ਚੰਡੀਗੜ੍ਹ :- ਜੇ ਤੁਹਾਡਾ ਡਰਾਈਵਿੰਗ ਲਾਇਸੈਂਸ 2026 ਵਿੱਚ ਮਿਆਦ ਪੂਰੀ ਕਰਨ ਵਾਲਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਖਾਸ ਹੈ। ਕੇਂਦਰ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਦੇ ਨਵੀਨੀਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਅਤੇ ਆਸਾਨ ਬਣਾਇਆ ਗਿਆ ਹੈ। ਹੁਣ ਲਾਇਸੈਂਸ ਰੀਨਿਊ ਕਰਵਾਉਣ ਲਈ ਲੰਬੀਆਂ ਲਾਈਨਾਂ, ਦਲਾਲਾਂ ਜਾਂ ਵਾਰ-ਵਾਰ RTO ਜਾਣ ਦੀ ਲੋੜ ਨਹੀਂ ਰਹੀ। ਜ਼ਿਆਦਾਤਰ ਕਾਰਵਾਈ ਘਰ ਬੈਠੇ ਆਨਲਾਈਨ ਹੀ ਪੂਰੀ ਹੋ ਸਕਦੀ ਹੈ।
ਵੈਧ ਲਾਇਸੈਂਸ ਬਿਨਾਂ ਡਰਾਈਵਿੰਗ ਗੈਰਕਾਨੂੰਨੀ
ਸੜਕ ’ਤੇ ਵਾਹਨ ਚਲਾਉਣ ਲਈ ਵੈਧ ਡਰਾਈਵਿੰਗ ਲਾਇਸੈਂਸ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ। ਮਿਆਦ ਖ਼ਤਮ ਹੋਣ ਉਪਰੰਤ ਵਾਹਨ ਚਲਾਉਣਾ ਜੁਰਮ ਦੀ ਸ਼੍ਰੇਣੀ ’ਚ ਆਉਂਦਾ ਹੈ, ਜਿਸ ਲਈ ਜੁਰਮਾਨਾ ਅਤੇ ਹੋਰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਇਸੇ ਲਈ ਲਾਇਸੈਂਸ ਨੂੰ ਸਮੇਂ ਸਿਰ ਨਵਿਆਉਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।
ਡਰਾਈਵਿੰਗ ਲਾਇਸੈਂਸ ਦੀ ਮਿਆਦ ਕੀ ਹੁੰਦੀ ਹੈ?
ਭਾਰਤ ਵਿੱਚ ਨਿੱਜੀ ਵਾਹਨਾਂ ਲਈ ਜਾਰੀ ਕੀਤਾ ਗਿਆ ਡਰਾਈਵਿੰਗ ਲਾਇਸੈਂਸ ਆਮ ਤੌਰ ’ਤੇ 20 ਸਾਲਾਂ ਲਈ ਜਾਂ ਲਾਇਸੈਂਸ ਧਾਰਕ ਦੀ ਉਮਰ 40 ਤੋਂ 50 ਸਾਲ ਤੱਕ ਪਹੁੰਚਣ ਤੱਕ ਵੈਧ ਰਹਿੰਦਾ ਹੈ, ਜੋ ਵੀ ਪਹਿਲਾਂ ਆਵੇ। ਵਪਾਰਕ ਵਾਹਨਾਂ ਲਈ ਲਾਇਸੈਂਸ ਦੀ ਮਿਆਦ ਇਸ ਤੋਂ ਘੱਟ ਹੁੰਦੀ ਹੈ ਅਤੇ ਇਹਨੂੰ 3 ਤੋਂ 5 ਸਾਲਾਂ ਦੇ ਅੰਤਰਾਲ ’ਚ ਨਵਿਆਉਣਾ ਲਾਜ਼ਮੀ ਹੁੰਦਾ ਹੈ।
ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੋਂ ਇੱਕ ਸਾਲ ਪਹਿਲਾਂ ਤੱਕ ਨਵੀਨੀਕਰਨ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ। ਮਿਆਦ ਪੂਰੀ ਹੋਣ ਤੋਂ ਬਾਅਦ 30 ਦਿਨਾਂ ਦੀ ਛੂਟ ਦਿੱਤੀ ਜਾਂਦੀ ਹੈ, ਜਿਸ ਦੌਰਾਨ ਕੋਈ ਜੁਰਮਾਨਾ ਨਹੀਂ ਲੱਗਦਾ। 30 ਦਿਨਾਂ ਤੋਂ ਬਾਅਦ ਲੇਟ ਫੀਸ ਲਾਗੂ ਹੁੰਦੀ ਹੈ, ਜਦਕਿ 5 ਸਾਲ ਤੋਂ ਵੱਧ ਸਮੇਂ ਲਈ ਮਿਆਦ ਖ਼ਤਮ ਰਹਿਣ ’ਤੇ ਮੁੜ ਟੈਸਟ ਜਾਂ ਨਵਾਂ ਲਾਇਸੈਂਸ ਲੈਣ ਦੀ ਸ਼ਰਤ ਵੀ ਹੋ ਸਕਦੀ ਹੈ।
ਘਰ ਬੈਠੇ ਆਨਲਾਈਨ ਰੀਨਿਊਮੈਂਟ ਦੀ ਸਹੂਲਤ
ਡਰਾਈਵਿੰਗ ਲਾਇਸੈਂਸ ਨਵੀਨੀਕਰਨ ਲਈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ “ਸਾਰਥੀ” ਪੋਰਟਲ ਰਾਹੀਂ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। ਇਹ ਪ੍ਰਕਿਰਿਆ ਆਮ ਲੋਕਾਂ ਲਈ ਸਧਾਰਣ ਅਤੇ ਸਮਾਂ ਬਚਾਉਣ ਵਾਲੀ ਹੈ।
ਆਨਲਾਈਨ ਅਰਜ਼ੀ ਦੇ ਮੁੱਖ ਕਦਮ
ਅਰਜ਼ੀਕਰਤਾ ਨੂੰ ਸਾਰਥੀ ਪੋਰਟਲ ’ਤੇ ਜਾ ਕੇ ਰਾਜ ਦੀ ਚੋਣ ਕਰਨੀ ਹੁੰਦੀ ਹੈ। ਇਸ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਨਵੀਨੀਕਰਨ ਦੇ ਵਿਕਲਪ ’ਤੇ ਕਲਿੱਕ ਕਰਕੇ ਲਾਇਸੈਂਸ ਨੰਬਰ, ਜਨਮ ਮਿਤੀ ਅਤੇ ਹੋਰ ਲੋੜੀਂਦੀ ਜਾਣਕਾਰੀ ਭਰਨੀ ਹੁੰਦੀ ਹੈ। ਪਛਾਣ ਪੱਤਰ, ਪਤਾ ਸਬੂਤ, ਫੋਟੋ ਅਤੇ ਡਿਜੀਟਲ ਦਸਤਖਤ ਅਪਲੋਡ ਕਰਨ ਉਪਰੰਤ ਆਨਲਾਈਨ ਫੀਸ ਜਮ੍ਹਾਂ ਕਰਵਾਈ ਜਾਂਦੀ ਹੈ।
ਕਦੋਂ ਜਾਣਾ ਪੈਂਦਾ ਹੈ RTO?
ਜੇ ਕਿਸੇ ਮਾਮਲੇ ’ਚ ਬਾਇਓਮੈਟ੍ਰਿਕ ਜਾਂ ਦਸਤਾਵੇਜ਼ਾਂ ਦੀ ਭੌਤਿਕ ਤਸਦੀਕ ਲੋੜੀਂਦੀ ਹੋਵੇ, ਤਾਂ ਸਿਸਟਮ ਵੱਲੋਂ ਨਜ਼ਦੀਕੀ RTO ਦੀ ਅਪਾਇੰਟਮੈਂਟ ਦਿੱਤੀ ਜਾਂਦੀ ਹੈ। ਨਿਰਧਾਰਤ ਮਿਤੀ ’ਤੇ ਅਸਲ ਦਸਤਾਵੇਜ਼ਾਂ ਸਮੇਤ ਹਾਜ਼ਰ ਹੋਣਾ ਲਾਜ਼ਮੀ ਹੁੰਦਾ ਹੈ। ਬਾਕੀ ਸਾਰੇ ਮਾਮਲਿਆਂ ਵਿੱਚ ਲਾਇਸੈਂਸ ਰੀਨਿਊਮੈਂਟ ਪੂਰੀ ਤਰ੍ਹਾਂ ਆਨਲਾਈਨ ਹੀ ਨਿਪਟ ਜਾਂਦੀ ਹੈ।
ਰੀਨਿਊ ਹੋਣ ਮਗਰੋਂ ਲਾਇਸੈਂਸ ਘਰ ਪਹੁੰਚਦਾ ਹੈ
ਅਰਜ਼ੀ ਪੂਰੀ ਹੋਣ ਤੋਂ ਬਾਅਦ ਅਰਜ਼ੀ ਨੰਬਰ ਰਾਹੀਂ ਸਥਿਤੀ ਆਨਲਾਈਨ ਟਰੈਕ ਕੀਤੀ ਜਾ ਸਕਦੀ ਹੈ। ਨਵੀਨੀਕਰਨ ਹੋਇਆ ਸਮਾਰਟ ਡਰਾਈਵਿੰਗ ਲਾਇਸੈਂਸ ਆਮ ਤੌਰ ’ਤੇ 15 ਤੋਂ 30 ਦਿਨਾਂ ਦੇ ਅੰਦਰ ਡਾਕ ਰਾਹੀਂ ਸਿੱਧਾ ਘਰ ਦੇ ਪਤੇ ’ਤੇ ਭੇਜਿਆ ਜਾਂਦਾ ਹੈ।

