Home Blog Page 1074

ਟਰਾਲੀ ਨਾਲ ਜ਼ੋਰਦਾਰ ਟੱਕਰ, ਗੁਰੁਗ੍ਰਾਮ ਪੁਲਸ ਦੇ 2 ਜਵਾਨਾਂ ਦੀ ਹਾਦਸੇ ਚ ਮੌਤ!

ਹਰਿਆਣਾ: ਗੁਰੁਗ੍ਰਾਮ ਪੁਲਸ ਦੇ ਚਾਰ ਜਵਾਨ ਛੱਤੀਸਗੜ੍ਹ ਵਿੱਚ ਛਾਪੇਮਾਰੀ ਲਈ ਜਾ ਰਹੇ ਸਨ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ‘ਚ ਦੋ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ।

ਹਾਦਸਾ ਐਤਵਾਰ ਰਾਤ 10 ਤੋਂ 10:15 ਵਜੇ ਦੇ ਦਰਮਿਆਨ ਹਮੀਰਪੁਰ ਦੇ ਰਠ ਥਾਣਾ ਇਲਾਕੇ ਦੇ ਘਮੌਰੀ ਪਿੰਡ ਨੇੜੇ ਹੋਇਆ। ਪੁਲਸ ਦੀ ਕਾਰ ਇਕ ਲੋਹੇ ਨਾਲ ਭਰੀ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਕਾਰ ਢਹਿ ਕੇ ਪੂਰੀ ਤਰ੍ਹਾਂ ਤਬਾਹ ਹੋ ਗਈ। ਮਾਰੇ ਗਏ ਜਵਾਨਾਂ ਦੀ ਪਛਾਣ ਸਬ ਇੰਸਪੈਕਟਰ ਸੰਜੇ ਕੁਮਾਰ ਸਿੰਘ ਅਤੇ ਕਾਂਸਟੇਬਲ ਅਮਿਤ ਕੁਮਾਰ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਅਸਿਸਟੈਂਟ ਸਬ ਇੰਸਪੈਕਟਰ ਇੰਦਰਜੀਤ ਅਤੇ ਹੈੱਡ ਕਾਂਸਟੇਬਲ ਰਾਜੇਸ਼ ਕੁਮਾਰ ਸ਼ਾਮਲ ਹਨ। ਰਾਜੇਸ਼ ਹੀ ਵਾਹਨ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਇੰਦਰਜੀਤ ਨੂੰ ਕਾਨਪੁਰ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਦਕਿ ਰਾਜੇਸ਼ ਦਾ ਇਲਾਜ ਹਮੀਰਪੁਰ ਹਸਪਤਾਲ ਵਿੱਚ ਚੱਲ ਰਿਹਾ ਹੈ।

ਇਹ ਚਾਰੇ ਜਵਾਨ ਗੁਰੁਗ੍ਰਾਮ ਸੈਕਟਰ-40 ਦੀ ਕਰਾਈਮ ਬਰਾਂਚ ਯੂਨਿਟ ‘ਚ ਤਾਇਨਾਤ ਸਨ ਅਤੇ ਸ਼ਿਵਾਜੀ ਨਗਰ ਥਾਣੇ ਵਿੱਚ ਦਰਜ ਇੱਕ ਮਾਮਲੇ ਸਬੰਧੀ ਛੱਤੀਸਗੜ੍ਹ ਵਿੱਚ ਰੇਡ ਲਈ ਜਾ ਰਹੇ ਸਨ।

ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਗੁਰੁਗ੍ਰਾਮ ਦੇ ਏਸੀਪੀ (ਕਰਾਈਮ) ਮੁਕੇਸ਼ ਕੁਮਾਰ ਹਮੀਰਪੁਰ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਮੌਤ ਹੋਏ ਜਵਾਨਾਂ ਦੇ ਪੋਸਟਮਾਰਟਮ ਤੋਂ ਬਾਅਦ ਸ਼ਰੀਰਾਂ ਨੂੰ ਗੁਰੁਗ੍ਰਾਮ ਲਿਆਉਣ ਦੀ ਕਾਰਵਾਈ ਜਾਰੀ ਹੈ।

ਹਾਦਸੇ ਦੀ ਜਾਂਚ ਸਥਾਨਿਕ ਪੁਲਸ ਕਰ ਰਹੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹੈੱਡ ਕਾਂਸਟੇਬਲ ਰਾਜੇਸ਼ ਨੇ ਰਸਤੇ ‘ਚ ਆਏ ਕਿਸੇ ਆਵਾਰਾ ਜਾਨਵਰ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੋਵੇ। ਟਰੈਕਟਰ ਅਤੇ ਲੋਹੇ ਨਾਲ ਭਰੀ ਟਰਾਲੀ ਮੌਕੇ ਤੋਂ ਬਰਾਮਦ ਕਰ ਲਈ ਗਈ ਹੈ, ਪਰ ਡਰਾਈਵਰ ਮੌਕੇ ਤੋਂ ਭੱਜ ਗਿਆ। ਹਾਲੇ ਤੱਕ ਕਿਸੇ ਦੇ ਖ਼ਿਲਾਫ ਐਫ.ਆਈ.ਆਰ. ਦਰਜ ਨਹੀਂ ਹੋਈ।

ਅੰਮ੍ਰਿਤਸਰ ਦੀ ਵਿਰਾਸਤ ‘ਤੇ ਚੁੱਪੀ: ਹਾਲ ਗੇਟ ਦੀ ਘੜੀ ਸਾਲਾਂ ਤੋਂ ਬੰਦ

ਅੰਮ੍ਰਿਤਸਰ ਦੇ ਦਰਵਾਜਿਆਂ ਵਿੱਚੋਂ ਇਕ ਪ੍ਰਸਿੱਧ ਅਤੇ ਇਤਿਹਾਸਕ ਦਰਵਾਜ਼ਾ ਹਾਲ ਗੇਟ, ਜੋ ਬ੍ਰਿਟਿਸ਼ ਰਾਜ ਦੌਰਾਨ ਤਿਆਰ ਹੋਇਆ ਸੀ — ਉਸਦੇ ਉੱਤੇ ਲੱਗੀ ਪੁਰਾਤਨ ਘੜੀ ਪਿਛਲੇ ਕਈ ਵਰ੍ਹਿਆਂ ਤੋਂ ਬੰਦ ਪਈ ਹੈ। ਇਹ ਘੜੀ “ਸਰ ਹੈਨਰੀ ਹਾਲ”, ਇੱਕ ਬ੍ਰਿਟਿਸ਼ ਅਧਿਕਾਰੀ ਦੇ ਨਾਮ ‘ਤੇ ਬਣੇ ਹਾਲ ਗੇਟ ‘ਤੇ ਲਗਾਈ ਗਈ ਸੀ। ਬ੍ਰਿਟਿਸ਼ ਸਮੇਂ ਦੌਰਾਨ ਜਦ ਲੋਕਾਂ ਕੋਲ ਆਪਣੇ ਘੜੀਆਂ ਨਹੀਂ ਹੁੰਦੀਆਂ ਸਨ, ਤਾਂ ਇਨ੍ਹਾਂ ਵਰਗੀਆਂ ਜਨਤਕ ਘੜੀਆਂ ਨੂੰ ਜਨਤਾ ਦੀ ਸਹੂਲਤ ਲਈ ਲਗਇਆ ਜਾਂਦਾ ਸੀ।

ਪਰ ਹੁਣ ਇਹ ਇਤਿਹਾਸਕ ਘੜੀ ਨਾ ਸਿਰਫ਼ ਚੱਲਣ ਤੋਂ ਰੁਕ ਗਈ ਹੈ, ਸਗੋਂ ਉਸਦੀ ਉਪਰਲੀ ਮਕੈਨਿਕਲ ਮਸ਼ੀਨਰੀ ਵੀ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ। ਘੜੀ ਦੀਆਂ ਸਕਿੰਟਾ ਅਤੇ ਮਿੰਟਾਂ ਵਾਲੀਆਂ ਸੂਈਆਂ ਵੀ ਗਾਇਬ ਹਨ।

ਹਾਲਗੇਟ, ਅੰਮ੍ਰਿਤਸਰ ਦੇ ਬਿਲਕੁਲ ਸੈਂਟਰ ਦੇ ਵਿੱਚ ਸਥਿਤ ਹੈ, ਇਥੋਂ ਹੀ ਸ਼੍ਰੀ ਹਰਿਮੰਦਰ ਸਾਹਿਬ ਵਾਲਾ ਰਸਤਾ ਲੰਘਦਾ ਹੈ। ਕਈ ਸਦੀਆਂ ਤੋਂ ਇਹ ਦਰਵਾਜ਼ਾ ਸ਼ਹਿਰ ਦੀ ਪਛਾਣ ਰਿਹਾ ਹੈ, ਪਰ ਇਤਿਹਾਸਕ ਵਿਰਾਸਤ ਦੀ ਇਹ ਨਿਸ਼ਾਨੀ ਅੱਜ ਲਾਪਰਵਾਹੀ ਅਤੇ ਅਣਡਿੱਠੇਪਣ ਦੀ ਭੇਂਟ ਚੜ੍ਹੀ ਹੋਈ ਹੈ।

ਸਵਾਲ ਇਹ ਹੈ ਕਿ ਕੀ ਅੰਮ੍ਰਿਤਸਰ ਵਾਸੀ ਆਪਣੀ ਵਿਰਾਸਤ ਬਚਾਉਣ ਲਈ ਕਿਉਂ ਨਹੀਂ ਜਾਗਦੇ? ਕਿਉਂ ਨਹੀਂ ਇਸ ਇਤਿਹਾਸਕ ਘੜੀ ਦੀ ਮੁਰੰਮਤ ਕਰਵਾ ਕੇ ਦੁਬਾਰਾ ਟਿੱਕ-ਟਿੱਕ ਚਾਲੂ ਕਰਵਾਈ ਜਾਂਦੀ?

 

 

 

 

 

ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਦੀ ਅਚਾਨਕ ਤਬੀਅਤ ਵਿਗੜੀ

ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਟ ਮੰਤਰੀ ਦੀ ਅਚਾਨਕ ਤਬੀਅਤ ਵਿਗੜੀ

ਮੀਡੀਆ ਨਾਲ ਗੱਲਬਾਤ ਕਰਦੇ ਅਚਾਨਕ ਤਬੀਅਤ ਵਿਗੜਨ ਕਾਰਨ ਲਿਜਾਇਆ ਗਿਆ ਹਸਪਤਾਲ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ ਦੀ ਅਚਾਨਕ ਤਬੀਅਤ ਵਿਗੜ ਗਈ। ਇਹ ਘਟਨਾ ਬਠਿੰਡਾ ਵਿਖੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਹੋਈ ਜਦੋਂ ਉਹ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਸਾਮ੍ਹਣੇ ਆ ਰਹੀ ਜਾਣਕਾਰੀ ਅਨੁਸਾਰ, ਮਲੂਕਾ ਮੀਡੀਆ ਨੂੰ ਸਵਾਲਾਂ ਦੇ ਜਵਾਬ ਦੇ ਰਹੇ ਸਨ ਕਿ ਓਹਨਾਂ ਨੂੰ ਅਚਾਨਕ ਚੱਕਰ ਆਏ ਅਤੇ ਉਹ ਬੇਹੋਸ਼ ਹੋ ਗਏ। ਇਸ ਘਟਨਾ ਤੋਂ ਬਾਅਦ ਉਥੇ ਮੌਜੂਦ ਵਰਕਰਾਂ ਨੇ ਉਨ੍ਹਾਂ ਨੂੰ ਤੁਰੰਤ ਗੱਡੀ ਵਿੱਚ ਬਿਠਾ ਕੇ ਹਸਪਤਾਲ ਵੱਲ ਰਵਾਨਾ ਕੀਤਾ।

ਮਲੂਕਾ ਬਠਿੰਡਾ ਵਿੱਚ ਕਿਸੇ ਮੁੱਦੇ ਨੂੰ ਲੈ ਕੇ ਚੱਲ ਰਹੇ ਧਰਨੇ ਵਿੱਚ ਸ਼ਾਮਿਲ ਹੋਣ ਆਏ ਸਨ। ਉਨ੍ਹਾਂ ਦੀ ਤਬੀਅਤ ਕਿਉਂ ਵਿਗੜੀ, ਇਹ ਦੇਖਣ ਵਾਲੀ ਗੱਲ ਰਹੇਗੀ। ਹਾਲੇ ਤੱਕ ਉਨ੍ਹਾਂ ਦੀ ਸਿਹਤ ਸਬੰਧੀ ਅਧਿਕਾਰਕ ਅੱਪਡੇਟ ਨਹੀਂ ਮਿਲੀ।

ਲੁਧਿਆਣਾ – ਚੌਥੇ ਦਿਨ ਵੀ ਭਾਜਪਾ ਕੌਂਸਲਰਾਂ ਦਾ ਧਰਨਾ ਜਾਰੀ, ਨਿਗਮ ‘ਚ ਹੱਲਚਲ, ਦੇਖੋ ਖ਼ਬਰ…

ਲੁਧਿਆਣਾ ਨਗਰ ਨਿਗਮ ਵਿੱਚ ਭਾਜਪਾ ਦੇ ਕੌਂਸਲਰਾਂ ਵੱਲੋਂ ਮੇਅਰ ਖ਼ਿਲਾਫ਼ ਲਾਇਆ ਗਿਆ ਧਰਨਾ ਅੱਜ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਹ ਧਰਨਾ ਸ਼ੁੱਕਰਵਾਰ ਨੂੰ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਭਾਜਪਾ ਕੌਂਸਲਰ ਆਪਣੀਆਂ ਵਾਰਡਾਂ ਦੀਆਂ ਸਮੱਸਿਆਵਾਂ ਲੈ ਕੇ ਮੇਅਰ ਨਾਲ ਮੀਟਿੰਗ ਕਰਨ ਗਏ ਸਨ, ਪਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ।

ਕੌਂਸਲਰਾਂ ਦਾ ਕਹਿਣਾ ਹੈ ਕਿ ਮੀਟਿੰਗ ਦੌਰਾਨ ਮੇਅਰ ਵੱਲੋਂ ਪੁਲਸ ਬੁਲਾਈ ਗਈ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਹੋਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਧਰਨਾ ਲਾ ਦਿੱਤਾ ਗਿਆ।

ਇਹ ਧਰਨਾ ਲਗਾਤਾਰ ਦਿਨ-ਰਾਤ ਚੱਲ ਰਿਹਾ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਕੁਝ ਕੌਂਸਲਰ ਵੀ ਭਾਜਪਾ ਦੇ ਨਾਲ ਧਰਨੇ ਵਿੱਚ ਸ਼ਾਮਲ ਹੋ ਗਏ ਹਨ। ਮੇਅਰ ਦਾ ਕਹਿਣਾ ਹੈ ਕਿ ਕੌਂਸਲਰਾਂ ਵੱਲੋਂ ਉਠਾਈਆਂ ਗਈਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਮੀਟਿੰਗ ਵਿੱਚ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ, ਪਰ ਭਾਜਪਾ ਕੌਂਸਲਰਾਂ ਵੱਲੋਂ ਜ਼ਬਰਦਸਤੀ ਹੰਗਾਮਾ ਕੀਤਾ ਗਿਆ। ਇਸ ਮਾਮਲੇ ਵਿੱਚ ਮੇਅਰ ਵੱਲੋਂ ਪੁਲਸ ਕੇਸ ਵੀ ਦਰਜ ਕਰਵਾਇਆ ਗਿਆ ਹੈ।

ਇਸ ਵਿਰੋਧ ਦੇ ਬਾਵਜੂਦ ਧਰਨਾ ਸੋਮਵਾਰ ਨੂੰ ਵੀ ਲਗਾਤਾਰ ਜਾਰੀ ਹੈ। ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ, ਸਰਾਭਾ ਨਗਰ ਵਿੱਚ ਕੌਂਸਲਰ ਤੇ ਭਾਜਪਾ ਆਗੂ ਇਕੱਠੇ ਹੋ ਰਹੇ ਹਨ। ਹਾਲਾਂਕਿ ਆਮ ਲੋਕਾਂ ਅਤੇ ਮੁਲਾਜ਼ਮਾਂ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਲਗਾਈ ਗਈ, ਰਸਤਾ ਖੁੱਲ੍ਹਾ ਰੱਖਿਆ ਗਿਆ ਹੈ। ਧਰਨੇ ਦੌਰਾਨ ਭਾਜਪਾ ਵੱਲੋਂ ਮੇਅਰ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

 

 

 

 

 

 

 

ਖਾਲਿਸਤਾਨੀ ਕੈਦੀ ਦੀ ਜੇਲ੍ਹ ਵਿੱਚ ਮੌਤ ਮਗਰੋਂ ਹਲਚਲ, ਸਰਕਾਰ ਨੇ ਲਿਆ ਤੁਰੰਤ ਐਕਸ਼ਨ – ਜੇਲ੍ਹ ਸੁਪਰਡੈਂਟ ਦਾ ਤਬਾਦਲਾ

ਸ਼ੁੱਕਰਵਾਰ ਰਾਤ ਨੂੰ ਸੰਗਰੂਰ ਕੇਂਦਰੀ ਜੇਲ੍ਹ ਵਿੱਚ ਖਾਲਿਸਤਾਨੀ ਕੈਦੀ ਗੁਰਵਿੰਦਰ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਮਾਮਲਾ ਗਰਮਾ ਗਿਆ। ਸ਼ਨੀਵਾਰ ਦੇਰ ਸ਼ਾਮ ਨੂੰ ਇੱਕ ਜੁਡੀਸ਼ੀਅਲ ਮੈਜਿਸਟਰੇਟ ਦੀ ਨਿਗਰਾਨੀ ਹੇਠ ਪੋਸਟਮਾਰਟਮ ਕੀਤਾ ਗਿਆ। ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਜੇਲ੍ਹ ਸੁਪਰਡੈਂਟ ਦਾ ਤਬਾਦਲਾ ਕਰ ਦਿੱਤਾ। ਹੁਣ ਰਮਨਦੀਪ ਸਿੰਘ ਭੰਗੂ ਨੂੰ ਸੰਗਰੂਰ ਜੇਲ੍ਹ ਦਾ ਨਵਾਂ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ।
ਮ੍ਰਿਤਕ ਦੇ ਪਿਤਾ ਜਗੀਰ ਸਿੰਘ ਤੇ ਰਿਸ਼ਤੇਦਾਰ ਸੁਖਬੀਰ ਸਿੰਘ ਨੇ ਦੋਸ਼ ਲਾਇਆ ਕਿ ਗੁਰਵਿੰਦਰ ਸਿੰਘ ਖਾਲਿਸਤਾਨ ਸਮਰਥਕ ਸੀ ਤੇ ਉਸ ਵਿਰੁੱਧ UAPA ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਹ ਪਿਛਲੇ ਸੱਤ ਸਾਲਾਂ ਤੋਂ ਜੇਲ੍ਹ ਵਿੱਚ ਸੀ ਤੇ ਉਸ ਦੀ ਜ਼ਮਾਨਤ ਦੀ ਸੁਣਵਾਈ 4 ਅਗਸਤ ਨੂੰ ਹਾਈ ਕੋਰਟ ਵਿੱਚ ਹੋਣੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਜੇਲ੍ਹ ਪ੍ਰਸ਼ਾਸਨ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ ਤੇ ਉਸ ਨੂੰ ਖੁਦ ਉਸ ਦੇ ਕਤਲ ਦਾ ਖਦਸ਼ਾ ਸੀ।

ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਫ਼ੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਇਸ ਮਗਰੋਂ ਮੌਕੇ ‘ਤੇ ਪਹੁੰਚਣ ‘ਤੇ ਦੱਸਿਆ ਗਿਆ ਕਿ ਉਸ ਨੇ ਕਥਿਤ ਤੌਰ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ 4 ਅਗਸਤ ਨੂੰ ਹਾਈ ਕੋਰਟ ਵਿੱਚ ਜ਼ਮਾਨਤ ਹੋਣ ਦੀ ਉਮੀਦ ਸੀ ਤਾਂ ਉਹ ਖੁਦਕੁਸ਼ੀ ਕਿਉਂ ਕਰੇਗਾ।

ਮਾਮਲਾ ਸਾਹਮਣੇ ਆਉਂਦਿਆਂ ਹੀ ਸਰਕਾਰ ਹਰਕਤ ਵਿੱਚ ਆ ਗਈ। ਇਸ ਘਟਨਾ ਤੋਂ ਬਾਅਦ ਜੇਲ੍ਹ ਸੁਪਰਡੈਂਟ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਚਾਰਜ ਸੰਭਾਲਦਿਆਂ ਨਵੇਂ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਜੇਲ੍ਹ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਤੇ ਸਖ਼ਤ ਅਨੁਸ਼ਾਸਨ ਬਣਾਈ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਕੈਦੀ ਜਾਂ ਕਰਮਚਾਰੀ ਨੂੰ ਕੋਈ ਮੁਸ਼ਕਲ ਨਾ ਆਵੇ। ਦੱਸ ਦਈਏ ਕਿ ਭੰਗੂ ਪਹਿਲਾਂ ਪਟਿਆਲਾ, ਨਾਭਾ ਤੇ ਬਠਿੰਡਾ ਦੀਆਂ ਜੇਲ੍ਹਾਂ ਵਿੱਚ ਸੇਵਾ ਨਿਭਾਅ ਚੁੱਕੇ ਹਨ। ਥਾਣਾ ਸਿਟੀ ਸੰਗਰੂਰ-1 ਨੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਸੀ.ਐਮ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕੀਤਾ

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦੇਹਾਂਤ, ਤਿੰਨ ਦਿਨਾਂ ਦਾ ਰਾਜਕੀ ਸੋਗ ਘੋਸ਼ਿਤ

ਰਾਸ਼ਟਰ ਅਤੇ ਰਾਜਨੀਤੀ ਨੂੰ ਵੱਡਾ ਝਟਕਾ, ਭਗਵੰਤ ਮਾਨ ਸਣੇ ਕਈ ਨੇਤਾਵਾਂ ਨੇ ਜਤਾਇਆ ਦੁੱਖ

ਝਾਰਖੰਡ ਮੁਕਤੀ ਮੋਰਚਾ (JMM) ਦੇ ਸੰਸਥਾਪਕ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਪੁੱਤਰ ਅਤੇ ਝਾਰਖੰਡ ਦੇ ਮੌਜੂਦਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਐਕਸ (ਪਹਿਲਾਂ ਟਵੀਟਰ) ਰਾਹੀਂ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ।

ਰਾਜ ਵਿੱਚ ਤਿੰਨ ਦਿਨਾਂ ਦਾ ਰਾਜਕੀ ਸੋਗ
ਝਾਰਖੰਡ ਸਰਕਾਰ ਨੇ ਸ਼ਿਬੂ ਸੋਰੇਨ ਦੇ ਦੇਹਾਂਤ ਉੱਤੇ ਤਿੰਨ ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ 4 ਅਤੇ 5 ਅਗਸਤ ਨੂੰ ਸਾਰੇ ਸਰਕਾਰੀ ਦਫ਼ਤਰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਦਿਨਾਂ ਦੌਰਾਨ ਰਾਜ ਦੀਆਂ ਸਰਕਾਰੀ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਾਇਆ ਜਾਵੇਗਾ। ਸੂਬੇ ਦੇ ਸਾਰੇ ਨਿਰਧਾਰਤ ਕਾਰਜਕ੍ਰਮ ਵੀ ਰੱਦ ਕਰ ਦਿੱਤੇ ਗਏ ਹਨ।

ਦੇਸ਼ ਦੀਆਂ ਮੁੱਖ ਹਸਤੀਆਂ ਵੱਲੋਂ ਸ਼ਰਧਾਂਜਲੀ
ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਹੋਰ ਕਈ ਸਿਆਸੀ ਨੇਤਾਵਾਂ ਨੇ ਸ਼ਿਬੂ ਸੋਰੇਨ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟਾਇਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਸ਼ਰਧਾਂਜਲੀ
ਸੀ.ਐਮ ਭਗਵੰਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ,

“ਸ਼੍ਰੀ ਸ਼ਿਬੂ ਸੋਰੇਨ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਦੁਖਦਾਈ ਹੈ। ਉਹ ਆਦਿਵਾਸੀ ਹੱਕਾਂ, ਜਲ-ਜੰਗਲ-ਜ਼ਮੀਨ ਅਤੇ ਸੰਵਿਧਾਨਕ ਨਿਆਂ ਲਈ ਜ਼ਿੰਦਗੀ ਭਰ ਲੜਦੇ ਰਹੇ। ਉਨ੍ਹਾਂ ਦੀ ਲੜਾਈ ਅਤੇ ਯਾਦ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਹੌਸਲਾ ਬਖ਼ਸ਼ੇ।”

Sidhu moosewala : ਹਾਈ ਕੋਰਟ ਤੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਵੱਡਾ ਝਟਕਾ, ਜ਼ਮਾਨਤ ਦੀ ਅਰਜ਼ੀ ਖ਼ਾਰਿਜ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਉਂਦਿਆਂ ਸੱਤ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਸਾਫ਼ ਕੀਤਾ ਕਿ ਮਾਮਲਾ ਗੰਭੀਰ ਅਤੇ ਸੰਵੇਦਨਸ਼ੀਲ ਹੈ, ਇਸ ਕਰਕੇ ਗਵਾਹਾਂ ਦੀ ਗਵਾਹੀ ਪੂਰੀ ਹੋਣ ਤੱਕ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।

ਕਿਹੜੇ ਨੇ ਇਹ ਸੱਤ ਮੁਲਜ਼ਮ?

ਪ੍ਰਭਦੀਪ ਸਿੰਘ ਉਰਫ਼ ਪੱਬੀ, ਜਗਤਾਰ ਸਿੰਘ, ਮਨਪ੍ਰੀਤ ਸਿੰਘ ਉਰਫ਼ ਭਾਊ, ਨਸੀਬ ਦੀਨ, ਰਾਜਿੰਦਰ ਉਰਫ਼ ਜੋਕਰ, ਪਵਨ ਕੁਮਾਰ ਬਿਸ਼ਨੋਈ ਅਤੇ ਸਰਾਜ ਨੇ ਵੱਖ-ਵੱਖ ਆਧਾਰਾਂ ‘ਤੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀਆਂ ਦਾਇਰ ਕੀਤੀਆਂ ਸਨ। ਇਨ੍ਹਾਂ ਉੱਤੇ ਪੰਜਾਬ ਪੁਲਸ ਨੇ ਕਤਲ, ਸਾਜ਼ਿਸ਼ ਅਤੇ ਹੋਰ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੋਇਆ ਹੈ।

ਮੁਲਜ਼ਮਾਂ ਦੇ ਵਕੀਲਾਂ ਦੀ ਦਲੀਲ

ਉਨ੍ਹਾਂ ਨੇ ਅਦਾਲਤ ਵਿੱਚ ਕਿਹਾ ਕਿ ਸਾਰੇ ਮੁਲਜ਼ਮ ਲਗਭਗ ਦੋ ਸਾਲਾਂ ਤੋਂ ਜੇਲ੍ਹ ਵਿੱਚ ਹਨ ਅਤੇ ਮੁਕੱਦਮੇ ਦੀ ਕਾਰਵਾਈ ਬਹੁਤ ਹੌਲੀ ਚੱਲ ਰਹੀ ਹੈ। ਇਸੇ ਕਰਕੇ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ।

ਸਰਕਾਰ ਵੱਲੋਂ ਅਦਾਲਤ ਵਿੱਚ ਕਿਹਾ ਗਿਆ ਕਿ ਮਾਮਲੇ ਵਿੱਚ ਕੁੱਲ 180 ਗਵਾਹ ਹਨ, ਜਿਨ੍ਹਾਂ ਵਿੱਚੋਂ ਤਿੰਨ ਚਸ਼ਮਦੀਦ ਹਨ। ਹੁਣ ਤੱਕ ਕੇਵਲ ਇੱਕ ਗਵਾਹ ਦੀ ਗਵਾਹੀ ਹੋਈ ਹੈ। ਜੇ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ ਤਾਂ ਇਹ ਗਵਾਹਾਂ ਦੀ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ।

ਅਦਾਲਤ ਦੀ ਟਿੱਪਣੀ

ਨਿਆਂਪਾਲਿਕਾ ਨੇ ਕਿਹਾ ਕਿ ਅਪਰਾਧ ਦੀ ਗੰਭੀਰਤਾ, ਚਸ਼ਮਦੀਦਾਂ ਦੀ ਸੁਰੱਖਿਆ ਅਤੇ ਨਿਰਪੱਖਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਹਾਲਾਤ ਅਜੇ ਜ਼ਮਾਨਤ ਦੇ ਅਨੁਕੂਲ ਨਹੀਂ ਹਨ। ਇਸ ਕਰਕੇ ਸਾਰੇ ਪਟੀਸ਼ਨਾਂ ਨੂੰ ਖ਼ਾਰਜ ਕੀਤਾ ਜਾਂਦਾ ਹੈ।

ਸਰਕਾਰੀ ਏਜੰਸੀਆਂ ਰਾਹੀਂ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਵਾ ਰਹੀ ਸਰਕਾਰ : ਸੁਨੀਲ ਜਾਖੜ

ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ’ਤੇ ਚੋਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿੱਖੇ ਸ਼ਬਦਾਂ ’ਚ ਘੇਰਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਪੰਜਾਬ ਨੂੰ ਦਿੱਲੀ ਦੇ ਆਗੂਆਂ ਨੂੰ ਠੇਕੇ ’ਤੇ ਦੇ ਰੱਖਿਆ ਹੈ ਤੇ ਹੁਣ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਜਾਖੜ ਨੇ ਭਾਜਪਾ ’ਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ਖ਼ਿਲਾਫ਼ ਵਿਜੀਲੈਂਸ ਦੀ ਛਾਪਾਮਾਰੀ ਨੂੰ ਸਿਆਸੀ ਬਦਲਾਖੋਰੀ ਦਾ ਨਤੀਜਾ ਦੱਸਿਆ।

ਉਨ੍ਹਾਂ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਚਿੰਤਾ ਹੈ ਤਾਂ ਆਪਣੇ ਮੰਤਰੀ ਸੰਜੀਵ ਅਰੋੜਾ ਵੱਲੋਂ ਲੈਂਡ ਡਿਵੈਲਪਰ ਵਜੋਂ ਕੀਤੇ ਗਏ ਘਪਲਿਆਂ ਦੀ ਜਾਂਚ ਵੀ ਕਰਵਾਈ ਜਾਵੇ। ਜਾਖੜ ਨੇ ਅਰੋੜਾ ’ਤੇ ਪੁਰਾਣੀਆਂ ਈ.ਡੀ. ਰੇਡਾਂ, ਸੇਬੀ ਵਲੋਂ ਦੋਸ਼ੀ ਠਹਿਰਾਉਣ ਅਤੇ ਵਿਧਾਇਕ ਗੁਰਪ੍ਰੀਤ ਗੋਗੀ ਵਲੋਂ ਲਗਾਏ ਗਏ ਦੋਸ਼ਾਂ ਦੀ ਵੀ ਯਾਦ ਦਿਵਾਈ। ਜਾਖੜ ਨੇ ਆਖ਼ਿਰ ’ਚ ਮੁੱਖ ਮੰਤਰੀ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਪੰਜਾਬ ’ਚ ਕਾਨੂੰਨ-ਵਿਵਸਥਾ ਨੂੰ ਸੰਭਾਲੋ ਨਾ ਕਿ ਨਿੱਜੀ ਵਿਰੋਧੀਆਂ ’ਤੇ ਕਾਰਵਾਈ ਕਰ ਕੇ ਸਿਆਸੀ ਵਿਤਕਰਾ ਵਧਾਓ।

ਆਖ਼ਿਰ ’ਚ ਜਾਖੜ ਨੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਉਹ ਸਿਆਸੀ ਬਦਲਾਖੋਰੀ ਦੇ ਰਾਹ ਤੋਂ ਹਟ ਕੇ ਲੋਕਤੰਤਰ ਦੀ ਰਾਖੀ ਕਰਨ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਇਹ ਰਵੱਈਆ ਨਹੀਂ ਬਦਲਿਆ ਤਾਂ ਲੋਕਾਂ ਦੀ ਆਵਾਜ਼ ਹੋਰ ਬੁਲੰਦ ਹੋਵੇਗੀ ਅਤੇ ਆਖਿਰਕਾਰ ਇਸ ਦਾ ਨੁਕਸਾਨ ‘ਆਪ’ ਨੂੰ ਭੁਗਤਣਾ ਪਵੇਗਾ

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਫਸੇ ਅਧਿਕਾਰੀ ਸੇਵਾ ‘ਚ ਕਿਉਂ ਹਨ? ਹਾਈ ਕੋਰਟ ਹੋਈ ਸਖ਼ਤ…

ਪਟਿਆਲਾ ਵਿਜੀਲੈਂਸ ਦੀ ਐਫਆਈਆਰ ਬਾਵਜੂਦ, ਵਿਜੇ ਕੁਮਾਰ ਨੂੰ ਦੁਬਾਰਾ ਤਾਇਨਾਤੀ; ਹਾਈ ਕੋਰਟ ਨੇ ਮੰਗੀ ਅਜਿਹੇ ਸਾਰੇ ਅਧਿਕਾਰੀਆਂ ਦੀ ਪੂਰੀ ਸੂਚੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਸ ਵਿੱਚ ਅਜਿਹੇ ਅਧਿਕਾਰੀਆਂ ਦੀ ਤਾਇਨਾਤੀ ‘ਤੇ ਸਖ਼ਤ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਜਾਂ ਹੋਰ ਅਪਰਾਧਿਕ ਦੋਸ਼ ਹਨ, ਪਰ ਫਿਰ ਵੀ ਉਹ ਸੇਵਾ ‘ਚ ਕੰਮ ਕਰ ਰਹੇ ਹਨ। ਜਸਟਿਸ ਐਨਕੇ ਸ਼ੇਖਾਵਤ ਦੀ ਅਗਵਾਈ ਵਾਲੀ ਬੈਂਚ ਨੇ ਪੰਜਾਬ ਦੇ ਡੀਜੀਪੀ ਨੂੰ ਹੁਕਮ ਦਿੱਤਾ ਹੈ ਕਿ ਉਹ ਅਜਿਹੇ ਸਾਰੇ ਪੁਲਸ ਮੁਲਾਜ਼ਮਾਂ ਦੀ ਵਿਸਥਾਰ ਨਾਲ ਸੂਚੀ ਤਿਆਰ ਕਰਕੇ ਹਲਫ਼ਨਾਮੇ ਰਾਹੀਂ ਅਦਾਲਤ ਵਿੱਚ ਪੇਸ਼ ਕਰਨ।

ਇਹ ਨਿਰਦੇਸ਼ ਉਸ ਸਮੇਂ ਆਇਆ ਜਦੋਂ ਅਦਾਲਤ ਨੂੰ ਜਾਣਕਾਰੀ ਮਿਲੀ ਕਿ ਇੰਸਪੈਕਟਰ ਵਿਜੇ ਕੁਮਾਰ, ਜਿਸਨੂੰ ਭ੍ਰਿਸ਼ਟਾਚਾਰ ਰੋਕਥਾਮ ਐਕਟ ਹੇਠ ਸਖ਼ਤ ਦੋਸ਼ਾਂ ਵਿੱਚ ਨੌਕਰੀ ਤੋਂ ਹਟਾਇਆ ਗਿਆ ਸੀ, ਨੂੰ ਦੁਬਾਰਾ ਬਰਖਾਸਤ ਕਰਨ ਮਗਰੋਂ ਤਾਇਨਾਤ ਕਰ ਦਿੱਤਾ ਗਿਆ। 23 ਅਕਤੂਬਰ 2023 ਨੂੰ ਪਟਿਆਲਾ ਵਿਜੀਲੈਂਸ ਬਿਊਰੋ ਨੇ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਸੀ। ਹਾਲਾਂਕਿ ਇਸ ਦੇ ਬਾਵਜੂਦ, ਉਹ ਇਸ ਸਮੇਂ ਬਰਨਾਲਾ ਪੁਲਿਸ ਲਾਈਨ ‘ਚ ਡਿਊਟੀ ‘ਤੇ ਹੈ।

ਹਾਈ ਕੋਰਟ ਨੇ ਇਸ ਗੱਲ ‘ਤੇ ਗੰਭੀਰ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਇੰਸਪੈਕਟਰ ਵਿਜੇ ਕੁਮਾਰ ਵਰਗੇ ਅਧਿਕਾਰੀ, ਜਿਨ੍ਹਾਂ ਉੱਤੇ ਗੰਭੀਰ ਦੋਸ਼ ਹਨ, ਨੂੰ ਸੇਵਾ ਵਿੱਚ ਰੱਖਣਾ ਨਿਰਣਾਯਕ ਤੌਰ ‘ਤੇ ਗਲਤ ਹੈ। ਅਦਾਲਤ ਨੇ ਪੁੱਛਿਆ ਕਿ ਅਜਿਹੇ ਲੋਕਾਂ ਨੂੰ ਬਰਖਾਸਤ ਕਰਨ ਦੀ ਬਜਾਏ, ਉਹਨਾਂ ਨੂੰ ਵਾਪਸ ਸੇਵਾ ਵਿੱਚ ਕਿਵੇਂ ਲਿਆ ਗਿਆ?

ਡੀਜੀਪੀ ਨੂੰ ਹੁਕਮ ਦਿੱਤਾ ਗਿਆ ਹੈ ਕਿ ਅਜਿਹੇ ਸਾਰੇ ਅਧਿਕਾਰੀਆਂ ਦੀ ਸੂਚੀ ਹਲਫ਼ਨਾਮੇ ‘ਚ ਪੇਸ਼ ਕੀਤੀ ਜਾਵੇ ਜਿਸ ਵਿੱਚ ਇਹ ਜਾਣਕਾਰੀ ਹੋਣੀ ਚਾਹੀਦੀ ਹੈ:

  • ਅਧਿਕਾਰੀ ਦਾ ਨਾਂ ਤੇ ਅਹੁਦਾਮੌਜੂ

  • ਮੋਜੂਦਾ ਤਾਇਨਾਤੀ

  • ਐਫਆਈਆਰ ਨੰਬਰ, ਮਿਤੀ, ਧਾਰਾਵਾਂ ਤੇ ਪੁਲਿਸ ਸਟੇਸ਼ਨ

  • ਜਾਂਚ ਜਾਂ ਮੁਕੱਦਮੇ ਦੀ ਮੌਜੂਦਾ ਸਥਿਤੀ

  • ਵਿਭਾਗੀ ਜਾਂ ਅਨੁਸ਼ਾਸਨੀ ਕਾਰਵਾਈ

  • ਜੇਕਰ ਬਹਾਲ ਕੀਤਾ ਗਿਆ ਤਾਂ ਉਸ ਦੀ ਮਿਤੀ

ਇਹ ਸਾਰਾ ਮਾਮਲਾ ਇੱਕ ਨਸ਼ਾ ਕੇਸ ਨਾਲ ਜੁੜਿਆ ਹੋਇਆ ਹੈ, ਜਿਸ ‘ਚ ਪੰਜ ਲੋਕਾਂ ਨੇ ਨਿਯਮਤ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ਼ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇੰਸਪੈਕਟਰ ਵਿਜੇ ਕੁਮਾਰ ਨੇ ਨਾ ਸਿਰਫ਼ ਉਨ੍ਹਾਂ ਨੂੰ, ਸਗੋਂ ਹੋਰ ਨਿਰਦੋਸ਼ ਲੋਕਾਂ ਨੂੰ ਵੀ NDPS ਐਕਟ ਹੇਠ ਝੂਠੇ ਦੋਸ਼ਾਂ ‘ਚ ਫਸਾਇਆ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਅਗਸਤ, 2025 ਨੂੰ ਹੋਣੀ ਹੈ।

ਅਕਾਲੀ ਦਲ ਵਿਚ ਨਵੇਂ ਪ੍ਰਧਾਨ ਦੀ ਚੋਣ ਦੀ ਤਿਆਰੀ, ਭਰਤੀ ਕਮੇਟੀ ਨੇ ਇਜਲਾਸ ਲਈ ਮੰਗੀ ਮੰਜੂਰੀ

ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਵਾਲਾ ਹੈ? ਭਰਤੀ ਕਮੇਟੀ ਨੇ SGPC ਤੋਂ ਮੰਗੀ ਇਜਲਾਸ ਦੀ ਇਜਾਜ਼ਤ

ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਚੁਣਨ ਦੀ ਪ੍ਰਕਿਰਿਆ ਹੁਣ ਅੰਤਿਮ ਪੜਾਅ ‘ਤੇ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਭਰਤੀ ਕਮੇਟੀ ਨੇ ਐਸਜੀਪੀਸੀ ਨੂੰ ਚਿੱਠੀ ਲਿਖ ਕੇ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਮੰਗੀ ਹੈ। ਇਸ ਮੀਟਿੰਗ ਦੌਰਾਨ ਨਵੇਂ ਪ੍ਰਧਾਨ ਦੀ ਚੋਣ ਹੋਣ ਦੀ ਸੰਭਾਵਨਾ ਹੈ।

11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ‘ਚ ਹੋ ਸਕਦੀ ਹੈ ਨਵੇਂ ਪ੍ਰਧਾਨ ਦੀ ਚੋਣ, SGPC ਨੇ ਮਾਮਲਾ ਅਕਾਲ ਤਖ਼ਤ ਸਾਹਿਬ ਕੋਲ ਭੇਜਿਆ

ਦੂਜੇ ਪਾਸੇ, ਐਸਜੀਪੀਸੀ ਨੇ ਕਿਸੇ ਵੀ ਸੰਭਾਵਿਤ ਟਕਰਾਅ ਤੋਂ ਬਚਣ ਲਈ ਇਹ ਮਾਮਲਾ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਭੇਜ ਦਿੱਤਾ ਹੈ। ਇਹ ਕਦਮ ਇਸ ਲਈ ਵੀ ਲਿਆ ਗਿਆ ਹੈ ਤਾਂ ਜੋ ਭਰਤੀ ਕਮੇਟੀ ਅਤੇ ਅਕਾਲੀ ਦਲ ਵਿਚਕਾਰ ਕੋਈ ਨਵਾਂ ਵਿਵਾਦ ਨਾ ਖੜ੍ਹੇ ਹੋਵੇ।

ਅਕਾਲੀ ਦਲ ਅੰਦਰ ਪਹਿਲਾਂ ਵੀ ਮਤਭੇਦ ਸਾਹਮਣੇ ਆ ਚੁੱਕੇ ਹਨ। ਜੇਕਰ ਹੁਣ ਵੀ ਕਿਸੇ ਨਵੇਂ ਵਿਵਾਦ ਨੇ ਜਨਮ ਲਿਆ ਤਾਂ ਇਸਦਾ ਸਿੱਧਾ ਪ੍ਰਭਾਵ ਤਰਨਤਾਰਨ ਦੀ ਜ਼ਿਮਨੀ ਚੋਣ ‘ਤੇ ਪੈ ਸਕਦਾ ਹੈ।

ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਡਾ ਤੇ ਬੀਬੀ ਸਤਵੰਤ ਕੌਰ ਨੇ ਦੱਸਿਆ ਕਿ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਚੋਣੀ ਪ੍ਰਕਿਰਿਆ ਹੋ ਚੁੱਕੀ ਹੈ ਅਤੇ ਹੁਣ ਜਨਰਲ ਇਜਲਾਸ ਰਾਹੀਂ ਨਵਾਂ ਪ੍ਰਧਾਨ ਚੁਣਿਆ ਜਾਣਾ ਹੈ। ਉਹ ਚਾਹੁੰਦੇ ਹਨ ਕਿ ਇਹ ਇਜਲਾਸ ਐਸਜੀਪੀਸੀ ਦੇ ਮੁੱਖ ਦਫ਼ਤਰ ‘ਚ ਹੋਵੇ।

ਐਸਜੀਪੀਸੀ ਦੇ ਮੈਂਬਰ ਕੁਲਵੰਤ ਸਿੰਘ ਮਨਨ ਨੇ ਵੀ ਪੁਸ਼ਟੀ ਕੀਤੀ ਕਿ ਕਮੇਟੀ ਵੱਲੋਂ ਚਿੱਠੀ ਆਈ ਹੈ ਅਤੇ ਹੁਣ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਕੋਲ ਵਿਚਾਰ ਲਈ ਭੇਜਿਆ ਗਿਆ ਹੈ। ਜਿਹੋ ਜਿਹਾ ਹੁਕਮ ਉਥੋਂ ਆਵੇਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।