹ ਦੀ ਸੰਭਾਵਨਾ | ਤਾਪਮਾਨ: 26°C – 33°C
🔹 ਲੁਧਿਆਣਾ: ਹਲਕਾ ਬੱਦਲ, ਮੀਂਹ ਦੀ ਉਮੀਦ | ਤਾਪਮਾਨ: 27°C – 34°C
🔹 ਪਟਿਆਲਾ: ਬੱਦਲਵਾਈ ਮੌਸਮ, ਮੀਂਹ ਹੋ ਸਕਦੀ | ਤਾਪਮਾਨ: 26°C – 31°C
🔹 ਮੁਹਾਲੀ: ਹਲਕੀ ਬੱਦਲਵਾਈ, ਮੀਂਹ ਹੋਣ ਦੇ ਆਸਾਰ | ਤਾਪਮਾਨ: 24°C – 32°C

ਸਲਾਹ: ਯੈਲੋ ਅਲਰਟ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਖ਼ਾਸ ਕਰਕੇ ਖੁੱਲ੍ਹੇ ਇਲਾਕਿਆਂ ਵਿੱਚ ਜਾਂ ਯਾਤਰਾ ਦੌਰਾਨ ਮੌਸਮ ਦੀ ਤਾਜ਼ਾ ਜਾਣਕਾਰੀ ਲੈਂਦੇ ਰਹੋ।

ਕੇਜਰੀਵਾਲ ਨੇ ਦਿੱਲੀ ਦੇ ਬਿਲਡਰਾਂ ਨਾਲ 30 ਹਜ਼ਾਰ ਕਰੋੜ ਦਾ ਕੀਤਾ ਗੁਪਤ ਸੌਦਾ, ਪੰਜਾਬ ਦੀ 65 ਹਜ਼ਾਰ ਏਕੜ ਜ਼ਮੀਨ ਹੜਪਣ ਦੀ ਸਾਜ਼ਿਸ਼: ਸੁਖਬੀਰ ਬਾਦਲ

ਬਠਿੰਡਾ, 4 ਅਗਸਤ 2025 :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਬਿਲਡਰਾਂ ਨਾਲ 30 ਹਜ਼ਾਰ ਕਰੋੜ ਰੁਪਏ ਦਾ ਗੁਪਤ ਸੌਦਾ ਕਰ ਕੇ ਪੰਜਾਬ ਦੀ 65 ਹਜ਼ਾਰ ਏਕੜ ਜ਼ਮੀਨ ਸਸਤੇ ਭਾਅ ‘ਤੇ ਵੇਚਣ ਦੀ ਯੋਜਨਾ ਬਣਾਈ ਹੈ, ਤਾਂ ਜੋ ਦੇਸ਼ ਭਰ ਵਿੱਚ ‘ਆਪ’ ਦੇ ਚੋਣ ਪ੍ਰਚਾਰ ਲਈ ਫੰਡ ਇਕੱਠਾ ਕੀਤਾ ਜਾ ਸਕੇ।

ਇਹ ਇਲਜ਼ਾਮ ਉਨ੍ਹਾਂ ਨੇ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਕੀਤੇ ਇਤਿਹਾਸਕ ਧਰਨੇ ਦੌਰਾਨ ਲਾਏ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਅਤੇ ਕਿਸਾਨਾਂ ਨੇ ਹਿੱਸਾ ਲਿਆ। ਬਾਦਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ, “ਅਸੀਂ ‘ਆਪ’ ਸਰਕਾਰ ਦੀ ‘ਜ਼ਮੀਨ ਹੜਪਣ ਯੋਜਨਾ’ ਅਗੇ ਢਾਲ ਬਣਾਂਗੇ। ਜਦ ਤੱਕ ਲੈਂਡ ਪੂਲਿੰਗ ਸਕੀਮ ਵਾਪਸ ਨਹੀਂ ਲੈਂਦੇ, ਸਾਡਾ ਅੰਦੋਲਨ ਜਾਰੀ ਰਹੇਗਾ।”

ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਆਗੂ ਮਨੀਸ਼ ਸਿਸੋਦੀਆ ਨੂੰ ਚੰਡੀਗੜ੍ਹ ਵਿੱਚ ਘਰ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਦੀ ਜਾਇਦਾਦ ਦੀ ਲੁੱਟ ਨੂੰ ਸੌਖਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੋਹਾਲੀ ਸਥਿਤ ਮਾਰਕਫੈੱਡ ਦਫ਼ਤਰ ਨੂੰ ਆਪਣਾ ਨਿਵਾਸ ਸਥਾਨ ਬਣਾ ਲਿਆ ਹੈ ਅਤੇ ਦਿੱਲੀ ਦੇ ਹੋਰ ਆਗੂਆਂ ਨਾਲ ਮਿਲ ਕੇ ਪੰਜਾਬ ਦੀ ਵਾਗਡੋਰ ਆਪਣੇ ਹੱਥ ਵਿੱਚ ਲੈ ਲਈ ਹੈ।

ਅਕਾਲੀ ਪ੍ਰਧਾਨ ਨੇ ਲੈਂਡ ਪੂਲਿੰਗ ਸਕੀਮ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਸਕੀਮ 2013 ਦੇ ਕੇਂਦਰੀ ਪ੍ਰਾਪਤੀ ਕਾਨੂੰਨ ਦੀ ਉਲੰਘਣਾ ਕਰਦੀ ਹੈ ਅਤੇ 1995 ਦੇ ਰਾਜ ਐਕਟ ਅਨੁਸਾਰ ਜ਼ਮੀਨ ਹੜਪਣ ਦੀ ਕੋਸ਼ਿਸ਼ ਹੈ। ਉਨ੍ਹਾਂ ਅਧਿਕਾਰੀਆਂ ਨੂੰ ਵੀ ਚੇਤਾਵਨੀ ਦਿੱਤੀ ਜੋ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ, “ਸਿਰਫ਼ ਲੁਧਿਆਣਾ ਵਿੱਚ 24 ਹਜ਼ਾਰ ਏਕੜ ਅਤੇ ਹੋਰ ਥਾਵਾਂ ‘ਤੇ 44 ਹਜ਼ਾਰ ਏਕੜ ਜ਼ਮੀਨ ਦੀ ਯੋਜਨਾ, ਪੰਜਾਬ ਦੀ ਖੇਤੀ ਆਧਾਰਤ ਆਰਥਿਕਤਾ ਨੂੰ ਤਬਾਹ ਕਰ ਦੇਵੇਗੀ। ਪਿਛਲੇ 25 ਸਾਲਾਂ ਵਿੱਚ 11 ਹਜ਼ਾਰ ਏਕੜ ਜ਼ਮੀਨ ਹੀ ਐਕੁਆਇਰ ਹੋਈ ਸੀ, ਜਿਸ ‘ਚੋਂ 3 ਹਜ਼ਾਰ ਏਕੜ ਅਜੇ ਤੱਕ ਵਿਕਸਤ ਨਹੀਂ ਹੋਈ।”

ਉਨ੍ਹਾਂ ਇਹ ਵੀ ਦੱਸਿਆ ਕਿ ਕਈ ਗ੍ਰਾਮ ਪੰਚਾਇਤਾਂ ਨੇ ਮਤੇ ਪਾਸ ਕਰਕੇ ਜ਼ਮੀਨ ਐਕੁਆਇਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਅੰਦੋਲਨ ਹੁਣ ਜਨ ਆੰਦੋਲਨ ਬਣੇ। ਉਨ੍ਹਾਂ ਵਾਅਦਾ ਕੀਤਾ ਕਿ 2027 ਦੀ ਸਰਕਾਰ ਬਣਾਉਣ ਤੋਂ ਬਾਅਦ ਅਕਾਲੀ ਦਲ ਪੰਜਾਬ ਵਿੱਚ ਬਾਹਰੀ ਲੋਕਾਂ ਲਈ ਜ਼ਮੀਨ ਖਰੀਦਣ ‘ਤੇ ਰੋਕ ਲਾਵੇਗਾ ਅਤੇ ਨੌਕਰੀਆਂ ‘ਚ ਪੰਜਾਬੀਆਂ ਨੂੰ ਤਰਜੀਹ ਦਿੱਤੀ ਜਾਵੇਗੀ।

ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਸਰਕਾਰ ਉਦਯੋਗਾਂ ਨੂੰ ਸੱਦਾ ਦੇਵੇਗੀ, ਪਰ ਸ਼ਰਤ ਹੋਵੇਗੀ ਕਿ ਕੰਪਨੀਆਂ ਆਪਣੇ ਸਟਾਫ਼ ‘ਚੋਂ ਘੱਟੋ-ਘੱਟ 80% ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ।

ਇਸ ਮੌਕੇ ਤੇ ਅਕਾਲੀ ਦਲ ਦੇ ਸीनਿਅਰ ਆਗੂ ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਜਗਸੀਰ ਸਿੰਘ ਕਲਿਆਣ, ਜਤਿੰਦਰ ਸੋਢੀ, ਬਲਕਾਰ ਬਰਾੜ, ਰਵੀਪ੍ਰੀਤ ਸਿੱਧੂ, ਪ੍ਰੇਮ ਅਰੋੜਾ, ਮੋਹਨ ਸਿੰਘ ਬੰਗੀ, ਬੀਬੀ ਜੋਗਿੰਦਰ ਕੌਰ, ਸਰਬਜੀਤ ਸਿੰਘ ਝਿੰਝਰ ਤੇ ਹੋਰ ਕਈ ਆਗੂ ਮੌਜੂਦ ਸਨ।

 

 

 

 

 

 

 

ਪੰਜਾਬੀ ਗਾਇਕ ਹਰਭਜਨ ਮਾਨ ਹੋਇਆ ਸੜਕੀ ਹਾਦਸੇ ਦਾ ਸ਼ਿਕਾਰ

ਚੰਡੀਗੜ੍ਹ, 4 ਅਗਸਤ2025 :- ਮਸ਼ਹੂਰ ਪੰਜਾਬੀ ਗਾਇਕ (Punjabi Singer) ਹਰਭਜਨ ਮਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਗਾਇਕ ਹਰਭਜਨ ਮਾਨ ਦੀ ਗੱਡੀ ਅੱਜ ਕੁਰਕਸ਼ੇਤਰ ਦੇ ਪਿੱਪਲੀ ਫਲਾਈਓਵਰ ‘ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਰਭਜਨ ਮਾਨ ਦਿੱਲੀ ਤੋਂ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਵਾਪਸ ਪਰਤ ਰਹੇ ਸਨ ਕਿ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੀ ਗੱਡੀ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ।

ਖੁਸ਼ਕਿਸਮਤੀ ਨਾਲ ਹਰਭਜਨ ਮਾਨ ਨੂੰ ਇਸ ਹਾਦਸੇ ‘ਚ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਉਹ ਵਾਲ-ਵਾਲ ਬਚ ਗਏ।ਪਰ ਉਨ੍ਹਾਂ ਦੇ ਸੁਰੱਖਿਆ ਗਾਰਡ ਜ਼ਖਮੀ ਦੱਸੇ ਜਾ ਰਹੇ ਹਨ। ਚਸ਼ਮਦੀਦਾਂ ਅਨੁਸਾਰ ਹਰਭਜਨ ਮਾਨ ਦੇ ਨਾਲ ਉਨ੍ਹਾਂ ਦਾ ਮੈਨੇਜਰ, ਡਰਾਈਵਰ ਅਤੇ ਸੁਰੱਖਿਆ ਗਾਰਡ ਸਨ।

ਹਾਦਸੇ ਤੋਂ ਕੁਝ ਦੇਰ ਬਾਅਦ ਹਰਭਜਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਗਏ। ਹਾਦਸੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ ਪ੍ਰਸ਼ਾਸਨ ਵੱਲੋਂ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਵਿੱਚ ਵਿਸ਼ੇਸ਼ ਬੱਚਿਆਂ ਲਈ ਨਿਆਂ ਹੋਵੇਗਾ ਆਸਾਨ, ਅਦਾਲਤਾਂ ਵਿੱਚ ਤਾਇਨਾਤ ਹੋਣਗੇ ਸੰਕੇਤਿਕ ਭਾਸ਼ਾ ਇੰਟਰਪ੍ਰੇਟਰ ਤੇ ਵਿਸ਼ੇਸ਼ ਅਧਿਆਪਕ

ਹਰ ਬੱਚੇ ਤੱਕ ਨਿਆਂ ਦੀ ਪਹੁੰਚ: ਪੰਜਾਬ ਬਣਿਆ ਦੇਸ਼ ਦਾ ਪਹਿਲਾ ਰਾਜ, ਜਿੱਥੇ ਸੰਕੇਤਿਕ ਭਾਸ਼ਾ ਇੰਟਰਪ੍ਰੇਟਰ ਅਤੇ ਵਿਸ਼ੇਸ਼ ਸਿੱਖਿਅਕ ਹੋਣਗੇ ਰਸਮੀ ਤੌਰ ‘ਤੇ ਤਾਇਨਾਤ

ਚੰਡੀਗੜ੍ਹ, 4 ਜੁਲਾਈ :- ਪੰਜਾਬ ਸਰਕਾਰ ਨਿਆਂ ਨੂੰ ਹਰ ਇਕ ਬੱਚੇ ਤੱਕ ਪਹੁੰਚਾਉਣ ਵੱਲ ਇਕ ਨਵਾਂ ਇਤਿਹਾਸ ਰਚ ਰਹੀ ਹੈ। ਜੁਵੇਨਾਇਲ ਜਸਟਿਸ ਐਕਟ, 2015 ਦੇ ਤਹਿਤ ਪੰਜਾਬ ਦੇਸ਼ ਦਾ ਪਹਿਲਾ ਰਾਜ ਬਣਨ ਜਾ ਰਿਹਾ ਹੈ, ਜਿੱਥੇ ਸੰਕੇਤਿਕ ਭਾਸ਼ਾ ਦੇ ਦੁਭਾਸ਼ੀਏ, ਅਨੁਵਾਦਕ ਅਤੇ ਵਿਸ਼ੇਸ਼ ਸਿੱਖਿਅਕ ਰਸਮੀ ਤੌਰ ‘ਤੇ ਸੂਚੀਬੱਧ ਕੀਤੇ ਜਾਣਗੇ।

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੁੱਕਿਆ ਗਿਆ ਹੈ, ਜਿਸ ਨਾਲ ਸੁਣਨ ਜਾਂ ਬੋਲਣ ਵਿੱਚ ਅਸਮਰਥ ਬੱਚਿਆਂ ਨੂੰ ਅਦਾਲਤੀ ਕਾਰਵਾਈ ਸਮੇਂ ਸਹੀ ਤਰ੍ਹਾਂ ਸਮਝਣ ਅਤੇ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਦਾ ਮੌਕਾ ਮਿਲੇਗਾ।

ਡਾ. ਕੌਰ ਨੇ ਕਿਹਾ ਕਿ ਇਹ ਤਜਰਬੇਕਾਰ ਪੇਸ਼ੇਵਰ—ਜਿਵੇਂ ਸੰਕੇਤਿਕ ਭਾਸ਼ਾ ਇੰਟਰਪ੍ਰੇਟਰ ਅਤੇ ਵਿਸ਼ੇਸ਼ ਸਿੱਖਿਅਕ—ਬੱਚਿਆਂ ਦੀ ਭਾਸ਼ਾਈ ਰੁਕਾਵਟਾਂ ਦੂਰ ਕਰਨ ਵਿੱਚ ਮਦਦ ਕਰਣਗੇ ਅਤੇ ਨਿਆਂਕ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣਗੇ। ਜੁਵੇਨਾਇਲ ਜਸਟਿਸ ਐਕਟ ਅਤੇ ਪੋਕਸੋ ਐਕਟ ਦੇ ਅਧੀਨ ਇਹ ਉਪਰਾਲਾ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਰੇ ਪੇਸ਼ੇਵਰ ਜ਼ਿਲ੍ਹਾ ਪੱਧਰ ‘ਤੇ ਤਾਇਨਾਤ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਮਿਹਨਤਾਨਾ ਵੀ ਦਿੱਤਾ ਜਾਵੇਗਾ, ਤਾਂ ਜੋ ਜਿੱਥੇ ਵੀ ਲੋੜ ਹੋਵੇ ਉਥੇ ਸਮੇਂ-ਸਿਰ ਮਦਦ ਮਿਲ ਸਕੇ।

ਪਹਿਲਾਂ ਵੀ ਪੰਜਾਬ ਸਰਕਾਰ ਵਿਧਾਨ ਸਭਾ ਦੇ ਕਾਰਜਾਂ ਨੂੰ ਸੰਕੇਤਿਕ ਭਾਸ਼ਾ ਵਿੱਚ ਪ੍ਰਸਾਰਿਤ ਕਰਕੇ ਵਿਸ਼ੇਸ਼ ਯੋਗਤਾਵਾਂ ਵਾਲੇ ਵਿਅਕਤੀਆਂ ਲਈ ਇਕ ਵਧੀਆ ਮਿਸਾਲ ਕਾਇਮ ਕਰ ਚੁੱਕੀ ਹੈ।

ਇਹ ਕਦਮ ਨਾ ਸਿਰਫ ਸੰਚਾਰ ਦੀ ਰੁਕਾਵਟ ਦੂਰ ਕਰਦਾ ਹੈ, ਸਗੋਂ ਵਿਸ਼ੇਸ਼ ਯੋਗਤਾ ਵਾਲੇ ਬੱਚਿਆਂ ਅਤੇ ਨਾਗਰਿਕਾਂ ਨੂੰ ਨਿਆਂ ਅਤੇ ਸਮਾਜਿਕ ਭਾਗੀਦਾਰੀ ਵਿੱਚ ਬਰਾਬਰੀ ਨਾਲ ਸ਼ਾਮਲ ਕਰਨ ਵੱਲ ਇਕ ਵੱਡਾ ਹੱਲਾ ਹੈ।

ਲੈਂਡ ਪੂਲਿੰਗ ‘ਤੇ ਡੱਲੇਵਾਲ ਦਾ ਵੱਡਾ ਦਾਅਵਾ: “ਇਹ ਸਿਰਫ਼ ਜ਼ਮੀਨ ਦੀ ਨਹੀਂ, ਭਵਿੱਖ ਦੀ ਲੜਾਈ ਹੈ”

ਪੰਜਾਬ, 4 ਜੁਲਾਈ:- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਚਰਨ ਕਵਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਕਿਸਾਨਾਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ।

ਡੱਲੇਵਾਲ ਨੇ ਦੱਸਿਆ ਕਿ ਲੈਂਡ ਪੂਲਿੰਗ ਕਿਸਾਨਾਂ ਲਈ ਨਵਾਂ ਖ਼ਤਰਾ ਬਣ ਰਹੀ ਹੈ। ਉਨ੍ਹਾਂ ਮੁਤਾਬਕ, ਕੇਂਦਰ ਤੇ ਪੰਜਾਬ ਦੋਹਾਂ ਸਰਕਾਰਾਂ ਕਿਸਾਨਾਂ ਦੀਆਂ ਜ਼ਮੀਨਾਂ ਬਿਨਾਂ ਪੂਰੇ ਮੁਆਵਜ਼ੇ ਦੇ ਖੋ ਰਹੀਆਂ ਹਨ। ਇਹ ਸਕੀਮ ਸਿਰਫ਼ ਜ਼ਮੀਨ ਦੀ ਨਹੀਂ, ਸਿੱਧਾ ਕਿਸਾਨੀ ‘ਤੇ ਹਮਲਾ ਹੈ।
ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਕਰਕੇ ਸੂਬੇ ਦੇ 160 ਤੋਂ ਵੱਧ ਪਿੰਡ ਖਾਲੀ ਹੋਣ ਦੇ ਕਗਾਰ ‘ਤੇ ਹਨ, ਜਿਸ ਨਾਲ ਹਜ਼ਾਰਾਂ ਪਰਿਵਾਰ ਬੇਘਰ ਹੋਣਗੇ। ਇਹ ਸਿਰਫ਼ ਕਿਸਾਨਾਂ ਦੀ ਨਹੀਂ, ਬਲਕਿ ਮਜ਼ਦੂਰਾਂ, ਦੁਕਾਨਦਾਰਾਂ ਅਤੇ ਛੋਟੇ ਉਦਯੋਗਾਂ ਦੀ ਵੀ ਲੜਾਈ ਹੈ।
ਉਹਨਾ ਅੱਗੇ ਕਿਹਾ, “ਨਵਾਂਸ਼ਹਿਰ ਦੀ 383 ਏਕੜ ਜ਼ਮੀਨ ਤਾਂ ਸਿਰਫ਼ ਸ਼ੁਰੂਆਤ ਹੈ। ਇਹ ਮੁੱਦਾ ਸਾਰੇ ਪੰਜਾਬ ਦਾ ਹੈ, ਤੇ ਹੁਣ ਇਹ ਲੜਾਈ ਸੂਬਾ ਪੱਧਰ ਤੋਂ ਚੁੱਕ ਕੇ ਰਾਸ਼ਟਰ ਪੱਧਰ ‘ਤੇ ਪਹੁੰਚ ਚੁੱਕੀ ਹੈ।

”ਡੱਲੇਵਾਲ ਨੇ 7 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਵਿਸ਼ਾਲ ਮੀਟਿੰਗ ਵਿੱਚ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ। ਉਨ੍ਹਾਂ ਦਾ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਭਰਿਆ ਸੁਨੇਹਾ ਸੀ ਕਿ “ਜੇਕਰ ਅਸੀਂ ਅੱਜ ਖੜੇ ਨਾ ਹੋਏ ਤਾਂ ਕੱਲ੍ਹ ਕਿਸੇ ਕੋਲ ਵੀ ਆਪਣੀ ਜ਼ਮੀਨ ਨਹੀਂ ਬਚੇਗੀ।”
 

ਜਲੰਧਰ ‘ਚ ਨੌਜਵਾਨ ਦੀ ਮੌਤ, ਪੁਲਸ ਦੇ ਮਿਲੀ ਭੁਗਤ ਦੇ ਦੋਸ਼, ਦੁਖੀ ਪਰਿਵਾਰ ਨੇ ਲਾਇਆ ਧਰਨਾ

ਜਲੰਧਰ, 4 ਅਗੱਸਤ :- 22 ਦਿਨਾਂ ਤੋਂ ਹਸਪਤਾਲ ‘ਚ ਜ਼ਿੰਦਗੀ ਦੀ ਜੰਗ ਲੜ ਰਿਹਾ ਮੁਨੀਸ਼ ਆਖ਼ਰਕਾਰ ਜ਼ਖ਼ਮਾਂ ਦੇ ਅੱਗੇ ਥਕ ਗਿਆ। ਕਮਲ ਵਿਹਾਰ ਅਤੇ ਬਸ਼ੀਰਪੁਰਾ ਗੇਟ ਨੇੜੇ ਹੋਈ ਗੋਲ਼ੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਏ 26 ਸਾਲਾ ਮੁਨੀਸ਼ ਦਿਲੀ ਹਿੰਮਤ ਹਾਰ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਨੇ GRP ਪੁਲਸ ਉੱਤੇ ਮੁਲਜ਼ਮਾਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਾਏ ਹਨ।

ਮੁਨੀਸ਼ ਦੇ ਪਿਤਾ ਵਿਸ਼ਾਲ ਨੇ ਪੁਲਸ ਉੱਤੇ ਸਿੱਧੇ ਤੌਰ ‘ਤੇ ਇਲਜ਼ਾਮ ਲਗਾਇਆ ਕਿ ਮੁੱਖ ਦੋਸ਼ੀ ਮਨਕਰਨ ਹਾਲੇ ਤੱਕ ਪੁਲਸ ਦੀ ਪਕੜ ਤੋਂ ਬਾਹਰ ਹੈ। ਪਰਿਵਾਰ ਅਕਸਰ GRP ਸਟੇਸ਼ਨ ਦੇ ਬਾਹਰ ਧਰਨਾ ਲਗਾ ਕੇ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਹੈ। ਵਿਸ਼ਾਲ ਨੇ ਦਾਅਵਾ ਕੀਤਾ ਕਿ ਮਨਕਰਨ ਇੱਕ ਰਾਜਨੀਤਕ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਨੂੰ ਪ੍ਰਵਾਸੀ ਸੈੱਲ ਦੇ ਇੰਚਾਰਜ ਦੀਨਾਨਾਥ ਦੀ ਸ਼ਹਿ ਪ੍ਰਾਪਤ ਹੈ।

ਝਗੜੇ ਦੀ ਜੜ੍ਹ 2024 ਦੀ ਇੱਕ ਝੂਠੀ FIR?

ਵਿਸ਼ਾਲ ਨੇ ਦੱਸਿਆ ਕਿ ਸਾਲ 2024 ‘ਚ ਦੀਨਾਨਾਥ ਨੇ ਹੀ ਉਨ੍ਹਾਂ ਦੇ ਪੁੱਤਰ ਮੁਨੀਸ਼ ਵਿਰੁੱਧ ਝੂਠੀ FIR ਦਰਜ ਕਰਵਾਈ ਸੀ। ਜਮਾਨਤ ‘ਤੇ ਬਾਹਰ ਆਉਣ ਤੋਂ ਬਾਅਦ 12 ਜੁਲਾਈ ਨੂੰ ਮਨਕਰਨ ਨੇ ਉਸ ‘ਤੇ ਗੋਲ਼ੀਆਂ ਚਲਾਈਆਂ। ਗੋਲ਼ੀ ਮੁਨੀਸ਼ ਦੇ ਪੇਟ ਦੇ ਹੇਠਲੇ ਹਿੱਸੇ ‘ਚ ਲੱਗੀ ਜਿਸ ਕਾਰਨ ਉਸ ਦੀਆਂ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚਿਆ। ਇੱਕ ਓਪਰੇਸ਼ਨ ਹੋਇਆ ਪਰ ਦੂਜਾ ਹੋਣ ਤੋਂ ਪਹਿਲਾਂ ਹੀ ਮੁਨੀਸ਼ ਨੇ ਦਮ ਤੋੜ ਦਿੱਤਾ।

ਕੇਸ ਦੀ ਹਾਲਤ ਤੇ ਪੁਲਸ ਦਾ ਪੱਖ

GRP ਸਟੇਸ਼ਨ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁਨੀਸ਼ ਦੇ ਭਰਾ ਦੇ ਬਿਆਨ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਮੌਤ ਤੋਂ ਬਾਅਦ ਪਰਿਵਾਰ ਵੱਲੋਂ ਹੋਰ ਲੋਕਾਂ ਦੇ ਨਾਮ ਜੋੜੇ ਗਏ ਹਨ। ਪੁਲਸ ਅਧਿਕਾਰੀ ਅਨੁਸਾਰ, ਜੇਕਰ ਪਰਿਵਾਰ ਦੁਬਾਰਾ ਸ਼ਿਕਾਇਤ ਦਰਜ ਕਰਵਾਉਂਦਾ ਹੈ ਤਾਂ ਜਾਂਚ ‘ਚ ਨਵੇਂ ਦੋਸ਼ੀਆਂ ਖ਼ਿਲਾਫ਼ ਵੀ ਕਾਰਵਾਈ ਹੋ ਸਕਦੀ ਹੈ।

ਫ਼ਿਲਹਾਲ ਹਾਲਤ ਤਣਾਅਪੂਰਨ

ਪੂਰੇ ਘਟਨਾ-ਕਰਮ ਤੋਂ ਬਾਅਦ ਪਰਿਵਾਰ ਵਿੱਚ ਸਦਮਾ ਤੇ ਗੁੱਸਾ ਦੋਵੇਂ ਸਪੱਸ਼ਟ ਹਨ। ਭਰਾ ਕਰਨ ਨੇ ਕਿਹਾ ਕਿ “ਸਾਡਾ ਭਰਾ ਇਨਸਾਫ਼ ਚਾਹੁੰਦਾ ਸੀ, ਪਰ ਉਸ ਨੂੰ ਇਨਸਾਫ਼ ਮਿਲਣ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ। ਹੁਣ ਜੇ ਮੁਲਜ਼ਮਾਂ ਨੂੰ ਸਜ਼ਾ ਨਾ ਮਿਲੀ, ਤਾਂ ਇਹ ਸਿਸਟਮ ‘ਤੇ ਇੱਕ ਕਾਲਾ ਦਾਗ ਹੋਵੇਗਾ। ”ਮਾਮਲੇ ਦੀ ਜਾਂਚ ਜਾਰੀ ਹੈ, ਪਰ ਮੁੱਖ ਦੋਸ਼ੀ ਹਾਲੇ ਵੀ ਫਰਾਰ ਹੋਣ ਕਾਰਨ ਪਰਿਵਾਰ ਦੇ ਦੁੱਖ ਤੇ ਗੁੱਸੇ ਨੂੰ ਹਲਕਾ ਕਰਨਾ ਅਸੰਭਵ ਜਾਪਦਾ ਹੈ।