ਉੱਤਰੀ ਪੱਛਮੀ ਖੇਤਰ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਵਿੱਤਰ ਕਾਲੀ ਵੇਈਂ ਦਾ ਦੌਰਾ
ਸੁਲਤਾਨਪੁਰ ਲੋਧੀ/ਚੰਦਰਸ਼ੇਖਰ ਕਾਲੀਆ: ਉੱਤਰੀ ਪੱਛਮੀ ਖੇਤਰ ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਚੀਫ ਕਮਿਸ਼ਨਰ ਸ੍ਰੀ ਕ੍ਰਿਸ਼ਨਾ ਵੱਲੋਂ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਵੇਈਂ ਤੇ ਚੱਲ ਰਹੇ ਸੇਵਾ ਕਾਰਜਾਂ ਦੌਰਾਨ ਕਿਹਾ ਕਿ ਪੰਜਾਬ ਵਿੱਚ ਵਾਤਾਵਰਣ ਸੰਭਾਲ ਲਈ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਵੱਡੀ ਭੂਮਿਕਾ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਦੇ ਦਰਸ਼ਨ ਕਰਨ ਲਈ ਉਚੇਚੇ ਤੌਰ ‘ਤੇ ਆਏ। ਉਹਨਾਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਸੰਤ ਸੀਚੇਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸੰਤ ਸੀਚੇਵਾਲ ਵੱਲੋਂ ਦੇਸ਼ ਦੇ ਵਾਤਾਵਰਣ ਨੂੰ ਬਚਾਉਣ ਤੇ ਪ੍ਰਦੂਸ਼ਣ ਮੁਕਤ ਬਣਾਉਣ ਖਿਲਾਫ ਛੇੜੀ ਗਈ ਜੰਗ ਦੀ ਪ੍ਰਸੰਸ਼ਾ ਕਰਦਿਆ ਕਿਹਾ ਕਿ ਸੂਬੇ ਦੀਆਂ ਨਦੀਆਂ ਤੇ ਦਰਿਆ ਅੱਜ ਪਲੀਤ ਹੋ ਚੁੱਕੇ ਹਨ ਜਿਸ ਨਾਲ ਲੋਕਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪਿਆ ਹੈ। ਨਦੀਆਂ ਦਰਿਆਂਵਾਂ ਵਿੱਚ ਪੈ ਰਹੀ ਗੰਦਗੀ ਨੂੰ ਰੋਕਣ ਲਈ ਸੰਤ ਸੀਚੇਵਾਲ ਨਿਗਰਾਨ ਕਮੇਟੀ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਦਰ ਵੀ ਅਵਾਜ਼ ਚੁੱਕ ਰਹੇ ਹਨ ਤੇ ਬਾਹਰ ਧਰਾਤਲ ‘ਤੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਉਹਨਾਂ ਕਿਹਾ ਕਿ ਸੰਤ ਸੀਚੇਵਾਲ ਨੇ 21 ਸਾਲ ਵਿੱਚ ਦਿਨ ਰਾਤ ਇੱਕ ਕਰਕੇ ਬਾਬੇ ਨਾਨਕ ਦੀ ਪਵਿੱਤਰ ਵੇਈ ਨੂੰ ਸੁੰਦਰ ਬਣਾਇਆ ਹੈ। ਇਸੇ ਲਈ ਉਹ ਆਪਣੇ ਟੀਮ ਸਮੇਤ ਇਸ ਇਤਿਹਾਸਿਕ ਕਾਰਜਾਂ ਨੂੰ ਸਿਜਦਾ ਕਰਨ ਲਈ ਆਏ ਹਨ।
ਇਸ ਮੌਕੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ੍ਰੀ ਕ੍ਰਿਸ਼ਨਾ ਅਤੇ ਉਹਨਾਂ ਨਾਲ ਆਈ ਟੀਮ ਨੂੰ ਪਵਿੱਤਰ ਕਾਲੀ ਵੇਈਂ ਦੇ ਦਰਸ਼ਨ ਕਰਵਾਏ ਅਤੇ ਪਾਣੀ ਦਾ ਟੀ.ਡੀ.ਐਸ ਚੈਕ ਕਰਵਾਇਆ ਗਿਆ। ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਦਾ ਜ਼ਿਕਰ ਕਰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਕਾਰਸੇਵਾ ਦੌਰਾਨ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਸੰਗਤਾਂ ਦੇ ਸਿਰਾਂ ‘ਤੇ ਰਹਿਬਰ ਗੁਰੂ ਨਾਨਕ ਦੇਵ ਜੀ ਦਾ ਹੱਥ ਸੀ। ਜਿਸਨੇ ਕਾਰਸੇਵਾ ਦੇ ਅਰਥਾਂ ਨੂੰ ਅਮਲੀ ਜਾਮਾ ਪਹਿਨਾਇਆ ਹੈ। ਉਹਨਾਂ ਗੰਦੇ ਪਾਣੀਆਂ ਦਾ ਜ਼ਿਕਰ ਕਰਦਿਆ ਕਿਹਾ ਕਿ ਇਕ ਸ਼ਹਿਰ ਵਿੱਚੋਂ ਇਕ ਗੰਦੀ ਨਹਿਰ ਨਿਕਲਦੀ ਹੈ। ਵੇਈਂ ਦੀ ਕਾਰਸੇਵਾ ਦੌਰਾਨ ਜੇਕਰ ਵੱਡੀਆਂ ਸਮੱਸਿਆ ਆਈ ਸੀ ਤਾਂ ਉਹ ਇਸ ਵਿਚ ਸਿੱਧੇ ਤੌਰ ਤੇ ਪਾਏ ਜਾ ਰਹੇ ਗੰਦੇ ਪਾਣੀ ਸੀ ਜਿਸਦਾ ਬਦਲ ਸੀਚੇਵਾਲ ਮਾਡਲ ਲੱਭਿਆ ਗਿਆ। ਜਿਸ ਨਾਲ ਪਿੰਡਾਂ ਦਾ ਪਾਣੀ ਸੋਧ ਕੇ ਖੇਤੀ ਨੂੰ ਲਗਾਇਆ ਜਾਣ ਲੱਗ ਪਿਆ। ਜੇਕਰ ਇਹ ਮਾਡਲ ਦੇਸ਼ ਦੀਆਂ ਨਦੀਆਂ ਅਤੇ ਦਰਿਆਵਾਂ ਤੇ ਲਾਗੂ ਕੀਤਾ ਜਾਵੇ ਤਾਂ ਇਹੀ ਗੰਦੇ ਪਾਣੀ ਵਰਦਾਨ ਬਣ ਸਕਦੇ ਹਨ। ਦੇਸ਼ ਦੀਆਂ ਨਦੀਆਂ ਅਤੇ ਦਰਿਆਵਾਂ ਵਿਚ ਗੰਦਾ ਪਾਣੀ ਪੈਣਾ ਬੰਦ ਕਰ ਦਿੱਤਾ ਜਾਵੇ ਤਾਂ ਸਾਨੂੰ ਨਦੀਆਂ ਅਤੇ ਦਰਿਆਵਾਂ ਨੂੰ ਸਾਫ਼ ਸੁਥਰਾ ਕਰਨ ਦੀ ਜ਼ਰੂਰਤ ਨਹੀ ਕਿਉਂਕਿ ਕੁਦਰਤ ਆਪਣੇ ਆਪ ਨੂੰ ਸਾਫ ਕਰਨ ਦੇ ਸਮਰੱਥ ਹੈ। ਸੰਤ ਸੀਚੇਵਾਲ ਜੀ ਵੱਲੋਂ ਆਈ ਟੀਮ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਭਜੋਤ ਕੌਰ, ਪ੍ਰਿੰ. ਸੀਆਈਟੀ, ਜਲੰਧਰ, ਬਲਵਿੰਦਰ ਕੌਰ, ਐਡੀਸ਼ਨਲ ਕਮਿਸ਼ਨਰ, ਜਲੰਧਰ, ਡਾ. ਗਗਨ ਕੁੰਦਰਾ, ਸੰਯੁਕਤ ਕਮਿਸ਼ਨਰ, ਦਇਆ ਸਿੰਘ, ਅੰਮ੍ਰਿਤਪਾਲ, ਗੱਤਕਾ ਕੋਚ ਗੁਰਵਿੰਦਰ ਕੌਰ ਹਾਜ਼ਿਰ ਸਨ।