ਚੰਡੀਗੜ੍ਹ :- ਗਿੱਪੀ ਗਰੇਵਾਲ ਦੀ ਫਿਲਮ ‘ਅਕਾਲ’ ਦੀ ਰਿਲੀਜ਼ ਤੋਂ ਬਾਅਦ, ਧਰਮਾ ਪ੍ਰੋਡਕਸ਼ਨ ਹੁਣ ਇੱਕ ਹੋਰ ਪ੍ਰਭਾਵਸ਼ਾਲੀ ਪੰਜਾਬੀ ਫ਼ਿਲਮ ‘ਇਕ ਕੁੜੀ’ ਦੇ ਡਿਸਟ੍ਰੀਬਿਊਸ਼ਨ ਲਈ ਤਿਆਰ ਹੈ। ਇਸ ਫ਼ਿਲਮ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਦੋਹਾਂ ਵਿੱਚ ਲੋਕਪ੍ਰਿਯਤਾ ਹਾਸਲ ਕਰ ਚੁੱਕੀ ਅਦਾਕਾਰਾ ਸ਼ਹਿਨਾਜ਼ ਗਿੱਲ ਲੀਡ ਰੋਲ ਨਿਭਾ ਰਹੀ ਹੈ।
ਵੱਡੇ ਬੈਨਰ ਹੇਠ ਬਣੀ ਫ਼ਿਲਮ
‘ਇਕ ਕੁੜੀ’ ਨੂੰ ਰਾਯਾ ਪਿਕਚਰਸ ਅਤੇ ਸ਼ਹਿਨਾਜ਼ ਗਿੱਲ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ। ਅਮੋਰ ਫ਼ਿਲਮਜ਼ ਦੀ ਇਨ-ਹਾਊਸ ਅਸੋਸੀਏਸ਼ਨ ਹੇਠ ਬਣੀ ਇਸ ਫ਼ਿਲਮ ਦਾ ਲੇਖਨ ਤੇ ਨਿਰਦੇਸ਼ਨ ਅਮਰਜੀਤ ਸਿੰਘ ਸਰਾਓ ਨੇ ਕੀਤਾ ਹੈ, ਜੋ ਪਹਿਲਾਂ ਵੀ ਕਈ ਮਲਟੀ-ਸਟਾਰਰ ਅਤੇ ਹਿੱਟ ਪੰਜਾਬੀ ਫ਼ਿਲਮਾਂ ਬਣਾ ਚੁੱਕੇ ਹਨ।
ਪਹਿਲੀ ਵਾਰ ਠੇਠ ਪੇਂਡੂ ਰੂਪ ਵਿੱਚ ਸ਼ਹਿਨਾਜ਼
ਇਹ ਮਹਿਲਾ-ਕੇਂਦਰਿਤ ਕਹਾਣੀ ਵਿੱਚ ਸ਼ਹਿਨਾਜ਼ ਗਿੱਲ ਪਹਿਲੀ ਵਾਰ ਇਕ ਬਿਲਕੁਲ ਠੇਠ ਪੇਂਡੂ ਕਿਰਦਾਰ ਵਿੱਚ ਨਜ਼ਰ ਆਵੇਗੀ। ਫ਼ਿਲਮ ਦਾ ਸ਼ੂਟ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤਾ ਗਿਆ ਹੈ। ਕਲਾਕਾਰਾਂ ਵਿੱਚ ਨਿਰਮਲ ਰਿਸ਼ੀ ਅਤੇ ਸੁਖਵਿੰਦਰ ਚਾਹਲ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਹਨ, ਜੋ ਆਮ ਧਾਰਾ ਤੋਂ ਬਿਲਕੁਲ ਵੱਖਰੇ ਕਿਰਦਾਰਾਂ ਵਿੱਚ ਹਨ।
ਸ਼ਹਿਨਾਜ਼ ਦੀ ਨਵੀਂ ਸਿਨੇਮਾਈ ਪਾਰੀ
2025 ਦੇ ਸ਼ੁਰੂ ਵਿੱਚ ਰਿਲੀਜ਼ ਹੋਈ ‘ਅਕਾਲ’ ਤੋਂ ਬਾਅਦ, ਪੰਜਾਬੀ ਸਿਨੇਮਾ ਵਿੱਚ ਧਰਮਾ ਪ੍ਰੋਡਕਸ਼ਨ ਦਾ ਇਹ ਦੂਜਾ ਵੱਡਾ ਕਦਮ ਹੋਵੇਗਾ। ਕਰਣ ਜੌਹਰ ਵੱਲੋਂ ਇਸਨੂੰ ਪ੍ਰਦਰਸ਼ਿਤ ਕਰਨ ਦਾ ਫ਼ੈਸਲਾ ਧਰਮਾ ਦੇ ਪੰਜਾਬੀ ਸਿਨੇਮਾ ਪ੍ਰਤੀ ਵਧਦੇ ਰੁਝਾਨ ਨੂੰ ਦਰਸਾਉਂਦਾ ਹੈ।
ਇਸਦੇ ਨਾਲ ਹੀ, ‘ਇਕ ਕੁੜੀ’ ਸ਼ਹਿਨਾਜ਼ ਗਿੱਲ ਦੇ ਕਰੀਅਰ ਵਿੱਚ ਇੱਕ ਨਵੀਂ ਸ਼ੁਰੂਆਤ ਵੀ ਹੋਵੇਗੀ, ਕਿਉਂਕਿ ਇਹ ਉਹਨਾਂ ਦੇ ਆਪਣੇ ਪ੍ਰੋਡਕਸ਼ਨ ਹਾਊਸ ਤਹਿਤ ਬਣੀ ਪਹਿਲੀ ਫ਼ਿਲਮ ਹੈ। ਇਸ ਰਾਹੀਂ ਸ਼ਹਿਨਾਜ਼ ਨਾ ਸਿਰਫ਼ ਅਦਾਕਾਰੀ, ਬਲਕਿ ਨਿਰਮਾਣ ਖੇਤਰ ਵਿੱਚ ਵੀ ਆਪਣਾ ਸਫ਼ਰ ਸ਼ੁਰੂ ਕਰਨ ਜਾ ਰਹੀ ਹੈ।